ਮੇਰੇ ਮਨ ਲੈ ਲਾਹਾ ਘਰਿ ਜਾਹਿ … -ਡਾ. ਗੁਰਦੇਵ ਸਿੰਘ

TeamGlobalPunjab
6 Min Read

ਸ਼ਬਦ ਵਿਚਾਰ -139

ਮੇਰੇ ਮਨ ਲੈ ਲਾਹਾ ਘਰਿ ਜਾਹਿ

*ਡਾ. ਗੁਰਦੇਵ ਸਿੰਘ

ਹਰ ਮਨੁੱਖ ਕੋਲ ਇਹ ਹੀ ਇੱਕ ਮੌਕਾ ਹੈ ਜਦੋਂ ਇਹ ਮੌਕਾ ਇੱਕ ਵਾਰ ਹੱਥੋਂ ਨਿਕਲ ਗਿਆ ਉਦੋਂ ਫਿਰ ਕੁਝ ਹੱਥ ਨਹੀਂ ਆਉਂਣਾ। ਇਹ ਹੀ ਅਜਿਹਾ ਮੌਕਾ ਹੈ ਜੋ ਕੇਵਲ ਇੱਕ ਵਾਰ ਹੀ ਮਿਲਦਾ ਹੈ । ਇਸ ਦਾ ਸਾਨੂੰ ਲਾਹਾ ਜ਼ਰੂਰ ਲੈਣਾ ਚਾਹੀਦਾ ਹੈ। ਅਜਿਹਾ ਕਿਹੜਾ ਮੌਕਾ ਹੈ ਜਿਸ ਦਾ ਸਾਨੂੰ ਪਹਿਲ ਦੇ ਅਧਾਰ ‘ਤੇ ਲਾਹਾ ਲੈਣਾ ਚਾਹੀਦਾ ਹੈ। ਗੁਰਬਾਣੀ ਜਿਥੇ ਇਸ ਦੇ ਬਾਰੇ ਉਪਦੇਸ਼ ਕਰਦੀ ਹੈ ਉਥੇ ਲਾਹਾ ਕਿਵੇਂ ਲੈਣਾ ਹੈ ਅਤੇ ਇਹ ਕਿਉਂ ਜ਼ਰੂਰੀ ਹੈ ਇਸ ਬਾਰੇ ਵੀ ਸਾਡਾ ਮਾਰਗ ਦਰਸ਼ਨ ਕਰਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਮੇਰੇ ਮਨ ਲੈ ਲਾਹਾ ਘਰਿ ਜਾਹਿ ” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 20 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 17ਵਾਂ ਸ਼ਬਦ ਹੈ । ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਵੇਲਾ ਸੰਭਾਲਣ ਦਾ ਉਪਦੇਸ਼ ਦੇ ਰਹੇ ਹਨ: 

- Advertisement -

ਸਿਰੀਰਾਗੁ ਮਹਲਾ ੧ ॥

ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥

ਪਦਅਰਥ:- ਜੋਬਨਿ—ਜੁਆਨੀ ਵਿਚ। ਜਬ ਲਗੁ—ਜਦੋਂ ਤਕ। ਦੇਹ—ਸਰੀਰ। ਆਵਈ—ਆਵੈ, ਆਉਂਦਾ। ਢਹਿ—ਢਹਿ ਕੇ। ਢੇਰੀ ਖੇਹੁ—ਖੇਹੁ ਦੀ ਡੇਰੀ।1।

ਲਾਹਾ—ਲਾਭ। ਲੈ—ਲੈ ਕੇ। ਘਰਿ—(ਆਪਣੇ) ਘਰ ਵਿਚ। ਨਿਵਰੀ—ਦੂਰ ਹੋ ਜਾਇਗੀ। ਭਾਹਿ—ਅੱਗ।1। ਰਹਾਉ।

ਅਰਥ:- ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ। ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ। ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ।1।

- Advertisement -

ਮੇਰੇ ਮਨ ਲੈ ਲਾਹਾ ਘਰਿ ਜਾਹਿ ॥ ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥

ਸੁਣਿ—ਸੁਣ ਕੇ। ਗੰਢਣੁ ਗੰਢੀਐ—ਗਾਂਢਾ ਗੰਢੀਦਾ ਹੈ, ਵਿਅਰਥ ਜਤਨ ਕਰੀਦਾ ਹੈ, ਲੋਕਾਂ ਨੂੰ ਪਤਿਆਣ ਵਾਲਾ ਹੀ ਉੱਦਮ ਕਰੀਦਾ ਹੈ। ਲਿਖਿ—ਲਿਖ ਕੇ। ਬੁਝਹਿ—ਵਿਚਾਰਦੇ ਹਨ। ਭਾਰੁ—ਪੁਸਤਕਾਂ ਦਾ ਭਾਰ, ਬਹੁਤ ਪੁਸਤਕਾਂ। ਅਹਿ—ਦਿਨ। ਨਿਸਿ—ਰਾਤ। ਅਗਲੀ—ਬਹੁਤ। ਅਤੋਲਵਾ—ਜੋ ਤੋਲਿਆ ਨ ਜਾ ਸਕੇ, ਜਿਸ ਦੇ ਬਰਾਬਰ ਦਾ ਲੱਭਿਆ ਨ ਜਾ ਸਕੇ। ਸਾਰੁ—ਸੰਭਾਲ, ਸਮਝ ਲੈ। ਕੀਮਤਿ—ਕਦਰ।2।

ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ। ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ—ਬੁੱਝ ਜਾਂਦੀ ਹੈ)।1। ਰਹਾਉ।

ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥ ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥ ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥

ਕਰੀ—ਕਰੀਂ, ਮੈਂ ਕਰਾਂ। ਸਿਉ—ਨਾਲ। ਧ੍ਰਾਪੀਆ—ਰੱਜਦਾ, ਤਸੱਲੀ ਹੁੰਦੀ। ਬਿਨੁ ਨਾਵੈ—ਪ੍ਰਭੂ ਦਾ ਨਾਮ ਜਪਣ ਤੋਂ ਬਿਨਾ। ਸੰਤਾਪੁ—ਕਲੇਸ਼। ਜੀਅ ਰੇ—ਹੇ ਜਿੰਦੇ! ਚੀਨੈ—ਪਛਾਣਦਾ ਹੈ। ਆਪੁ—ਆਪਣੇ ਆਪ ਨੂੰ।2।

(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ, ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ। (ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ। ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ।2।

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥ ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥ ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥

ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ, ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ। ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ।3।

ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥ ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥ ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥ 

ਪਹਿ—ਪਾਸ। ਵੇਚਿਆ—(ਨਾਮ ਦੇ ਵੱਟੇ) ਹਵਾਲੇ ਕਰ ਦਿੱਤਾ। ਨਾਲਿ—ਭੀ। ਖੋਜਿ—ਖੋਜ ਕੇ। ਗੁਰਮੁਖਿ—ਗੁਰੂ ਦੀ ਰਾਹੀਂ। ਨਿਹਾਲਿ—ਨਿਹਾਲਿਆ, ਵੇਖ ਲਿਆ। ਸਤਿਗੁਰਿ—ਸਤਿਗੁਰ ਨੇ। ਮੇਲਿ—(ਆਪਣੇ ਚਰਨਾਂ ਵਿਚ) ਮਿਲਾ ਕੇ।4।

ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ, ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ। ਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ।4।17।

ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਪ੍ਰਮਾਤਮਾ ਨੂੰ ਮਿਲਣ ਦੀ ਅਜਿਹਾ ਸੁਨਿਹੀਰੀ ਮੌਕਾ ਹੈ ਜੋ ਵਾਰ ਵਾਰ ਪ੍ਰਾਪਤ ਨਹੀਂ ਹੁੰਦਾ। ਇਸ ਲਈ ਲੋੜ ਹੈ ਇਸ ਖੂਬਸੂਰਤ ਮਨੁੱਖਾ ਜਨਮ ਨੂੰ ਸੰਭਾਲਣ ਦੀ। ਇਸ ਦੇ ਲਈ ਕੇਵਲ ਕਰਨਾ ਐਨਾ ਹੀ  ਹੈ ਕਿ ਆਪਣਾ ਮਨ, ਤਨ ਤੇ ਸਿਰ ਗੁਰੂ ਨੂੰ ਅਰਪਣ ਕਰਕੇ ਤੇ ਗੁਰੂ ਦੀ ਸਿੱਖਿਆ ਨੂੰ ਮੰਨਣਾ ਹੈ। ਆਪਾ ਭਾਵ ਮੁਕਾਅ ਕੇ ਗੁਰੂ ਦੇ ਦਸੇ ਰਸਤੇ ‘ਤੇ ਚਲ ਕੇ ਉਸ ਅਕਾਲ ਪੁਰਖ ਨੂੰ ਸਹਿਜੇ ਹੀ ਪਾਇਆ ਜਾ ਸਕਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment