ਪੰਜਾਬ ‘ਚ ਸਕੂਲ ਨਹੀਂ ਹੋਣਗੇ ਬੰਦ : ਸਿੱਖਿਆ ਮੰਤਰੀ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਸਕੂਲਾਂ ‘ਚ ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਤੋਂ ਬਾਅਦ ਮਾਪੇ ਚਿੰਤਾ ‘ਚ ਹਨ। ਇਸ ਬਾਰੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਕੂਲ ਬੰਦ ਨਹੀਂ ਹੋਣਗੇ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੁਧਿਆਣਾ ‘ਚ ਟੈਸਟਿੰਗ ਦੌਰਾਨ 20 ਬੱਚੇ ਪਾਜ਼ੇਟਿਵ ਆਏ ਸਨ ਪਰ ਬਾਕੀ ਜਗ੍ਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਸਿੰਗਲਾ ਨੇ ਕਿਹਾ ਕਿ ਸਕੂਲਾਂ ‘ਚ 18 ਸਾਲ ਤੋਂ ਵੱਧ ਉਮਰ ਦਾ ਕੋਈ ਬੱਚਾ ਹੋਵੇਗਾ ਤਾਂ ਉਸ ਨੂੰ ਵੈਕਸੀਨ ਲਗਾਈ ਜਾਵੇਗੀ। ਸਿੱਖਿਆ ਵਿਭਾਗ ਲਗਾਤਾਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਸੰਪਰਕ ‘ਚ ਹੈ, ਜਿਨ੍ਹਾਂ ਨੇ ਲਗਾਤਾਰ ਸਕੂਲਾਂ ‘ਤੇ ਨਜ਼ਰ ਬਣਾਈ ਹੋਈ ਹੈ। ਜੇਕਰ ਜ਼ਿਆਦਾ ਕੇਸ ਸਾਹਮਣੇ ਆਉਂਦੇ ਹਨ ਤਾਂ ਸਕੂਲ ਬੰਦ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 26 ਜੁਲਾਈ ਨੂੰ 10ਵੀਂ ਤੋਂ ਲੈ ਕੇ 12ਵੀਂ ਤਕ ਦੇ ਸਕੂਲਾਂ ਨੂੰ ਆਫਲਾਈਨ ਕਲਾਸਿਜ਼ ਲਈ ਖੋਲ੍ਹ ਦਿੱਤਾ ਸੀ। ਬਾਅਦ ਵਿਚ 2 ਅਗਸਤ ਤੋਂ ਬਾਕੀ ਸਕੂਲ ਵੀ ਖੋਲ੍ਹ ਦਿੱਤੇ ਗਏ ਸਨ।

ਕਰੀਬ 3 ਦਿਨ ਪਹਿਲਾਂ ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ‘ਚ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ‘ਚ ਇੱਕੋ ਜਮਾਤ ਦੇ 8 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਨਿਕਲੇ ਸਨ। ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਦੇ 12 ਵਿਦਿਆਰਥੀ ਪਾਜ਼ੇਟਿਵ ਮਿਲੇ। ਇਸ ਤੋਂ ਬਾਅਦ ਪੇਰੈਂਟਸ ਦੁਬਾਰਾ ਚਿੰਤਤ ਹੋਣ ਲੱਗੇ ਸਨ ਕਿ ਸਕੂਲ ਖੁੱਲ੍ਹੇ ਰਹਿਣਗੇ ਜਾਂ ਫਿਰ ਬੰਦ ਹੋ ਜਾਣਗੇ।

- Advertisement -

ਸ਼ੁੱਕਰਵਾਰ ਨੂੰ ਸਿੱਖਿਆ ਮੰਤਰੀ ਨੇ ਉਨ੍ਹਾਂ ਦਾ ਖਦਸ਼ਾ ਦੂਰ ਕਰਦੇ ਹੋਏ ਸਪੱਸ਼ਟ ਕਿਹਾ ਹੈ ਕਿ ਫਿਲਹਾਲ ਸਕੂਲ ਬੰਦ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ।

Share this Article
Leave a comment