ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ -ਡਾ. ਗੁਰਦੇਵ ਸਿੰਘ

TeamGlobalPunjab
6 Min Read

ਇੱਕ ਸਾਖੀ ਪੰਜੋਖਰਾ ਜਿਲ੍ਹਾ ਅੰਬਾਲੇ ਨਾਲ ਪ੍ਰਚਲਿਤ ਹੈ। ਇਥੇ ਦੇ ਇੱਕ ਬ੍ਰਾਹਮਣ ਲਾਲ ਚੰਦ ਨੇ ਗੁਰੂ ਸਾਹਿਬ ਦੀ ਛੋਟੀ ਉਮਰ ਤਕਦਿਆਂ ਅਜਮਾਣਾ ਚਾਹਿਆ। ਉਸ ਨੇ ਆਖਿਆ ਕਿ ਜੇ ਤੁਸੀਂ ਕਲਯੁਗ ਦੇ ਅਵਤਾਰ ਅਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤਾਂ ਗੀਤਾ ਦੇ ਅਰਥ ਕਰਕੇ ਦਿਖਾਓ। ਤਦ ਗੁਰੂ ਸਾਹਿਬ ਨੇ ਉਸ ਦਾ ਸ਼ੰਕਾ ਦੂਰ ਕਰਦਿਆਂ ਉਸ ਵਲੋਂ ਲਿਆਂਦੇ ਇੱਕ ਅਨਪੜ੍ਹ ਜਿਹੇ ਬੰਦੇ ਤੋਂ ਹੀ ਗੀਤਾ ਦੇ ਅਰਥ ਕਰਵਾ ਦਿੱਤੇ, ਜਿਸ ਦਾ ਨਾਮ ਇਤਿਹਾਸ ਵਿੱਚ ਛੱਜੂ ਆਉਂਦਾ ਹੈ।


ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼ 

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

*ਡਾ. ਗੁਰਦੇਵ ਸਿੰਘ

ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ

- Advertisement -

ਬਾਲਾ ਪ੍ਰੀਤਮ, ਸਗਲ ਜਗਤ ਦਾ ਦੁੱਖ ਹਰਨ ਵਾਲੇ ਅੱਠਵੇਂ ਗੁਰੂ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੂਮਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ 7 ਜੁਲਾਈ 1656 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁਖੋਂ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗ੍ਰਹਿ, ਸ੍ਰੀ ਕੀਰਤਪੁਰ ਸਾਹਿਬ, ਰੋਪੜ ਵਿਖੇ ਅਵਤਾਰ ਧਾਰਿਆ। ਅੱਜ ਕੱਲ ਇਸ ਅਸਥਾਨ ਉੱਤੇ ਸੁੰਦਰ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸੁਸ਼ੋਭਿਤ ਹੈ। ਬਾਬੂ ਫ਼ੀਰੋਜ਼ਦੀਨ ਸ਼ਰਫ਼ ਨੇ ਆਪਣੀ ਕਲਮ ਨਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪੂਰੇ ਜੀਵਨ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ:

ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ, ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ ।
ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ, ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ ।
ਜਿੱਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ, ਓਸੇ ਪਾਸਿਓਂ ਫ਼ਤਹ ਕਰਤਾਰ ਦਿੱਤੀ ।
ਮੁੜੀਆਂ ਸੰਗਤਾਂ ਪਿਛ੍ਹਾਂ ਪੰਜੋਖਰੇ ਤੋਂ, ਲੀਕ ਸਿਦਕ ਦੀ ਆਪ ‘ਜਹੀ ਮਾਰ ਦਿੱਤੀ ।
ਗੀਤਾ ਅਰਥ ਸੁਣਵਾ ਕਹਾਰ ਕੋਲੋਂ, ਪੰਡਤ ਹੋਰਾਂ ਦੀ ਤੇਹ ਉਤਾਰ ਦਿੱਤੀ ।
ਪਟਰਾਣੀ ਦੇ ਖੋਲ੍ਹ ਕੇ ਪੱਟ ਦਿਲ ਦੇ,  ਬੈਠ ਪੱਟ ਤੇ ਅੰਸ਼ ਦਾਤਾਰ ਦਿੱਤੀ ।
ਜੇੜ੍ਹੇ ਆਏ ਅਜ਼ਮਾਇਸ਼ਾਂ ਕਰਨ ਵਾਲੇ, ਬਾਜ਼ੀ ਜਿੱਤ ਕੇ, ਉਨ੍ਹਾਂ ਨੂੰ ਹਾਰ ਦਿੱਤੀ ।
ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ, ਭੁੱਲ ਓਸ ਦੀ ਮਨੋਂ ਵਿਸਾਰ ਦਿੱਤੀ ।
ਪਾਣੀ ਆਪਣੇ ਖੂਹੇ ਦਾ ਖੋਲ੍ਹ ਕੇ ਤੇ, ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ ।
‘ਸ਼ਰਫ਼’ ਨਿੱਕੀ ਜਹੀ ਉਮਰ ਵਿਚ ਗੁਰੂ ਜੀ ਨੇ, ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ।

6 ਅਕਤੂਬਰ ਸੰਨ 1661 ਈਸਵੀ ਨੂੰ ਕੇਵਲ ਪੰਜ ਸਾਲ ਦੀ ਉਮਰ ਵਿੱਚ ਹੀ ਆਪ ਗੁਰੁ ਨਾਨਕ ਦੀ ਗੱਦੀ ’ਤੇ ਵਾਰਸ ਬਣੇ। ਹਵਾਲਿਆਂ ਅਨੁਸਾਰ ਗੁਰਗੱਦੀ ਦੀ ਬਖਸ਼ਿਸ਼ ਸਮੇਂ ਪਿਤਾ ਗੁਰੂ, ਸ੍ਰੀ ਗੁਰੂ ਹਰਿਰਾਏ ਸਾਹਿਬ ਵਲੋਂ ਆਪ ਨੂੰ ਵਿਸ਼ੇਸ਼ ਤਾਕੀਦ ਕੀਤੀ ਗਈ ਕਿ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਆਪ ਜੀ ਦੇ ਵੱਡੇ ਭਰਾਤਾ ਰਾਮਰਾਏ ਨੇ ਔਰੰਗਜੇਬ ਕੋਲ ਗੁਰਗੱਦੀ ’ਤੇ ਆਪਣਾ ਹੱਕ ਜਤਾਉਂਦਿਆਂ ਸ਼ਕਾਇਤ ਕੀਤੀ। ਔਰੰਗਜੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਆਉਣ ਲਈ ਕਿਹਾ ਪਰ ਆਪ ਨੇ ਨਾਂਹ ਕਰ ਦਿੱਤੀ ਪ੍ਰੰਤੂ ਰਾਜਾ ਜੈ ਸਿੰਘ ਦੀ ਬੇਨਤੀ ’ਤੇ ਆਪ ਦਿੱਲੀ ਜਾਣ ਲਈ ਰਾਜੀ ਹੋ ਗਏ।

ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਛੋਟੇ ਜਿਹੇ ਜੀਵਨ ਨਾਲ ਕਈ ਗਥਾਵਾਂ ਵੀ ਜੁੜੀਆਂ ਹੋਈਆਂ ਹਨ। ਇੱਕ ਸਾਖੀ ਪੰਜੋਖਰਾ ਜਿਲ੍ਹਾ ਅੰਬਾਲੇ ਨਾਲ ਪ੍ਰਚਲਿਤ ਹੈ। ਇਥੇ ਦੇ ਇੱਕ ਬ੍ਰਾਹਮਣ ਲਾਲ ਚੰਦ ਨੇ ਗੁਰੂ ਸਾਹਿਬ ਦੀ ਛੋਟੀ ਉਮਰ ਤਕਦਿਆਂ ਅਜਮਾਣਾ ਚਾਹਿਆ। ਉਸ ਨੇ ਆਖਿਆ ਕਿ ਜੇ ਤੁਸੀਂ ਕਲਯੁਗ ਦੇ ਅਵਤਾਰ ਅਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤਾਂ ਗੀਤਾ ਦੇ ਅਰਥ ਕਰਕੇ ਦਿਖਾਓ। ਤਦ ਗੁਰੂ ਸਾਹਿਬ ਨੇ ਉਸ ਦਾ ਸ਼ੰਕਾ ਦੂਰ ਕਰਦਿਆਂ ਉਸ ਵਲੋਂ ਲਿਆਂਦੇ ਇੱਕ ਅਨਪੜ੍ਹ ਜਿਹੇ ਬੰਦੇ ਤੋਂ ਹੀ ਗੀਤਾ ਦੇ ਅਰਥ ਕਰਵਾ ਦਿੱਤੇ, ਜਿਸ ਦਾ ਨਾਮ ਇਤਿਹਾਸ ਵਿੱਚ ਛੱਜੂ ਆਉਂਦਾ ਹੈ। ਇਸੇ ਤਰ੍ਹਾਂ ਆਪ ਜਦੋਂ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਘਰ ਰੁਕੇ ਹੋਏ ਸਨ ਤਾਂ ਔਰੰਗਜੇਬ ਨੇ ਆਪ ਜੀ ਦੀ ਸੂਝ ਤੇ ਆਤਮਕ ਸ਼ਕਤੀ ਨੂੰ ਪ੍ਰਖਣ ਲਈ ਕਈ ਪਰਖਾਂ ਕਰਵਾਈਆਂ। ਆਪ ਜੀ ਨੇ ਇੱਕੋ ਤਰ੍ਹਾਂ ਦੇ ਬਸਤਰ ਪਹਿਨੀਆਂ ਔਰਤਾਂ ਦੇ ਇਕੱਠ ਵਿੱਚੋਂ ਰਾਜਾ ਜੈ ਸਿੰਘ ਦੀ ਪਟਰਾਣੀ ਨੂੰ ਪਹਿਚਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਤਰ੍ਹਾਂ ਆਪ ਨੇ ਹੋਰ ਵੀ ਕਈ ਚੋਜ ਕੀਤੇ ਜਿਸ ਨਾਲ ਬਾਦਸ਼ਾਹ ਔਰੰਗਜੇਬ ਸਮੇਤ ਗੁਰੂ ਘਰ ਦੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ। ਆਪ ਦਿੱਲੀ ਹੀ ਰੁੱਕੇ ਹੋਏ ਸਨ ਤਾਂ ਕਿ ਉਥੇ ਚੇਚਕ ਤੇ ਹੈਜੇ ਦੀ ਭਿਆਨਕ ਬਿਮਾਰੀ ਫੈਲ ਗਈ। ਆਪ ਨੇ ਖੁਦ ਦਿੱਲੀ ਵਿੱਚ ਵਿਚਰ ਕੇ ਮਰੀਜਾਂ ਦੀ ਦੇਖਭਾਲ ਕੀਤੀ। ਆਪ ਨੇ ਸਿੱਖਾਂ ਨੂੰ ਵੀ ਲੋੜਵੰਦ ਬਿਮਾਰਾਂ ਦੀ ਸੇਵਾ ਕਰਨ ਦੀ ਤਾਕੀਦ ਵੀ ਕੀਤੀ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 3 ਸਾਲ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬਿਰਾਜਮਾਨ ਰਹੇ। ਦਿੱਲੀ ਵਿਖੇ ਹੀ ਆਪਣੇ ਅੰਤਿਮ ਸਮੇਂ ਆਪ ਨੇ ਬਾਬਾ ਬਕਾਲਾ ਬੋਲ ਸੰਗਤਾਂ ਨੂੰ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਕੇਤ ਦਿੱਤਾ। ਆਪ ਨੇ ਆਪਣੀ ਗੁਰਿਆਈ ਸਮੇਂ ਸਿੱਖ ਪੰਥ ਦੀ ਬਹੁਤ ਹੀ ਸੂਝ-ਬੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਅਗਵਾਈ ਕੀਤੀ। ਦਸ ਗੁਰੂ ਸਾਹਿਬਾਨ ਵਿੱਚ ਆਪ ਦੀ ਉਮਰ ਸਭ ਤੋਂ ਛੋਟੀ ਹੋਣ ਕਰਕੇ ਆਪ ਨੂੰ ਬਾਲਾ ਪ੍ਰੀਤਮ ਆਖਿਆ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਾਲ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਪੰਜੋਖਰਾ ਸਾਹਿਬ, ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ, ਗੁਰਦੁਆਰਾ ਸ੍ਰੀ ਬਾਲਾ ਸਾਹਿਬ ਆਦਿ ਪਾਵਨ ਅਸਥਾਨ ਸੰਬੰਧਿਤ ਨੇ ਜਿੱਥੇ ਸੈਂਕੜੇ ਸੰਗਤਾਂ ਸ਼ਰਧਾ ਭਾਵਨਾ ਨਾਲ ਹਰ ਰੋਜ ਨਤਮਸਤਕ ਹੁੰਦੀਆਂ ਹਨ। ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਛੋਟੀ ਉਮਰੇ ਵੱਡੇ ਵੱਡੇ ਕਾਰਜ ਕੀਤੇ ਜੋ ਇਹ ਦਰਸਾਉਂਦੇ ਹਨ ਕਿ ਛੋਟੀ ਉਮਰੇ ਵੀ ਉਹ ਕੰਮ ਸੰਭਵ ਹੈ ਜੇ ਉਸ ਅਕਾਲ ਪੁਰਖ ਦੀ ਰਜ਼ਾ ਹੋਵੇ।

- Advertisement -

*gurdevsinghdr@gmail.com

Share this Article
Leave a comment