ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਖ਼ਿਲਾਫ਼ ਬਗਾਵਤੀ ਲਹਿਰ ਦੇ ਮੋਹਰੀ – ਭਾਈ ਮਹਾਰਾਜ ਸਿੰਘ

TeamGlobalPunjab
6 Min Read

-ਅਵਤਾਰ ਸਿੰਘ

ਬਹਾਦਰ ਸਿੱਖ ਕੌਮ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਦਿੱਤੀਆਂ ਗਈਆਂ 85 ਫ਼ੀਸਦ ਤੋਂ ਵੱਧ ਕੁਰਬਾਨੀਆਂ ਦਾ ਮਾਣ ਹਾਸਲ ਹੈ। ਇਸ ਦੀ ਗਿਣਤੀ ਭਾਰਤ ਵਿਚ ਸਿਰਫ 2 ਪ੍ਰਤੀਸ਼ਤ ਦੇ ਕਰੀਬ ਹੈ। ਇਸ ਕੌਮ ਨੇ ਮੁਗਲਾਂ ਨੂੰ ਕੱਢਣ ਵਾਸਤੇ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘ ਇਸ ਦੇਸ਼ ਤੇ ਪੰਜਾਬ ਦੀ ਰਾਖੀ ਲਈ ਕੁਰਬਾਨ ਹੋਏ। ਅੰਗਰੇਜ਼ਾਂ ਨੂੰ ਦੇਸ਼ ’ਚੋਂ ਭਜਾਉਣ ਲਈ ਸਭ ਤੋਂ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਭਾਈ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਉਹ ਅੰਗਰੇਜ਼ਾ ਦੇ ਖਿਲਾਫ਼ ਪਹਿਲੀ ਜਦੋ-ਜਹਿਦ ਤੇ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲੜਨ ਦੀ ਪਹਿਲੀ ਲਹਿਰ ਦੇ ਮੋਢੀ ਹੋਏ ਹਨ।

ਦੇਸ਼ ਭਗਤ ਭਾਈ ਮਹਾਰਾਜ ਸਿੰਘ ਦਾ ਜਨਮ ਲੁਧਿਆਣੇ ਜ਼ਿਲੇ ਦੇ ਪਿੰਡ ਰਬੋਂ ਉਚੀ ਵਿੱਚ 13 ਜਨਵਰੀ 1780 ਵਿੱਚ ਹੋਇਆ। ਬਚਪਨ ਵਿੱਚ ਉਨ੍ਹਾਂ ਦਾ ਨਾਂ ਨਿਹਾਲ ਸਿੰਘ ਰੱਖਿਆ ਗਿਆ। ਉਹ ਹਰ ਇਕ ਨੂੰ ‘ਮਹਾਰਾਜ ਜੀ’ ਕਹਿ ਕੇ ਬੁਲਾਉਂਦੇ ਸਨ ਜਿਸ ਕਾਰਣ ਉਨ੍ਹਾਂ ਦਾ ਨਾਂ ਭਾਈ ਮਹਾਰਾਜ ਸਿੰਘ ਪੈ ਗਿਆ।

ਨੇੜਲੇ ਪਿੰਡ ਠੀਕਰੀਵਾਲਾ ਦੇ ਡੇਰੇ ਵਿੱਚ ਕੁਝ ਸਮਾਂ ਰਹਿਣ ਤੋਂ ਬਾਅਦ ਭਾਈ ਸੁਮੰਦ ਸਿੰਘ ਨੌਰੰਗਾਬਾਦੀ ਨਾਲ ਮੇਲ ਹੋਇਆ ਜਿਨ੍ਹਾਂ ਰਾਹੀਂ ਉਹ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸੇਵਕ ਬਣ ਗਏ।

- Advertisement -

ਬਾਬਾ ਬੀਰ ਸਿੰਘ ਅੰਗਰੇਜ਼ ਸਰਕਾਰ ਨਾਲ ਹੋਈ ਲੜਾਈ ਵਿਚ ਮੁੱਠਿਆਂ ਵਾਲੇ (ਖੇਮਕਰਨ ਲਾਗੇ) ਵਿਖੇ ਸ਼ਹੀਦ ਹੋ ਗਏ। ਸ਼ਹੀਦੀ ਉਪਰੰਤ ਗੱਦੀ ਦੇ ਵਾਰਸ ਭਾਈ ਮਹਾਰਾਜ ਸਿੰਘ ਨੇ ਦੇਸ਼ ਵਾਸੀਆਂ ਨੂੰ ਅੰਗਰੇਜ਼ਾਂ ਤੇ ਡੋਗਰਿਆਂ ਦੀਆਂ ਕੁਚਾਲਾਂ ਤੋਂ ਸੁਚੇਤ ਰਹਿ ਕੇ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਲਈ ਕਿਹਾ।ਭਾਈ (ਬਾਬਾ) ਮਹਾਰਾਜ ਸਿੰਘ ਨੇ ਨੌਰੰਗਾਬਾਦ ਦਾ ਸਾਰਾ ਪ੍ਰਬੰਧ ਬਾਬਾ ਖੁਦਾ ਸਿੰਘ ਨੂੰ ਸੰਭਾਲ ਕੇ ਖੇਮਕਰਨ ਲਾਗੇ ਮੁੱਠਿਆਂ ਵਾਲੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਅਸਥਾਨ ‘ਤੇ ਗੁਰਦੁਆਰਾ ਬਣਾਇਆ। ਫਿਰ ਅੰਮਿ੍ਤਸਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਲੱਗੇ।

ਉਨ੍ਹਾਂ ਅੰਗਰੇਜ਼ਾਂ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ ਸੀ ਤੇ ਉਨ੍ਹਾਂ ਮੁਤਾਬਿਕ, ਹਰ ਕੱਟੜ ਕੌਮਪ੍ਰਸਤ ਲਈ ਸਭ ਤੋਂ ਪਹਿਲਾ ਮੰਤਵ ਇਹ ਹੈ ਕਿ ਵਿਦੇਸ਼ੀ ਅਧਿਕਾਰ ਤੋਂ ਮੁਕਤੀ ਪ੍ਰਾਪਤ ਕਰਨ ਅਤੇ ਹੋਰ ਕੋਈ ਮਿਸ਼ਨ ਚਾਹੇ ਉਹ ਸੱਭਿਆਚਾਰਕ ਜਾਂ ਧਾਰਮਿਕ ਸੁਧਾਰ ਦੀ ਹੀ ਕਿਉਂ ਨਾ ਹੋਵੇ, ਉਸ ਦਾ ਧਿਆਨ ਬਾਅਦ ਵਿੱਚ ਖਿੱਚੋ। ਅੰਗਰੇਜ਼ ਰੈਜੀਡੈਂਟ ਹੈਨਰੀ ਲਾਰੰਸ ਨੂੰ 21-4 1847 ਨੂੰ ਸ਼ਾਲੀਮਾਰ ਬਾਗ ਦੀ ਮੀਟਿੰਗ ਸਮੇਂ ਕਤਲ ਕਰਨ ਲਈ ਪਰੇਮਾ ਤੇ ਮੋਹਰਾ ਜੋ ਗੁਲਾਬ ਸਿੰਘ ਡੋਗਰਾ ਕੋਲ ਕੰਮ ਕਰ ਚੁੱਕੇ ਸਨ, ਨੂੰ ਬਾਬਾ ਜੀ ਨੇ ਚੁਣਿਆ। ਉਨ੍ਹਾਂ ਨੂੰ 1-1 ਸਿਰੀ ਸਾਹਿਬ ਵੀ ਭੇਟ ਕੀਤੀ।

ਬਦਕਿਸਮਤੀ ਨਾਲ ਅੰਗਰੇਜ਼ਾਂ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਸਾਜਿਸ਼ ਕਰਨ ਅਤੇ ਪਨਾਹ ਦੇਣ ਵਾਲਿਆ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ। ਜੰਮੂ ਤੋਂ ਪ੍ਰੇਮਾ ਫੜੇ ਜਾਣ ਤੇ ਬਾਬਾ ਜੀ ਦੇ ਕਈ ਸਾਥੀ ਫੜੇ ਗਏ। ਉਨ੍ਹਾਂ ਦੀ ਜਾਇਦਾਦ ਜ਼ਬਤ ਕਰਕੇ ਦਸ ਹਜ਼ਾਰ ਰੁਪਏ ਇਨਾਮ ਰੱਖਿਆ ਗਿਆ। ਪ੍ਰੇਮਾ ਮਿਸ਼ਨ ਫ਼ੇਲ੍ਹ ਹੋਣ ਪਿੱਛੋਂ ਦੀਵਾਨ ਮੂਲ ਰਾਜ ਨੇ ਅੰਗਰੇਜ਼ਾਂ ਖਿਲਾਫ ਬਗਾਵਤ ਕਰ ਦਿੱਤੀ, ਜਿਸ ਦੀ ਮਹਾਰਾਣੀ ਜਿੰਦਾਂ ਤੇ ਬਾਬਾ ਜੀ ਨੇ ਪੂਰੀ ਮਦਦ ਕੀਤੀ ਪਰ ਉਸ ਨਾਲ ਮਤਭੇਦ ਹੋਣ ‘ਤੇ ਬਾਬਾ ਜੀ ਨੇ ਵੱਖਰਾ ਦਲ ਬਣਾ ਲਿਆ। ਕਿਸੇ ਨੇ ਸਰ ਜਾਨ੍ਹ ਲਾਰੰਸ ਗਵਰਨਰ ਜਨਰਲ ਕੋਲ ਚੁਗਲੀ ਕੀਤੀ ਕਿ ਬਾਬਾ ਮਹਾਰਾਜ ਸਿੰਘ ਤੇ ਨਿਹੰਗ ਗੰਡਾ ਸਿੰਘ ਉਸਨੂੰ ਮਾਰਨਾ ਚਾਹੁੰਦੇ ਹਨ।

ਅੰਗਰੇਜ਼ਾਂ ਨੇ ਗੰਡਾ ਸਿੰਘ ਨੂੰ ਫੜ ਕੇ ਫਾਂਸੀ ਦੇ ਦਿੱਤੀ ਤੇ ਬਾਬਾ ਜੀ ਨੂੰ ਲਾਰੰਸ ਨਾਲ ਮੁਲਾਕਾਤ ਲਈ ਲਿਜਾ ਰਹੇ ਸਨ ਤੇ ਬਾਬਾ ਜੀ ਰਾਹ ਵਿਚੋਂ ਸਮਦੂ ਪੁਲ ਤੋਂ ਗਾਇਬ ਹੋ ਗਏ। ਅਟਾਰੀ ਵਾਲੇ ਸਰਦਾਰਾਂ ਨਾਲ ਰਲ ਕੇ ਚੇਲਿਆਂ ਵਾਲੀ ਲੜਾਈ ਵਿੱਚ ਆਪਣੀ ਕਾਲੀ ਘੋੜੀ ‘ਤੇ ਲੜਦੇ ਰਹੇ, ਇਸ ਵਿੱਚ ਅੰਗਰੇਜ਼ਾਂ ਦੀ ਹਾਰ ਹੋਈ। ਪੰਜਾਬ ‘ਤੇ ਅੰਗਰੇਜ਼ਾਂ ਦਾ ਕਬਜਾ ਹੋਣ ‘ਤੇ ਬਾਬਾ ਜੀ ਜੰਮੂ ਚਲੇ ਗਏ, ਉਥੇ ਡੋਗਰਿਆਂ ਕੋਲੋਂ ਹਮਲਾ ਕਰਕੇ ਰਾਮਨਗਰ ਕਿਲੇ ‘ਤੇ ਕਬਜਾ ਕਰ ਲਿਆ।

ਡੋਗਰਿਆਂ ਦੇ ਜ਼ੋਰ ਪਾਉਣ ‘ਤੇ ਬਾਬਾ ਜੀ ਦੇ ਕਈ ਸਾਥੀ ਸਾਥ ਛੱਡ ਗਏ ਜਿਸ ਕਾਰਣ ਬਾਬਾ ਜੀ ਬਟਾਲੇ ਨੇੜੇ ਜੱਸੋਵਾਲ ਆ ਗਏ। ਇਥੇ ਆ ਕੇ ਵੀਹ ਮੰਨੇ ਪ੍ਰਮੰਨੇ ਦਲੇਰ ਸਿੱਖ ਇਕੱਠੇ ਕਰਕੇ 3 ਜਨਵਰੀ 1850 ਨੂੰ ਅੰਗਰੇਜ਼ਾਂ ਵਿਰੁਧ ਬਗਾਵਤ ਕਰਨ ਦਾ ਫੈਸਲਾ ਲਿਆ। ਕੁਝ ਦਿਨ ਪਹਿਲਾਂ 28 ਦਸੰਬਰ 1849 ਨੂੰ ਗਦਾਰ ਰਤਨ ਸਿੰਘ ਜਾਸੂਸ ਨੇ ਡੀ ਸੀ ਹੈਨਰੀ ਵੈਨੀ ਸਟਾਰਟ ਨੂੰ ਦਸ ਕੇ ਬਾਬਾ ਜੀ ਸਮੇਤ 21 ਸਾਥੀਆਂ ਨੂੰ ਉਸ ਸਮੇਂ ਗ੍ਰਿਫਤਾਰ ਕਰਵਾ ਦਿੱਤਾ ਜਦ ਉਹ ਜਲੰਧਰ ਤੇ ਹੁਸ਼ਿਆਰਪੁਰ ਦੀਆਂ ਛਾਉਣੀਆਂ ਨੂੰ ਲੁੱਟਣ ਦੀ ਤਿਆਰੀ ਵਿਚ ਇਲਾਕੇ ਦਾ ਚੱਕਰ ਕੱਢ ਕੇ ਸਾਰੇ ਦਿਨ ਦੇ ਕੰਮ ਦੀ ਥਕਾਵਟ ਨਾਲ ਆਦਮਪੁਰ ਦੇ ਇਲਾਕੇ ਅੰਦਰ ਕਮਾਦ ਦੇ ਖੇਤਾਂ ਵਿਚ ਅਰਾਮ ਕਰ ਰਹੇ ਸਨ।

- Advertisement -

ਪਹਿਲਾਂ ਉਨ੍ਹਾਂ ਨੂੰ ਕਲਕੱਤਾ ਤੇ ਫਿਰ 14-5-1850 ਨੂੰ ਸਮੁੰਦਰੀ ਜਹਾਜ਼ ਰਾਹੀਂ ਸਿੰਘਾਪੁਰ ਜੇਲ੍ਹ ਵਿਚ ਭੇਜ ਦਿੱਤਾ ਤੇ ਉਥੇ 9-6-1850 ਨੂੰ ਸਿੰਗਾਪੁਰ ਦੀ ਤੰਗ, ਹਨੇਰੀ ਕਾਲ ਕੋਠੜੀ ਵਿਚ ਬੇੜੀਆਂ ਸਮੇਤ ਦਿੱਤਾ। ਭੋਰਾ ਵੀ ਖੁਲ ਨਾ ਦੇਣ ਕਾਰਨ ਜਨਵਰੀ 1853 ਵਿਚ ਸਿਵਲ ਸਰਜਨ ਨੇ ਸ਼ਿਫਾਰਸ ਕੀਤੀ ਕਿ ਬਾਬਾ ਜੀ ਨੂੰ ਕਦੇ ਕਦੇ ਖੁੱਲ੍ਹੇ ਵਿਚ ਫਿਰਨ ਦੀ ਆਗਿਆ ਦਿੱਤੀ ਜਾਵੇ, ਪਰ ਪੱਥਰ ਦਿਲ ਸਰਕਾਰ ਨੇ ਇਹ ਸਲਾਹ ਨਾਲ ਮੰਨੀ।

ਅੱਖਾਂ ਦੀ ਜੋਤ ਘੱਟ ਗਈ ਤੇ ਕੈਂਸਰ ਹੋਣ ਨਾਲ 5 ਜੁਲਾਈ 1856 ਨੂੰ 86 ਸਾਲ ਦੀ ਉਮਰ ਵਿਚ ਸ਼ਹੀਦ ਹੋ ਗਏ। ਦੇਸ ਦੀ ਆਜ਼ਾਦੀ ਦੇ 25-26 ਸਾਲ ਬਾਅਦ ਪਹਿਲੀ ਵਾਰ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਨੇ ਬਾਬਾ ਜੀ ਦਾ ਦੋ ਸਾਲ ਪਿੰਡ ਰਬੋਂ ਉਚੀ ਵਿਚ ਸਰਕਾਰੀ ਤੌਰ ‘ਤੇ ਸ਼ਹੀਦੀ ਦਿਹਾੜਾ ਮਨਾਇਆ। 3 ਜੁਲਾਈ ਤੋਂ 5 ਜੁਲਾਈ ਤਕ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਇਤਿਹਾਸਕਾਰ ਮਿਸਟਰ ਆਰਨੋਲਡ ਨੇ ਲਿਖਿਆ ਹੈ ਕਿ “ਜੇ 28 ਦਸੰਬਰ ਨੂੰ ਭਾਈ ਮਹਿਰਾਜ ਸਿੰਘ ਨੂੰ ਫੜਿਆ ਨਾ ਜਾਂਦਾ ਤਾਂ ਪੰਜਾਬ ਅੰਗਰੇਜ਼ਾਂ ਹੱਥੋਂ ਨਿਕਲ ਜਾਣਾ ਸੀ।”

Share this Article
Leave a comment