ਚੰਡੀਗੜ੍ਹ: ਦੈਨਿਕ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਅਤੇ ਹਿੰਦੀ ਦੇ ਉਘੇ ਲੇਖਕ ਰਾਧੇ ਸ਼ਿਆਮ ਸ਼ਰਮਾ ਦਾ ਅੱਜ (ਸ਼ਨਿਚਰਵਾਰ) ਸ਼ਾਮੀਂ ਤਿੰਨ ਵਜੇ ਉਹਨਾਂ ਦੀ ਪੰਚਕੂਲਾ ਸਥਿਤ ਦੀ ਰਿਹਾਇਸ਼ ‘ਤੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਸ਼੍ਰੀ ਸ਼ਰਮਾ ਨੇ ਦੈਨਿਕ ਟ੍ਰਿਬਿਊਨ ਵਿੱਚ ਸਹਾਇਕ ਸੰਪਾਦਕ ਵਜੋਂ ਸੇਵਾ ਸ਼ੁਰੂ ਕੀਤੀ ਅਤੇ ਕਾਫੀ ਸਮਾਂ ਸੰਪਾਦਕ ਦੇ ਅਹੁਦੇ ‘ਤੇ ਰਹੇ। ਉਹ ਮਾਖਨ ਲਾਲ ਚਤੁਰਵੇਦੀ ਯੂਨੀਵਰਸਿਟੀ, ਭੁਪਾਲ ਦੇ ਬਾਨੀ ਉਪ ਕੁਲਪਤੀ ਰਹੇ। ਇਸ ਤੋਂ ਬਾਅਦ ਹਰਿਆਣਾ ਸਾਹਿਤਯ ਅਕਾਦਮੀ ਦੇ ਡਾਇਰੈਕਟਰ ਤੇ ਵਾਈਸ ਚੇਅਰਮੈਨ ਵੀ ਰਹੇ। ਉਹ ਪੱਤਰਕਾਰਾਂ ਦੀਆਂ ਕਈ ਸੰਸਥਾਵਾਂ ਨਾਲ ਵੀ ਜੁੜੇ ਹੋਏ ਸਨ। ਪਰਿਵਾਰਿਕ ਸੂਤਰਾਂ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ 29 ਦਸੰਬਰ (ਐਤਵਾਰ) ਨੂੰ 12 ਵਜੇ ਮਨੀਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਸ਼੍ਰੀ ਰਾਧੇ ਸ਼ਿਆਮ ਸ਼ਰਮਾ ਦੇ ਅਕਾਲ ਚਲਾਣੇ ‘ਤੇ ਨੈਸ਼ਨਲ ਯੂਨੀਅਨ ਆਫ ਜਰਨਲਿਸਟਸ (ਇੰਡੀਆ) ਦੇ ਪ੍ਰਧਾਨ ਅਸ਼ੋਕ ਮਲਿਕ, ਚੰਡੀਗੜ੍ਹ ਜਰਨਲਿਸਟਸ ਐਸੋਸਿਏਸ਼ਨ ਦੇ ਪ੍ਰਧਾਨ ਤੇ ਐੱਨ ਯੂ ਜੇ ਦੇ ਮੀਤ ਪ੍ਰਧਾਨ ਅਵਤਾਰ ਸਿੰਘ, ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਰਾਵਤ ਨੇ ਸੋਗ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੀ ਸ਼ਰਮਾ ਇਕ ਸੰਸਥਾ ਸਨ। ਉਹਨਾਂ ਦੇ ਜਾਣ ਨਾਲ ਪੱਤਰਕਾਰ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸੀਨੀਅਰ ਪੱਤਰਕਾਰ ਰਾਧੇ ਸ਼ਿਆਮ ਸ਼ਰਮਾ ਦਾ ਦੇਹਾਂਤ
Leave a Comment
Leave a Comment