Home / ਓਪੀਨੀਅਨ / ਗਣਿਤ ਦੀਆਂ ਸਚਾਈਆਂ ਲੱਭਣ ਵਾਲਾ ਵਿਗਿਆਨੀ – ਪਾਲ ਅਰਡਾਸ

ਗਣਿਤ ਦੀਆਂ ਸਚਾਈਆਂ ਲੱਭਣ ਵਾਲਾ ਵਿਗਿਆਨੀ – ਪਾਲ ਅਰਡਾਸ

-ਅਵਤਾਰ ਸਿੰਘ

ਵਚਿਤਰ ਗਣਿਤ ਵਿਗਿਆਨੀ, ਗਣਿਤ ਦੀ ਦੁਨੀਆਂ ਵਿੱਚ ਪਾਲ ਅਰਡਾਸ ਸਿਆਣਪ ਤੇ ਚੁਸਤੀ ਦਾ ਮੁਜੱਸਮਾ ਸੀ। ਉਹ ਕਹਿੰਦਾ ਸੀ ਕਿ ਗਣਿਤ ਸਚਾਈਆਂ ਲੱਭੀਆਂ ਜਾਂਦੀਆਂ ਹਨ ਨਾ ਕਿ ਬਣਾਈਆਂ ਜਾਂਦੀਆਂ।

ਖੋਜ ਪੱਤਰਾਂ ਦੀ ਗਿਣਤੀ ਪੱਖੋਂ ਪਾਲ ਅਰਡਾਸ ਦਾ ਰਿਕਾਰਡ ਹੈ। ਉਸਨੇ 1500 ਤੋਂ ਵੱਧ ਖੋਜ ਪੱਤਰ ਲਿਖੇ। ਅੰਕ ਸਿਧਾਂਤ ਵਿੱਚ ਉਸਦੀ ਪਹਿਲੀ ਮਹਤਵਪੂਰਨ ਦੇਣ ਇਸ ਥਿਊਰਮ ਦਾ ਪ੍ਰਮਾਣ ਸੀ ਕਿ ਇਕ ਤੋਂ ਵੱਡੇ ਹਰ ਅੰਕ ਤੇ ਉਸ ਤੋਂ ਦੁਗਣੀ ਸੰਖਿਆ ਵਿਚਕਾਰ ਘੱਟੋ ਘੱਟ ਇਕ ਹੋਰ ਪ੍ਰਾਈਮ ਸੰਖਿਆ (ਅਭਾਜ ਅੰਕ) ਹੁੰਦੀ ਹੈ।ਪ੍ਰਾਈਮ ਸੰਖਿਆ ਉਹ ਸੰਖਿਆ ਹੈ ਜੋ ਆਪਣੇ ਤੋਂ ਇਲਾਵਾ ਕਿਸੇ ਹੋਰ ਅੰਕ ਨਾਲ ਵੰਡਿਆ ਨਾ ਜਾਵੇ।ਇਹ ਥਿਊਰਮ ਉਸਨੇ 21 ਸਾਲ ਦੀ ਉਮਰ ਵਿਚ ਆਪਣੇ ਤਰੀਕੇ ਨਾਲ ਹਲ ਕੀਤੀ।

ਉਸ ਨੇ ਸਾਰੀ ਉਮਰ ਆਪਣੇ ਰਹਿਣ ਲਈ ਘਰ ਨਹੀਂ ਬਣਾਇਆ ਤੇ ਨਾ ਹੀ ਵਿਆਹ ਕਰਵਾਇਆ। ਨਿੱਜੀ ਸੁੱਖ ਸਹੂਲਤਾਂ ਦੀ ਉਸਨੇ ਕਦੇ ਚਿੰਤਾ ਨਾ ਕੀਤੀ। ਉਹ ਕਹਿੰਦਾ ਸੀ,”ਸਿਆਣਾ ਇਨਸਾਨ ਉਹ ਹੈ ਜਿਸ ਕੋਲ ਅਜਿਹੀ ਚੀਜ ਨਾ ਹੋਵੇ ਜਿਸਨੂੰ ਹੱਥਾਂ ਵਿੱਚ ਚੁਕ ਕੇ ਤੁਰ ਫਿਰ ਨਾ ਸਕੇ।” ਅਰਡਾਸ ਆਪਣੀ ਕਮਾਈ ਨੂੰ ਗਣਿਤ ਵਿਗਿਆਨੀਆਂ/ਗਣਿਤ ਪ੍ਰੇਮੀਆਂ ਤੇ ਵਿਦਿਆਰਥੀਆਂ ਵਿੱਚ ਵੰਡ ਦਿੰਦਾ ਸੀ।

1983 ਵਿਚ ਉਸ ਸਮੇਂ ਦਾ ਮਹਿੰਗਾ ਇਨਾਮ 50,000 ਡਾਲਰ ਦਾ ‘ਵੁਲਫ ਪੁਰਸਕਾਰ’ ਮਿਲਿਆ ਤਾਂ ਉਸ ਵਿੱਚੋਂ 700 ਡਾਲਰ ਰੱਖ ਕੇ ਬਾਕੀ ਰਕਮ ਵੰਡ ਦਿੱਤੀ।

ਅਰਡਾਸ ਦਾ ਜਨਮ 26 ਮਾਰਚ 1913 ਨੂੰ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿੱਚ ਲਾਜੋਸ ਅਰਡਾਸ ਦੇ ਘਰ ਮਾਤਾ ਅੰਨਾ ਅਰਡਾਸ ਯਹੂਦੀ ਮੂਲ ਦੇ ਘਰ ਹੋਇਆ। ਦੋ ਭੈਣਾਂ ਛੋਟੀ ਉਮਰੇ ਹੀ ਬੁਖਾਰ ਨਾਲ ਚਲ ਵਸੀਆਂ, ਜਿਸ ਕਾਰਨ ਇਨਾਂ ਦਾ ਪਾਲਣ ਪੌਸ਼ਣ ਲਾਡ ਪਿਆਰ ਨਾਲ ਹੋਇਆ। ਉਸਦੇ ਮਾਤਾ ਪਿਤਾ ਤੇ ਜਰਮਨ ਗਵਰਨੈਂਸ ਨੇ ਕਈ ਸਾਲ ਘਰੇ ਪੜਾਇਆ।

21 ਸਾਲ ਦੀ ਉਮਰ ਵਿੱਚ ਡਾਕਟਰੇਟ ਡਿਗਰੀ ਕਰਕੇ ਪੋਸਟ ਡਾਕਟਰਲ ਖੋਜ ਲਈ ਇੰਗਲੈਂਡ ਚਲਾ ਗਿਆ। 1948 ਵਿੱਚ ਵਾਪਸ ਹੰਗਰੀ ਪਰਤਿਆ ਤਾਂ ਦੂਜੇ ਯੁੱਧ ਕਾਰਨ ਪਰਿਵਾਰ ਦੇ ਕੁਝ ਲੋਕਾਂ ਨੂੰ ਹੀ ਮਿਲਿਆ। ਉਸਨੇ ਲਗਭਗ 500 ਵਿਗਿਆਨੀਆਂ ਨਾਲ ਰਲ ਕੇ ਕੰਮ ਕੀਤਾ। 1974 ਵਿੱਚ ਪਹਿਲਾਂ ਕਲਕੱਤਾ ਤੇ ਫਿਰ ਬੰਬੇ ਤੇ ਮਦਰਾਸ ਵੀ ਆਇਆ।

15 ਭਾਰਤੀਆਂ ਨਾਲ ਰਲ ਕੇ 23 ਖੋਜ ਪੱਤਰ ਲਿਖੇ।ਵਾਰਸਾ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਗਏ ਦਾ 20 ਸਤੰਬਰ 1996 ਨੂੰ ਦੇਹਾਂਤ ਹੋ ਗਿਆ।ਉਸ ਦੀ ਮੌਤ ਬਾਰੇ ਸੰਕਲਪ ਬੜਾ ਕਮਾਲ ਦਾ ਸੀ, ਸ਼ਾਨਦਾਰ ਮੌਤ ਉਹ ਹੈ ਜੋ ਕਿਸੇ ਲੈਕਚਰ ਉਪਰੰਤ ਹੋਵੇ, ਲੈਕਚਰ ਮੁਕੇ। ਕੋਈ ਮੈਨੂੰ ਪੁੱਠਾ ਜਿਹਾ ਸਵਾਲ ਕਰੇ ਤਾਂ ਮੈਂ ਕਹਾਂ-ਇਸਦਾ ਉਤਰ ਅਗਲੀ ਪੀੜੀ ਉਤੇ ਛੱਡਦਾ ਹਾਂ ਅਤੇ ਇਹ ਕਹਿ ਕੇ ਮੈਨੂੰ ਅਗਲਾ ਸਾਹ ਨਾ ਆਏ।

Check Also

ਪੰਜਾਬ ‘ਚ ਕੀ ਹੋ ਰਿਹਾ? ਕੀ ਅੱਤਵਾਦ ਵਾਪਸ ਪਰਤ ਰਿਹਾ ਹੈ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ; ਪਿਛਲੇ ਛੇ ਦਿਨਾਂ ‘ਚ ਅੱਤਵਾਦ ਨਾਲ ਸੰਬਧਤ ਪੰਜ ਵਾਕਿਆ ਸਾਹਮਣੇ ਆਏ …

Leave a Reply

Your email address will not be published.