Home / ਧਰਮ ਤੇ ਦਰਸ਼ਨ / ਸ਼ਬਦ ਵਿਚਾਰ -108 ਜਪੁਜੀ ਸਾਹਿਬ – ਪਉੜੀ 32- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -108 ਜਪੁਜੀ ਸਾਹਿਬ – ਪਉੜੀ 32- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 108

ਜਪੁਜੀ ਸਾਹਿਬਪਉੜੀ 32

ਡਾ. ਗੁਰਦੇਵ ਸਿੰਘ*

ਸ੍ਰਿਸ਼ਟੀ ਕਰਤਾ ਨੂੰ ਪਾਉਣ ਲਈ ਵਿਸ਼ੇਸ਼ ਤਰ੍ਹਾਂ ਦੀ ਅਵਸਥਾ ਚਾਹੀਦੀ ਹੈ। ਉਸ ਦਾ ਨਾਮ ਸਿਮਰਨ ਲਈ ਕੋਈ ਗਿਣਤੀ ਮਿਣਤੀ ਦੀ ਲੋੜ ਨਹੀਂ ਹੈ ਉਸ ਨੂੰ ਤਾਂ ਕੇਵਲ ਅਸਾਨੀ ਨਾਲ ਪਾਇਆ ਜਾ ਸਕਦਾ ਹੈ ਪਰ ਜ਼ਰੂਰੀ ਹੈ ਇਸ ਦੇ ਲਈ ਉਸ ਦੀ  ਕ੍ਰਿਪਾ ਦਿਸ਼ਟੀ ਦਾ ਹੋਣਾ। ਉਸ ਦੀ ਕ੍ਰਿਪਾ ਤਾਂ ਹੀ ਹੋਵੇਗੀ ਜੇ ਮਨੁੱਖ ਆਪਣੀ ਮੈਂ ਨੂੰ ਅੰਦਰੋਂ ਖਤਮ ਕਰੇਗਾ। ਹਊਮੈਂ  ਤੋਂ ਬਾਹਰ ਨਿਕਲ ਕੇ ਹੀ ਉਸ ਨੂੰ ਪਾਇਆ ਜਾ ਸਕਦਾ ਹੈ।  ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਅਸੀਂ ਜਪੁ ਜੀ ਸਾਹਿਬ ਦੀ 32 ਪਉੜੀ ਦੀ ਵਿਚਾਰ ਕਰਾਂਗੇ। ਇਸ ਪਉੜੀ ਵਿੱਚ ਉਸ ਅਕਾਲ ਪੁਰਖ ਨੂੰ ਪਾਉਣ ਦੀ ਵਿਧੀ ਦਸੀ ਗਈ ਹੈ। ਇਸ ਦੇ ਨਾਲ ਜੋ ਗਿਣਤੀ ਮਿਣਤੀ ਕਰਕੇ ਉਸ ਦਾ ਨਾਮ ਜਪਦੇ ਹਨ ਤੇ ਇਹ ਸਮਝਦੇ ਹਨ ਕਿ ਇਸ ਤਰ੍ਹਾਂ ਕਰਨ ਦੇ ਨਾਲ ਉਨ੍ਹਾਂ ਨੂੰ ਵਾਹਿਗੁਰੂ ਪ੍ਰਾਪਤ ਹੋ ਜਾਵੇਗਾ ਉਨ੍ਹਾਂ ਲਈ ਵੀ ਵਿਸ਼ੇਸ਼ ਕੀਮਤੀ ਬਚਨ ਕੀਤੇ ਗਏ ਹਨ:

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

ਪਦ ਅਰਥ: ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ) । ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ। ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।

ਵਿਆਖਿਆ : ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ) ।

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਪਦ ਅਰਥ: ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ। ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ। ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ। ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ। ਸੁਣਿ = ਸੁਣਿ ਕੇ। ਕੀਟਾ = ਕੀੜਿਆਂ ਨੂੰ

ਵਿਆਖਿਆ : ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ) ।

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

ਪਦ ਅਰਥ: ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ।

ਵਿਆਖਿਆ : ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) । 33।

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ “ਕੂੜ ਦੀ ਪਾਲਿ” ਵਿਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇਕ ਐਸਾ ਉੱਚਾ ਟਿਕਾਣਾ ਹੈ ਜਿਥੇ ਠੰਢ ਹੀ ਠੰਢ, ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ ‘ਤੇ ਮਨੁੱਖ ਤਦੋਂ ਹੀ ਅੱਪੜ ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, ‘ਤੂੰ ਤੂੰ’ ਕਰਦਾ ‘ਤੂੰ’ ਵਿਚ ਆਪਾ ਲੀਨ ਕਰ ਦੇਵੇ। ਇਸ ‘ਆਪਾ’ ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੋਕ ਪੈਦਾ ਹੋ ਜਾਏ,ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 33ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 23 ਵਾਂ ਰਾਗ ਕੇਦਾਰਾ – ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-22 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 23 …

Leave a Reply

Your email address will not be published. Required fields are marked *