ਬਰਡ ਫਲੂ: ਚਮਕੌਰ ਸਾਹਿਬ ‘ਚ ਵੀ ਮਿਲੇ ਮਰੇ ਹੋਏ ਪੰਛੀ

TeamGlobalPunjab
2 Min Read

ਚਮਕੌਰ ਸਾਹਿਬ: ਚਮਕੌਰ ਸਾਹਿਬ ‘ਚ ਸ਼ਿਵ ਮੰਦਰ ‘ਚ ਗਊਸ਼ਾਲਾ ਦੇ ਪਿਛਲੇ ਪਾਸੇ ਇੱਕ ਕਾਂ ਮਰਿਆ ਮਿਲਿਆ। ਸ਼ਹਿਰ ’ਚ ਤਿੰਨ ਤੇ ਪਿੰਡ ਹਾਫਿਜ਼ਾਬਾਦ ‘ਚ 15 ਮਰੇ ਕਾਂ ਮਿਲਣ ਨਾਲ ਇਲਾਕੇ ‘ਚ ਪੰਛੀਆਂ ਦੇ ਮਰਨ ਦੀ ਗਿਣਤੀ 19 ਹੋ ਗਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸਖ਼ਤ ਸਟੈਂਡ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਲਈ ਕਿਹਾ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਵਿਭਾਗ ਦੇ ਅਧਿਕਾਰੀ ਭੇਜੇ ਜਿਨ੍ਹਾਂ ਸਭ ਤੋਂ ਪਹਿਲਾਂ ਗਊਸ਼ਾਲਾ ਨੇੜਿਓਂ ਮਰੇ ਕਾਂ ਨੂੰ ਆਪਣੇ ਕਬਜ਼ੇ ‘ਚ ਲਿਆ ਤੇ ਪਿੰਡ ਹਾਫਿਜ਼ਾਬਾਦ ‘ਚ ਵੀ ਮਰੇ ਕਾਂਵਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ। ਡਾ. ਵਾਲੀਆ ਨੇ ਦੱਸਿਆ ਕਿ ਮਰੇ ਕਾਂ ਨੂੰ ਜਲੰਧਰ ਦੀ ਲੈਬਾਰਟਰੀ ‘ਚ ਭੇਜਿਆ ਜਾਵੇਗਾ ਤਾਂ ਜੋ ਕਿ ਪਤਾ ਲੱਗ ਸਕੇ ਕਿ ਪੰਛੀਆਂ ਦੀ ਮੌਤ ਠੰਢ ਜਾਂ ਕਿਸੇ ਹੋਰ ਬਿਮਾਰੀ ਕਾਰਨ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਛੀਆਂ ਦੀ ਮੌਤ ਕਰਕੇ ਉਹ ਡਰਨ ਨਾ ਕਿਉਂਕਿ ਜੇਕਰ ਬਰਡ ਫਲੂ ਦੀ ਬਿਮਾਰੀ ਦਾ ਖਦਸ਼ਾ ਹੋਵੇ ਤਾਂ ਪੰਛੀ ਵੱਡੀ ਗਿਣਤੀ ‘ਚ ਮਰ ਸਕਦੇ ਹਨ ਪਰ ਜੇਕਰ ਦੋ-ਚਾਰ ਪੰਛੀ ਮਰੇ ਪਾਏ ਜਾਣ ਤਾਂ ਡਰਨ ਦੀ ਲੋੜ ਨਹੀਂ ਸਗੋਂ ਇਸ ਸਬੰਧੀ ਨੇੜਲੇ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ‘ਚ ਡਾਕਟਰਾਂ ਨੂੰ ਸੂਚਿਤ ਕੀਤਾ ਜਾਵੇ।

ਇਸਤੋਂ ਇਲਾਵਾ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ‘ਚ 10 ਹੋਰ ਪੰਛੀਆਂ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਪੰਛੀਆਂ ਚੋਂ 3 ਪੰਛੀ ਸੈਕਟਰ-38 ਚੋਂ, ਸੈਕਟਰ-7, 14, 40, 38 ਵੈਸਟ, 63, 32 ਤੇ ਮਨੀਮਾਜਰਾ ਚੋਂ ਇਕ-ਇਕ ਮਰਿਆ ਹੋਇਆ ਮਿਲਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿੱਚ ਕੋਈ ਪੰਛੀ ਮਰਿਆ ਹੋਇਆ ਪਾਇਆ ਜਾਂਦਾ ਹੈ ਤਾਂ ਪ੍ਰਸ਼ਾਸਨ ਨੂੰ ਸੂਚਿਤ ਕਰਨ।

Share this Article
Leave a comment