ਐਸਜੀਪੀਸੀ ਮੈਂਬਰਾਂ ਨੇ ਬਾਦਲ ਤੋਂ ‘ਫ਼ਖ਼ਰੇ ਕੌਮ’ ਐਵਾਰਡ ਵਾਪਸ ਲੈਣ ਨੂੰ ਲੈਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ।

TeamGlobalPunjab
3 Min Read

ਅੰਮ੍ਰਿਤਸਰ – ਐਸਜੀਪੀਸੀ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਂਅ , ਉਨ੍ਹਾਂ ਦੇ ਨਿਜੀ ਸਕੱਤਰ ਨੂੰ ਇੱਕ ਯਾਦ ਪੱਤਰ ਦਿੱਤਾ ਹੈ। ਇਸ ਪੱਤਰ ਵਿੱਚ ਉਨ੍ਹਾਂ  ਨੇ  ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੋਂ ‘ਫ਼ਖ਼ਰੇ ਕੌਮ’ ਐਵਾਰਡ ਵਾਪਸ ਲਿਆ ਜਾਵੇ।

ਐਸਜੀਪੀਸੀ ਮੈਂਬਰ ਮਿੱਠੂ ਸਿੰਘ ਕਹਨੇਕੇ ਨੇ ਕਿਹਾ ਯਾਦ ਪੱਤਰ ਵਿੱਚ ਇਹ ਚੇਤੇ ਕਰਵਾਇਆ ਗਿਆ ਹੈ ਕਿ 10 ਮਾਰਚ ਨੂੰ ਅਖ਼ਬਾਰਾਂ ਚ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਜਾਰੀ ਹੋਇਆ ਸੀ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਇੱਕ ਜਗਾਹ ਇਕੱਠੀਆਂ ਹੋਣ ਕਿਓਂਕਿ ਅਕਾਲੀ ਦਲ ਨੂੰ ਵੱਡਾ ਖਤਰਾ ਹੈ ਤੇ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿੱਚੋਂ ਖਾਤਮੇ ਵੱਲ ਵੱਧ ਰਿਹਾ ਜੋ ਸਿੱਖਾਂ ਲਈ ਬਹੁਤ ਘਾਤਕ ਹੋਵੇਗਾ। ਉਨ੍ਹਾਂ ਕਿਹਾ ਕਿ ਅਰਜ਼ੀ ਵਿੱਚ ਇਹ ਗੱਲ ਕਹਿ ਗਈ ਹੈ ਕਿ ਅਕਾਲੀ ਦਲ ਤਾਂ ਖਤਮ ਨਹੀਂ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਨੇ 3 ਦਹਾਕਿਆਂ ਤੋਂ ਅਕਾਲੀ ਦਲ ਦੀ ਅਗਵਾਈ ਕਰ ਰਹੇ ਬਾਦਲ ਪਰਿਵਾਰ ਦੇ ਖਿਲਾਫ ਇਨ੍ਹਾਂ ਵਿਧਾਨਸਭਾ ਚੋਣਾਂ ਵਿੱਚ ਫਤਵਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਨ੍ਹਾਂ ਚੋਣਾਂ ਵਿੱਚ ਹੋਈ ਹਾਰ ਦੀ ਪੂਰੀ ਪੜਚੋਲ ਹੋਣੀ ਚਾਹੀਦੀ ਹੈ। ਅਕਾਲ ਤਖ਼ਤ ਦੇ ਜਥੇਦਾਰ ਸਹਿਬਾਨ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਸਾਬਕਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਇਨਕਾਰ ਕਰ ਦਿੱਤਾ ਹੈ ਇਸ ਕਰਕੇ ਉਨ੍ਹਾਂ ਤੋਂ ਫ਼ਖ਼ਰੇ ਕੌਮ ਪੁਰਸਕਾਰ ਵਾਪਿਸ ਲੈ ਲਿਆ ਜਾਵੇ।

ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਰਾਈਟਸ ਇੱਕੋ ਨਿੱਜੀ ਚੈਨਲ ਨੂੰ ਦਿੱਤੇ ਗਏ ਹਨ ਪਰ ਇਸ ਗੱਲ ਦੀ ਮੰਗ ਲੰਮੇ ਸਮੇਂ ਤੋਂ ਹੋ ਰਹੀ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਹੋਰਨਾਂ ਟੀਵੀ ਚੈਨਲਾਂ ਨੂੰ ਵੀ ਦਿੱਤੇ ਜਾਣੇ ਚਾਹੀਦੇ ਹਨ। ਇਹੋ ਦੋ ਮੁਖ ਬੇਨਤੀਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀਆਂ ਹਨ। ਇਸ ਦੇ ਨਾਲ ਹੀ ਐਸਜੀਪੀਸੀ ਦੇ ਅੱਜ ਪੇਸ਼ ਕੀਤੇ ਬਜਟ ਨੂੰ ਲੈਕੇ ਵੀ ਇਨ੍ਹਾਂ ਮੈਂਬਰਾਂ ਨੇ 8 ਸਫ਼ਿਆਂ ਦਾ ਇਤਰਾਜ਼ ਜ਼ਾਹਿਰ ਕੀਤਾ ਤੇ ਕਿਹਾ ਕਿ ਜ਼ਿਆਦਾਤਰ ਫੰਡ ਐਕਟ ਮੁਤਾਬਿਕ ਨਾ ਲੈ ਕੇ ਗੁਰੂਘਰਾਂ ਵਿੱਚੋਂ ਹੀ ਲਏ ਜਾ ਰਹੇ ਹਨ।

- Advertisement -

ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪਿਛਲੇ ਸਾਲ ਬਜਟ ਪੇਸ਼ ਦੌਰਾਨ ਵੀ ਇਨ੍ਹਾਂ ਮੈਂਬਰਾਂ ਨੇ 11 ਸਫ਼ਿਆਂ ਦਾ ਇਤਰਾਜ਼ ਜਤਾਇਆ ਸੀ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਬਜਟ ਸਪੀਚ ਵੀ ਲਾਜ਼ਮੀ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਬਜਟ 1000 ਪੰਨਿਆਂ ਦਾ ਪੇਸ਼ ਕੀਤਾ ਗਿਆ ਹੈ ਤੇ ਸਿਰਫ ਅੱਧੇ ਘੰਟੇ ਚ ਪੇਸ਼ ਕਰ ਦਿੱਤਾ ਜਾਂਦਾ ਹੈ  ਅਤੇ ਸਾਰੇ ਮੈਂਬਰਾਂ ਦੇ ਵਲੋਂ ਚੁੱਕੇ ਇਤਰਾਜ਼ਾਂ ਨੂੰ ਨਹੀਂ ਸੁਣਿਆ ਤੇ ਵਿਚਾਰਿਆ ਜਾਂਦਾ ਹੈ।

ਐਸਜੀਪੀਸੀ ਮੈਂਬਰ ਬਲਵਿੰਦਰ ਸਿੰਘ ਨੇ ਵੀ ਬਜਟ ‘ਤੇ ਇਤਰਾਜ਼ ਜਤਾਇਆ ਤੇ ਬੋਲਣ ਲਈ ਸਮਾਂ ਨਾ ਦਿੱਤੇ ਜਾਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

Share this Article
Leave a comment