ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਚੋਣ ਕਮਿਸ਼ਨ ਅਫ਼ਸਰ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਜਾਰੀ ਕੀਤੀ ਗਈ ਇਕ ਵੀਡੀਓ ਵਿੱਚ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜ ਮਰੋੜ ਕੇ ‘ਪੰਜਾਬ ਦੀ ਚਡ਼੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ’ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਐਸਜੀਪੀਸੀ ਨੇ ਅੱਗੇ ਕਿਹਾ ਕਿ ਸਿੱਖ ਧਰਮ ਦੇ ਆਪਣੇ ਸਿਧਾਂਤ ਤੇ ‘ਬੋਲੇ’ ਹਨ ਤੇ ਜਦੋਂ ਵੀ ਕੋਈ ਸਿੱਖ ਸ਼ਬਦਾਵਲੀ ਨੂੰ ਆਪਣੇ ਹਿੱਤਾਂ ਲਈ ਵਰਤਣ ਵਾਸਤੇ ਤੋੜ ਮਰੋੜ ਕੇ ਪੇਸ਼ ਕਰਦਾ ਹੈ ਤਾਂ ਇਹ ਲਾਜ਼ਮੀ ਹੈ ਕਿ ਸਿੱਖ ਸਮਾਜ ਦੇ ਵਿੱਚ ਰੋਸ ਪੈਦਾ ਹੋ ਜਾਵੇ। ਇਸ ਪ੍ਰਕਾਰ ਕਾਂਗਰਸ ਪਾਰਟੀ ਵੱਲੋਂ ਵਰਤੀ ਗਈ ਸ਼ਬਦਾਵਲੀ ਨਾਲ ਸਿੱਖ ਭਾਵਨਾਵਾਂ ਨੂੰ ਸਿੱਧੀ ਠੇਸ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਸੰਗਤ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਇਸ ਨੁੂੰ ਲੈ ਕੇ ਥਾਂ ਥਾਂ ਲੱਗੇ ਹੋਰਡਿੰਗ ਬੋਰਡਾਂ ਨੂੰ ਵੀ ਹਟਵਾਇਆ ਜਾਵੇ ਤੇ ਇਸ ਤੇ ਪਾਰਟੀ ਵਲੋਂ ਜਨਤਕ ਤੌਰ ਤੇ ਮੁਆਫ਼ੀ ਵੀ ਮੰਗੀ ਜਾਵੇ।
ਸ਼ਿਕਾਇਤ ਪੱਤਰ ਚ ਐਸਜੀਪੀਸੀ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਸਿੱਖਾਂ ਦੀ ਨੁਮਾਇੰਦਗੀ ਵਾਲੀ ਧਾਰਮਿਕ ਸੰਸਥਾ ਹੋਣ ਦੇ ਨਾਤੇ ਇਹ ਅਪੀਲ ਕੀਤੀ ਜਾਂਦੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਵੀਡੀਓ ਚ ਵਰਤੇ ਗਏ ਸ਼ਬਦ ਤੁਰੰਤ ਹਟਵਾਏ ਜਾਣ।