ਦੂਰ ਦੂਰ ਗੁਰਦੁਆਰਿਆਂ ਦੇ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਜਾਂ ਯਾਤਰਾ ਜਾਂ ਫਿਰ…

TeamGlobalPunjab
8 Min Read

ਗੁਰਦੁਆਰਾ ਸਾਹਿਬ ਉਹ ਪਾਵਨ ਅਸਥਾਨ ਹੈ ਜਿਸ ਨਾਲ ਹਰ ਸਿੱਖ ਦੀ ਆਸਥਾ ਜੁੜੀ ਹੋਈ ਹੈ। ਅੱਜ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਤੋਂ ਬਿਨਾਂ ਸਿੱਖੀ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਹਰ ਇੱਕ ਗੁਰਦੁਆਰੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਪਰ ਫਿਰ ਅਸੀਂ ਦੂਰ ਦੁਰਾਡੇ ਗੁਰਦੁਆਰਿਆ ਦੇ ਦਰਸ਼ਨ ਕਰਨ ਜਾਂਦੇ ਹਾਂ, ਕਿਉਂ? ਹੁੰਦਾ ਤਾਂ ਉਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੈ। ਉਹੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੇ ਪਿੰਡ ਜਾਂ ਸ਼ਹਿਰ ਦੇ ਗੁਰਦੁਆਰੇ ਵਿੱਚ ਸੁਭਾਇਮਾਨ ਹਨ ਉਹੀ ਉਥੇ ਹੁੰਦੇ ਹਨ, ਫਿਰ ਵੀ ਅਸੀਂ ਕਈ ਕਈ ਦਿਨਾਂ ਦਾ ਲੰਬਾ ਸਫਰ ਤਹਿ ਕਰਕੇ ਉਨ੍ਹਾਂ ਗੁਰੂਧਾਮਾਂ ‘ਤੇ ਜਾਂਦੇ ਹਾਂ! ਜੇ ਕੋਈ ਅਰਦਾਸ ਬੇਨਤੀ ਹੀ ਕਰਨੀ ਹੈ ਉਹ ਤਾਂ ਫਿਰ ਆਪਣੇ ਨੇੜਲੇ ਗੁਰੂ ਘਰ ਵਿੱਚ ਵੀ ਹੋ ਸਕਦੀ ਹੈ ਗੁਰੂ ਤਾਂ ਉਹੀ ਹੈ। ਫਿਰ ਐਨੀ ਦੂਰ ਅਸੀਂ ਕਰਨ ਕੀ ਜਾਂਦੇ ਹਾਂ?

ਬਹੁਤ ਘੱਟ ਹੋਣਗੇ ਜੋ ਅਜਿਹਾ ਸੋਚਦੇ ਹਨ। ਇਹਨ੍ਹਾਂ ਦੂਰ ਦੁਰਾਡੇ ਦੇ ਗੁਰੂਧਾਮਾਂ ‘ਤੇ ਔਖੇ ਪੈਂਡੇ ਤਹਿ ਕਰਕੇ ਅਸੀਂ ਮੱਥਾ ਟੇਕ ਕੇ ਵਾਪਸ ਆ ਜਾਂਦੇ ਹਾਂ। ਘਰ ਆਕੇ ਅਸੀਂ ਕਈ ਦਿਨ ਕੇਵਲ ਉਥੇ ਦੀ ਜਲ ਵਾਯੂ, ਉਚੇ ਉੇਚੇ ਪਹਾੜਾਂ, ਉਥੇ ਦੇ ਲੰਗਰ ਤੇ ਰਹਿਣ ਸਹਿਣ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਦੇ। ਅਸਲ ‘ਚ ਸਾਨੂੰ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੈ ਕਿ ਅਸੀਂ ਇਨ੍ਹਾਂ ਪਾਵਨ ਅਸਥਾਨਾਂ ‘ਤੇ ਜਾ ਕੇ ਕਰਨਾ ਕੀ ਹੈ। ਅਸੀਂ ਕਾਰਜ ਤਾਂ ਵਧੀਆਂ ਤੇ ਵੱਡਾ ਕਰਦੇ ਹਾਂ ਪਰ ਕਿਤੇ ਨ ਕਿਤੇ ਅਸੀਂ ਆਪਣਾ ਮਕਸਦ ਭੁੱਲ ਜਾਂਦੇ ਹਾਂ। ਕੀ ਮਕਸਦ ਹੋਣਾ ਚਾਹੀਦਾ ਹੈ ਆਓ ਇਸ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਪਹਿਲਾ ਇਨ੍ਹਾਂ ਗੁਰੂ ਧਾਮਾਂ ਦਾ ਸਿੱਖ ਜੀਵਨ ਵਿੱਚ ਕੀ ਸਥਾਨ ਹੈ ਉਹ ਜਾਨਣ ਦਾ ਯਤਨ ਕਰਦੇ ਹਾਂ।

ਸਾਡੇ ਪਾਵਨ ਗੁਰੂ ਧਾਮ ਜਿੰਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਹਰ ਸਿੱਖ ਦੇ ਮਨ ਵਿੱਚ ਹੁੰਦੀ ਹੈ। ਹਰ ਸਿੱਖ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਦੁਨਿਆਵੀਂ ਕੰਮਾਂਕਾਰਾਂ ਤੋਂ ਵਹਿਲਾ ਹੋ ਕੇ, ਆਪਣੇ ਪਾਵਨ ਗੁਰੂਧਾਮਾਂ ਦੇ ਦਰਸ਼ਨਾਂ ਲਈ ਉਚੇਰੇ ਤੌਰ ‘ਤੇ ਬੜੇ ਚਾਅ ਅਤੇ ਸ਼ਰਧਾ ਨਾਲ ਜਾਂਦਾ ਹੈ। ਸਾਡਾ ਸਿੱਖਾਂ ਦਾ ਇਹ ਇੱਕ ਨਿਤ ਦਾ ਕਰਮ ਵੀ ਹੈ ਕਿ ਅਸੀਂ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਨੇਮ ਨਾਲ ਹਾਜ਼ਰੀ ਭਰਦੇ ਹਾਂ। ਗੁਰੂ ਵਲੋਂ ਬਖਸ਼ੀ ਇਸ ਸੋਹਣੀ ਜ਼ਿੰਦਗੀ ਨੂੰ ਅਨੰਦ ਮਈ ਤੇ ਸੁਖਾਵੀਂ ਬਣਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਸਿਜਦਾ ਕਰਦੇ ਹਾਂ। ਨਾਮ ਬਾਣੀ ਦਾ ਅਭਿਆਸ, ਕਥਾ, ਕੀਰਤਨ ਕਰਨਾ ਤੇ ਸੁਣਨਾ, ਸੰਗਤ ਕਰਨੀ, ਸੇਵਾ ਕਰਨੀ ਆਦਿ ਸਿੱਖੀ ਜੀਵਨ ਦਾ ਵੱਡਾ ਹਿੱਸਾ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ। ਹਰ ਸਿੱਖ ਆਪਣੇ ਦੁੱਖ ਸੁੱਖ ਨੂੰ ਸਾਂਝਾ ਕਰਨ ਲਈ ਗੁਰਦੁਆਰਾ ਸਾਹਿਬ ਦੇ ਪਾਵਨ ਅਸਥਾਨ ਹੀ ਪਹਿਲ ਦੇ ਅਧਾਰ ‘ਤੇ ਚੁਣਦਾ ਹੈ ਕਿਉਂਕਿ ਹਰ ਗੁਰਦੁਆਰਾ ਸਾਹਿਬ ਵਿੱਚ ਜੁਗੋ ਜੁਗ ਅੱਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਸਾਹਿਬ ਹੀ ਸਾਡੇ ਦੁੱਖ ਸੁੱਖ ਦੀ ਸਾਰ ਲੈਣ ਵਾਲੇ ਹਨ, ਸਾਨੂੰ ਲੋਕ ਤੇ ਪ੍ਰਲੋਕ ਦੀ ਸੋਝੀ ਬਖਸ਼ਣ ਵਾਲੇ ਹਨ ਅਤੇ ਜੀਵਨ ਜਾਚ ਸਿਖਾਉਂਣ ਵਾਲੇ ਹਨ।

ਇਸ ਤਰ੍ਹਾਂ ਸਿੱਖੀ ਜੀਵਨ ਨਾਲ ਗੁਰਦੁਆਰਾ ਸਾਹਿਬ ਦਾ ਅਟੱਟ ਸਬੰਧ ਹੈ। ਅੱਜ ਸੰਸਾਰ ਭਰ ਵਿੱਚ ਅਣ ਗਿਣਤ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ। ਹਰ ਇੱਕ ਗੁਰਦੁਆਰਾ ਸਾਹਿਬ ਦਾ ਆਪਣਾ ਪਾਵਨ ਇਤਿਹਾਸ ਹੈ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਨਾਲ ਸਬੰਧਤ ਅਨੇਕ ਗੁਰਦੁਆਰਾ ਸਾਹਿਬ ਵੱਖ ਵੱਖ ਦੇਸ਼ਾਂ ਵਿੱਚ ਸਥਾਪਿਤ ਹਨ। ਅਜੋਕੇ ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਤੋਂ ਲੈ ਕੇ ਭਾਰਤ, ਸ੍ਰੀ ਲੰਕਾ, ਬੰਗਲਾ ਦੇਸ਼, ਨੇਪਾਲ, ਅਫਗਾਨਿਸਤਾਨ, ਈਰਾਨ ਆਦਿ ਦੇਸ਼ਾਂ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਨੇਕ ਅਸਥਾਨ ਸਥਾਪਿਤ ਹੋ ਚੁਕੇ ਹਨ ਜਿੰਨ੍ਹਾਂ ਦੀ ਆਪਣੀ ਇਤਿਹਾਸਿਕਤਾ ਹੈ।

- Advertisement -

ਗੱਲ ਕੀ ਅਸੀਂ ਬਹੁਤ ਵਾਰ ਆਪਣੇ ਇਹਨਾਂ ਗੁਰੂਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਾਂ ਜਾਂ ਹੁਣ ਤਕ ਅਸੀਂ ਅਨੇਕ ਗੁਰਦੁਆਰਿਆਂ ਦੇ ਦਰਸ਼ਨ ਵੀ ਕਰ ਚੁੱਕੇ ਹਾਂ ਪਰ ਸਾਨੂੰ ਜਦੋਂ ਇਹਨ੍ਹਾਂ ਦੇ ਇਤਿਹਾਸ ਬਾਰੇ ਕੋਈ ਪੁਛ ਲਵੇ ਤਾਂ ਅਸੀਂ ਜਾਂ ਤਾਂ ਨੀਵੀਂ ਪਾ ਲੈਂਦੇ ਹਾਂ ਜਾਂ ਫਿਰ ਅੱਧ ਪਚੱਧਾ ਇਤਿਹਾਸ ਦਸ ਕੇ ਗੱਲ ਘੁਮਾ ਦਿੰਦੇ ਹਾਂ ਅਸਲ ਵਿੱਚ ਅਸੀਂ ਆਪਣੇ ਇਨ੍ਹਾਂ ਗੁਰੂ ਅਸਥਾਨਾਂ ਦੇ ਇਤਿਹਾਸ ਬਾਰੇ ਜਾਨਣ ਦਾ ਕਦੀ ਯਤਨ ਹੀ ਨਹੀਂ ਕੀਤਾ। ਬਹੁਤ ਥੋੜੇ ਹੋਣਗੇ ਜੋ ਇਨ੍ਹਾਂ ਦੇ ਮੌਲਿਕ ਇਤਿਹਾਸ ਤੋਂ ਜਾਣੂ ਹੋਣਗੇ ਨਹੀਂ ਤਾਂ ਜ਼ਿਅਦਾਤਰ ਮੇਰੇ ਵਰਗੇ ਹੀ ਹੋਣਗੇ ਜੋ ਕੇਵਲ ਮੱਥਾ ਟੇਕਿਆ, ਪ੍ਰਸ਼ਾਦ ਲਿਆ, ਲੰਗਰ ਛੱਕਿਆ ਅਤੇ ਦੋ ਵਾਰ ਵਾਹਿਗੁਰੂ ਵਾਹਿਗੁਰੂ ਕਿਹਾ ਤੇ ਆਪਣੀ ਯਾਤਰਾ ਸਫਲ, ਬਸ ਘਰ ਨੂੰ ਆ ਗਏ। ਜਦੋਂ ਕਦੇ ਸਾਡੇ ਬੱਚੇ ਸਾਡੇ ਤੋਂ ਕਿਸੇ ਗੁਰਦੁਆਰਾ ਸਾਹਿਬ ਜਾਂ ਇਤਿਹਾਸ ਬਾਰੇ ਪੁਛ ਲੈਂਦੇ ਹਨ ਤਾਂ ਅਸੀਂ ਸਹੀ ਜਾਣਕਾਰੀ ਦੀ ਕਮੀ ਕਾਰਨ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਤਕ ਨਹੀਂ ਦੇ ਪਾਉਂਦੇ।

ਹਰ ਸਿੱਖ ਨੂੰ ਆਪਣੇ ਗੁਰੂ ਧਾਮਾਂ ‘ਤੇ ਜਾਣਾ ਚਾਹੀਦਾ ਹੈ। ਦਰਸ਼ਨ ਕਰਨੇ ਚਾਹੀਦੇ ਹਨ। ਅਰਦਾਸਾਂ ਵੀ ਕਰਨੀਆ ਚਾਹੀਦੀਆਂ ਹਨ, ਕੁਝ ਗਲਤ ਨਹੀਂ ਹੈ, ਪਰ ਇਸ ਦੇ ਨਾਲ ਨਾਲ ਇਨ੍ਹਾਂ ਦੇ ਇਤਿਹਾਸ ਬਾਰੇ ਵੀ ਜ਼ਰੂਰ ਜਾਨਣਾ ਚਾਹੀਦਾ ਹੈ। ਸਾਡਾ ਮੁਖ ਮਕਸਦ ਹੀ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਜਿਸ ਵੀ ਗੁਰੂ ਘਰ ਦੇ ਦਰਸ਼ਨ ਕਰਨ ਜਾਈਏ ਤਾਂ ਘਰੋਂ ਹੀ ਪਹਿਲਾਂ ਉਸ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣੀਏ। ਘਰੋਂ ਹੀ ਪੜ ਸੁਣ ਕੇ ਜਾਈਏ। ਫਿਰ ਉਥੇ ਜਾ ਕੇ ਵੀ ਅਸੀਂ ਉਸ ਇਤਿਹਾਸ ਮੁੜ ਪੜੀਏ ਜਾ ਸੁਣੀਏ। ਉਸ ਦੀ ਇਤਿਹਾਸਕਤਾ ਨੂੰ ਪਹਿਚਾਣੀਏ।

ਨਿਰਸੰਦੇਹ ਇਸ ਤਰ੍ਹਾਂ ਕਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਅਨੰਦ ਹੀ ਵੱਖਰਾ ਹੋਵੇਗਾ। ਸਾਨੂੰ ਮਹਿਸੂਸ ਹੋਵੇਗਾ ਕਿ ਅਸੀਂ ਸਬੰਧਤ ਅਸਥਾਨ ਦੇ ਉਸ ਦੌਰ ਵਿੱਚ ਚਲੇ ਗਏ ਹਾਂ ਜਿਸ ਨਾਲ ਉਹ ਸਬੰਧ ਰੱਖਦਾ ਹੈ। ਫਿਰ ਮਹਿਸੂਸ ਹੋਵੇਗਾ, ਇੱਕ ਫਿਲਮ ਚਲੇਗੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਪੱਥਰ ਨੂੰ ਹੱਥ ਨਾਲ ਰੋਕਿਆ ਹੋਣਾ, ਕਿਵੇਂ ਰੀਠਾ ਦਾ ਕੌੜਾ ਫਲ ਮਿੱਠਾ ਹੋਇਆ, ਕਿਵੇਂ ਠੰਡੇ ਇੱਲਾਕੇ ਵਿੱਚ ਅਤਿ ਗਰਮ ਪਾਣੀ ਪ੍ਰਗਟ ਹੋਇਆ, ਸਿੱਧਾਂ ਨਾਲ ਕਿਵੇਂ ਗੁਰੂ ਜੀ ਨੇ ਵਾਰਤਾ ਕੀਤੀ ਆਦਿ। ਉਹ ਹਰ ਇੱਕ ਸਾਖੀ ਉਹ ਸਮਾਂ ਅੱਖਾਂ ਅੱਗੇ ਘੁੰਮਣ ਲੱਗੇਗਾ ਪਰ ਜੇ ਅਸੀਂ ਸਬੰਧਤ ਅਸਥਾਨ ਦੇ ਇਤਿਹਾਸ ਤੋਂ ਜਾਣੂ ਹੋਵਾਂਗੇ ਤਾਂ ਨਹੀਂ ਤਾਂ ਇਹ ਹੀ ਮਾਨਸਿਕਤਾ ਬਣੀ ਰਹੇਗੀ ਕਿ ਗੁਰੂ ਜੀ ਨੇ ਪੱਥਰ ਵਿੱਚ ਪੰਜਾ ਲਗਾਇਆ।

ਸੋ ਆਓ ਆਪਣੇ ਗੁਰੂ ਧਾਮਾਂ ਦੇ ਇਤਿਹਾਸ ਤੋਂ ਜਾਣੂ ਹੋਈਏ। ਜਿਥੇ ਤੋਂ ਵੀ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਸ ਨੂੰ ਜਾਨਣ ਦਾ ਯਤਨ ਕਰੀਏ। ਸਾਡੇ ਸਾਰੇ ਗੁਰੂ ਧਾਮਾਂ ਦਾ ਆਪਣਾ ਮੋਲਿਕ ਤੇ ਵਿਲੱਖਣ ਇਤਿਹਾਸ ਹੈ ਉਸ ਨੂੰ ਜਾਨਣ ਦਾ ਯਤਨ ਸਾਨੂੰ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ।

ਸੋ ਅਦਾਰਾ ਗਲੋਬਲ ਪੰਜਾਬ ਟੀ. ਵੀ. ਵਲੋਂ ਇਸ ਦਿਸ਼ਾ ਵਿੱਚ ਆਪਣਾ ਨਿਮਾਣਾ ਜਿਹਾ ਯਤਨ ਪ੍ਰਾਰੰਭ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰ ਸ਼ਨਿੱਚਰਵਾਰ ਨੂੰ ਇੱਕ ਗੁਰਦੁਆਰਾ ਸਾਹਿਬ ਦੇ ਪਾਵਨ ਇਤਿਹਾਸ ਨਾਲ ਸੰਗਤਾਂ ਨਾਲ ਸਾਂਝ ਪਾਈ ਜਾਵੇਗੀ, ਜਿਸ ਵਿੱਚ ਸਭ ਤੋਂ ਪਹਿਲਾ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਦਸਿਆ ਜਾਵੇਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਤੱਥਾਂ ਦੇ ਅਧਾਰ ‘ਤੇ ਸੰਖੇਪ ਵਿੱਚ ਆਪ ਜੀ ਨੂੰ ਜ਼ਿਆਦਾ ਜਾਣਕਾਰੀ ਦਿੱਤੀ ਜਾ ਸਕੇ। ਇਸ ਦਿਸ਼ਾ ਵਿੱਚ ਅਗਲੇ ਸ਼ਨਿੱਚਰਵਰ ਨੂੰ ਸ਼ਾਮੀ 6 ਵਜੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

- Advertisement -

ਆਪ ਜੀ ਦੇ ਵਿਚਾਰ ਤੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ ਇਸ ਲਈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਤਾਂ ਜੋ ਇਸ ਲੜੀ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ।

Share this Article
Leave a comment