ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਕਰੀਬੀ ਸਹਿਯੋਗੀ ਸਰਜੀਓ ਗੋਰ ਨੂੰ ਭਾਰਤ ਵਿੱਚ ਨਵਾਂ ਰਾਜਦੂਤ ਨਿਯੁਕਤ ਕਰ ਰਹੇ ਹਨ। ਇਸ ਅਹੁਦੇ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦੱਸਦਿਆਂ, ਉਨ੍ਹਾਂ ਕਿਹਾ ਕਿ ਗੋਰ ਹੁਣ “ਸਾਡੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਸਬੰਧਾਂ” ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਸਰਜੀਓ ਗੋਰ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। ਟਰੰਪ ਦੇ ਨਾਲ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਖਜ਼ਾਨਾ ਸਕੱਤਰ ਸਕਾਟ ਬੇਸੈਂਟ, ਅਟਾਰਨੀ ਜਨਰਲ ਪੈਮ ਬੋਂਡੀ ਅਤੇ ਕਈ ਉੱਚ ਅਧਿਕਾਰੀ ਵੀ ਸਨ। ਗੋਰ ਦੇ ਸਹੁੰ ਚੁੱਕ ਸਮਾਗਮ ਦਾ ਸਵਾਗਤ ਸਾਰੇ ਮੌਜੂਦ ਲੋਕਾਂ ਵੱਲੋਂ ਤਾੜੀਆਂ ਨਾਲ ਕੀਤਾ ਗਿਆ। ਟਰੰਪ ਨੇ ਗੋਰ ਨਾਲ ਹੱਥ ਮਿਲਾਉਂਦੇ ਹੋਏ ਕਿਹਾ ਮੈਨੂੰ ਭਰੋਸਾ ਹੈ ਕਿ ਸਰਜੀਓ ਭਾਰਤ ਨਾਲ ਸਾਡੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਗੇ। ਇਹ ਸੱਚਮੁੱਚ ਇੱਕ ਯਾਦਗਾਰੀ ਕੰਮ ਹੈ ।
ਸਹੁੰ ਚੁੱਕਣ ਤੋਂ ਬਾਅਦ, ਸਰਜੀਓ ਗੋਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਸੀ। ਉਨ੍ਹਾਂ ਕਿਹਾ, “ਮੈਂ ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਕੰਮ ਕਰਾਂਗਾ। ਗੋਰ ਨੇ ਟਰੰਪ ਦਾ ਧੰਨਵਾਦ ਕਰਦੇ ਹੋਏ ਕਿਹਾ, “ਤੁਹਾਡੀ ਅਗਵਾਈ ਹੇਠ ਪ੍ਰਾਪਤੀਆਂ ਇਤਿਹਾਸਕ ਹਨ। ਮੈਨੂੰ ਤੁਹਾਡੇ ਨਾਲ ਕੰਮ ਕਰਨ ‘ਤੇ ਮਾਣ ਹੈ ਅਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ।”
ਭਾਰਤ ਦੀ ਪ੍ਰਸ਼ੰਸਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਹੈ ਅਤੇ ਹੁਣ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਵੀ ਹੈ, ਜਿਸਦੀ ਆਬਾਦੀ 1.5 ਅਰਬ ਤੋਂ ਵੱਧ ਹੈ।ਉਨ੍ਹਾਂ ਅੱਗੇ ਕਿਹਾ, “ਸਰਜੀਓ ਇਸ ਭੂਮਿਕਾ ਵਿੱਚ ਸ਼ਾਨਦਾਰ ਕੰਮ ਕਰਨਗੇ। ਭਾਰਤ ਵਿੱਚ ਰਾਜਦੂਤ ਦਾ ਅਹੁਦਾ ਬਹੁਤ ਮਹੱਤਵਪੂਰਨ ਹੈ।”

