ਸਿੱਖ ਕੌਮ ਵਿੱਚ ਅਜਿਹੇ ਅਣਗਿਣਤ ਹੀ ਸਿਰਲੱਥ, ਸੂਰਬੀਰ ਤੇ ਬਹਾਦਰ ਸੂਰਮੇ ਹੋਏ ਹਨ ਜਿਨ੍ਹਾਂ ਨੇ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਧਰਮ ਖਾਤਰ ਜ਼ਿੰਦਗੀ ਕੁਰਬਾਨ ਕਰ ਦਿੱਤੀ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਉਨ੍ਹਾਂ ਵਿੱਚ ਇੱਕ ਸਨ। ਭਾਈ ਸੁਬੇਗ ਸਿੰਘ ਰਿਸ਼ਤੇ ਵਿੱਚ ਭਾਈ ਸ਼ਾਹਬਾਜ਼ ਸਿੰਘ ਦੇ ਪਿਤਾ ਲੱਗਦੇ ਸਨ।
ਭਾਈ ਸੁਬੇਗ ਸਿੰਘ ਬਹਾਦਰ ਸਿੱਖ ਲਾਹੌਰ ਜਿਲੇ ਦੇ ਪਿੰਡ ਜੁੰਬਰ ਦੇ ਰਹਿਣ ਵਾਲੇ ਸਨ | ਅੱਜਕਲ ਜੰਬਰ ਪਿੰਡ, ਪਾਕਿਸਤਾਨ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਕਸੂਰ ਵਿਚ ਹੈ, ਜੋ ਲਾਹੌਰ-ਮੁਲਤਾਨ ਸੜਕ ‘ਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉੱਤੇ ਅਬਾਦ ਹੈ। ਇਸ ਪਿੰਡ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਬਹਿੜਵਾਲ ਤੋਂ ਚੱਲ ਕੇ ਇੱਥੇ ਪਹੁੰਚੇ ਸਨ। ਇੱਥੇ ਗੁਰੂ ਸਾਹਿਬ ਜੀ ਨੇ ਭਾਈ ਕਿਦਾਰਾ, ਭਾਈ ਸਮੱਧੂ, ਭਾਈ ਮਖੰਡਾ, ਭਾਈ ਤੁਲਸਾ, ਭਾਈ ਲਾਲੂ ਆਦਿ ਸਿੱਖਾਂ ਨੂੰ ਗੁਰਸਿੱਖੀ ਬਖ਼ਸ਼ੀ ਸੀ। ਪਿੰਡ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਥੰਮ੍ਹ ਸਾਹਿਬ ਸੁਸ਼ੋਭਿਤ ਹੈ।
ਭਾਈ ਸੁਬੇਗ ਸਿੰਘ ਦਾ ਉਥੇ ਸਿੱਖਾਂ ਵਿੱਚ ਚੰਗਾ ਆਦਰ ਮਾਣ ਸੀ ਉਥੇ ਮੁਗਲੀਆਂ ਦਰਬਾਰ ਵਿੱਚ ਵੀ ਚੰਗਾ ਅਸਰ ਰਸੂਕ ਸੀ। ਇਸੇ ਸਦਕਾ ਹੀ ਜਦੋਂ ਜ਼ਕਰੀਆਂ ਖਾਨ ਨੇ 1733 ਈਸਵੀ ਵਿੱਚ ਸਿੰਘਾਂ ਨਾਲ ਸੁਲਹਾ ਕੀਤੀ ਤਾਂ ਉਸ ਵਿੱਚ ਵੱਡੀ ਭੂਮਿਕਾ ਭਾਈ ਸੁਬੇਗ ਸਿੰਘ ਨੇ ਹੀ ਨਿਭਾਈ ਸੀ। ਇਸੇ ਤਰ੍ਹਾਂ ਇੱਕ ਹਵਾਲਾ ਇਹ ਵੀ ਮਿਲਦਾ ਹੈ ਕਿ ਤਾਰੂ ਸਿੰਘ ਦੀ ਜਿਹੜੀ ਜੁੱਤੀ ਜ਼ਕਰੀਆਂ ਖਾਨ ਦੇ ਅੰਤਿਮ ਸਮੇਂ ਸਿਰ ਵਿੱਚ ਮਾਰੀ ਗਈ ਸੀ ਉਹ ਵੀ ਭਾਈ ਸੁਬੇਗ ਸਿੰਘ ਨੇ ਹੀ ਸਿੱਖਾਂ ਤੋਂ ਲਿਆ ਕੇ ਦਿਤੀ।
ਭਾਈ ਸੁਬੇਗ ਸਿੰਘ ਜੀ ਦਾ ਘਰਾਣਾ ਸਰਕਾਰੀ ਠੇਕੇਦਾਰੀ ਦਾ ਕੰਮ ਕਰਦਾ ਸੀ। ਆਪ ਦਾ ਘਰਾਣਾ, ਅਰਬੀ ਫ਼ਾਰਸੀ ਭਾਸ਼ਾ ਦੇ ਚੰਗੇ ਵਿਦਵਾਨਾਂ ਵਿਚ ਗਿਣੇ ਜਾਂਦੇ ਸਨ। ਸਰਕਾਰ-ਏ -ਦਰਬਾਰ ਵਿੱਚ ਆਪ ਦਾ ਚੰਗਾ ਮਾਨ ਸਨਮਾਨ ਸੀ। ਭਾਈ ਸੁਬੇਗ ਸਿੰਘ ਜੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਚੰਗੀ ਤਾਲੀਮ ਹਾਸਲ ਕਰਵਾਈ। ਆਪ ਜੀ ਨੇ ਵੀ ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕੇ ਲੈ ਕੇ ਆਪਣਾ ਕੰਮ ਬੜਾ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਸਨ।
ਭਾਈ ਸੁਬੇਗ ਸਿੰਘ ਜੀ ਭਜਨ ਬੰਦਗੀ ਕਰਨ ਵਾਲੇ ਚੰਗੇ ਆਚਰਣ ਵਾਲੇ ਵਿਅਕਤੀ ਸਨ। ਆਪਜੀ ਦਾ ਸਿੱਖਾਂ ਦੇ ਮਨਾਂ ਵਿਚ ਬਹੁਤ ਆਦਰ ਸੀ। ਭਾਈ ਸੁਬੇਗ ਸਿੰਘ ਜੀ ਦੇ ਘਰ ਭਾਈ ਸ਼ਾਹਬਾਜ ਸਿੰਘ ਜੀ ਨੇ 1728 ਈ: ਨੂੰ ਜਨਮ ਲਿਆ ਤੇ ਜਦ ਉਮਰ ਪੜ੍ਹਨਯੋਗ ਹੋਈ ਤਾਂ ਭਾਈ ਸ਼ਾਹਬਾਜ ਸਿੰਘ ਜੀ ਨੂੰ ਇਕ ਮਦਰੱਸੇ (ਸਕੂਲ) ਵਿਚ ਕਾਜ਼ੀ ਕੋਲੋਂ ਫ਼ਾਰਸੀ ਪੜ੍ਹਨ ਲਈ ਭੇਜਿਆ ਜਾਣ ਲੱਗਾ। ਭਾਈ ਸ਼ਾਹਬਾਜ ਸਿੰਘ ਬਹੁਤ ਹੀ ਸੂਝਵਾਨ ਸਨ। ਭਾਈ ਸ਼ਾਹਬਾਜ ਸਿੰਘ ਜੀ ਸਿੱਖੀ ਚ ਪੂਰੇ ਪ੍ਰਪੱਕ ਸਨ ਤੇ ਆਪ ਜੀ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਆਪਣੇ ਮਾਤਾ ਪਿਤਾ ਤੋਂ ਪ੍ਰਾਪਤ ਕੀਤੀ।
ਇਹ ਉਹੀ ਸਮਾਂ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ‘ਤੇ ਕਹਿਰਾਂ ਦਾ ਕਸ਼ਟ ਸੀ। ਸਿੱਖਾਂ ‘ਤੇ ਹਕੂਮਤ ਦਾ ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾਉਣ ਲਈ ਢੰਡੋਰੇ ਪਿੱਟੇ ਜਾ ਰਹੇ ਸਨ। ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਰਹੇ।
ਸਮੇਂ-ਸਮੇਂ ‘ਤੇ ਸਿੱਖ ਜੰਗਲ-ਬੇਲਿਆਂ ਚੋਂ ਨਿਕਲ ਆਪਣੇ ਗੁਰੂ ਘਰਾਂ ਦੀ ਸਾਂਭ-ਸੰਭਾਲ ਦਾ ਕਾਰਜ ਸੰਭਾਲਦੇ ਤੇ ਸ਼ਾਹੀ ਫੌਜਾਂ ਤੇ ਹੱਲੇ ਕਰਦੇ। ਜ਼ਕਰੀਆ ਖਾਨ, ਕਾਫੀ ਸਮੇਂ ਤੋਂ ਪੰਜਾਬ ਵਿਚ ਸਿੱਖਾਂ ਨਾਲ ਜੂਝ ਰਿਹਾ ਸੀ ਪਰ ਹਾਲਾਤ ਰੁਕਣ ਵਿਚ ਨਹੀਂ ਸੀ ਆ ਰਹੇ। ਉਸ ਨੇ ਭਾਵੇਂ ਹਜ਼ਾਰਾਂ ਸਿੱਖ ਮਰਵਾ ਦਿੱਤੇ ਸਨ ਪਰ ਮੁਸਲਮਾਨੀ ਫੌਜ ਦਾ ਵੀ ਬੇਹੱਦ ਨੁਕਸਾਨ ਹੋ ਚੁੱਕਾ ਸੀ। ਸਿੰਘਾਂ ਦੇ ਇਹਨਾਂ ਹੱਲਿਆਂ ਤੋਂ ਤੰਗ ਆ ਕੇ ਸੰਨ 1733 ਈ: ਵਿਚ ਜ਼ਕਰੀਆ ਖ਼ਾਂ ਨੇ ਸਿੱਖਾਂ ਪ੍ਰਤੀ ਸਖ਼ਤੀ ਬਾਰੇ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਲਾਹੌਰ ਤੋਂ ਦਿੱਲੀ ਦੇ ਬਾਦਸ਼ਾਹ ਨੂੰ ਲਿਖ ਭੇਜਿਆ। ਜ਼ਕਰੀਆ ਖਾਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਸਿੱਖਾਂ ਨੂੰ ਸਤਿਕਾਰ ਵਿਖਾ ਕੇ ਇਸ ਰੇੜਕੇ ਦਾ ਕੋਈ ਉਪਰਾਲਾ ਹੋਵੇ ਤੇ ਇਸ ਆਸ਼ੇ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਜਗੀਰ ਤੇ ਨਵਾਬੀ ਦਾ ਖਿਤਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਸੰਭਵ ਹੈ ਕਿ ਸ਼ਾਂਤੀ ਵਾਲਾ ਮਾਹੌਲ ਬਣ ਸਕੇ। ਬਾਦਸ਼ਾਹ ਨੇ ਜ਼ਕਰੀਆਂ ਖ਼ਾਂ ਦੀ ਸਲਾਹ ਮੰਨ ਲਈ।
ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖਾਨ ਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ ਸ੍ਰੀ ਅੰਮ੍ਰਿਤਸਰ, ਖ਼ਾਲਸੇ ਦੀ ਕਚਹਿਰੀ ਵਿਚ ਭੇਜਿਆ, ਤਾਂ ਜੋ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਬਾਰੇ ਗੱਲਬਾਤ ਕੀਤੀ ਜਾ ਸਕੇ। ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਇਕੱਠੇ ਹੋਏ ਖਾਲਸਾ ਪੰਥ ਨੇ ਇਹ ਸਭ ਕੁਝ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਬਹੁਤ ਚਿਰ ਵਿਚਾਰਾਂ ਚਲਦੀਆਂ ਗਈਆਂ। ਭਾਈ ਸੁਬੇਗ ਸਿੰਘ ਦੇ ਬਹੁਤ ਸਮਝਾਉਣ ‘ਤੇ ਸਿੱਖਾਂ ਨੇ ਨਵਾਬੀ ਲੈਣੀ ਕਬੂਲ ਕਰ ਲਈ ਪਰ ਕੋਈ ਵੀ ਸਿੱਖ ਆਪਣੇ ਨਾਂ ‘ਤੇ ਨਵਾਬੀ ਲੈਣ ਲਈ ਤਿਆਰ ਨਹੀਂ ਸੀ। ਅੰਤ ਵਿਚ ਸਾਰੇ ਸਿੱਖਾਂ ਨੇ ਮਤਾ ਪਕਾ ਕੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਏ, ਜੋ ਉਸ ਸਮੇਂ ਇੱਕ ਸੇਵਾਦਾਰ ਵਾਜੋਂ ਸੰਗਤਾਂ ਨੂੰ ਪੱਖਾ ਝਲ ਰਹੇ ਸਨ, ਨੂੰ ਨਵਾਬ ਦੀ ਪਦਵੀ ਲੈਣ ਲਈ ਕਿਹਾ। ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟਾਈ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਇਸ ਨੂੰ ਪ੍ਰਵਾਨ ਕਰ ਲਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖਸ਼ੀ ਦੀ ਸਨਅਦ ਪੰਜ ਸਿੱਖਾਂ ਦੇ ਜੋੜਿਆਂ ਵਿਚ ਪਹਿਲਾਂ ਰੱਖੀ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ ਤੇ ਸਰਦਾਰ ਸੁਬੇਗ ਸਿੰਘ ਜੀ, ਇਹ ਸਮਝੌਤਾ ਕਰਵਾਉਣ ਵਿਚ ਸਹਾਈ ਹੋਵੇ। ਇਸ ਦੇ ਨਾਲ ਹੀ ਖ਼ਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਦੇ ਪਰਗਣਿਆਂ ਦੀ ਜਗੀਰ ਦਿੱਤੀ ਗਈ। ਭਾਈ ਸੁਬੇਗ ਸਿੰਘ ਦੇ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਮਾਹੌਲ ਵਿਚ ਸ਼ਾਂਤੀ ਆ ਗਈ।
ਹਵਾਲਿਆਂ ਅਨੁਸਾਰ ਸੰਨ 1745 ਈ: ਵਿਚ ਜ਼ਕਰੀਆਂ ਖ਼ਾਂ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਯਹੀਆਂ ਖ਼ਾਂ ਨੂੰ ਨਿਯੁਕਤ ਕੀਤਾ ਗਿਆ। ਯਹੀਆ ਖ਼ਾਂ ਨੇ ਫੇਰ ਤੋਂ ਸਿੱਖਾਂ ‘ਤੇ ਅਤਿਆਚਾਰ ਸ਼ੁਰੂ ਕਰ ਦਿੱਤੇ। ਉਹ ਸ਼ੁਰੂ ਤੋਂ ਹੀ ਭਾਈ ਸੁਬੇਗ ਸਿੰਘ ਜੀ ਨਾਲ ਨਫਰਤ ਕਰਦਾ ਸੀ। ਉਸ ਨੇ ਭਾਈ ਸੁਬੇਗ ਸਿੰਘ ਜੀ ਵਿਰੁੱਧ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਉਧਰ ਜਿਸ ਮਸਜਿਦ ਵਿਚ ਭਾਈ ਸ਼ਾਹਬਾਜ ਸਿੰਘ ਜੀ ਵਿੱਦਿਆ ਹਾਸਲ ਕਰਨ ਲਈ ਜਾਂਦੇ ਸਨ ਉੱਥੇ ਇੱਕ ਦਿਨ ਬਹਿਸ ਦੌਰਾਨ, ਭਾਈ ਸ਼ਾਹਬਾਜ ਸਿੰਘ ਜੀ ਨੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਪੇਸ਼ ਕਰਕੇ ਸਾਰਿਆਂ ਨੂੰ ਆਪਣੀ ਯੋਗਤਾ ਦਾ ਲੋਹਾ ਮੰਨਣ ਲਈ ਮਜ਼ਬੂਰ ਕਰ ਦਿੱਤਾ। ਇਸ ਗਿਆਨ ਚਰਚਾ ਵਿਚ ਬਹੁਤ ਸਾਰੇ ਵਿਦਵਾਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਦੀ ਖ਼ਬਰ ਮੌਲਵੀ ਤਕ ਵੀਂ ਪਹੁੰਚੀ। ਮੌਲਵੀ ਨੇ ਭਾਈ ਸ਼ਾਹਬਾਜ ਸਿੰਘ ਜੀ ਨੂੰ ਮੁਸਲਮਾਨ ਬਣਨ ਲਈ ਜ਼ੋਰ ਪਾਇਆ। ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਭਾਈ ਸ਼ਾਹਬਾਜ ਸਿੰਘ ਜੀ ਨੇ ਈਨ ਮੰਨਣੀ ਕਬੂਲ ਨਹੀਂ ਕੀਤੀ।
ਮੌਲਵੀ ਨੇ ਸੂਬੇਦਾਰ ਯਹੀਆ ਖ਼ਾਂ ਅੱਗੇ ਸ਼ਿਕਾਇਤ ਕਰ ਦਿੱਤੀ। ਯਹੀਆ ਖ਼ਾਂ ਨੇ ਤਫਤੀਸ਼ ਕਰਨ ਲਈ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ ਸਿੰਘ ਜੀ ਨੂੰ ਕਚਹਿਰੀ ਵਿਚ ਪੇਸ਼ ਹੋਣ ਦਾ ਹੁਕਮ ਕੀਤਾ। ਸੂਬੇਦਾਰ ਨੇ ਵੀ ਇਸ ਨੂੰ ਮੁਸਲਮਾਨ ਧਰਮ ਧਾਰਨ ਕਰਨ ਲਈ ਮਨਾਉਣ ਦੇ ਬਹੁਤ ਯਤਨ ਕੀਤੇ, ਪਰ ਭਾਈ ਸ਼ਾਹਬਾਜ ਸਿੰਘ ਜੀ ਨਾ ਮੰਨੇ।
ਦੀਵਾਨ ਲਖਪਤ ਰਾਏ ਨੇ ਯਹੀਆ ਖਾਨ ਦੇ ਕੰਨ ਭਰ ਦਿੱਤੇ ਕਿ ਭਾਈ ਸੁਬੇਗ ਸਿੰਘ ਇਕ ਕੱਟੜ ਸਿੱਖ ਹੈ ਤੇ ਇਸੇ ਨੇ, ਬਹਾਨੇ ਨਾਲ ਤੁਹਾਡੇ ਪਿਤਾ ਦੇ ਸਿਰ ‘ਤੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਸਨ ਤੇ ਇਸੇ ਅਪਮਾਨ ਨਾਲ ਜ਼ਕਰੀਆ ਖਾਨ ਮਰਿਆ ਸੀ। ਦੀਵਾਨ ਲਖਪਤ ਰਾਏ ਨੇ ਭਾਈ ਸੁਬੇਗ ਸਿੰਘ ਜੀ ਨੂੰ ਸਿੱਖਾਂ ਦੀ ਮਦਦ ਕਰਨ ਦੇ ਦੋਸ਼ ਲਗਾਉਦਿਆਂ, ਹਕੂਮਤ ਦਾ ਦੁਸ਼ਮਣ ਗਰਦਾਨ ਦਿੱਤਾ। ਸੋ, ਭਾਈ ਸੁਬੇਗ ਸਿੰਘ ਜੀ ਨੂੰ ਵੀ ਕੈਦ ਕਰ ਲਿਆ ਗਿਆ। ਅੰਤ ਭਾਈ ਸੁਬੇਗ ਸਿੰਘ ਜੀ-ਭਾਈ ਸ਼ਾਹਬਾਜ਼ ਸਿੰਘ ਜੀ, ਦੋਵੇਂ ਪਿਉ-ਪੁੱਤਰਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਹੀਲਾ-ਵਸੀਲਾ ਵਰਤਿਆ ਗਿਆ ਪਰ ਇਹ ਦੋਵੇਂ ਸੂਰਮੇ ਆਪਣੇ ਧਰਮ ‘ਤੇ ਡਟੇ ਰਹੇ। ਹਰ ਤਰ੍ਹਾਂ ਦੇ ਤਸੀਹੇ ਝੱਲਣ ਲਈ ਤਿਆਰ ਹੋ ਗਏ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ ਸਿੰਘ ਜੀ ਨੇ ਹਾਕਮਾਂ ਨੂੰ ਕਿਹਾ ਕਿ – ”ਜਿਸ ਤਰ੍ਹਾਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਮੌਤ ਦਾ ਸਾਨੂੰ ਕੋਈ ਡਰ ਨਹੀਂ, ਮੌਤ ਨੇ ਤਾਂ ਆਉਣਾ ਹੀ ਆਉਣਾ ਹੈ। ਧਰਮ ਤਬਦੀਲ ਕਰਨ ਨਾਲ ਵੀਂ ਮੌਤ ਨੇ ਤਾਂ ਨਹੀਂ ਟਲ ਜਾਣਾ ਤਾਂ ਫੇਰ ਆਪਣੀ ਜ਼ਮੀਰ ਨੂੰ ਮਾਰ ਕੇ ਜੀਣਾ ਕਿਸ ਕੰਮ ਦਾ।”
ਤਵਾਰੀਖ ‘ਗੁਰੂ ਖਾਲਸਾ’ ਦੇ ਕਰਤਾ ‘ਗਿਆਨੀ ਗਿਆਨ ਸਿੰਘ ਜੀ’ ਲਿਖਦੇ ਹਨ ਕਿ – ” ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ ਸਿੰਘ ਨੂੰ ਚਰਖੜੀਆਂ ‘ਤੇ ਚੜ੍ਹਾਉਣ ਤੋਂ ਪਹਿਲਾਂ ਅੰਤਾਂ ਦੇ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਪੁੱਠਾ ਲਟਕਾਇਆ ਗਿਆ, ਕੋੜੇ ਮਾਰੇ ਗਏ ਅਤੇ ਹੋਰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ। ਯਹੀਆ ਖ਼ਾਂ ਨੇ ਇਨ੍ਹਾਂ ਨੂੰ ਚਰਖੜੀ `ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਫੁਰਮਾਨ ਕਾਜ਼ੀ ਰਾਹੀਂ ਜਾਰੀ ਕਰਵਾ ਦਿੱਤਾ। ਨਵਾਬ ਨੇ ਪਹਿਲਾਂ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀ ‘ਤੇ ਘੁੰਮਾਇਆ ਤੇ ਬਾਅਦ ਵਿੱਚ ਨੌਜਵਾਨ ਭਾਈ ਸ਼ਾਹਬਾਜ ਸਿੰਘ ਜੀ ਨੂੰ ਪਹਿਲਾਂ ਚਰਖੜੀ ‘ਤੇ ਚਾੜ ਕੇ ਤਸੀਹੇ ਦੇਣ ਦਾ ਹੁਕਮ ਦਿੱਤਾ। ਜਲਾਦਾਂ ਨੇ ਭਾਈ ਸੁਬੇਗ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਸ਼ਾਹਬਾਜ ਸਿੰਘ ਜੀ ਨੂੰ ਚਰਖੜੀ ‘ਤੇ ਚਾੜ੍ਹ ਕੇ ਘੁਮਾਇਆ। ਇਨ੍ਹਾਂ ਦੋਹਾਂ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਸਿਮਰਨ ਕਰਦਿਆਂ ਸਾਰੇ ਤਸੀਹੇ ਝੱਲੇ।
ਚਰਖੜੀ ਦੀ ਦੋ ਵਾਰ ਦੀ ਮਾਰ ਨਾਲ ਉਨ੍ਹਾਂ ਦਾ ਸਾਰਾ ਸਰੀਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦਾ ਮਾਸ ਜ਼ੰਬੂਰਾਂ ਨਾਲ ਨੋਚਿਆ ਗਿਆ। ਅਜਿਹੇ ਦਰਦਨਾਕ ਤਸੀਹਿਆਂ ਨੂੰ ਦੇਖਕੇ ਹਰ ਇਕ ਨੇ ਮੂੰਹ ਵਿਚ ਉਂਗਲਾਂ ਪਾਈਆ ਹੋਈਆ ਸਨ। ਜਲਾਦ ਤਸੀਹੇ ਦੇ ਕੇ ਥੱਕ ਚੁੱਕੇ ਸਨ। ਹਾਰ ਕੇ ਭਾਈ ਸ਼ਾਹਬਾਜ ਸਿੰਘ ਨੂੰ ਬੰਦੀ-ਖਾਨੇ ਵਿਚ ਭੇਜ ਦਿੱਤਾ ਗਿਆ।
ਫਿਰ ਇਕ ਨਵੀਂ ਚਾਲ ਰਾਹੀਂ ਦੋਵੇਂ ਪਿਉ-ਪੁੱਤਰਾਂ ਨੂੰ ਇਕ ਦੂਜੇ ਨਾਲੋਂ ਵੱਖ-ਵੱਖ ਕਰ ਕੇ ਇਹ ਅਫਵਾਹਾਂ ਉਡਾਈਆ ਗਈਆਂ ਕਿ ਉਨ੍ਹਾਂ ਨੇ ਤਾਂ ਇਸਲਾਮ ਕਬੂਲ ਕਰ ਲਿਆ ਹੈ। ਇੱਕ ਪਾਸੇ, ਭਾਈ ਸ਼ਾਹਬਾਜ ਸਿੰਘ ਨੂੰ ਕਿਹਾ ਗਿਆ, ਕਿ – ‘ਤੂੰ ਅੱਜੇ ਬੱਚਾ ਹੈ। ਤੇਰੀ ਉਮਰ ਦੁਨੀਆਂ ਦੇਖਣ ਦੀ ਹੈ। ਤੇਰੇ ਪਿਤਾ ਨੇ ਤਾਂ ਆਪਣੀ ਉਮਰ ਹੰਡਾ ਲਈ ਹੈ, ਤੂੰ ਸਿਆਣਾ ਤੇ ਫ਼ਾਰਸੀ ਪੜਿਆ ਹੋਇਆ ਹੈ, ਇਸ ਲਈ ਤੈਨੂੰ ਹਠ ਛੱਡ ਕੇ ਇਸਲਾਮ ਕਬੂਲ ਕਰ ਲੈਣਾ ਚਾਹੀਦਾ ਹੈ।’ ਦੂਸਰੇ ਪਾਸੇ, ਭਾਈ ਸੁਬੇਗ ਸਿੰਘ ਜੀ ‘ਤੇ ਜ਼ੋਰ ਪਾਇਆ ਗਿਆ ਕਿ – ‘ਇਸਲਾਮ ਕਬੂਲ ਕਰ ਕੇ ਦੁਨੀਆਂ ਵਿਚ ਆਪਣੀ ਜੜ੍ਹ ਬਣਾਈ ਰੱਖੇ। ਇਕਲੌਤੇ ਪੁੱਤਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਦੁਨੀਆਂ ਵਿਚ ਉਨ੍ਹਾਂ ਦੇ ਪਿੱਛੇ ਕੋਈ ਨਾਂ ਲੈਣ ਵਾਲਾ ਵੀ ਨਹੀਂ ਬਚੇਗਾ।’ ਭਾਈ ਸੁਬੇਗ ਸਿੰਘ ਜੀ ਨੇ ਧਰਮ ਗਵਾ ਕੇ ਮਰ-੨ ਕੇ ਜੀਉਂਦੇ ਰਹਿਣ ਨਾਲੋਂ ਅਣਖ ਨਾਲ ਧਰਮ ‘ਤੇ ਦ੍ਰਿੜ੍ਹ ਰਹਿੰਦੇ ਹੋਏ ਮਰਨ ਨੂੰ ਤਰਜੀਹ ਦਿੱਤੀ। ‘ਪੰਥ ਪ੍ਰਕਾਸ਼’ ਅਨੁਸਾਰ –
ਸਿੱਖਨ ਕਾਜ ਸੁ ਗੁਰੂ ਹਮਾਰੇ, ਸੀਸ ਦੀਓ ਨਿਜ ਸਨ ਪਰਵਾਰੈ।
ਚਾਰੇ ਪੁਤਰ ਜਾਨ ਕੁਹਾਏ, ਸੋ ਚੰਡੀ ਕੀ ਭੇਂਟ ਕਰਾਏ।
ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈਂ ਕੌਣ ਬਡਾਈ।
– ਅਰਥਾਤ, ਗੁਰੂ ਸਾਹਿਬਾਨ ਨੇ ਸਾਡੇ ਲਈ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ, ਸਰਬੰਸ ਵਾਰ ਦਿੱਤਾ। ਮੈਂ ਆਪਣੀ ਕੁਲ ਰੱਖਾਂ, ਇਹ ਕਿਹੜੀ ਕੁਲ ਦੀ ਵਡਿਆਈ ਹੈ?
ਭਾਈ ਸੁਬੇਗ ਸਿੰਘ ਜੀ ਦਾ ਉੱਤਰ ਸੁਣ ਕੇ ਤਸੀਹਿਆਂ ਦਾ ਦੌਰ ਫੇਰ ਤੋਂ ਸ਼ੁਰੂ ਹੋ ਗਿਆ। ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਭਾਈ ਸ਼ਾਹਬਾਜ ਸਿੰਘ ਦੀ ਉਮਰ ਉਸ ਸਮੇਂ ਕੇਵਲ 18 ਸਾਲ ਦੀ ਸੀ ਜਦੋਂ 25 ਮਾਰਚ 1746 ਨੂੰ, ਦੋਵਾਂ ਪਿਉ-ਪੁੱਤਰਾਂ ਨੂੰ ਇਕੱਠਿਆਂ ਬੰਨ ਕੇ ਚਰਖੜੀ ‘ਤੇ ਚਾੜ੍ਹ ਕੇ ਘੁਮਾਇਆ ਗਿਆ। ਦੋਹਾਂ ਨੂੰ ਆਖਰੀ ਦਮ ਤਕ ਚਰਖੜੀ ‘ਤੇ ਘੁੰਮਾਉਂਦੇ ਹੋਏ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਰਿਹਾ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ” ਅਕਾਲ ਅਕਾਲ” ਕਹਿੰਦੇ ਰਹੇ। ਦੋਵੇਂ ਪਿਉ-ਪੁੱਤਰ ਆਖਰੀ ਦਮ ਤਕ ਇਹੋ ਬੋਲਦੇ ਰਹੇ ਕਿ –
ਸੁਬੇਗ ਸਿੰਘ ਤਬ ਕੁਰਨਸ਼ ਕਰੀ, ਧੰਨ ਚਰਖੜੀ ਧੰਨ ਯਹ ਘਰੀ।
ਚਾੜ੍ਹ ਚਰਖੜੀ ਹਮੈਂ ਗਿਰਾਵੋ, ਸੋ ਅਬ ਹਮ ਕੋ ਢੀਲ ਨਾ ਲਾਵੋ।
ਹਮ ਤੋ ਗੁਰ ਕੇ ਸਿੱਖ ਸਦਾਵੈਂ, ਗੁਰ ਕੇ ਹੇਤ ਪ੍ਰਾਣ ਭਲ ਜਾਵੈਂ। (ਪੰਥ ਪ੍ਰਕਾਸ਼ ) ”
ਅੰਤ, ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਆਪਣੇ ਨਿਸ਼ਠੇ ਨੂੰ ਪਾਲਦੇ, ਗੁਰੂ ਆਸ਼ੇ ‘ਤੇ ਖਰੇ ਉਤਰਦਿਆਂ, ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ, ਸ਼ਹਾਦਤ ਦਾ ਜਾਮ ਪੀ ਗਏ। ਕੌਮ ਅੱਜ ਵੀ ਸਤਿਕਾਰ ਸਹਿਤ ਯਾਦ ਕਰਕੇ, ਉਨ੍ਹਾਂ ਦੀ ਕੁਰਬਾਨੀ ਅਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ। ਇਨ੍ਹਾਂ ਜਾਂਬਾਜ ਸਿੱਖਾਂ ਨੇ ਅਨੇਕਾਂ ਤਸੀਹੇ ਝੱਲਣੇ ਤਾਂ ਕਬੂਲ ਕਰ ਲਏ ਲੇਕਿਨ ਇਨ੍ਹਾਂ ਬਹਾਦਰ ਅਤੇ ਨਿਧੜਕ ਪਿਓ-ਪੁੱਤਰ ਦੀ ਜੋੜੀ ਨੇ ਕਿਸੇ ਵੀ ਹਾਲਤ ਵਿੱਚ ਈਨ ਮੰਨਣੀ ਕਬੂਲ ਨਹੀਂ ਕੀਤੀ।
ਇਸ ਤਰ੍ਹਾਂ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਨੇ ਆਪਣੇ ਆਪ ਨੂੰ ਗੁਰੂ ਅੱਗੇ ਪ੍ਰਵਾਨ ਚੜਾਇਆ। ਪੂਰੀ ਸਿੱਖ ਕੌਮ ਅੱਜ ਵੀ ਸਤਿਕਾਰ ਸਹਿਤ ਉਨ੍ਹਾਂ ਦੀ ਕੁਰਬਾਨੀ ਤੇ ਘਾਲਣਾ ਯਾਦ ਨੂੰ ਕਰਦੀ ਹੈ। ਅੱਜ ਹਰ ਸਿੱਖ ਅਰਦਾਸ ਕਰਦੇ ਸਮੇਂ ਇਨ੍ਹਾ ਸ਼ਹੀਦਾਂ, ਮੁਰੀਦਾਂ ਨੂੰ ਯਾਦ ਕਰਦੇ ਹੋਏ, ਦਹੁਰਾਉਦੇਂ ਹਨ “ਜਿਨ੍ਹਾਂ ਸਿੰਘਾਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ….. ਚਰਖੜੀਆਂ ਤੇ ਚੜ੍ਹੇ”। ਅਜਿਹੇ ਸਿਰੜੀ ਅਤੇ ਅਟੱਲ ਵਿਸ਼ਵਾਸੀ ਪਿਓ-ਪੁੱਤਰ ਦੀ ਅਨੂਠੀ ਸ਼ਹਾਦਤ ‘ਤੇ ਪੂਰੇ ਸਿੱਖ ਜਗਤ ਨੂੰ ਮਾਣ ਹੈ ਅਤੇ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਨੂੰ ਵੀ ਇਹ ਬੇਮਿਸਾਲ ਸ਼ਹਾਦਤ ਰਸਤਾ ਦਿਖਾਉਂਦੀ ਰਹੇਗੀ।