ਪਾਕਿਸਤਾਨ ਨੂੰ ਕਟੋਰਾ ਲੈ ਕੇ ਭੀਖ ਮੰਗਣ ਨੂੰ ਮਜਬੂਰ ਕੀਤਾ: ਸ਼ਾਹਬਾਜ਼

Prabhjot Kaur
3 Min Read

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਪਰਮਾਣੂ ਸ਼ਕਤੀ ਵਾਲੇ ਦੇਸ਼ ਲਈ ਇਹ ਸ਼ਰਮ ਦੀ ਗੱਲ ਹੈ ਕਿ ਉਸ ਨੂੰ ਵਿੱਤੀ ਮਦਦ ਲਈ ਭੀਖ ਮੰਗਣੀ ਪੈ ਰਹੀ ਹੈ। ਸ਼ਰੀਫ ਮੁਤਾਬਕ ਇਹ ਉਨ੍ਹਾਂ ਲਈ ਸ਼ਰਮਨਾਕ ਹੈ ਕਿ ਉਨ੍ਹਾਂ ਨੂੰ ਦੋਸਤਾਂ ਤੋਂ ਹੋਰ ਕਰਜ਼ ਮੰਗਣਾ ਪੈਂਦਾ ਹੈ। ਇਸ ਦੇ ਨਾਲ ਹੀ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਲਈ ਕਰਜ਼ਾ ਸਥਾਈ ਹੱਲ ਨਹੀਂ ਹੈ। ਇਸ ਸਭ ਦੇ ਵਿਚਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਵੱਲੋਂ ਇੱਕ ਮਜ਼ਾਕੀਆ ਕਲਿੱਪ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਕਲਿੱਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਹੈ ਅਤੇ ਇਸ ਦੇਸ਼ ਦੇ ਹਾਲਾਤ ਨੂੰ ਬਿਆਨ ਕਰਦੀ ਹੈ।

ਇਮਰਾਨ ਦੀ ਪਾਰਟੀ ਵੱਲੋਂ ਸ਼ੇਅਰ ਕੀਤੀ ਜਾ ਰਹੀ ਕਲਿੱਪ ਵਿੱਚ ਪੀਐਮ ਮੋਦੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਅਸੀਂ ਪਾਕਿਸਤਾਨ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ ਹੈ। ਉਹ ਕਟੋਰਾ ਲੈ ਕੇ ਦੁਨੀਆਂ ਭਰ ਵਿੱਚ ਘੁੰਮਣ ਲਈ ਮਜਬੂਰ ਹੋ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਮਰਾਨ ਇਸ ਕਲਿੱਪ ਦੇ ਬਹਾਨੇ ਸ਼ਾਹਬਾਜ਼ ਅਤੇ ਉਨ੍ਹਾਂ ਦੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦਕਿ ਸਾਲ 2019 ‘ਚ ਇਮਰਾਨ ਖੁਦ ਸੱਤਾ ‘ਚ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਇੱਕ ਚੋਣ ਰੈਲੀ ‘ਚ ਪਾਕਿਸਤਾਨ ਦੀ ਅਸਲੀਅਤ ਦੱਸ ਰਹੇ ਸਨ।

ਸਾਲ 2019 ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਦਾ ਸ਼ਾਇਦ ਸਭ ਤੋਂ ਤਣਾਅ ਵਾਲਾ ਸਾਲ ਸੀ। ਫਰਵਰੀ 2019 ਵਿੱਚ ਪੁਲਵਾਮਾ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਸੀਆਰਪੀਐਫ ਦੇ 45 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੇ 12 ਦਿਨਾਂ ਬਾਅਦ ਭਾਵ 26 ਫਰਵਰੀ ਨੂੰ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲਾ ਕੀਤਾ। ਇਸ ਹਵਾਈ ਹਮਲੇ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਸੇ ਸਾਲ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਤਾਂ ਤਣਾਅ ਹੋਰ ਵਧ ਗਿਆ।

Share this Article
Leave a comment