SGPC ਨਕੋਦਰ ਸਾਕੇ ਦੇ ਦੋਸ਼ੀ ਦਰਬਾਰਾ ਸਿੰਘ ਗੁਰੂ ਨੂੰ ਮੁੱਖ ਸਕੱਤਰ ਲਾਉਣ ਦਾ ਇੱਕ ਹੋਰ ਗੁਨਾਹ ਨਾ ਕਰੇ: ਸਿੱਖ ਫੈਡਰੇਸਨ

TeamGlobalPunjab
5 Min Read

ਅੰਮ੍ਰਿਤਸਰ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਲੂਣਾ ਦਿੰਦਿਆ ਕਿਹਾ ਹੈ ਕਿ ਉਹ ਆਪਣੀਆਂ ਪ੍ਰਬੰਧਕੀ ਊਣਤਾਈਆਂ ਕਾਰਨ ਅਤੇ ਸਿੱਖ ਸਿਧਾਂਤ ਵਿਰੋਧੀ ਫੈਂਸਲੇ ਲੈਣ ਕਰਕੇ ਪਹਿਲਾਂ ਹੀ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਹੈ ਤੇ ਹੁਣ ਇਕ ਹੋਰ ਫੈਂਸਲਾ ਅਜਿਹਾ ਲੈਣ ਜਾ ਰਹੀ ਹੈ ਜੋ ਸਿੱਖਾਂ ਵਿਚ ਕਮੇਟੀ ਖਿਲਾਫ ਰੋਹ ਨੂੰ ਹੋਰ ਭੜਕਾ ਦੇਵੇਗਾ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਰਨਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ, ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸਾਨੂੰ ਬਹੁਤ ਹੀ ਗੁਪਤ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਖਾਲੀ ਪਏ ਮੁੱਖ ਸਕੱਤਰ ਦੇ ਅਹੁਦੇ ਲਈ ਨਕੋਦਰ ਸਾਕੇ ਦੇ ਦੋਸ਼ੀਆਂ ਵਿਚੋਂ ਇਕ ਬਾਦਲ ਦਲ ਦੇ ਆਗੂ ਦਰਬਾਰਾ ਸਿੰਘ ਗੁਰੂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਦਰਬਾਰਾ ਸਿੰਘ ਗੁਰੂ ‘ਤੇ ਵੱਡਾ ਇਲਜ਼ਾਮ ਲਗਦਾ ਹੈ ਕਿ ਫਰਵਰੀ 1986 ਵਿਚ ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਚਲਾਈ ਗੋਲੀ ਵਿਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਦੀ ਪਰਵਾਨਗੀ ਉਸ ਸਮੇਂ ਐਕਟਿੰਗ ਜ਼ਿਲ੍ਹਾ ਮੈਜਿਸਟਰੇਟ ਦੇ ਅਹੁਦੇ ‘ਤੇ ਤੈਨਾਤ ਦਰਬਾਰਾ ਸਿੰਘ ਗੁਰੂ ਨੇ ਦਿੱਤੀ ਸੀ ਜਿਸ ਮਗਰੋਂ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿਚ ਪ੍ਰਸ਼ਾਸਨ ਨੇ ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਬਿਨ੍ਹਾਂ ਪਰਿਵਾਰਾਂ ਨੂੰ ਵਖਾਇਆਂ ਇਕੋ ਅੰਗੀਠੇ ‘ਤੇ ਸੰਸਕਾਰ ਕਰ ਦਿੱਤਾ ਸੀ।

ਜਿਵੇਂ ਬਾਦਲ ਦਲ ਨੇ ਪਿਛਲੇ ਸਾਲਾਂ ਦੌਰਾਨ ਸਿੱਖ ਕਤਲੇਆਮ ਵਿਚ ਸ਼ਾਮਲ ਰਹੇ ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਪੁਲਸ ਅਫਸਰਾਂ ਨੂੰ ਆਪਣੀ ਪਾਰਟੀ ਵਿਚ ਅਹੁਦੇਦਾਰੀਆਂ ਦਿੱਤੀਆਂ, ਉਸੇ ਤਰ੍ਹਾਂ ਦਰਬਾਰਾ ਸਿੰਘ ਗੁਰੂ ਨੂੰ ਵੀ ਬਾਦਲ ਦਲ ਨੇ ਖਾਸ ਅਹੁਦੇਦਾਰੀਆਂ ਦੇ ਕੇ ਸਨਮਾਨਿਤ ਕੀਤਾ। ਦਰਬਾਰਾ ਸਿੰਘ ਗੁਰੂ ਨੂੰ ਬਾਦਲ ਦਲ ਨੇ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਦੀ ਚੋਣ ਲੜਵਾਈ ਸੀ ਪਰ ਉਸਨੂੰ ਜਿੱਤ ਨਸੀਬ ਨਾ ਹੋਈ।

- Advertisement -

ਫੈਡਰੇਸ਼ਨ ਨੇਤਾਵਾ ਨੇ ਕਿਹਾ ਹੈ ਕਿ ਹੁਣ ਜਦੋਂ ਸ਼੍ਰੋਮਣੀ ਕਮੇਟੀ ਦਾ ਅਕਸ ਸਿੱਖ ਜਗਤ ਵਿਚ ਬਹੁਤ ਬਦਨਾਮ ਹੋ ਚੁੱਕਿਆ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦਾ ਅਹੁਦਾ 27 ਅਗਸਤ ਤੋਂ ਖਾਲੀ ਪਿਆ ਹੈ ਤਾਂ ਦਰਬਾਰਾ ਸਿੰਘ ਗੁਰੂ ਨੂੰ ਇਸ ਅਹੁਦੇ ‘ਤੇ ਲਾਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਬਾਦਲ ਪਰਿਵਾਰ ਵੱਲੋਂ ਵੀ ਇਸ ਲਈ ਹਾਮੀ ਭਰ ਦਿੱਤੀ ਗਈ ਹੈ।

ਕਰਨੈਲ ਸਿੰਘ ਪੀਰਮੁਹੰਮਦ ਅਤੇ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ 2 ਫਰਵਰੀ 1986 ਨੂੰ ਸਿੱਖ ਵਿਰੋਧੀ ਅਨਸਰਾਂ ਨੇਂ ਗੁਰਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਨਕੋਦਰ ਸ਼ਹਿਰ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਸਰੂਪਾਂ ਨੂੰ ਅੱਗ ਲਗਾ ਕੇ ਬੇਅਦਬੀ ਕੀਤੀ ਸੀ।

4 ਫਰਵਰੀ 1986 ਨੂੰ ਸਿੱਖ ਸੰਗਤ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਨਕੋਦਰ ਸ਼ਹਿਰ ਵਿੱਚ ਇਕੱਤਰ ਹੋਏ ਸਨ। ਇਸ ਇਕੱਤਰਤਾ ਦਾ ਮੁੱਖ ਮਕਸਦ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਬਾਰੇ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਣ ਬਾਰੇ ਸੀ। 2 ਫਰਵਰੀ 1986 ਨੂੰ ਸਿੱਖ ਵਿਰੋਧੀ ਅਨਸਰਾਂ ਨੇਂ ਗੁਰਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਨਕੋਦਰ ਸ਼ਹਿਰ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਗਾ ਕੇ ਬੇਅਦਬੀ ਕੀਤੀ ਸੀ। ਸੰਗਤਾਂ ਦਾ ਵਿਚਾਰ ਸੀ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਕਰਕੇ ਪੂਰਨ ਮਰਿਆਦਾ ਸਹਿਤ ਜਲ ਪ੍ਰਵਾਹ ਕੀਤੇ ਜਾ ਸਕਣ।

ਸੀ ਆਰ ਪੀ, ਬੀ ਐੱਸ ਐੱਫ, ਅਤੇ ਪੰਜਾਬ ਪੁਲੀਸ ਦੇ ਜਵਾਨਾਂ ਨੇ ਇਸ ਸ਼ਾਂਤਮਈ ਰੋਸ ਮਾਰਚ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਪੁਲਿਸ ਦੀ ਬਿਨਾ ਕਿਸੇ ਚਿਤਾਵਨੀ ਦੇ ਕੀਤੀ ਇਸ ਅੰਨੇਵਾਹ ਗੋਲੀਬਾਰੀ ਕਾਰਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ- ਗੋਰਸੀਆਂ ਮੌਕੇ ਤੇ ਹੀ ਸ਼ਹੀਦ ਹੋ ਗਏ। ਪਰ ਪੁਲਿਸ ਨੇ ਇੱਥੇ ਹੀ ਬੱਸ ਨਹੀਂ ਕੀਤੀ, ਘੋੜ ਸਵਾਰ ਪੁਲਿਸ ਵਲੋਂ 2 ਕਿਲੋਮੀਟਰ ਤੋਂ ਵੀ ਦੂਰ ਸ਼ੇਰਪੁਰ ਅਤੇ ਹੁਸੈਨਪੁਰ ਤੱਕ ਜਾਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਪੁਲਿਸ ਵਲੋਂ ਘਰਾਂ ਦੇ ਵਿੱਚ ਜਾਕੇ ਗੋਲੀਆਂ ਚਲਾਈਆਂ ਅਤੇ ਘਰਾਂ ਦੇ ਦਰਵਾਜੇ ਤੋੜਕੇ ਸਿੱਖ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਤੇ ਅਣਮਨੁੱਖੀ ਅਤਿਆਚਾਰ ਕੀਤਾ ਗਿਆ।

Share this Article
Leave a comment