ਚੰਡੀਗੜ੍ਹ: ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਇਕ ਅਦਾਕਾਰ ਨੂੰ ਫ਼ਿਲਮ ਵਿੱਚ ਆਪਣਾ ਕਿਰਦਾਰ ਨਿਭਾਉਣ ਲਈ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਜਦੋਂ ਉਹਨਾਂ ਦੁਆਰਾ ਕੀਤੀ ਮਿਹਨਤ ਨੂੰ ਲੋਕ ਸਰਾਉਂਦੇ ਹਨ ਤਾਂ ਉਹ ਹੀ ਉਹਨਾਂ ਦਾ ਅਸਲੀ ਅਵਾਰਡ ਹੁੰਦਾ ਹੈ। ਜਦੋ ਦਰਸ਼ਕ ਸ਼ਾਨਦਾਰ ਕੰਮ ਦੇਖਦੇ ਹਨ ਤਾਂ ਉਹ ਇਸ ਕੰਮ ਦੀ ਪ੍ਰਸ਼ੰਸਾ ਕਰਨ ਤੋਂ ਕਦੇ ਨਹੀਂ ਝਿਜਕਦੇ । ਅਜਿਹਾ ਕਈ ਵਾਰ ਹੁੰਦਾ ਹੈ ਜਦ ਅਦਾਕਾਰ ਆਪਣੇ ਕਿਰਦਾਰ ਜਾਂ ਸਿਰਫ ਆਪਣੀ ਇਕ ਝੱਲਕ ਨਾਲ ਹੀ ਲੋਕਾਂ ਦੇ ਦਿਲਾਂ ਤੇ ਛਾਪ ਛੱਡ ਜਾਂਦੇ ਹਨ।
ਉਦਾਹਰਣ ਦੇ ਲਈ, ਅਨੁਸ਼ਕਾ ਸ਼ਰਮਾਂ ਨੇ ਆਪਣੀ ਪਹਿਲੀ ਫ਼ਿਲਮ ‘ਰੱਬ ਨੇ ਬਣਾ ਦੀ ਜੋੜੀ’ ਫੇਰ ਉਸ ਤੋਂ ਬਾਅਦ ‘ਜਬ ਤੱਕ ਹੈ ਜਾਨ’ ਅਤੇ ਸੁਲਤਾਨ ਵਿੱਚ ਬੁੱਲਟ ਚਲਾਇਆ, ਕੈਟਰੀਨਾ ਕੈਫ਼ ਨੇ ਵੀ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਵਿੱਚ ਬੁੱਲਟ ਚਲਾਇਆ ਅਤੇ ਸ਼੍ਰੱਧਾ ਕਪੂਰ ਨੇ ‘ਏਕ ਵਿੱਲਣ’ ਵਿੱਚ ਬਾਇਕ ਚਲਾਇਆ ਤਾਂ ਲੋਕਾਂ ਨੇ ਇਹਨਾਂ ਅਭਿਨੇਤਰੀਆਂ ਦੀ ਇਸ ਅਦਾ ਨੂੰ ਬਹੁਤ ਪਸੰਦ ਕੀਤਾ।
ਅਤੇ ਹੁਣ ਇਹ ਟ੍ਰੈਂਡ ਪੰਜਾਬੀ ਇੰਡਸਟ੍ਰੀ ਵਿੱਚ ਵੀ ਆ ਗਿਆ ਹੈ ਇਹ ਟ੍ਰੈਂਡ ਲੈ ਕੇ ਆਉਣ ਵਾਲਾ ਕੋਈ ਹੋਰ ਨਹੀਂ ਦਰਸ਼ਕਾਂ ਦੀ ਚਹਿਤੀ ਅਦਾਕਾਰ ਸਰਗੁਣ ਮਹਿਤਾ ਹਨ। ਸਰਗੁਣ ਬਹੁਤ ਮਿਹਨਤੀ ਹਨ ਇਸ ਵਿੱਚ ਕੋਈ ਦੋ -ਰਾਏ ਨਹੀਂ ਕਿਓਂਕਿ ਉਹਨਾਂ ਦੀ ਮਿਹਨਤ ਪਰਦੇ ਤੇ ਨਜ਼ਰ ਆਉਂਦੀ ਹੈ।
ਸਰਗੁਣ ਮਹਿਤਾ ਪੂਰੀ ਤਰ੍ਹਾਂ ਤਿਆਰ ਹਨ ਆਪਣੀ ਆਉਣ ਵਾਲੀ ਫ਼ਿਲਮ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦੇ ਲਈ। ਫ਼ਿਲਮ ਦੇ ਇਕ ਸੀਨ ਲਈ ਸਰਗੁਣ ਮਹਿਤਾ ਨੇ ਬਾਇਕ ਚਲਾਉਣਾ ਸੀ ਅਤੇ ਇਹ ਕੋਈ ਆਮ ਬਾਇਕ ਨਹੀਂ ਬਲਕੀ ਇੰਡੀਅਨ ਸਕਾਊਟ ਬਾਇਕ ਸੀ ਜਿਸਦਾ ਭਾਰ 294 ਕਿੱਲੋ ਸੀ। ਅਤੇ ਇਸ ਗੱਲ ਨੂੰ ਲੈ ਕੇ ਫ਼ਿਲਮ ਦੀ ਸਾਰੀ ਟੀਮ ਚਿੰਤਾ ਵਿੱਚ ਸੀ ਕਿ ਉਹ ਕਿਸ ਤਰ੍ਹਾਂ ਸ਼ੂਟ ਕਰਨਗੇ ਪਰ ਸ਼ੂਟ ਵਾਲੇ ਦਿਨ ਸੱਭ ਸਰਗੁਣ ਦਾ ਹੌਂਸਲਾ ਅਤੇ ਬਾਇਕ ਚਲਾਉਂਦੇ ਦੇਖ ਕੇ ਚੌਂਕ ਗਏ। ਉਸ ਸਮੇਂ ਸਾਰਿਆਂ ਨੂੰ ਪਤਾ ਚੱਲਿਆ ਕਿ ਸਰਗੁਣ ਸ਼ੂਟ ਟਾਇਮ ਤੋਂ ਬਾਅਦ ਚੋਰੀ -ਚੋਰੀ ਬਾਇਕ ਸਿੱਖਦੇ ਸਨ। ਅਤੇ ਉਹਨਾਂ ਨੇ ਸ਼ੂਟ ਤੇ ਬੜੇ ਵਧੀਆ ਤਰੀਕੇ ਨਾਲ ਬਾਇਕ ਚਲਾਇਆ।