Shabad Vichaar 67 – ਸਲੋਕ ੨੩ ਤੋਂ ੨੬ ਦੀ ਵਿਚਾਰ

TeamGlobalPunjab
4 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -67

ਸਲੋਕ ੨੩ ਤੋਂ ੨੬ ਦੀ ਵਿਚਾਰ

*ਡਾ. ਗੁਰਦੇਵ ਸਿੰਘ

ਜਗਤ ਦੀ ਨਾਸ਼ਮਾਨਤਾ ਨੂੰ ਮਨੁੱਖ ਸਮਝਦਾ ਨਹੀਂ ਸਗੋਂ ਜਗਤ ਦੇ ਸਗਲ ਪਸਾਰੇ ਨੂੰ ਅਸਲ ਸਮਝੀ ਜਾਂਦਾ ਹੈ।  ਜਦੋਂ ਕਿ ਗੁਰਬਾਣੀ ਵਿੱਚ ਜਗਤ ਨੂੰ ਸੁਪਨੇ ਅਤੇ ਇਸ ਦੇ ਸਗਲ ਪਾਸਾਰੇ ਨੂੰ ਪਾਣੀ ਦੇ ਬੁਲਬੁਲੇ ਦੇ ਨਾਲ ਤੁਲਨਾਇਆ ਗਿਆ ਹੈ? ਅਤੇ ਮਨੁੱਖ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਬਿਨਾਂ ਹਰੀ ਭਜਨ ਦੇ ਇਸ ਜਗਤ ਰੂਪੀ ਸਮੁੰਦਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਹੈ।

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 23 ਤੋਂ 26 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1427 ‘ਤੇ ਅੰਕਿਤ ਹਨ। ਸਲੋਕਾਂ ਵਿੱਚ ਗੁਰੂ ਜੀ ਮਨੁੱਖ ਨੂੰ ਜਗਤ ਦੀ ਨਾਸ਼ਮਾਨਤਾ ਅਤੇ ਮਾਇਆ ਦੀ ਲਾਲਸਾ ਨਾਲ ਹੋਣ ਵਾਲੀ ਹਾਨੀ ਬਾਰੇ ਤੋਂ ਸਾਵਧਾਨ ਕਰਦੇ ਹੋਏ ਵਿਸ਼ੇਸ਼ ਉਪਦੇਸ਼ ਦਿੰਦੇ ਹਨ:

- Advertisement -

ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥

ਹੇ ਨਾਨਕ! (ਆਖ– ਹੇ ਭਾਈ!) ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ। ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ।23।

ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥

ਹੇ ਨਾਨਕ! (ਆਖ– ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ।24।

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥

- Advertisement -

ਹੇ ਨਾਨਕ! ਆਖ– ਹੇ ਮਿੱਤਰ! ਸੁਣ, ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ।25।

ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥ 

ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ। ਹੇ ਨਾਨਕ! ਆਖ– ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।26।

ਨੌਵੇਂ ਪਾਤਸ਼ਾਹ ਇਨ੍ਹਾਂ ਉਕਤ ਸਲੋਕਾਂ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਹੇ ਭਾਈ ਇਹ ਜਗਤ ਸੁਪਨੇ ਦੀ ਨਿਆਈ ਹੈ ਇਸ ਵਿੱਚ ਬਿਨਾਂ ਅਕਾਲ ਪੁਰਖ ਦੇ ਨਾਮ ਤੋਂ ਕੁਝ ਵੀ ਸੱਚ ਨਹੀਂ ਹੈ।  ਪ੍ਰਤੀ ਦਿਨ ਮਨੁੱਖ ਮਾਇਆ ਦੇ ਕਾਰਨ ਵਾਹਿਗੁਰੂ ਤੋਂ ਦੂਰ ਹੁੰਦਾ ਜਾਂਦਾ ਹੈ। ਕਰੋੜਾਂ ਵਿੱਚੋਂ ਕੋਈ ਵਿਰਲਾ ਮਨੁੱਖ ਹੀ ਹੈ ਜੋ ਅਕਾਲ ਪੁਰਖ ਨੂੰ ਸੱਚੇ ਦਿਲੋਂ ਸਿਮਰਦਾ ਹੈ। ਸਗਲ ਜਗਤ ਦਾ ਪਾਸਾਰਾ ਐਸਾ ਹੈ ਜਿਵੇਂ ਪਾਣੀ ਦਾ ਬੁਲਬਲਾ ਜਿਸ ਦੀ ਮਿਆਦ ਹੀ ਕੋਈ ਨਹੀਂ। ਮਨੁੱਖ ਮਾਇਆ ਦੇ ਨਸ਼ੇ ਵਿੱਚ ਰੱਬ ਨੂੰ ਭੁੱਲ ਜਾਂਦਾ ਹੈ। ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਜਗਤ ਦੀ ਨਾਸ਼ਮਾਨਤਾ ਨੂੰ ਸਮਝੋ ਅਤੇ ਪ੍ਰਮਾਤਮਾ ਦੇ ਸਿਮਰਨ ਕਰੋ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment