ਕੇਜਰੀਵਾਲ – ਮਾਨ ਜੋੜੀ ਦੇ ਸਪੁਨਿਆਂ ਦਾ ਕੀ ਬਣੇਗਾ ?

Rajneet Kaur
4 Min Read

ਜਗਤਾਰ ਸਿੰਘ ਸਿੱਧੂ (ਮੈਨੇਜਿੰਗ ਐਡੀਟਰ)

ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਲਈ ਵੋਟਾਂ ਪੈਣ ਬਾਅਦ ਫੌਰੀ ਤੋਰ ‘ਤੇ ਚੋਣ ਸਰਵੇਖਣਾ ਨੇ ਜਿਹੜੀਆਂ ਭੱਵਿਖਵਾਣੀਆਂ ਕੀਤੀਆਂ ਹਨ, ਉਹ ਦੇਸ਼ ਲਈ ਭੱਵਿਖ ਦੀ ਰਾਜਨੀਤੀ ਦਾ ਸੰਕੇਤ ਕਰਦੀਆਂ ਤਾਂ ਨਜ਼ਰ ਆ ਰਹੀਆਂ ਹਨ ਪਰ ਨਾਲ ਹੀ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਮੌਜੂਦਾ ਸਥਿਤੀ ‘ਚ ਵਿਰੋਧੀ ਧਿਰਾਂ ਭਾਜਪਾ ਦੇ ਮੁਕਾਬਲੇ ਬਹੁਤ ਪਛੜੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕੇਵਲ ਇਨ੍ਹਾਂ ਹੀ ਨਹੀਂ ਸਗੋਂ ਗੁਜਰਾਤ ਦੇ ਚੋਣ ਨਤੀਜੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ ਦੀ ਰਾਜਨੀਤੀ ‘ਚ ਅੱਗੇ ਵਧਣ ਦੇ ਸੁਪਨੇ ਵੀ ਹਾਲ ਦੀ ਘੜੀ ਚਕਨਾਚੂਰ ਹੁੰਦੇ ਨਜ਼ਰ ਆ ਰਹੇ ਹਨ। ਇਸ ਜੋੜੀ ਦਾ ਜ਼ਿਕਰ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਇਸ ਜੋੜੀ ਨੇ ਗੁਜਰਾਤ ਚੋਣਾ ‘ਚ ਗੁਜਰਾਤੀਆਂ ਨੂੰ ਭੱਵਿਖ ਦੇ ਬਹੁਤ ਸੁਪਨੇ ਦਿਖਾਏ। ਗੁਜਰਾਤ ਦੀ ਤਸਵੀਰ ਬਦਲਣ ਦੀ ਗੱਲ ਕੀਤੀ ਗਈ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ, ਔਰਤਾਂ ਲਈ ਵਿਤੀ ਸਹਾਇਤਾ ਦੇਣ ਦੀ ਗੱਲ ਕੀਤੀ ਗਈ ਅਤੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾ ਲਈ ਬਹੁਤ ਸਾਰੇ ਵਾਅਦੇ ਕੀਤੇ ਗਏ। ਇਸ ਚੋਣ ਮੁਹਿੰਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਗੁਜਰਾਤ ਦੀ ਚੋਣ ਮੁਹਿੰਮ ‘ਚ ਲੱਗੇ ਰਹੇ। ਮੰਤਰੀ ਮੰਡਲ ਦੇ ਕਈ ਸੀਨੀਅਰ ਮੰਤਰੀਆਂ ਨੇ ਗੁਜਰਾਤ ‘ਚ ਚੋਣ ਜਿੱਤਣ ਲਈ ਪੂਰਾ ਜ਼ੋਰ ਲਗਾਇਆ। ਪੰਜਾਬ ‘ਚ ਵਿਰੋਧੀਆਂ ਵਲੋਂ ਅਕਸਰ ਇਹ ਕਿਹਾ ਜਾਂਦਾ ਸੀ ਕਿ ਮੁੱਖ ਮੰਤਰੀ ਮਾਨ ਪੰਜਾਬ ਖਾਲੀ ਕਰਕੇ ਗੁਜਰਾਤ ਦੇ ਦੌਰੇ ਕਰਦੇ ਹਨ ਪਰ ਪੰਜਾਬ ‘ਚ ਅਮਨ ਕਾਨੂੰਨ ਦੀ ਮਾੜੀ ਹਾਲਤ ਹੈ। ਇਹ ਵੀ ਕਿਹਾ ਗਿਆ ਕਿ ਗੁਜਰਾਤ ਚੋਣਾਂ ਦੌਰਾਨ ਪੰਜਾਬ ਸਿਵਲ ਸਕਤਰੇਤ ‘ਚ ਵੀ ਛੁੱਟੀਆਂ ਵਾਲਾ ਮਾਹੋਲ ਬਣਿਆ ਰਿਹਾ। ਉਂਝ ਅੀਜਹਾ ਨਹੀਂ ਹੈ ਕਿ ਦੂਜੀਆਂ ਰਾਜਸੀ ਪਾਰਟੀਆਂ ਦੇ ਆਗੂ ਹੋਰਾਂ ਰਾਜਾਂ ਦੀਆਂ ਚੋਣਾਂ ‘ਚ ਨਹੀਂ ਜਾਂਦੇ ਪਰ ਵਿਰੋਧੀ ਧਿਰ ਨੇ ਪੰਜਾਬ ‘ਚ ਗੁਜਰਾਤ ਚੋਣਾਂ ਦਾ ਮੁੱਦਾ ਬਣਾ ਕੇ ਰੱਖਿਆ। ਜੇਕਰ ਚੋਣ ਸਰਵੇਖਣਾ ਵਲੋਂ ਕੀਤੀ ਗਈ ਭੱਵਿਖਵਾਣੀ ‘ਤੇ ਭਰੋਸਾ ਕੀਤਾ ਜਾਵੇ ਤਾਂ ਗੁਜਰਾਤ ਦੇ ਚੋਣ ਨਤੀਜਿਆ ਬਾਅਦ ‘ਆਪ’ ਬਾਰੇ ਵਿਰੋਧੀ ਧਿਰਾਂ ਵਲੋਂ ਮੁੜ ਸਵਾਲ ਚੁੱਕੇ ਜਾਣਗੇ। ਪੰਜਾਬੀ ਦੇ ਮਸ਼ਹੂਰ ਇਕ ਕਿੱਸਾਕਾਰ ਦੀ ਲਾਈਨ ਹੈ – ਕੀ ਖੱਟਿਆ ਕੰਨ ਪੜਵਾ ਕੇ…।

ਜੇਕਰ ਹਿਮਾਚਲ ਬਾਰੇ ਆਏ ਚੋਣ ਸਰਵੇਖਣਾ ਦੀ ਗੱਲ ਕੀਤੀ ਜਾਵੇ ਤਾਂ ਸਰਵੇਖਣਾ ਮੁਤਾਬਿਕ ਹਿਮਾਚਲ ‘ਚ ‘ਆਪ’ ਤਾਂ ਬਿਲਕੁਲ ਸਾਫ ਹੁੰਦੀ ਨਜ਼ਰ ਆ ਰਹੀ ਹੈ ਪਰ ਕਾਂਗਰਸ ਦੀ ਭਾਜਪਾ ਨਾਲ ਕਾਂਟੇ ਦੀ ਟੱਕਰ ਦਿਖਾਈ ਗਈ ਹੈ। ਕਈ ਵਾਰ ਚੋਣ ਸਰਵੇਖਣਾ ਦੀਆਂ ਭੱਵਿਖਵਾਣੀਆਂ ਬਾਰੇ ਵੀ ਰਾਜਸੀ ਮਾਹਿਰਾਂ ਅਤੇ ਰਾਜਸੀ ਆਗੂਆਂ ਵਲੋਂ ਸਵਾਲ ਕੀਤੇ ਜਾਂਦੇ ਹਨ। ਅਜਿਹਾ ਸੁਭਾਵਿਕ ਵੀ ਹੈ ਕਿਉਂ ਜੋ ਰਾਜਨੀਤੀ ‘ਚ ਕਦੇ ਵੀ 2 ਜਮਾ 2 ਚਾਰ ਨਹੀਂ ਹੁੰਦੇ ਅਤੇ ਨਤੀਜਿਆ ‘ਚ ਫੇਰਬਦਲ ਦੀ ਆਸ ਵੀ ਬਣੀ ਰਹਿੰਦੀ ਹੈ।ਇਸਦੇ ਬਾਵਜੂਦ ਮੌਜੂਦਾ ਚੋਣ ਸਰਵੇਖਣਾ ਮੁਤਾਬਿਕ ਜੇਕਰ ਕਾਂਗਰਸ ਹਿਮਾਚਲ ‘ਚ ਅੱਗੇ ਆ ਜਾਂਦੀ ਹੈ ਤਾਂ ਸੰਕਟ ‘ਚ ਘਿਰੀ ਕਾਂਗਰਸ ਲਈ ਇਹ ਰਾਹਤ ਵਾਲੀ ਖਬਰ ਹੋਵੇਗੀ। ਦੂਜੇ ਪਾਸੇ ਜੇਕਰ ਭਾਜਪਾ ਆਪਣੀ ਸਰਕਾਰ ਬਣਾ ਲੈਂਦੀ ਹੈ ਤਾਂ 1985 ਤੋਂ ਬਾਅਦ ਪਹਿਲਾ ਅਜਿਹਾ ਮੌਕਾ ਹੋਵੇਗਾ ਜਦੋਂ ਕਿਸੇ ਪਾਰਟੀ ਨੇ ਸੂਬੇ ‘ਚ ਦੁਬਾਰਾ ਸਰਕਾਰ ਬਣਾਈ ਹੈ।

ਦਿੱਲੀ ਨਗਰ ਨਿਗਮ ਦੀ ਚੋਣ ਸਰਵੇਖਣ ਸਪਸ਼ਟ ਤੌਰ ‘ਤੇ ‘ਆਪ’ ਦੇ ਹੱਕ ‘ਚ ਜਾ ਰਹੇ ਹਨ ਅਤੇ ਭਾਜਪਾ ਕੋਲੋਂ ਦਿੱਲੀ ਪੂਰੀ ਤਰ੍ਹਾਂ ਖਿਸਕਦੀ ਨਜ਼ਰ ਆ ਰਹੀ ਹੈ। ਕਿਸੇ ਸਮੇਂ ਦਿੱਲੀ ‘ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਦੀ ਹਾਲਤ ਪਾਰਟੀ ਲਈ ਬਹੁਤ ਹੀ ਨਿਰਾਸ਼ਾਜਨਕ ਸੁਨੇਹਾ ਦੇ ਰਹੀ ਹੈ।

- Advertisement -

 

 

 

Share this Article
Leave a comment