ਸਾਗਰ ਸਰਹੱਦੀ – ਪਰਿਵਾਰ ਦਾ ਗੰਗਾ ਸਾਗਰ

TeamGlobalPunjab
9 Min Read

-ਸੰਜੀਵਨ ਸਿੰਘ

ਕਲਮਕਾਰ/ਕਲਾਕਾਰ/ਫ਼ਨਕਾਰ ਹੋਣ ਦੀ ਮੁੱਢਲੀ ਸ਼ਰਤ ਹੈ, ਉਹ ਸੰਵੇਦਨਸ਼ੀਲ ਹੋਵੇ, ਜਿਹੜਾ ਆਪਣੀ ਤਾਂ ਕੀ ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਦਾ ਹੋਵੇ। ਆਪਣੀ ਤਾਂ ਕੀ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਦਾ ਹੋਵੇ। ਸਾਗਰ ਸਰਹੱਦੀ ਨੇ ਫਨਕਾਰ ਹੋਣ ਦੀ ਮੁੱਢਲੀ ਸ਼ਰਤ ਪੂਰੀ ਕਰਦੇ ਹੋਰ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ, ਮਨੁੱਖੀ ਪੀੜਾ ਨੂੰ ਖੁਦ ਦੀ ਪੀੜਾ ਸਮਝੀ ਵੀ ਤੇ ਆਪਣੀ ਲੇਖਣੀ ਜ਼ਰੀਏ ਲੋਕਾਈ ਦੇ ਦੁੱਖਾਂ-ਤਕਲੀਫਾ ਝੱਲਣ ਦਾ ਯਤਨ ਵੀ ਕੀਤਾ। (ਬਾਲੀਵੁੱਡ ਦੀ ਪ੍ਰਸਿੱਧ ਹਸਤੀ ਸਾਗਰ ਸਰਹੱਦੀ ਬੀਤੇ ਦਿਨੀਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਪੇਸ਼ ਹੈ ਉਨ੍ਹਾਂ ਨੂੰ ਸਮਰਪਿਤ ਇਕ ਸ਼ਰਧਾਂਜਲੀ ਲੇਖ)

ਆਜ਼ਾਦੀ ਤੋਂ 14 ਸਾਲ ਪਹਿਲਾਂ 1933 ਵਿਚ ਜੇਠ ਦੇ ਤਪਦੇ ਮਹੀਨੇ ਸਾਗਰ ਸਰੱਹਦੀ ਵਰਗੇ ਕੁੰਦਨ ਦਾ ਜਨਮ ਐਬਟਾਬਾਦ ਸ਼ਹਿਰ ਨੇੜੇ ਬੱਫਾ, ਵਿਖੇ ਪਿਤਾ ਥਾਨ ਸਿੰਘ ਤਲਵਾੜ ਤੇ ਮਾਤਾ ਪ੍ਰੇਮ ਦਾਈ ਦੇ ਘਰ ਹੋਇਆ। ਮਾਂ-ਪਿਓ ਨੇ ਉਨ੍ਹਾਂ ਦਾ ਨਾਂ ਗੰਗਾ ਸਾਗਰ ਰੱਖਿਆ ਪਰ ਸਰਹੱਦੀ ਸੂਬੇ ਨਾਲ ਸਬੰਧਤ ਹੋਣ ਕਰਕੇ ਗੰਗਾ ਸਾਗਰ ਨੇ ਆਪਣਾ ਨਾਂ ਸਾਗਰ ਸਰਹੱਦੀ ਰੱਖ ਲਿਆ।

ਦੇਸ਼ ਦੀ ਆਜ਼ਾਦੀ ਨੇ ਜਿੱਥੇ ਦੇਸ਼ ਵਾਸੀਆਂ ਅੰਦਰ ਜੋਸ਼, ੳਤਸ਼ਾਹ ਤੇ ਉਮੰਗ ਦਾ ਸੰਚਾਰ ਕੀਤਾ, ਉਥੇ ਹੀ ਭਾਰਤ ਦੇ ਜਿਸਮ ਉਪਰ ਲੀਕ ਵੀ ਵਾਹ ਦਿੱਤੀ। ਇਸ ਲੀਕ ਨੇ ਧਰਤੀ ਇਨਸਾਨੀ ਖੂਨ ਨਾਲ ਲੱਥ-ਪੱਥ ਕਰ ਦਿੱਤੀ। ਭਾਈ ਨੂੰ ਭਾਈ ਦੀ ਜਾਨ ਦਾ ਦੁਸ਼ਮਣ ਬਣਾ ਦਿੱਤਾ। ਇਕ ਦੀ ਧੀਅ ਸਾਰੇ ਪਿੰਡ ਦੀ ਧੀਅ ਦੀ ਸੋਚ ਨੂੰ ਮਧੋਲ ਕੇ ਰੱਖ ਦਿਤਾ। ਇਸ ਅਣ-ਮਨੁੱਖੀ ਵਰਤਾਰੇ ਨੇ ਸਾਗਰ ਸਰਹੱਦੀ ਦੀ ਰੂਹ ਵਲੂੰਦਰ ਕੇ ਰੱਖ ਦਿੱਤੀ। ਉਸ ਦੀ ਆਤਮਾ ਕੁਰਲਾ ਉਠੀ।ਆਪਣਾ-ਆਪਣਾ ਲੱਗਦਾ ਆਲਾ-ਦੁਆਲਾ, ਖੇਤ-ਖਲਿਆਣ ਰਾਤੋ-ਰਾਤ ਓਪਰੇ-ਓਪਰੇ, ਬੇਗ਼ਾਨੇ-ਬੇਗ਼ਾਨੇ ਜਾਪਣ ਲੱਗ ਪਏ। ਚਾਚੇ-ਤਾਏ, ਭਰਾ-ਭਰਜਾਈਆਂ, ਭਤੀਜੇ-ਭਤੀਜੀਆਂ ਪਲਾਂ ਵਿਚ ਹੀ ਹਿੰਦੁ-ਮੁਲਮਾਨ ਜਾਪਣ ਲੱਗ ਪਏ।

ਲੱਖਾਂ ਭਾਰਤੀਆਂ ਤੋਂ ਸ਼ਰਨਾਰਥੀ ਬਣੇ ਲੋਕਾਂ ਵਿਚ ਸਾਗਰ ਸਰਹੱਦੀ ਵੀ ਸ਼ੁਮਾਰ ਸੀ। ਇਨਸਾਨੀਅਤ ਵਿਰੋਧੀ ਤੱਤੀਆਂ ਹਵਾਵਾਂ ਦੇ ਥਪੇੜੇ ਸਹਿੰਦਾ ਸਰਹੱਦੀ ਨੇ ਪਹਿਲਾਂ ਦਿੱਲੀ ਤੇ ਫੇਰ ਬੰਬਈ ਟਿਕਾਣਾ ਬਣਾ ਲਿਆ। ਵੱਡੇ ਭਰਾ ਦੇ ਵੱਡੇ ਪ੍ਰੀਵਾਰ ਨਾਲ ਛੋਟੇ ਕਮਰੇ ਵਿਚ ਜਿਵੇਂ-ਕਿਵੇਂ ਸਾਗਰ ਸਰੱਹਦੀ ਜ਼ਿੰਦਗੀ ਤੋਰਨੀ ਸ਼ੁਰੂ ਕਰ ਦਿੰਦਾ ਹੈ।

ਮੁਲਕ ਦੀ ਵੰਡ ਦੌਰਾਨ ਸਰਹੱਦੀ ਦੇ ਜਿਸਮਾਨੀ ਫੱਟ ਤਾਂ ਭਾਵੇਂ ਸਮੇਂ ਨੇ ਭਰ ਦਿੱਤੇ ਪਰ ਰੂਹ ਦੇ ਜ਼ਖ਼ਮ ਸਾਰੀ ਉਮਰ ਨਾਸੂਰ ਬਣਕੇ ਰਿਸਦੇ ਰਹੇ। ਉਨ੍ਹਾਂ ਨੂੰ ਸਮਝ ਨਹੀ ਸੀ ਆਇਆ ਕਿ ਉਹ ਕਿਹੜੀਆਂ ਤਾਕਤਾਂ ਹਨ ਜੋ ਤੁਹਾਨੂੰ ਆਪਣੀ ਸਰਜ਼ਮੀਨ, ਆਪਣਾ ਘਰ-ਬਾਰ, ਆਪਣਾ ਪਿੰਡ ਛੱਡਣ ਲਈ ਮਜਬੂਰ ਕਰ ਦਿੰਦੀਆਂ ਹਨ।ਤੁਹਾਨੂੰ ਇਨਸਾਨ ਤੋਂ ਰਿਫਿਉਜ਼ੀ ਬਣਾ ਦਿੰਦੀਆਂ ਹਨ।ਸਾਗਰ ਸਰਹੱਦੀ ਸਾਰੀ ਉਮਰ ਉਜਾੜੇ ਦੇ ਦਰਦ ਨੂੰ ਭੁਲਾ ਨਹੀ ਸਕਿਆ। ਸਾਰੀ ਉਮਰ ਪਿੰਡ ਉਸ ਦੇ ਚੇਤਿਆਂ ਵਿਚ ਵੱਸਿਆ ਰਿਹਾ।

ਮਾਰਕਸਵਾਦੀਆਂ ਦੀ ਸੋਹਬਤ ਤੇ ਸੰਵੇਦਨਸ਼ੀਲਤਾ ਉਸ ਦਾ ਝੁਕਾਅ ਖੱਬੇ-ਪੱਖੀ ਵਿਚਾਰਧਾਰਾ ਵੱਲ ਕਰਨ ਵਿਚ ਸਹਾਈ ਹੁੰਦੀ ਹੈ। ਇਸੇ ਕਾਰਣ ਸਾਗਰ ਸਰਹੱਦੀ ਦੀ ਦਿਲਚਸਪੀ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਵੱਲ ਹੋਈ। ਜੋ 78 ਸਾਲ ਪਹਿਲਾਂ 1943 ਵਿਚ ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਕੈਫ਼ੀ ਆਜ਼ਮੀ, ਬਲਰਾਜ ਸਾਹਨੀ ਦੇ ਯਤਨਾ ਸਦਕਾ ਹੋਂਦ ਵਿਚ ਆਈ।

ਇਪਟਾ ਦੇ ਕਲਾਵੇ ਵਿਚ ਨਰਗਿਸ ਦੱਤ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਹੇਮੰਤ ਕੁਮਾਰ, ਮਨਾ ਡੇ, ਏ.ਕੇ.ਹੰਗਲ, ਉਤਪਲਦੱਤ, ਦੁਰਗਾ ਖੋਟੇ, ਸੰਜੀਵ ਕੁਮਾਰ, ਭੀਸ਼ਮ ਸਾਹਨੀ, ਸ਼ਬਾਨਾ ਆਜ਼ਮੀ ਵਰਗੇ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫ਼ਨਕਾਰ ਵੀ ਆਏ।

ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ।ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਆਜ਼ਾਦੀ ਦੀ ਲੜਾਈ ਜਾਂ ਹੁਣ ਤਿੰਨ ਕਾਲੇ ਕਾਨੁੰਨਾਂ ਖ਼ਿਲਾਫ ਚੱਲ ਰਿਹਾ ਕਿਸਾਨ ਅੰਦੋਲਨ ਹੋਵੇ। ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ੁੰਮੇਵਾਰੀ ਮੁਹਰਲੀ ਕਤਾਰ ਵਿਚ ਰਹਿਕੇ ਦਲੇਰੀ, ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਇਪਟਾ ਦੀਆਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਰੰਗਮੰਚੀ ਤੇ ਸਭਿਆਚਾਰਕ ਗਤੀਵਿਧੀਆਂ ਉਪਰ ਹਮੇਸ਼ਾ ਹੀ ਹਾਕਿਮ ਦੀ ‘ਜ਼ਰਾੱ-ਨਿਵਾਜ਼ੀ’ ਰਹੀ। ਚਾਹੇ ਉਹ ਹਾਕਮ ਵਿਦੇਸ਼ੀ ਹੋਵੇ ਜਾਂ ਦੇਸੀ।

ਆਮ ਤੌਰ ’ਤੇ ਇਹ ਗੱਲ ਪ੍ਰਚਲਿਤ ਹੈ ਕਿ ਸਰਸਵਤੀ ਤੇ ਲਕਸ਼ਮੀ ਦਾ ਕਦੇ ਮੇਲ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ। ਕਲਮਕਾਰ/ਕਲਾਕਾਰ/ਫ਼ਨਕਾਰ ਦੀ ਜ਼ਿੰਦਗੀ ਫ਼ਾਕਿਆ ਤੇ ਤੰਗ-ਦਸਤੀਆਂ ਵਿਚ ਹੀ ਬੀਤਣੀ ਚਾਹੀਦੀ ਹੈ ਤਾਂ ਜੋ ਉਹ ਉਹ ਸਮਾਜ ਦੀਆਂ ਤੰਗੀਆਂ-ਤੁਰਸ਼ੀਆਂ, ਦੁੱਖਾਂ-ਤਕਲੀਫਾਂ ਤੇ ਦੁਸ਼ਵਾਰੀਆਂ ਦੀ ਬਾਤ ਵਧੇਰੇ ਸ਼ਿੱਦਤ ਨਾਲ ਪਾਅ ਸਕੇ।ਪਰ ਇਥੇ ਮੈਂ ਸ਼ਹੀਦ-ਏ-ਆਜ਼ਿਮ ਭਗਤ ਸਿੰਘ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਦਾ ਹਾਂ। ਭਗਤ ਸਿੰਘ ਇਕ ਖੁਸ਼ਹਾਲ ਤੇ ਸਾਧਨ ਸੰਪਨ ਪਰਿਵਾਰ ਵਿਚ ਪੈਦਾ ਹੋਏ ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ-ਦੁਸ਼ਵਾਰੀ ਦਾ ਸਾਹਮਣਾ ਨਹੀ ਕਰਨਾ ਪਿਆ।ਆਰਿਥਕ ਔਕੜ ਦਾ ਤਾਂ ਕਦੇ ਵੀ ਨਹੀਂ ਪਰ ਭਗਤ ਸਿੰਘ ਨੇ ਸਮਾਜ ਦੇ ਸ਼ੌਸ਼ਿਤ ਤੇ ਪੀੜਤ ਵਰਗ ਦਾ ਦਰਦ ਵੀ ਮਹਿਸੂਸ ਕੀਤਾ ਤੇ ਉਨ੍ਹਾਂ ਦੇ ਪੱਖ ਵੀ ਖੜੇ ਵੀ, ਲੜੇ ਵੀ। ਹੱਸਣ-ਖੇਡਣ ਦੀ ਅਲੜ ਉਮਰੇ ਆਪਣੇ ਦੇਸ਼ ਦੀ ਅਜ਼ਾਦੀ ਖਾਤਿਰ ਸ਼ਹਾਦਤ ਵੀ ਦਿੱਤੀ।

ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਰਾਕ ਤੇ ਸਮਾਜਿਕ ਸਰਗਰਮੀਆਂ ਵਿਚ ਹਮੇਸ਼ਾਂ ਹੀ ਮੁੱਢਲੀ ਕਤਾਰ ਵਿਚ ਰਹਿ ਕੇ ਸੁਹਿਰਦਤਾ ਤੇ ਈਮਾਨਦਾਰੀ ਨਾਲ ਸਰਗਰਮ ਰਹੇ। ਉਨ੍ਹਾਂ ਨਾਟਕ ਲਿਖੇ ਤੇ ਨਿਰਦੇਸ਼ਿਤ ਵੀ ਕੀਤੇ। ਉਨਾਂ ਦੇ ਪ੍ਰਸਿੱਧ ਨਾਟਕ ‘ਭਗਤ ਸਿੰਘ ਅਤੇ ਅਸ਼ਫਾਕੁੱਲਾ’ ਤੇ ‘ਰਾਜ ਦਰਬਾਰ’ ਦੇਸ਼ ਭਰ ਵਿਚ ਇਪਟਾ ਤੇ ਹੋਰ ਨਾਟ-ਮੰਡਲੀਆਂ ਵੱਲੋਂ ਦੇਸ਼-ਭਰ ਵਿਚ ਮੰਚਿਤ ਕੀਤੇ।

ਸਾਗਰ ਸਰਹਦੀ ਨੇ ਯਸ਼ ਚੋਪੜਾ ਦੀਆਂ ਫਿਲਮਾਂ ‘ਕਭੀ ਕਭੀ’, ‘ਸਿਲਸਿਲਾ’, ‘ਫਾਸਲੇ’ ਅਤੇ ‘ਚਾਂਦਨੀ’ ਵਰਗੀਆਂ ਪਿਆਰ ਦੀਆਂ ਗਾਥਾਵਾਂ ਵਿੱਚ ਆਪਣੇ ਸੰਵਾਦ ਅਤੇ ਸਕ੍ਰੀਨਪਲੇ ਲਈ ਮਸ਼ਹੂਰ ਹਨ,ਉਨਾਂ ਬਾਸੂ ਭੱਟਾਚਾਰੀਆ ਦੀ ਫਿਲਮ ‘ਅਨੁਭਵ’, ਰਾਜ ਕੰਵਰ ਦੀ ਫਿਲਮ ‘ਦੀਵਾਨਾ’ ਅਤੇ ਰਾਕੇਸ਼ ਰੋਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਇਲਾਵਾ ‘ਬਜ਼ਾਰ’, ‘ਨੂਰੀ’, ‘ਫਾਸਲ’, ‘ਜ਼ਿੰਦਗੀ’, ‘ਦੂਸਰਾ ਆਦਮੀ’, ‘ਅਨੁਭਵ’, ‘ਕਰਮਯੋਗੀ’, ‘ਚੌਸਰ’ ਲਈ ਵੀ ਸੰਵਾਦ ਲਿਖੇ ਪਰ ਹਮੇਸ਼ਾ ਲਈ ਯਸ਼ ਚੋਪੜਾ ਨਾਲ ਜੁੜੇ ਰਹਿਣ ਲਈ ਜਾਣਿਆ ਜਾਂਦਾ ਸੀ।

ਇਨ੍ਹਾਂ ਫਿਲਮਾਂ ਵਿਚ ਅਮਿਤਾਭ ਬੱਚਨ, ਸੁਨੀਲ ਦੱਤ, ਸ਼ਸ਼ੀ ਕਪੂਰ, ਵਿਨੋਦ ਖੰਨਾ, ਰਾਖੀ, ਰਿਸ਼ੀ ਕਪੂਰ, ਜਯਾ ਭਾਦੂੜੀ, ਰੇਖਾ, ਸ਼੍ਰੀਦੇਵੀ ਅਤੇ ਪੂਨਮ ਢਿੱਲੋਂ ਵਰਗੇ ਕਮਸ਼ਰੀਅਲ ਫਿਲਮਾਂ ਦੇ ਦਿੱਗਜ ਕਲਾਕਾਰਾਂ ਨੇ ਵੀ ਅਦਕਾਰੀ ਦੇ ਜਲਵੇ ਬਿਖੇਰੇ ਅਤੇ ਯਥਾਰਥਵਾਦੀ ਫਿਲਮਾਂ ਵਿਚ ਨਾਮਣਾ ਖੱਟ ਚੁੱਕੇ ਨਸੀਰੂਦੀਨ ਸ਼ਾਹ, ਫਾਰੂਕ ਸ਼ੇਖ, ਦੀਪਤੀ ਨਵਲ, ਸਮਿਤਾ ਪਾਟਿਲ ਅਤੇ ਸੁਪ੍ਰੀਆ ਪਾਠਕ ਨੇ ਵੀ।

ਸਾਗਰ ਸਰਹੱਦੀ 1982 ਵਿਚ ਯਥਾਰਥਵਾਦੀ ਫਿਲਮ ‘ਬਜ਼ਾਰ’ ਰਾਹੀਂ ਨਾਲ ਡਾਇਰੈਕਟਰ ਬਣੇ। ਫਾਰੂਕ ਸ਼ੇਖ, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ ਅਤੇ ਸੁਪ੍ਰੀਆ ਪਾਠਕ ਦੀ ਅਦਾਕਾਰੀ ਵਾਲੀ ਇਹ ਫਿਲਮ ਕਥਿਤ ਤੌਰ ’ਤੇ ਹੈਦਰਾਬਾਦ ਵਿਚ ਮੁਸਲਿਮ ਕੁੜੀਆਂ ਨੂੰ ਪੈਸੇ ਦੇ ਬਦਲੇ ਅਮੀਰ ਪਰਵਾਸੀਆਂ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਬਾਰੇ ਇਕ ਸੱਚੀ ਕਹਾਣੀੋ ’ਤੇ ਅਧਾਰਤ ਸੀ। ਫਿਲਮ ਦਾ ਸੰਗੀਤ ਅਤੇ ਗੀਤ ਵੀ ਕਾਫੀ ਚਰਚਿੱਤ ਹੋਏ। ਇਹ ਫਿਲਮ ਭਾਰਤ ਵਿਚ ਨਵੇਂ-ਯਥਾਰਥਵਾਦੀ ਸਿਨੇਮਾ ਦੀ ਇਕ ਵਿਸ਼ੇਸ਼ਤਾ ਵੀ ਮੰਨੀ ਗਈ ਅਤੇ ਕਲਾ ਫਿਲਮਾਂ ਦੇ ਨਾਲ-ਨਾਲ ਵਪਾਰਕ ਸਫਲਤਾ ਵੀ ਸੀ। ਬਦਕਿਸਮਤੀ ਨਾਲ, ਫਿਲਮ ਸਫਲ ਹੋਣ ਦੇ ਬਾਵਜੂਦ, ਸਰਹੱਦੀ ਇੱਕ ਫਿਲਮ ਨਿਰਦੇਸ਼ਕ ਦੇ ਰੂਪ ਵਿੱਚ ਆਪਣਾ ਕੈਰੀਅਰ ਬਣਾਉਣ ਵਿਚ ਸਫਲ ਨਹੀਂ ਹੋ ਸਕੇ।

ਉਨ੍ਹਾਂ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ ਅਤੇ ਮਾਰਕ ਜ਼ੁਬਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇ’ ਨਾਂ ਦੀ ਫਿਲਮ ਦੀ ਯੋਜਨਾ ਬਣਾਈ ਸੀ, ਪਰ ਫਿਲਮ ਬਣ ਨਹੀਂ ਸਕੀ।ਉਨਾਂ ‘ਬਾਜ਼ਾਰ’ ਦਾ ਸੀਕਵਲ ਬਣਾਉਣ ਬਾਰੇ ਵੀ ਸੋਚਿਆ ਸੀ ਪਰ ਆਪਣਾ ਸੁਪਨਾ ਸਾਕਾਰ ਹੁੰਦਾ ਨਹੀਂ ਵੇਖ ਸਕਿਆ।ਸਾਗਰ ਸਰਹੱਦੀ ਉਰਦੂ ਲੇਖਕ ਅਤੇ ਕਵੀ ਬਣਨ ਵਿੱਚ ਦਿਲਚਸਪੀ ਰੱਖਦਾ ਸੀ। ਪਰ ਵਿੱਤੀ ਸੁਰੱਖਿਆ ਦੀ ਜ਼ਰੂਰਤ ਨੇ ਉਸਦਾ ਫਿਲਮਾਂ ਵੱਲ ਵਧੇਰੇ ਝੁਕਾਅ ਕਰ ਦਿੱਤਾ।

ਕਹਿੰਦੇ ਨੇ ਫਿਲਮ ਨਗਰੀ ਵਿਚ ਚੜ੍ਹਦੇ ਸੂਰਜ ਨੂੰ ਹੀ ਹਰ ਕੋਈ ਸਲਾਮ ਕਰਦਾ ਹੈ, ਡੁੱਬਦੇ ਵੱਲ ਸਾਰੇ ਪਿੱਠ ਕਰ ਲੈਂਦੇ ਹਨ। ਹਾਲਾਂਕਿ ਡੁੱਬਦੇ ਸੂਰਜ ਦੀ ਭਾਅ ਮਾਰਦੀ ਲਾਲੀ ਦੀ ਖੂਬਸੂਰਤੀ ਵੇਖਣ ਯੋਗ ਹੁੰਦੀ ਹੈ। ਪਰ ਕੁਦਰਤ ਨੂੰ ਨਿਹਾਰਨ, ਕੁਦਰਤ ਨਾਲ ਇਕ-ਮਿੱਕ ਹੋਣ ਦਾ ਵਕਤ ਕਿਸ ਕੋਲ ਹੈ। ਉਹ ਵੀ ਮੁੰਬਈ ਵਰਗੇ ਤੇਜ਼-ਰਫਤਾਰੀ ਸ਼ਹਿਰ ਵਿਚ।ਫਿਲਮ ਨਗਰੀ ਨਾਲ ਜੁੜੇ ਮਿੱਤਰ ਦੀ ਜਦ ਤੂਤੀ ਬੋਲਦੀ ਹੈ ਤਾਂ ਉਸ ਦੀਆਂ ਸ਼ਾਮਾਂ ਵੀ ਰੰਗੀਨ ਤੇ ਰਾਤਾ ਵੀ। ਜਦ ਤੂਤੀ ਬੋਲਣੀ ਬੰਦ ਸ਼ਾਮਾਂ, ਰਾਤਾਂ ਤਾਂ ਕੀ ਸ਼ਿਖਰ ਦੁਪਿਹਰੇ ਹੀ ਸੰਨਾਟਾ ਛਾਅ ਜਾਂਦਾ ਹੈ।

ਏ.ਕੇ ਹੰਗਲ ਚਰਿੱਤਰ ਅਭਿਨੇਤਾ ਵੱਜੋਂ ਹਿੰਦੀ ਫਿਲਮਾਂ ਵਿਚ ਲੰਮਾ ਅਰਸਾ ਸਰਗਰਮ ਰਹੇ।ਫਿਲਮ ਜਗਤ ਦੀਆ ਤਕਰੀਬਨ ਸਾਰੀਆਂ ਦਿੱਗਜ ਹਸਤੀਆਂ ਨਾਲ ਕੰਮ ਵੀ ਕੀਤਾ ਅਤੇ ਅਖੀਰਲੇ ਕੁੱਝ ਸਾਲ ਇਪਟਾ ਦੇ ਰਾਸ਼ਟਰੀ ਪ੍ਰਧਾਨ ਵੀ ਰਹੇ। ਪਰ ਉਨ੍ਹਾਂ ਦੀ ਅੰਤਿਮ ਰਸਮਾਂ ਵੇਲੇ ਤਕਰੀਬਨ ਸਾਰੇ ਹੀ ਦਿੱਗਜ ‘ਰੇਝੇਵਿਆਂ’ ਕਾਰਣ ਮਨਫ਼ੀ ਸਨ।

ਹੁਣ ਵੇਖਣਾ ਇਹ ਹੋਵੇਗਾ ਸਾਰੀ ਉਮਰ ਕਲਾ ਨੂੰ ਲੋਕਾਈ ਦੇ ਹਿੱਤਾਂ ਨੂੰ ਵਰਤਣ ਵਾਲੇ, ਲੋਕਾਂ ਦੇ ਹਿੱਤਾ ਨੂੰ ਪ੍ਰਣਾਏ ਹੋਏ, ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲੇ ਅਤੇ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਣ ਵਾਲੇ ਸਾਗਰ ਸਰਹੱਦੀ, ਜਿਨ੍ਹਾਂ ਫਿਲਮ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ, ਜਿਹੜੇ ਫਿਲਮ ਜਗਤ ਦੀਆ ਸਾਰੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਾਲ ਵਿਚਰੇ, ਕਈਆਂ ਨੂੰ ਸਥਾਪਤ ਕਰਨ ਵਿਚ ਵੀ ਆਪਣਾ ਇਮਦਾਦ ਕੀਤੀ, ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਮੂਲੀਅਤ ਕਿੰਨੀ ਕੁ ਅਤੇ ਕਿੰਨੀ ਸ਼ਿੱਦਤ ਨਾਲ ਹੁੰਦੀ ਹੈ।

Share This Article
Leave a Comment