ਕੇਸਾਂ ਦੀ ਮਹਾਨਤਾ ਦਾ ਪ੍ਰਤੀਕ : ਸ਼ਹੀਦ ਭਾਈ ਤਾਰੂ ਸਿੰਘ ਦੀ ਅਦੁੱਤੀ ਸ਼ਹਾਦਤ

TeamGlobalPunjab
7 Min Read

ਸ਼ਹੀਦ ਭਾਈ ਤਾਰੂ ਸਿੰਘ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ


ਕੇਸਾਂ ਦੀ ਮਹਾਨਤਾ ਦਾ ਪ੍ਰਤੀਕ

ਸ਼ਹੀਦ ਭਾਈ ਤਾਰੂ ਸਿੰਘ ਦੀ ਅਦੁੱਤੀ ਸ਼ਹਾਦਤ

*ਡਾ. ਗੁਰਦੇਵ ਸਿੰਘ

ਸਿੰਘ ਦਾ ਕੇਸਾਂ ਨਾਲ ਐਨਾ ਪਿਆਰ ਕਿ ਕੇਸ ਕਤਲ ਨਹੀਂ ਕਰਵਾਏ ਆਪਣੀ ਖੋਪਰੀ ਤਕ ਲੁਹਾ ਲਈ।  ਸੱਚਾ ਸਿੱਖ ਹਮੇਸ਼ਾਂ ਸਿੱਖੀ ਨਾਲ ਪਿਆਰ ਆਪਣੀ ਜਾਨ ਨਾਲੋਂ ਵੱਧ ਕੇ ਕਰਦਾ ਹੈ। ਸਿੱਖ ਪੰਥ ਵਿੱਚ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸ਼ਹਾਦਤਾਂ ਦਾ ਅਜਿਹਾ ਮੁੱਢ ਬੰਨਿਆ ਕਿ ਅੱਜ ਸੰਸਾਰ ਵਿੱਚ ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ। ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਨੂੰ ਦੇਖੀਏ ਤਾਂ ਇੱਕ ਤੋਂ ਵੱਧ ਇੱਕ ਅਨੇਕ ਅਨੋਖੀਆਂ ਸ਼ਹਾਦਤਾਂ ਪੜਨ ਤੇ ਸੁਣਨ ਨੂੰ ਮਿਲਦੀਆਂ ਹਨ। ਅਜਿਹੀ ਹੀ ਇੱਕ ਮਹਾਨ ਸ਼ਹਾਦਤ, ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਅੱਜ ਤੋਂ ਤਕਰੀਬਨ 276 ਸਾਲ ਪਹਿਲਾਂ ਹੋਈ। ਭਾਈ ਸਾਹਿਬ ਨੂੰ 1745 ਈਸਵੀ ਵਿੱਚ ਲਾਹੌਰ ਵਿਖੇ ਸਿਰ ਦੀ ਖੋਪਰੀ ਲਾਹ ਕੇ ਸ਼ਹੀਦ ਕੀਤਾ ਗਿਆ। ਭਾਈ ਸਾਹਿਬ ਨੇ ਆਪਣੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ।

1720 ਈਸਵੀ ਵਿੱਚ ਪਿੰਡ ਪੂਲ੍ਹਾ ਜਿਲ੍ਹਾ ਅੰਮ੍ਰਿਤਸਰ ਵਿੱਚ ਜਨਮੇ ਸ਼ਹੀਦ ਭਾਈ ਤਾਰੂ ਸਿੰਘ ਦਾ ਪਰਿਵਾਰ ਖੇਤੀਬਾੜੀ ਦਾ ਕਿੱਤਾ ਕਰਦਾ ਸੀ। ਆਪ ਦੇ ਪਿਤਾ ਦਾ ਨਾਮ ਭਾਈ ਜੋਧ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਧਰਮ ਕੌਰ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ਭਾਈ ਤਾਰੂ ਸਿੰਘ ਪਿੰਡ ਪੂਲ੍ਹਾ ਵਿਖੇ ਆਪਣੀ ਭੈਣ ਤੇ ਮਾਤਾ ਦੇ ਨਾਲ ਰਹਿੰਦੇ ਸਨ। ਭਾਈ ਤਾਰੂ ਸਿੰਘ ਵੀ ਪਿਤਾ ਪੁਰਖੀਂ ਖੇਤੀਬਾੜੀ ਦਾ ਕੰਮ ਹੀ ਕਰਦੇ ਸਨ। ਆਪ ਹੱਥੀਂ ਕਿਰਤ ਕਰਦੇ, ਲੋੜਵੰਦਾਂ ਦੀ ਮਦਦ ਕਰਨਾ ਆਪ ਦਾ ਸੁਭਾਅ ਸੀ। ਆਪ ਮਾਤਾ ਤੇ ਭੈਣ ਦੇ ਨਾਲ ਪ੍ਰਮਾਤਮਾ ਦੀ ਰਜਾ ਰਹਿੰਦੇ ਹੋਏ ਵਿਚ ਜੀਵਨ ਨਿਰਵਾਹ ਰਹੇ ਸਨ ਕਿ ਇੱਕ ਦਿਨ  ਇਕ ਗਰੀਬ ਮੁਸਲਮਾਨ ਜਿਸ ਦਾ ਨਾਮ ਇਤਿਹਾਸ ਵਿੱਚ ਰਹੀਮ ਖਾਂ ਮਾਛੀ ਆਉਂਦਾ ਹੈ ਭਾਈ ਸਾਹਿਬ ਦੇ ਘਰ ਮਦਦ ਲਈ ਆਇਆ ਹੈ। ਉਹ ਬਹੁਤ ਨਿਰਾਸ ਸੀ। ਅਸਲ ਵਿੱਚ ਉਸ ਦੀ ਜਵਾਨ ਧੀ ਨੂੰ ਜਾਫਰ ਬੇਗ ਇੱਕ ਮੁਗਲ ਸ਼ਾਸ਼ਕ ਚੱਕ ਕੇ ਲੈ ਗਿਆ ਸੀ। ਉਹ ਆਪਣੀ ਬੱਚੀ ਲਈ ਜਗ੍ਹਾ ਜਗ੍ਹਾ ‘ਤੇ ਗੁਹਾਰ ਲਾ ਲਾ ਥੱਕ ਗਿਆ ਪਰ ਉਸ ਦੀ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਉਸ ਮੁਸਲਮਾਨ ਬਜ਼ੁਰਗ ਨੂੰ ਨੇਕ ਦਿਲ ਭਾਈ ਤਾਰੂ ਸਿੰਘ ਦਾ ਪਤਾ ਲਗਿਆ ਕਿ ਉਹ ਉਸ ਦੀ ਮਦਦ ਕਰ ਸਕਦਾ ਹੈ।  ਉਸ ਬਜ਼ੁਰਗ ਨੇ ਆਪਣੀ ਸਾਰੀ ਵਿਥਿਆ ਭਾਈ ਤਾਰੂ ਸਿੰਘ ਨੂੰ ਸੁਣਾਈ। ਭਾਈ ਸਾਹਿਬ ਅਕਸਰ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਲਈ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਕਰਦੇ ਸਨ। ਭਾਈ ਸਾਹਿਬ ਨੇ ਉਸ ਬਜ਼ੁਰਗ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਤੁਸੀਂ ਚਿੰਤਾਂ ਨਾ ਕਰੋ ਵਾਹਿਗੁਰੂ ਭਲੀ ਕਰੇਗਾ।

- Advertisement -

ਭਾਈ ਤਾਰੂ ਸਿੰਘ ਨੇ ਸਿੰਘਾਂ ਦੀ ਮਦਦ ਨਾਲ ਜਾਫਰ ਬੇਗ ਨੂੰ ਸੋਧ ਕੇ ਉਸ ਬੱਚੀ ਨੂੰ ਬਚਾਇਆ। ਭਾਈ ਸਾਹਿਬ ਦੀ ਇਸ ਨੇਕੀ ਦੀ ਚਰਚਾ ਸਾਰੇ ਇਲਾਕੇ ਵਿੱਚ ਹੋਈ। ਜੰਡਿਆਲੇ ਦਾ ਹਰਭਗਤ ਨਿਰੰਜਨੀਏ ਸੂਹੀਏ ਨੇ ਲਾਹੌਰ ਦੇ ਹਾਕਮ ਜ਼ਕਰੀਆਂ ਖਾਨ ਨੂੰ ਜਾ ਖਬਰ ਦਿੱਤੀ ਤੇ ਭਾਈ ਸਾਹਿਬ ‘ਤੇ ਅਨੇਕ ਤਰ੍ਹਾਂ ਦੇ ਝੂਠੇ ਆਰੋਪ ਲਗਾਏ। ਜ਼ਕਰੀਆ ਖਾਨ ਜੋ ਪਹਿਲਾਂ ਹੀ ਸਿੰਘਾਂ ਦਾ ਵੈਰੀ ਸੀ ਉਸ ਨੇ ਦੇਰ ਨਾ ਲਾਈ ਤੇ ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਲਿਆ । ਕੈਦ ਕੀਤੇ ਭਾਈ ਤਾਰੂ ਸਿੰਘ ਜੀ ਨੂੰ ਦੁਨੀਆਂ ਭਰ ਦੇ ਲਾਲਚ ਦਿੱਤੇ ਗਏ।  ਸਿੱਖੀ ਛੱਡ ਮੁਸਲਮਾਨ ਬਣਨ ਲਈ ਕਿਹਾ ਗਿਆ ਪਰ ਉਹ ਜ਼ਾਲਮ ਕਾਮਯਾਬ ਨਾ ਹੋਏ। ਓਹਨਾਂ ਫਿਰ ਭਾਈ ਸਾਹਿਬ ਨੂੰ ਆਖਿਆ ਕਿ ਕੇਸ ਕਤਲ ਕਰਵਾਉਣ ਬਦਲੇ ਤੈਨੂੰ ਬਖਸ਼ ਦਿੱਤਾ ਜਾਵੇਗਾ ਪਰ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਸਿਰ ਕਟਵਾ ਸਕਦਾ ਹੈ ਪਰ ਕੇਸ ਕਦੀ ਵੀ ਨਹੀਂ, ਕੇਸ ਤਾਂ ਮੇਰੇ ਗੁਰੂ ਦੀ ਮੋਹਰ ਹਨ। ਆਪਣੀ ਅਸਫਲਤਾ ਨੂੰ ਦੇਖ ਜ਼ਕਰੀਆ ਖਾਨ ਤਿਲਮਿਲਾ ਗਿਆ। ਉਸ ਨੇ ਭਾਈ ਸਾਹਿਬ ਨੂੰ ਅੰਤਾਂ ਦੇ ਤਸੀਹੇ ਦਿੱਤੇ। ਅਖੀਰ ਉਸ ਨੇ ਭਾਈ ਸਾਹਿਬ ਨੂੰ ਕਿਹਾ “ਤੈਨੂੰ ਸਿੱਖੀ ਬਹੁਤ ਐਨੀ ਪਿਆਰੀ ਏ, ਤੇਰੇ ਇਹ ਕੇਸ ਗੁਰੂ ਦੀ ਮੋਹਰ ਏ, ਮੈਂ ਤੇਰੇ ਇਹ ਕੇਸ ਹੀ ਸਿਰ ’ਤੇ ਨਹੀਂ ਰਹਿਣ ਦੇਣੇ। ਜ਼ਕਰੀਆਂ ਖਾਨ ਨੇ ਭਾਈ ਸਾਹਿਬ ਦੇ ਕੇਸਾਂ ਨੂੰ ਸਣੇ ਖੋਪਰੀ ਸਿਰ ਤੋਂ ਅਲੱਗ ਕਰਨ ਦੀ ਸਜਾ ਸੁਣਾ ਦਿੱਤੀ। ਭਾਈ ਤਾਰੂ ਸਿੰਘ ਨੇ ਆਪਣੇ ਪਰਮੇਸਰ ਅੱਗੇ ਅਰਦਾਸ ਕੀਤੀ ਤੇ ਉਸ ਦੇ ਚਰਣਾਂ ਵਿੱਚ ਮਨ ਜੋੜ ਗੁਰਬਾਣੀ ਦਾ ਪਾਠ ਕਰਨ ਲੱਗੇ।

1745 ਈਸਵੀ ਨੂੰ ਲਾਹੌਰ ਕਿਲੇ ਦੇ ਦਿੱਲੀ ਗੇਟ ਅੱਗੇ ਭਾਈ ਤਾਰੂ ਸਿੰਘ ਨੂੰ ਲਿਆਂਦਾ ਗਿਆ। ਜਲਾਦ ਭਾਈ ਸਾਹਿਬ ਦੀ ਖੋਪਰੀ ਲਾਹੁਣ ਲਈ ਅੱਗੇ ਵਧਿਆ, ਭਾਈ ਸਾਹਿਬ ਨੇ ਕੀਤਾ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਅਤੇ ਮਨ ਬਾਣੀ ਵਿੱਚ ਜੋੜਿਆ। ਜਲਾਦ ਨੇ ਹੁਕਮਾਂ ਅਨੁਸਾਰ ਭਾਈ ਤਾਰੂ ਸਿੰਘ ਦੀ ਖੋਪਰੀ ਸਿਰ ਤੋਂ ਵੱਖ ਕਰ ਦਿੱਤੀ। ਗੁਰੂ ਦੇ ਸਿੱਖ ਨੇ ਭਾਣੇ ਨੂੰ ਮਿੱਠਾ ਕਰ ਕੇ ਮੰਨਦੇ ਹੋਏ, ਸੀ ਤਕ ਨਾ ਉਚਰੀ।

ਸਿਰ ਜਾਵੇ ਤਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।

ਇਤਿਹਾਸਕ ਹਵਾਲਿਆਂ ਅਨੁਸਾਰ ਭਾਈ ਸਾਹਿਬ ਨੂੰ ਸ਼ਹਿਰੋਂ ਬਾਹਰ ਇੱਕ ਸੁੰਨੇ ਰਾਹ ਤੇ ਸੁੱਟ ਦਿੱਤਾ ਗਿਆ ਜਿੱਥੋਂ ਸਿੱਖਾਂ ਨੇ ਭਾਈ ਸਾਹਿਬ ਨੂੰ ਸੰਭਾਲਿਆ, ਉਧਰ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਨੀਮ ਹਕੀਮਾਂ ਨੇ ਪੂਰਾ ਜੋਰ ਲਾਇਆ ਪਰ ਕੋਈ ਫਰਕ ਨਾ ਪਿਆ।  ਪ੍ਰਚਲਿਤ ਸਾਖੀ ਅਨੁਸਾਰ ਭਾਈ ਤਾਰੂ ਸਿੰਘ ਨੇ ਬਚਨ ਕੀਤੇ ਸਨ ਕਿ ਜ਼ਕਰੀਆ ਖਾਨ ਜੇ ਤੈਂ ਮੇਰੇ ਗੁਰੂ ਦੀ ਮੋਹਰ ਕੇਸਾਂ ਦੀ ਬੇਅਦਬੀ ਕੀਤੀ ਤਾਂ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਇਸ ਸੰਸਾਰ ਤੋਂ ਲੈ ਕੇ ਜਾਵਾਂਗਾ। ਜ਼ਕਰੀਆ ਖਾਨ ਵਲੋਂ ਸਿੰਘਾਂ ਤਕ ਪਹੁੰਚ ਕੀਤੀ ਗਈ। ਭਾਈ ਸਾਹਿਬ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਗਈ, ਫਿਰ ਜਾ ਕੇ ਉਸ ਨੂੰ ਕਿਤੇ ਚੈਨ ਆਇਆ। ਅਖੀਰ ਭਾਈ ਸਾਹਿਬ ਦੀ ਜੁੱਤੀਆਂ ਖਾ ਕੇ ਪਾਪੀ ਜ਼ਕਰੀਆ ਖਾਨ ਇਸ ਸੰਸਾਰ ਤੋਂ ਗਿਆ। ਖੋਪੜੀ ਲੱਥੀ ਤੋਂ 22 ਦਿਨ ਬਾਅਦ ਭਾਈ ਤਾਰੂ ਸਿੰਘ 1 ਜੁਲਾਈ ਸੰਨ 1745 ਈ: ਨੂੰ ਇਸ ਸੰਸਾਰ ਤੋਂ ਰੁਖਸਤ ਹੋਏ।

ਤਬ ਸਿੰਘ ਜੀ ਬਹੁ ਭਲੀ ਮਨਾਈ ਸਾਥ ਕੇਸਨ ਕੇ ਖੋਪਰੀ ਜਾਈ

- Advertisement -

ਤੋ ਭੀ ਹਮਰੋ ਬਚਨ ਰਹਾਈ ਸਿੱਖੀ ਕੀ ਗੁਰ ਪੈਜ ਰਖਾਈ|| (ਪੰਥ ਪ੍ਰਕਾਸ਼)

ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿੱਖ ਨਿੱਤ ਆਪਣੀ ਅਰਦਾਸ ਵਿਚ ਯਾਦ ਕਰਦੇ ਹਨ। ਅੱਜ ਲੋੜ ਹੈ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਸਿੱਖਿਆ ਲੈਣ ਦੀ ਅਤੇ ਗੁਰੂ ਦੀ ਬਖਸ਼ੀ ਪਿਅਰੀ ਦਾਤ ਕੇਸਾਂ ਦੀ ਸੰਭਾਲ ਕਰਨ ਦੀ। ਸਾਨੂੰ ਫੈਸਨਪ੍ਰਸਤੀ ਪਿੱਛੇ ਲੱਗ ਕੇ ਇਨ੍ਹਾਂ ਨੂੰ ਵਿਸਾਰਨਾ ਨਹੀਂ ਚਾਹੀਦਾ। ਕੇਸ ਤਾਂ ਸਿੱਖੀ ਸਿਦਕ ਤੇ ਸਿੱਖੀ ਦੀ ਸ਼ਾਨ ਦੇ ਚਿੰਨ ਹਨ। ਸ਼ਹੀਦ ਭਾਈ ਤਾਰੂ ਸਿੰਘ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ । ਭੁੱਲਾਂ ਚੁਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

Share this Article
Leave a comment