ਆਪ ਸਰਕਾਰ ਬਣਨ ਤੋਂ ਬਾਅਦ ਵੱਖ ਵਾਦੀ ਤਾਕਤਾਂ ਦੀ ਸਰਗਰਮੀ ਤੇ ਸਥਿਤੀ ਸਪਸ਼ਟ ਕਰਨ ਮੁੱਖ ਮੰਤਰੀ: ਜਾਖੜ

Prabhjot Kaur
3 Min Read

ਜਲੰਧਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਵੱਖਵਾਦੀ ਤਾਕਤਾਂ ਦੇ ਮੁੜ ਸੂਬੇ ਵਿਚ ਸਰਗਰਮ ਹੋਣ ਨੂੰ ਪੰਜਾਬ ਦੀ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਲਈ ਖਤਰਾ ਦੱਸਦਿਆਂ ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਇਸ ਮੁੱਦੇ ਤੇ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਵੰਗਾਰਿਆ ਹੈ।

ਉਹ ਅੱਜ ਇੱਥੇ ਪਾਰਟੀ ਵੱਲੋਂ ਕਰਵਾਈ ਲੋਕਾਂ ਦੀ ਵਿਧਾਨ ਸਭਾ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਦੇ ਆਗੂ ਵੱਖਵਾਦੀ ਲੋਕਾਂ ਦੇ ਘਰਾਂ ਵਿਚ ਰਹਿਣ ਲਈ ਪਹੁੰਚੇ ਸਨ। ਪਰ ਤਦ ਪੰਜਾਬ ਦੇ ਸੂਝਵਾਨ ਲੋਕਾਂ ਨੇ ਇੰਨ੍ਹਾਂ ਦੇ ਇਰਾਦਿਆਂ ਨੂੰ ਸਮਝਦਿਆਂ ਇੰਨ੍ਹਾਂ ਨੂੰ ਨਕਾਰ ਦਿੱਤਾ ਸੀ। ਪਰ ਹੁਣ ਫਿਰ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਜਿਸ ਤਰਾਂ ਦੇ ਵੱਖਵਾਦੀਆਂ ਦੇ ਘਰਾਂ ਵਿਚ ਆਪ ਆਗੂ ਠਹਿਰੇ ਸਨ ਉਹੋ ਜਿਹੇ ਵੱਖਵਾਦੀ ਵਿਦੇਸ਼ਾਂ ਤੋਂ ਪੰਜਾਬ ਪਰਤ ਕੇ ਪੰਜਾਬ ਦੀ ਅਮਨ ਸਾਂਤੀ ਭੰਗ ਕਰਨ ਦੀਆਂ ਗੱਲਾਂ ਕਰਨ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਅਤੇ ਵੱਖਵਾਦੀਆਂ ਦੀਆਂ ਸਰਗਰਮੀਆਂ ਵਿਚ ਕੀ ਸੰਯੋਗ ਹੈ ਇਸ ਬਾਰੇ ਮੁੱਖ ਮੰਤਰੀ ਨੂੰ ਆਪਣੀ ਸਥਿਤੀ ਸੱਪਸ਼ਟ ਕਰਨੀ ਚਾਹੀਦੀ ਹੈ।

ਮੌਕੇ ਉਨ੍ਹਾਂ ਨੇ ਲੋਕਾਂ ਦੀ ਵਿਧਾਨ ਸਭਾ ਵਿਚ ਕਿਹਾ ਕਿ ਪੰਜਾਬ ਦੀ ਅਮਨ ਸਾਂਤੀ, ਭਾਈਚਾਰਕ ਸਾਂਝ ਅਤੇ ਕੌਮੀ ਸੁਰੱਖਿਆ ਦੇ ਮੱਦੇਨਜਰ ਪੰਜਾਬ ਵਿਚ ਜ਼ੋ ਗੈਂਗਸਟਰ ਕਲਚਰ ਨੂੰ ਪ੍ਰੋਤਸਾਹਿਤ ਕਰਨ ਦੀਆਂ ਕੋਸਿਸ਼ਾਂ ਹੋ ਰਹੀਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ।ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਤਾਜਾ ਹਲਾਤਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਣਗੇ ਅਤੇ ਗੈਂਗਸਟਰਾਂ ਦੀਆਂ ਪ੍ਰਾਪਰਟੀਆਂ ਜਬਤ ਕਰਨ ਦੀ ਮੰਗ ਕਰਣਗੇ।

ਜਾਖੜ ਨੇ ਇਕ ਆਗੂ ਵੱਲੋਂ ਗੈਂਗਸਟਰਾਂ ਦੇ ਮੁੱਖ ਧਾਰਾ ਵਿਚ ਆਉਣ ਸਬੰਧੀ ਦਿੱਤੇ ਬਿਆਨ ਤੇ ਤੰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਬਜਾਏ ਪਹਿਲਾਂ ਇਹ ਜਰੂਰੀ ਹੈ ਕਿ ਜ਼ੋ ਨੌਜਵਾਨ ਮੁੱਖ ਧਾਰਾ ਵਿਚ ਹਨ ਉਨ੍ਹਾਂ ਨੂੰ ਗੈਂਗਸਟਰਾਂ ਨਾਲ ਜ਼ਾਣ ਜਾਂ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਨੇ ਕਿਹਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

- Advertisement -

ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਲਗਾਈ ਲੋਕਾਂ ਦੀ ਵਿਧਾਨ ਸਭਾ ਦੌਰਾਨ ਬੋਲਦਿਆਂ ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਅੱਗੇ ਆਖਿਆ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੂਰੀ ਤਰਾਂ ਨਾਲ ਅਰਵਿੰਦ ਕੇਜਰੀਵਾਲ ਦੀ ਕਠਪੂਤਲੀ ਸਰਕਾਰ ਬਣ ਕੇ ਕੰਮ ਕਰ ਰਹੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਨਿੱਤ ਦਿਨ ਨਵੇਂ ਨਾਟਕ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਵੱਲੋਂ ਵਿਧਾਇਕਾਂ ਨੂੰ ਖਰੀਦੇ ਜਾਣ ਸਬੰਧੀ ਕੀਤਾ ਗਿਆ ਦਾਅਵਾ ਇਸ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਆਪ ਵਿਚ ਆਤਮਵਿਸਵਾਸ਼ ਦੀ ਘਾਟ ਹੈ ਅਤੇ ਇਸੇ ਲਈ ਇਹ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਊਮੀਦਾਂ ਤੇ ਖਰਾ ਉਤਰਨ ਤੋਂ ਪੂਰੀ ਤਰਾਂ ਨਾਕਾਮਯਾਬ ਰਹੀ ਹੈ ਅਤੇ ਇਸੇ ਕਾਰਨ ਇਹ ਧਿਆਨ ਭਟਕਾਉਣ ਲਈ ਨਿੱਤ ਦਿਨ ਨਵੇਂ ਬਹਾਨੇ ਲੱਭਦੀ ਰਹਿੰਦੀ ਹੈ।

Share this Article
Leave a comment