ਜੇਲ੍ਹ ‘ਚ ਬੈਰਕ ਦੇ ਬਾਹਰ CCTV ਕੈਮਰੇ ਲੱਗੇ ਹੋਏ ਹਨ, 24 ਘੰਟੇ ਮੇਰੇ ‘ਤੇ ਨਜ਼ਰ ਰੱਖੀ ਜਾਂਦੀ ਤੇ ਇਸ ਦੀ ਫੁਟੇਜ ਪੀਐਮਓ ਨੂੰ ਵੀ ਭੇਜੀ ਜਾਂਦੀ ਸੀ: ਕੇਜਰੀਵਾਲ

Prabhjot Kaur
3 Min Read

ਅੰਮ੍ਰਿਤਸਰ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਤਾਰੀਫ਼ ਕੀਤੀ ਅਤੇ ਆਉਣ ਵਾਲੀ ਚੋਣ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ।

ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਮੇਰਾ ਪੰਜਾਬ ਆਉਣ ਦਾ ਕੋਈ ਖ਼ਾਸ ਏਜੰਡਾ ਨਹੀਂ ਸੀ। ਇਸ ਵਾਰ ਮੈਂ ਪੰਜਾਬ ਦੇ ਲੋਕਾਂ ਅਤੇ ਆਪਣੇ ਵਰਕਰਾਂ ਨੂੰ ਮਿਲਣ ਆਇਆ ਹਾਂ। ਮੈਂ ਤੁਹਾਨੂੰ ਜੇਲ੍ਹ ਵਿੱਚ ਬਹੁਤ ਯਾਦ ਕੀਤਾ। ਜਦੋਂ ਵੀ ਮੈਂ ਜੇਲ੍ਹ ਵਿੱਚ ਭਗਵੰਤ ਮਾਨ ਨੂੰ ਮਿਲਦਾ ਸੀ, ਮੈਂ ਤੁਹਾਡੇ ਬਾਰੇ ਪੁੱਛਦਾ ਸੀ।

ਭਾਜਪਾ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੋਚਦੀ ਸੀ ਕਿ ਮੈਨੂੰ ਗ੍ਰਿਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ। ਪਰ ਮੇਰੀ ਗ੍ਰਿਫ਼ਤਾਰੀ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਹੈ, ਕਿਉਂਕਿ ਆਮ ਆਦਮੀ ਪਾਰਟੀ ਇਕ ਪਰਿਵਾਰ ਹੈ ਅਤੇ ਜਦੋਂ ਪਰਿਵਾਰ ਵਿਚ ਮੁਸੀਬਤ ਆਉਂਦੀ ਹੈ ਤਾਂ ਸਾਰੇ ਇਕੱਠੇ ਹੋ ਜਾਂਦੇ ਹਨ। ਤੁਸੀਂ ਵੀ ਅਜਿਹਾ ਹੀ ਕੀਤਾ ਅਤੇ ਸਾਰੇ ਇਕੱਠੇ ਹੋ ਗਏ। ਇਸ ਨਾਲ ਉਨ੍ਹਾਂ ਨੂੰ ਸੁਨੇਹਾ ਗਿਆ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਨਾਲ ਕੰਮ ਨਹੀਂ ਚੱਲੇਗਾ। ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਕੇਜਰੀਵਾਲ ਹੈ। ਇੱਥੇ ਹਰ ਵਰਕਰ ਖੜ੍ਹਾ ਹੋ ਕੇ ਕਮਾਂਡ ਸੰਭਾਲੇਗਾ ਅਤੇ ਪੰਜਾਬ ਅਤੇ ਦੇਸ਼ ਨੂੰ ਕਿਸੇ ਵੀ ਹਾਲਤ ਵਿੱਚ ਝੁਕਣ ਨਹੀਂ ਦੇਵੇਗਾ।

ਕੇਜਰੀਵਾਲ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਕਮਰੇ ‘ਚ ਨਹੀਂ ਮਿਲਣ ਦਿੱਤਾ, ਜਦਕਿ ਜੇਲ੍ਹ ਮੈਨੂਅਲ ਮੁਤਾਬਿਕ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਸਾਡੀ ਦੋਹਾਂ ਦੀ ਮੁਲਾਕਾਤ ਇਕ ਕਮਰੇ ‘ਚ ਕਰਵਾ ਸਕਦੇ ਸਨ। ਇਹ ਸਭ ਜੇਲ੍ਹ ਮੈਨੂਅਲ ਵਿੱਚ ਲਿਖਿਆ ਹੈ, ਇਹ ਇੱਕ ਵਿਵਸਥਾ ਹੈ। ਇੱਥੋਂ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਦਫ਼ਤਰ ਵਾਲੇ ਲਿਖਦੇ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲਣ ਆ ਰਹੇ ਹਨ, ਪਰ ਉਨ੍ਹਾਂ ਨਾਲ ਕਮਰੇ ਵਿੱਚ ਮੀਟਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ। ਮੈਂ ਜੇਲ੍ਹ ਦੀ ਜਾਲੀ ਦੇ ਇੱਕ ਪਾਸੇ ਖੜ੍ਹਾ ਰਹਿੰਦਾ ਸੀ ਤੇ ਦੂਜੇ ਪਾਸੇ ਭਗਵੰਤ ਮਾਨ ਗੱਲਾਂ ਕਰਦੇ ਸੀ। ਉਸ ਨੂੰ ਲੱਗਾ ਕਿ ਅਜਿਹਾ ਕਰਕੇ ਉਹ ਕੇਜਰੀਵਾਲ ਦਾ ਅਪਮਾਨ ਕਰ ਰਹੇ ਹਨ, ਪਰ ਇਹ ਛੋਟੀਆਂ-ਛੋਟੀਆਂ ਗੱਲਾਂ ਕੇਜਰੀਵਾਲ ਦਾ ਅਪਮਾਨ ਨਹੀਂ ਕਰਦੀਆਂ। ਜਦੋਂ ਤੱਕ ਭਾਰਤ ਮਾਤਾ ਦਾ ਸਿਰ ਉੱਚਾ ਹੈ, ਕੇਜਰੀਵਾਲ ਦਾ ਸਿਰ ਉੱਚਾ ਹੈ।

- Advertisement -

ਕੇਜਰੀਵਾਲ ਨੇ ‘ਆਪ’ ਵਰਕਰਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਚਾਰ ਕਰਨ ਲਈ ਅਜੇ 10-12 ਦਿਨ ਬਾਕੀ ਹਨ। ਇਨ੍ਹਾਂ 10-12 ਦਿਨਾਂ ਵਿੱਚ ਐਨੀ ਮਿਹਨਤ ਕਰੋ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿੱਤੇ। 4 ਜੂਨ ਨੂੰ ਚੋਣ ਨਤੀਜਿਆਂ ਵਾਲੇ ਦਿਨ ਮੈਂ ਜੇਲ੍ਹ ਵਿੱਚ ਰਹਾਂਗਾ ਪਰ ਚੋਣ ਨਤੀਜੇ ਟੀਵੀ ‘ਤੇ ਦੇਖਾਂਗਾ। ਮੈਨੂੰ ਭਰੋਸਾ ਹੈ ਕਿ ਤੁਸੀਂ ਲੋਕ ਮੈਨੂੰ ਨਿਰਾਸ਼ ਨਹੀਂ ਕਰੋਗੇ।

Share this Article
Leave a comment