ਲਾਹੌਰ ਗਈ ਕਿਰਨ ਬਾਲਾ ਦੇ ਪਰਿਵਾਰ ਦੀ ਮਦਦ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ

TeamGlobalPunjab
3 Min Read

-ਅਵਤਾਰ ਸਿੰਘ

ਸਾਲ 2018 ਵਿੱਚ ਵਿਸਾਖੀ ਦੇ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਜਿਸ ਨੇ ਲਾਹੌਰ ਵਿੱਚ ਆਪਣਾ ਧਰਮ ਬਦਲ ਕੇ ਵਿਆਹ ਕਰਵਾਇਆ ਸੀ, ਦਾ ਪਰਿਵਾਰ ਅੱਜ ਰੋਟੀ ਖੁਣੋਂ ਆਤੁਰ ਹੈ। ਇਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ। ਸ਼ੋਸ਼ਲ ਮੀਡੀਆ ਉਪਰ ਉਸ ਦਾ ਸਹੁਰਾ ਕ੍ਰਿਸ਼ਨ ਸਿੰਘ ਕਹਿ ਰਿਹਾ ਹੈ ਕਿ ਪਹਿਲਾਂ ਉਹ ਗੁਰਦੁਆਰੇ ਪਾਠ ਕਰਕੇ ਗੁਜ਼ਾਰਾ ਕਰਦਾ ਸੀ ਪਰ ਹੁਣ ਉਸ ਨੂੰ ਉੱਥੋਂ ਵੀ ਜੁਆਬ ਮਿਲ ਗਿਆ ਹੈ ਤੇ ਉਸ ਲਈ ਪਰਿਵਾਰ ਨੂੰ ਪਾਲਣਾ ਵੀ ਮੁਸ਼ਕਲ ਹੋ ਗਿਆ ਹੈ। ਉਸ ਦੇ ਮਕਾਨ ਦੀ ਛੱਤ ਡਿੱਗਣ ਵਾਲੀ ਹੈ ਕਿਉਂਕਿ ਇਹ ਕਈਆਂ ਥਾਵਾਂ ‘ਚੋਂ ਚੋਅ ਰਹੀ ਹੈ।

 ਕ੍ਰਿਸ਼ਨ ਸਿੰਘ ਅਨੁਸਾਰ ਜਦ ਸਵਾ ਦੋ ਸਾਲ ਪਹਿਲਾਂ ਇਹ ਕਾਂਡ ਵਾਪਰਿਆ ਉਸ ਸਮੇਂ ਭਾਈ ਗੋਬਿੰਦ ਸਿੰਘ ਲੌਂਗੋਵਾਲ,ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕਿ ਜਿੱਥੇ ਉਹ ਇਸ ਦੀ ਜਾਂਚ ਕਰਵਾਉਣਗੇ ਉੱਥੇ ਪਰਿਵਾਰ ਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਕਰਨਗੇ । ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਸ ਸਮੇਂ ਕਈ ਜਥੇਬੰਦੀਆਂ ਨੇ ਵੀ ਸਹਾਇਤਾ ਦਾ ਭਰੋਸਾ ਦਿੱਤਾ ਸੀ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਬੱਚਿਆਂ ਦਾ ਪਿਤਾ ਨਹੀਂ ਹੈ। ਲੌਕਡਾਊਨ ਕਰਕੇ ਉਸ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੈ। ਉਸ ਦੀ ਪੋਤਰੀ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ ਤੇ ਇੱਕ ਪੋਤਰਾ ਪੰਜਵੀਂ ਤੇ ਦੂਜਾ ਚੌਥੀ ਜਮਾਤ ਵਿੱਚ ਪੜ੍ਹਦਾ ਹਨ। ਛੱਤ ਦੀ ਮੁਰੰਮਤ ਦਾ ਡੇਢ ਲੱਖ ਦਾ ਖਰਚਾ ਹੈ। ਉਸ ਨੇ ਫਾਰਮ ਭਰ ਕੇ ਦਿੱਤਾ ਹੈ ਤੇ ਕਰਜ਼ਾ ਵੀ ਮਨਜ਼ੂਰ ਹੋਇਆ ਹੈ। ਪਰ ਸਰਕਾਰੀ ਅਫ਼ਸਰ ਕਹਿੰਦੇ ਹਨ ਕਿ ਪਹਿਲਾਂ ਉਹ ਖਰਚ ਕਰੇ ਪੈਸੇ ਬਾਅਦ ਵਿੱਚ ਮਿਲਣਗੇ। ਪਰ ਉਹ ਤਾਂ ਰੋਟੀ ਖੁਣੋਂ ਆਤੁਰ ਹੈ, ਪੈਸੇ ਕਿੱਥੋਂ ਲਾਏ। ਇਸ ਤੋਂ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੁਲ੍ਹਦੀ ਹੈ ਕਿ ਗਰੀਬਾਂ ਦੀ ਮਦਦ ਦੇ ਦਾਅਵੇ ਕਿੰਨੇ ਖੋਖਲੇ ਹਨ।

- Advertisement -

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਖ ਵੱਖ ਪੱਤਰ ਲਿਖ ਕੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਕਾਨ ਦੀ ਮੁਰੰਮਤ ਲਈ ਫੌਰੀ ਸਹਾਇਤਾ ਜਾਰੀ ਕਰਨ ਤੋਂ ਇਲਾਵਾ ਗੁਜ਼ਾਰੇ ਲਈ ਹਰ ਮਹੀਨੇ ਸਹਾਇਤਾ ਜਾਰੀ ਕਰੇ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਖ਼ਰਚਾ ਕਰੇ। ਇਸ ਦੇ ਨਾਲ ਪਾਕਿਸਤਾਨ ਵਿੱਚ ਗਈ ਕਿਰਨ ਬਾਲਾ ਨੂੰ ਮੁੜ ਭਾਰਤ ਵਾਪਸ ਲਿਆਉਣ ਲਈ ਲੋੜੀਂਦੀ ਕਾਰਵਾਈ ਕਰਨ।

Share this Article
Leave a comment