Breaking News

ਕਿਸਾਨ ਖੇਤੀ ਵੰਨ-ਸੁਵੰਨਤਾ ਲਈ ਬਦਲਵੇਂ ਹੀਲੇ ਤਲਾਸ਼ ਕਰਨ

-ਗੁਰਵਿੰਦਰਪਾਲ ਸਿੰਘ ਢਿੱਲੋਂ

ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਰਵਾਇਤੀ ਫਸਲੀ ਚੱਕਰ (ਕਣਕ-ਝੋਨਾ) ਦੀ ਮੰਡੀਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਕਾਰਨ ਕਿਸਾਨ ਸਹਾਇਕ ਧੰਦੇ ਅਪਨਾਉਣ ਵਿੱਚ ਰੁਚੀ ਦਿਖਾ ਰਹੇ ਹਨ। ਕਣਕ-ਝੋਨੇ ਦੀ ਯਕੀਨੀ ਮੰਡੀਕਰਨ ਤੇ ਸਵਾਲੀਆ ਚਿੰਨ੍ਹ ਲੱਗਣ ਕਰਕੇ ਕਿਸਾਨ ਵੀਰਾਂ ਨੂੰ ਫਸਲੀ ਚੱਕਰ ਜਾਂ ਬਦਲਵੇਂ ਹੀਲੇ ਤਲਾਸ਼ਣ ਦੀ ਡਾਢੀ ਲੋੜ ਹੈ। ਰਵਾਇਤੀ ਰੁੱਖ ਲਗਭਗ ਸਾਰੀਆਂ ਸਿੰਚਾਈ ਵਾਲੀਆਂ ਜ਼ਮੀਨਾਂ ਤੋਂ ਅਲੋਪ ਹੋ ਚੁੱਕੇ ਹਨ। ਜੰਗਲਾਂ ਹੇਠ ਰਕਬਾ ਨਾ-ਮਾਤਰ ਹੋਣ ਕਰਕੇ ਸਰਕਾਰ ਅਤੇ ਵਾਤਾਵਰਣ ਮਾਹਿਰਾਂ ਵੱਲੋਂ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਵਣ ਖੇਤੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਣ ਖੇਤੀ ਪ੍ਰਣਾਲੀ ਨੂੰ ਪੰਜਾਬ ਦੇ ਕੁਝ ਇਲਾਕਿਆ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਪਾਪਲਰ ਤੇਜ਼ੀ ਨਾਲ ਵਧਣ ਵਾਲਾ ਅਜਿਹਾ ਰੁੱਖ ਹੈ। ਜਿਸ ਦੀ ਨਰਮ ਲੱਕੜ ਤੋਂ ਕਈ ਵਸਤਾਂ ਜਿਵੇਂ ਮਾਚਿਸ ਦੀਆਂ ਤੀਲੀਆਂ, ਡੱਬੀਆਂ, ਪਲਾਈ , ਕਾਗਜ਼ ਆਦਿ ਬਣਦੀਆਂ ਹਨ। ਇਸ ਦਾ ਤਣਾ ਸਿੱਧਾ ਹੋਣ ਕਰਕੇ ਅਤੇ ਇਸ ਦੀ ਸਰਦੀਆਂ ਵਿੱਚ ਪੱਤੇ ਝਾੜਣ ਦੀ ਸਮਰੱਥਾ ਕਰਕੇ ਇਹ ਹਾੜੀ ਦੀਆਂ ਫਸਲਾਂ ਦਾ ਘੱਟ ਨੁਕਸਾਨ ਕਰਦਾ ਹੈ। ਖੇਤੀ ਦੀਆਂ ਫਸਲਾਂ ਵਾਂਗ ਰੁੱਖਾਂ ਤੋਂ ਹੋਣ ਵਾਲੀ ਪੈਦਾਵਾਰ ਅਤੇ ਆਮਦਨ ਬੂਟਿਆਂ ਦੀ ਕਿਸਮ ਉਤੇ ਕਾਫੀ ਨਿਰਭਰ ਕਰਦੀ ਹੈ। ਕਿਸਾਨ ਵੀਰਾਂ ਨੂੰ ਨਰਸਰੀ ਪੰਜੀਕ੍ਰਿਤ ਅਤੇ ਭਰੋਸੇਯੋਗ ਅਦਾਰਿਆ ਤੋਂ ਹੀ ਖਰੀਦਣੀ ਚਾਹੀਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਈ ਪ੍ਰਾਈਵੇਟ ਨਰਸਰੀਆਂ ਦੁਆਰਾ ਕਿਸਾਨਾਂ ਨੂੰ ਅਜਿਹੇ ਰੁੱਖਾਂ ਦੀ ਨਰਸਰੀ ਵੀ ਸਪਲਾਈ ਕੀਤੀ ਹੈ ਜਿਹੜੇ ਪੰਜਾਬ ਦੇ ਪੌਣ-ਪਾਣੀ ਚੰਗੀ ਤਰ੍ਹਾਂ ਵਧ-ਫੁੱਲ ਨਹੀਂ ਸਕਦੇ।

ਕਿਸਾਨ ਸੁਧਰੀ ਨਰਸਰੀ ਆਪ ਵੀ ਤਿਆਰ ਕਰ ਸਕਦੇ ਹਨ ਜਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਣ ਅਤੇ ਕੁਦਰਤੀ ਸੋਮੇ ਵਿਭਾਗ ਤੋਂ ਲੈ ਸਕਦੇ ਹਨ। ਇਸ ਲੇਖ ਰਾਹੀਂ ਪਾਪਲਰ ਦੀ ਕਾਸ਼ਤ ਦੇ ਢੰਗ ਦੱਸੇ ਗਏ ਹਨ।

ਪੌਣ-ਪਾਣੀ ਅਤੇ ਮਿੱਟੀ: ਪੰਜਾਬ ਦਾ ਪੌਣ-ਪਾਣੀ ਪਾਪਲਰ ਲਈ ਢੁੱਕਵਾਂ ਹੈ। ਮੈਰਾ ਰੇਤਲੀ ਜ਼ਮੀਨ, ਜਿੱਥੇ ਪਾਣੀ ਦਾ ਨਿਕਾਸ ਸਹੀ ਹੋਵੇ, ਇਸ ਦੇ ਤੇਜ਼ ਵਾਧੇ ਲਈ ਢੁੱਕਵੀਂ ਹੈ। ਜ਼ਿਆਦਾ ਚੀਕਣੀਆਂ ਜਾਂ ਖਾਰੀਆਂ ਜ਼ਮੀਨਾਂ ਵਿੱਚ ਪਾਪਲਰ ਦਾ ਸਹੀ ਵਾਧਾ ਨਹੀ ਹੁੰਦਾ।

ਨਰਸਰੀ ਤਿਆਰ ਕਰਨਾ: ਜਨਵਰੀ-ਫਰਵਰੀ ਮਹੀਨੇ ਦਾ ਸਮਾਂ ਪਾਪਲਰ ਲਗਾਉਣ ਲਈ ਢੁੱਕਵਾਂ ਹੈ। ਨਰਸਰੀ ਵਿੱਚ ਤਿਆਰ ਕੀਤੇ ਇਕ ਸਾਲ ਦੇ ਬੂਟੇ ਖੇਤਾਂ ਵਿੱਚ ਲਗਾਏ ਜਾਂਦੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਸੁਧਰੀਆਂ ਕਿਸਮਾਂ ਐਲ 47/88 ਅਤੇ ਐਲ 48/89 ਦੇ ਬੂਟੇ ਮਿਲਦੇ ਹਨ ਜਾਂ ਫਿਰ ਆਪਣੇ ਖੇਤਾਂ ਵਿੱਚ ਹੀ ਕਲਮਾਂ ਤੋਂ ਤਿਆਰ ਕੀਤੇ ਜਾ ਸਕਦੇ ਹਨ। ਕਲਮਾਂ ਇਕ ਸਾਲ ਪੁਰਾਣੇ ਬੂਟਿਆਂ ਤੋਂ ਤਿਆਰ ਕੀਤੀਆਂ ਜਾਂਦੀਆ ਹਨ। ਇਨ੍ਹਾਂ ਦੀ ਲੰਬਾਈ 20-25 ਸੈ.ਮੀ. ਅਤੇ ਮੋਟਾਈ 2-3 ਸੈ.ਮੀ. ਹੋਣੀ ਚਾਹੀਦੀ ਹੈ। 8-12 ਟਨ ਦੇਸੀ ਰੂੜੀ ਦੀ ਖਾਦ ਕਿਆਰੀਆਂ ਵਿੱਚ ਪਾਉ। ਕਲਮਾਂ ਨੂੰ 50ਣ50 ਜਾਂ 60ਣ60 ਸੈ.ਮੀ. ਫਾਸਲੇ ਦੇ ਪਲਾਟਿੰਗ ਰਾਡ ਜਾਂ ਕਿਸੇ ਸਰੀਏ ਨਾਲ ਛੇਕ ਕਰਨ ਤੋਂ ਬਾਅਦ ਕਲਮਾਂ ਦੀ ਅੱਖ ਜ਼ਮੀਨ ਤੋਂ ਉਪਰ ਛੱਡ ਕੇ ਬਾਕੀ ਜ਼ਮੀਨ ਵਿੱਚ ਨੱਪ ਦਿਓ। ਕਲਮਾਂ ਪੁੰਗਰਨ ਤੱਕ ਜ਼ਮੀਨ ਨੂੰ ਗਿੱਲਾ ਰੱਖੋ। ਨਰਸਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੋੋਂ ਤੁਰੰਤ ਬਾਅਦ ਵਿਛਾ ਦਿਓ। 50 ਕਿਲੋ ਨਾਈਟਰੋਜਨ ਦੋ ਕਿਸ਼ਤਾਂ ਵਿੱਚ ਜੁਲਾਈ ਅਤੇ ਅਗਸਤ ਦੇ ਪਹਿਲੇ ਹਫਤੇ ਪਾਓ। 60 ਕਿਲੋ ਫਾਸਫੋਰਸ ਅਤੇ 30 ਕਿਲੋ ਪੋਟਾਸ਼ ਤੱਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੂਨ ਤੋਂ ਅਕਤੂਬਰ ਤੱਕ ਬੂਟਿਆਂ ਦੇ ਹੇਠਲੇ ਇਕ ਤਿਹਾਈ ਹਿੱਸੇ ਦੀਆਂ ਅੱਖਾਂ ਗਿੱਲੀ ਬੋਰੀ ਨਾਲ ਰਗੜ ਕੇ ਲਾਹ ਦਿਓ। ਲੋੜ ਅਨੁਸਾਰ ਗੋਡੀ ਅਤੇ ਪਾਣੀ ਦਿੰਦੇ ਰਹੋ।

ਖੇਤਾਂ ਵਿੱਚ ਬੂਟੇ ਲਾਉਣਾ: ਅੱਧ ਜਨਵਰੀ ਤੋਂ ਅੱਧ ਫਰਵਰੀ ਤੱਕ ਨਰਸਰੀ ਵਿੱਚ ਤਿਆਰ ਬੂਟੇ ਖੇਤਾਂ ਵਿੱਚ ਲਗਾਏ ਜਾਂਦੇ ਹਨ। ਕਤਾਰਾਂ ਵਿੱਚਲਾ ਫਾਸਲਾ 5 ਮੀ. ਅਤੇ ਬੂਟਿਆਂ ਵਿਚਲਾ ਫਾਸਲਾ 4 ਮੀ. ਰੱਖੋ। ਕਤਾਰਾਂ ਦੀ ਦਿਸ਼ਾਂ ਉਤਰ-ਦੱਖਣ ਰੱਖੋ। ਬੰਨਿਆਂ ਤੇ ਬੂਟੇ ਲਗਾਉਣ ਲਈ ਫਾਸਲਾ 3 ਮੀਟਰ ਹੋਣਾ ਚਾਹੀਦਾ ਹੈ। ਵਣ-ਖੇਤੀ ਤੋਂ ਜ਼ਿਆਦਾ ਝਾੜ ਲੈਣ ਲਈ ਕਤਾਰਾਂ ਵਿਚਲਾ ਫਾਸਲਾ 8 ਮੀ. ਅਤੇ ਬੂਟਿਆਂ ਵਿਚਲਾ ਫਾਸਲਾ 2.5 ਮੀ. ਰੱਖੋ।

ਟੋਏ ਪੁੱਟਣਾ: ਖੇਤਾਂ ਨੂੰ ਚੰਗੀ ਤਰ੍ਹਾਂ ਵਾਹ ਕੇ ਫਾਸਲੇ ਮੁਤਾਬਕ ਨਿਸ਼ਾਨ ਲਗਾ ਦਿਓ। ਬੋਕੀ ਜਾਂ ਔਗਾਰ ਦੀ ਮਦਦ ਨਾਲ 15 ਸੈ.ਮੀ. ਵਿਆਸ ਵਾਲੇ ਇਕ ਮੀਟਰ ਡੂੰਘੇ ਟੋਏ ਪੁੱਟੋ। ਕਿਉਂਕਿ ਪਾਪਲਰ ਦੀਆਂ ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ ਨਹੀਂ ਜਾਂਦੀਆਂ। ਇਸ ਲਈ ਘੱਟ ਡੂੰਘਾਈ ਤੇ ਲਗਾਏ ਗਏ ਬੂਟੇ ਤੀਸਰੇ ਸਾਲ ਤੋਂ ਬਾਅਦ ਹਨੇਰੀ ਨਾਲ ਡਿੱਗ ਜਾਂਦੇ ਹਨ। ਇਸ ਲਈ ਟੋਏ ਹਮੇਸ਼ਾਂ ਇੱਕ ਮੀਟਰ ਡੂੰਘੇ ਹੀ ਪੁੱਟੋ।

ਬੂਟੇ ਲਗਾਉਣਾ: ਅੱਧ ਜਨਵਰੀ ਤੋਂ ਅੱਧ ਫਰਵਰੀ ਦਾ ਸਮਾਂ ਪਾਪਲਰ ਲਗਾਉਣ ਲਈ ਢੁੱਕਵਾਂ ਹੈ। ਪਛੇਤ ਕਰਨ ਨਾਲ ਬੂਟੇ ਨਰਸਰੀ ਵਿੱਚ ਹੀ ਪੁੰਗਰ ਜਾਂਦੇ ਹਨ ਅਤੇ ਖੇਤਾਂ ਵਿੱਚ ਘੱਟ ਚੱਲਦੇ ਹਨ। ਬੂਟਿਆਂ ਨੂੰ ਲਗਾਉਣ ਤੋਂ ਪਹਿਲਾਂ ਇਨ੍ਹਾਂ ਦੀ ਮੋਟੀ ਜੜ 40-50 ਸੈਟੀਮੀਟਰ ਅਤੇ ਆਲੇ-ਦੁਆਲੇ ਦੀਆਂ ਜੜ੍ਹਾਂ 15 ਸੈਟੀਮੀਟਰ ਰੱਖ ਕੇ ਕੱਟ ਦਿਉ। ਹਰ ਟੋਏ ਲਈ 2 ਕਿਲੋ ਗਲੀ ਸੜੀ ਰੂੜੀ, 10 ਗ੍ਰਾਮ ਬੀ.ਐਚ.ਸੀ.10%ਅਤੇ ਲੋੜ ਅਨੁਸਾਰ ਰਸਾਇਣਿਕ ਖਾਦ ਪਾ ਕੇ ਮਿੱਟੀ ਵਿੱਚ ਰਲਾ ਦਿਓ। ਦਰਮਿਆਨੀ ਨਾਈਟ੍ਰੋਜਨ ਵਾਲੀਆਂ ਜ਼ਮੀਨਾਂ ਵਿੱਚ 50 ਗ੍ਰਾਮ ਯੂਰੀਆ ਅਤੇ 85 ਗ੍ਰਾਮ ਡੀ.ਏ.ਪੀ. ਹਰ ਟੋਏ ਵਿੱਚ ਪਾਓ। ਜੇ ਫਾਸਫੋਰਸ ਐਸ.ਐਸ.ਪੀ. ਦੁਆਰਾ ਪਾਉਣੀ ਹੋਵੇ, ਤਾਂ 85 ਗ੍ਰਾਮ ਯੂਰੀਆ ਅਤੇ 250 ਗ੍ਰਾਮ ਐਸ.ਐਸ.ਪੀ ਪਾਓ। ਪੌਦੇ ਲਾਉਣ ਤੋਂ ਬਾਅਦ ਛੇਤੀ ਹੀ ਪਾਣੀ ਲਾ ਦਿਉ। ਬੂਟੇ ਨੂੰ ਟੋਏ ਵਿੱਚ ਸਿੱਧਾ ਰੱਖ ਕੇ ਖਾਦ ਮਿਲੀ ਮਿੱਟੀ ਨਾਲ ਟੋਏ ਨੂੰ ਭਰ ਦਿਓ ਅਤੇ ਨਾਲ ਨਾਲ ਮਿੱਟੀ ਚੰਗੀ ਤਰ੍ਹਾਂ ਦਬਾ ਦਿਓ ਅਤੇ ਛੇਤੀ ਹੀ ਪਾਣੀ ਲਾ ਦਿਓ। ਬੂਟੇ ਪੁੰਗਰਨ ਤੱਕ ਖੇਤ ਨੂੰ ਹਲਕੀ ਪਰ ਘੱਟ ਵਕਫੇ ਨਾਲ ਸਿੰਚਾਈ ਦਿੰਦੇ ਰਹੋ।

ਕਾਂਟ ਛਾਂਟ: ਚੰਗੇ ਅਤੇ ਸਿੱਧੇ ਬੂਟੇ ਪੈਦਾ ਕਰਨ ਲਈ ਟਾਹਣੀਆਂ ਦੀ ਕਟਾਈ ਸਰਦੀਆਂ ਵਿੱਚ ਪੱਤੇ ਝਾੜਨ ਤੋਂ ਤੁਰੰਤ ਬਾਅਦ ਕਰੋ ਅਤੇ ਕੱਟੇ ਹਿੱਸਿਆਂ ਉਤੇ ਬੋਰਡ ਮਿਸ਼ਰਨ (2 ਕਿਲੋ ਨੀਲਾ ਥੋਥਾ+2 ਕਿਲੋ ਚੂਨਾ+250 ਲੀਟਰ ਪਾਣੀ) ਲਗਾ ਦੇਵੋ। ਲੋੜ ਤੋਂ ਵੱਧ ਕਾਂਟ ਛਾਂਟ ਕਰਨ ਨਾਲ ਬੂਟਿਆਂ ਦਾ ਵਾਧਾ ਰੁਕਦਾ ਹੈ ਅਤੇ ਜ਼ਿਆਦਾ ਟਾਹਣੀਆਂ ਨਿਕਲਦੀਆਂ ਹਨ।

ਕੀੜੇ-ਮਕੌੜੇ ਅਤੇ ਇਨ੍ਹਾਂ ਦੀ ਰੋਕਥਾਮ: ਭਾਵੇਂ ਪਾਪਲਰ ਦੇ ਹੇਠ ਲਿਖੇ ਕੀੜੇ ਹਮਲਾ ਕਰ ਸਕਦੇ ਹਨ। ਪਰ ਆਮ ਤੌਰ ਤੇ ਬੂਟਿਆਂ ਵਿੱਚ ਇਸ ਤੋਂ ਉਭਰਨ ਦੀ ਸ਼ਕਤੀ ਹੁੰਦੀ ਹੈ।

1. ਪੱਤੇ ਝਾੜਨ ਵਾਲੀ ਸੁੰਡੀ: ਇਸ ਸੁੰਡੀ ਦੇ ਹਮਲੇ ਕਾਰਨ ਪੱਤੇ ਜਾਲ ਵਰਗੇ ਬਣ ਜਾਂਦੇ ਹਨ ਅਤੇ ਜ਼ਿਆਦਾ ਹਮਲੇ ਦੀ ਸੂਰਤ ਵਿੱਚ ਸੁੰਡੀ ਮਾਰਚ ਅਪ੍ਰੈਲ ਵਿੱਚ ਹਮਲਾ ਕਰਦੀ ਹੈ ਪਰ ਸਭ ਤੋਂ ਵੱਧ ਨੁਕਸਾਨ ਸਤੰਬਰ ਵਿੱਚ ਹੁੰਦਾ ਹੈ। ਇਸ ਦੀ ਰੋਕਥਾਮ ਲਈ ਉਹ ਪੱਤੇ ਜਿਨ੍ਹਾਂ ਤੇ ਅੰਡੇ ਹੋਣ ਉਨ੍ਹਾਂ ਨੂੰ ਤੋੜ ਕੇ ਸਾੜ ਦਿਓ। ਸਰਦੀਆਂ ਵਿੱਚ ਖੇਤ ਨੂੰ 3-4 ਵਾਰ ਵਾਹ ਦਿਓ।
2. ਪੱਤਾ ਲਪੇਟ ਸੁੰਡੀ: ਇਹ ਜਾਲਾ ਬਣਾ ਕੇ ਲਪੇਟੇ ਹੋਏ ਪੱਤੇ ਵਿੱਚ ਹਰਾ ਪਦਾਰਥ ਖਾਂਦੀ ਹੈ। ਇਸ ਦਾ ਸਭ ਤੋਂ ਵੱਧ ਹਮਲਾ ਜੁਲਾਈ ਤੋਂ ਅਕਤੂਬਰ ਵਿਚਕਾਰ ਹੁੰਦਾ ਹੈ।
3. ਸੱਕ ਖਾਣ ਵਾਲੀ ਸੁੰਡੀ: ਇਸ ਦੇ ਲਾਰਵੇ ਤਣੇ ਅਤੇ ਟਾਹਣੀਆਂ ਵਿੱਚ ਛੇਕ ਕਰਕੇ ਸੱਕ ਨੂੰ ਖਾਂਦੇ ਹਨ। ਇਹ ਛੇਕ ਖਾਸ ਕਰਕੇ ਉਨ੍ਹਾਂ ਥਾਵਾਂ ਤੇ ਹੁੰਦੇ ਹਨ ਜਿੱਥੇ ਟਾਹਣੀਆਂ ਦੀ ਕਾਂਟ ਛਾਂਟ ਕੀਤੀ ਗਈ ਹੈ। ਇਹ ਸੁੰਡੀ ਸਿਰਫ ਰਾਤ ਨੂੰ ਸੱਕ ਖਾਂਦੀ ਹੈ ਅਤੇ ਜਾਲਾ ਬਣਾਉਂਦੀ ਹੈ। ਕਈ ਕਿਸਾਨ ਵੀਰ ਇਸ ਨੂੰ ਤਣੇ ਦਾ ਬੋਰਰਸਮਝਦੇ ਹਨ। ਇਸ ਦੀ ਰੋਕਥਾਮ ਲਈ ਜਾਲਿਆਂ ਨੂੰ ਲਾਹ ਦਿਓ ਅਤੇ ਮਿੱਟੀ ਦਾ ਤੇਲ ਛੇਕਾਂ ਵਿੱਚ ਪਾ ਦਿਓ।
ਕਟਾਈ ਅਤੇ ਮੰਡੀਕਰਨ: ਜਦੋਂ ਬੂਟਿਆਂ ਦੀ ਲਪੇਟ 90 ਸੈਟੀਮੀਟਰ ਹੋ ਜਾਵੇ ਤਾਂ ਇਹ ਕੱਟਣ ਯੋਗ ਹੋ ਜਾਂਦੇ ਹਨ। ਪਾਣੀ ਦੇ ਨਿਕਾਸ ਵਾਲੀਆਂ ਉਪਜਾਊ ਜ਼ਮੀਨਾਂ ਅਤੇ ਵਧੀਆ ਖੇਤੀ ਪ੍ਰਬੰਧ ਨਾਲ ਪਾਪਲਰ 5-6 ਸਾਲਾਂ ਵਿੱਚ ਕੱਟਿਆ ਜਾ ਸਕਦਾ ਹੈ। ਪਾਪਲਰ ਵੇਚਣ ਲਈ ਨੇੜਲੀ ਪਲਾਈ, ਖੇਡਾਂ ਦਾ ਸਮਾਨ ਜਾਂ ਪੈਕਿੰਗ ਡੱਬੇ ਬਨਾਉਣ ਵਾਲੀ ਫੈਕਟਰੀ ਨਾਲ ਸੰਪਰਕ ਕਰੋ। ਪਾਪਲਰ ਭਾਵੇਂ ਲੱਕੜ ਦੇ ਭਾਰ ਨਾਲ ਵੇਚਿਆ ਜਾਂਦਾ ਹੈ। ਪ੍ਰੰਤੂ ਇਸ ਨੂੰ ਕੱਟ ਕੇ ਵੇਚਣ ਦੀ ਬਜਾਏ ਖੜ੍ਹੇ ਰੁੱਖਾਂ ਨੂੰ ਵੇਚਣ ਦੀ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਚੰਗਾ ਭਾਅ ਨਾ ਮਿਲਣ ਦੀ ਸੂਰਤ ਵਿੱਚ ਮੰਡੀਕਰਨ ਨੂੰ ਅੱਗੇ ਪਾਇਆ ਜਾ ਸਕੇ। ਨਾਲ ਹੀ ਕੋਸ਼ਿਸ਼ ਕਰੋ ਕਿ ਗਰੁੱਪ ਬਣਾ ਕੇ ਮੰਡੀਕਰਨ ਕੀਤਾ ਜਾਵੇ। ਬੂਟਿਆਂ ਦੀ ਮੋਟਾਈ ਦੇ ਆਧਾਰ ਦੇ ਲੱਕੜ ਦਾ ਘਣਫਲ ਅਤੇ ਭਾਰ ਦਾ ਪਤਾ ਲਗਾਉਣ ਅਤੇ ਹੋਰ ਵਧੇਰੇ ਤਕਨੀਕੀ ਜਾਣਕਾਰੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜੰਗਲਾਤ ਤੇ ਕੁਦਰਤੀ ਸੋਮੇ ਵਿਭਾਗ ਨਾਲ ਸੰਪਰਕ ਕਰੋ।

ਸੰਪਰਕ: 81463-00636

Check Also

ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ! ਕਿੰਨੀ ਸੱਚੀ ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ? ਕਿੰਨੀ ਸੱਚੀ ? ਇਹ …

Leave a Reply

Your email address will not be published. Required fields are marked *