Breaking News

ਸ਼ਬਦ ਵਿਚਾਰ 167 -ਵਾਰ ਮਾਝ ਦੀ ਦੂਜੀ ਪਉੜੀ ਦੇ ਸਲੋਕਾਂ ਦੀ ਵਿਚਾਰ

*ਡਾ. ਗੁਰਦੇਵ ਸਿੰਘ

ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਦੁਜੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 138 ‘ਤੇ ਅੰਕਿਤ ਹੈ। ਇਨ੍ਹਾਂ ਸਲੋਕਾਂ ਵਿੱਚ ਗੁਰੂ ਸਾਹਿਬ ਅਕਾਲ ਪੁਰਖ ਵਲੋਂ ਮੁਨੱਖ ਨੂੰ ਬਖਸ਼ਿਸ਼ ਕੀਤੇ ਹੋਏ ਸੋਹਣੇ ਮਨੁੱਖੀ ਸਰੀਰ ਦਾ ਜ਼ਿਕਰ ਕਰਦੇ ਹੋਏ ਮਨ ਦੇ ਪਿੱਛੇ ਲੱਗੇ ਮਨੁੱਖ ਦੀ ਅਵਸਥਾਂ ਨੂੰ ਬਿਆਨਦੇ ਹਨ। ਇਸ ਦੇ ਨਾਲ ਗੁਰੂ ਸਾਹਿਬ ਉਸ ਰਮੇ ਹੋਏ ਪ੍ਰਭੂ ਦੀ ਜੋਤ ਦਾ ਜ਼ਿਕਰ ਵੀ ਇਨ੍ਹਾਂ ਸਲੋਕਾਂ ਵਿੱਚ ਕੁਝ ਇਸ ਪ੍ਰਕਾਰ ਕਰ ਰਹੇ ਹਨ:

ਸਲੋਕ ਮਃ ੧ ॥ ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥ ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥ ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥ ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥

ਪਦ ਅਰਥ: ਜੀਉ = ਜਿੰਦ। ਤਨੁ = ਸਰੀਰ। ਬਣਤ = ਘਾੜਤ। ਅਖੀ = ਅੱਖੀਂ, ਅੱਖਾਂ ਨਾਲ। ਕੰਨੀ = ਕੰਨੀਂ, ਕੰਨਾਂ ਵਿਚ। ਸੁਰਤਿ = ਸੁਣਨ ਦੀ ਸੱਤਿਆ। ਸਮਾਇ = ਟਿਕੀ ਹੋਈ ਹੈ, ਮੌਜੂਦ ਹੈ। ਅੰਧੁ = ਅੰਨ੍ਹਿਆਂ ਵਾਲਾ ਕੰਮ। ਪਾਰਿ ਨਾ ਪਾਇ = ਪਾਰ ਨਹੀਂ ਲੰਘਦਾ। ਪਤਿ = ਇੱਜ਼ਤ, ਪ੍ਰਭੂ ਦੀ ਮਿਹਰ।

ਅਰਥ: (ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ। ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ, ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ। ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ) । ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ। ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ।1।

ਮਃ ੨ ॥ ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥ ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥ ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥ 

ਪਦ ਅਰਥ: ਦੇਂਦੇ ਥਾਵਹੁ = ਦੇਣ ਵਾਲੇ ਨਾਲੋਂ। ਸੁਰਤਿ = ਸੂਝ। ਮਤਿ = ਅਕਲ। ਕਿਆ ਕਰਿ ਆਖਿ = ਕਿਆ ਆਖਿ ਕਰਿ? ਕੀ ਆਖ ਕੇ? ਕਿੰਨ੍ਹਾਂ ਲਫ਼ਜ਼ਾਂ ਨਾਲ? ਅੰਤਰਿ ਬਹਿ ਕੈ = ਅੰਦਰ ਬੈਠ ਕੇ, (ਭਾਵ) ਲੁਕ ਕੇ। ਪਾਪਿ ਕਮਾਣੈ = ਜੇ ਮੰਦੇ ਕੰਮ ਕਰੀਏ। ਚਹੁ ਕੁੰਡੀ = ਚਹੁਆਂ ਕੂਟਾਂ ਵਿਚ, ਹਰ ਪਾਸੇ। ਦਿਖਾ = ਦੇਖਾਂ, ਵੇਖਾਂ।

ਅਰਥ: ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ। ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ। (ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ। (ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ ‘ਧਰਮੀ’ ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ। (ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ? (ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ) । ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ।2।

ਮਾਝ ਰਾਗ ਦੀ ਇਸ ਵਾਰ ਦੇ ਦੂਜੀ ਪਉੜੀ ਦੇ ਸਲੋਕਾਂ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਉਸ ਪ੍ਰਭੂ ਨੇ ਬਹੁਤ ਸੋਹਣੀ ਜਿੰਦ ਦੀ ਦਾਤ ਤੈਨੂੰ ਬਖਸ਼ੀ ਹੈ ਇਸ ਬੇਸ਼ਕੀਮਤੀ ਜਿੰਦ ਦੀ ਸੰਭਾਲ ਕਰ। ਦੂਸਰੇ ਸਲੋਕ ਵਿੱਚ ਗੁਰੂ ਸਾਹਿਬ ਅਕਾਲ ਪੁਰਖ ਦੀ ਰਮੀ ਹੋਈ ਜੋਤ ਦਾ ਉਪਦੇਸ਼ ਕਰ ਰਹੇ ਹਨ ਕਿ ਚੰਗੇ ਮਾੜੇ ਸਾਰੇ ਜੀਵਾਂ ਵਿੱਚ ਪ੍ਰਭੂ ਆਪ ਹੀ ਵਿਦਮਾਨ ਹੈ ਜੋ ਉਸ ਜਿੰਦ ਉਸ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੀ ਹੈ ਉਹ ਸੁਲੱਖਣੀ ਹੋ ਜਾਂਦੀ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਦੂਜੀ ਪਉੜੀ ਦੀ ਵਿਚਾਰ ਕਰਾਂਗੇ। 

*gurdevsinghdr@gmail.com

 

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (january 30th, 2023)

ਅੱਜ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ (30 January …

Leave a Reply

Your email address will not be published. Required fields are marked *