-ਡਾ. ਜੋਗੇਂਦਰ ਸਿੰਘ
“ਉਹ ਤਿੱਖੀ ਸੂਝਬੂਝ, ਗੱਲ ਦੀ ਤਹਿ ਤੱਕ ਤੁਰੰਤ ਪਹੁੰਚਣ ਵਾਲੇ, ਫ਼ੈਸਲਾ ਲੈਣ ਵਿੱਚ ਦ੍ਰਿੜ੍ਹ, ਕਾਰਵਾਈ ਕਰਨ ਤੋਂ ਕਦੇ ਪਿੱਛੇ ਨਾ ਹਟਣ ਵਾਲੇ, ਅਥਾਹ ਊਰਜਾ ਨਾਲ ਭਰਪੂਰ ਜਿਹੇ ਅਨੇਕ ਗੁਣਾਂ ਦਾ ਸੁਮੇਲ ਹਨ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਇੰਨੇ ਸਾਰੇ ਗੁਣ ਕਿਸੇ ਇੱਕ ਵਿਅਕਤੀ ਵਿੱਚ ਵੇਖੇ ਗਏ ਹੋਣ।” (ਸੁਕੁਮਾਰ ਰਾਏ, ਬੌਂਬੇ ਕ੍ਰੌਨੀਕਲ, 31.10.1950)
ਸਾਡੇ ਰਾਸ਼ਟਰ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਭਾਰਤ ਦੇ ‘ਲੌਹ–ਪੁਰਸ਼’ ਦੇ ਇਸਪਾਤ ਵਰਗੇ ਇਰਾਦੇ ਨੂੰ ਦਰਸਾਉਂਦੀ ਹੈ – ਪਾਕਿਸਤਾਨ ਨੇ ਲੁਕਵੇਂ ਢੰਗ ਨਾਲ ਕਸ਼ਮੀਰ ਉੱਤੇ ਹਮਲਾ ਬੋਲ ਦਿੱਤਾ ਸੀ। ਹਾਲਤ ਗੰਭੀਰ ਸੀ।
“ਭਾਰਤੀ ਫ਼ੌਜੀ ਅਪਰੇਸ਼ਨਾਂ ਦੇ ਡਾਇਰੈਕ ਸੈਮ ਮਾਨੇਕਸ਼ਾਅ ਉਹ ਬੈਠਕ ਚੇਤੇ ਸੀ, ਜਿਹੜੀ ਅਜਿਹੇ ਵੇਲੇ ਦਿੱਲੀ ’ਚ ਹੋਈ ਸੀ। ਨਹਿਰੂ, ਆਮ ਵਾਂਗ, ਕਸ਼ਮੀਰ ਸਥਿਤੀ ਦਾ ਸੰਦਰਭ ਬਿਆਨ ਕਰਨ ਦਾ ਯਤਨ ਕਰ ਰਹੇ ਸਨ, ਰੂਸ, ਅਮਰੀਕਾ, ਸੰਯੁਕਤ ਰਾਸ਼ਟਰ ਤੇ ਹੋਰ ਅਜਿਹੀਆਂ ਗੱਲਾਂ ਕਰ ਰਹੇ ਸਨ। ਅੰਤ ’ਚ, ਸ਼੍ਰੀ ਪਟੇਲ ਜ਼ੋਰਦਾਰ ਢੰਗ ਨਾਲ ਗਰਜੇ: ‘ਜਵਾਹਰ ਲਾਲ, ਕੀ ਤੁਹਾਨੂੰ ਕਸ਼ਮੀਰ ਚਾਹੀਦਾ ਹੈ ਕਿ ਜਾਂ ਤੁਸੀਂ ਇਸ ਨੂੰ ਛੱਡਣਾ ਚਾਹੁੰਦੇ ਹੋ?’
‘ਬੇਸ਼ੱਕ, ਮੈਨੂੰ ਕਸ਼ਮੀਰ ਚਾਹੀਦਾ ਹੈ,’ ਨਹਿਰੂ ਨੇ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਆਖ ਸਕਦੇ, ਪਟੇਲ ਤੁਰੰਤ ਮਾਨੇਕਸ਼ਾਅ ਵੱਲ ਮੁੜੇ ਤੇ ਕਿਹਾ: ‘ਤੁਹਾਡੇ ਕੋਲ ਆਪਣੇ ਆਦੇਸ਼ ਹਨ।’ ਇਹ ਪਟੇਲ ਸਨ ਜੋ ਆਕਾਸ਼ਵਾਣੀ ’ਤੇ ਗਏ ਅਤੇ ਇੱਕ ਨਿਜੀ ਹਵਾਈ ਜਹਾਜ਼ ਤਿਆਰ ਕਰਨ ਲਈ ਕਿਹਾ ਅਤੇ ਅਗਲੇ ਦਿਨ ਸ਼੍ਰੀ ਪਟੇਲ ਨੇ ਭਾਰਤੀ ਫ਼ੌਜਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਕਸ਼ਮੀਰ ਭੇਜਣ ਦਾ ਇੰਤਜ਼ਾਮ ਕੀਤਾ। ਮਾਊਂਟਬੈਟਨ ਨੂੰ ਵੀ ਬਾਅਦ ਵਿੱਚ ਕਿਤੇ ਜਾ ਕੇ ਅਹਿਸਾਸ ਹੋਇਆ ਕਿ ਗ੍ਰਹਿ ਮੰਤਰੀ ਨੇ ਅਜਿਹੀ ਸਾਰੀ ਕਾਰਵਾਈ ਦੀ ਯੋਜਨਾ ਜ਼ਰੂਰ ਪਹਿਲਾਂ ਹੀ ਉਲੀਕ ਲਈ ਹੋਵੇਗੀ।’
(ਇੰਡੀਅਨ ਸਮਰ: ਦਿ ਸੀਕ੍ਰੇਟ ਹਿਸਟ੍ਰੀ ਆਫ ਦਿ ਐਂਡ ਆਫ ਐਨ ਐਂਪਾਇਰ – ਅਲੈਕਸ ਐੱਮ ਟੂੰਜ਼ਲਮੈਨ)
ਕਸ਼ਮੀਰ ਬਚ ਗਿਆ ਸੀ, ‘ਲੌਹ–ਪੁਰਸ਼’ ਦਾ ਧੰਨਵਾਦ।
ਸਰਦਾਰ ਪਟੇਲ ਇੱਕ ਉੱਘੇ ਆਜ਼ਾਦੀ ਘੁਲਾਟੀਏ, ਇੱਕ ਮਹਾਨ ਦੇਸ਼–ਭਗਤ, ਸੂਝਬੂਝ ਨਾਲ ਭਰਪੂਰ ਜਨ-ਸਾਧਾਰਣ ਦੇ ਆਗੂ, ਇੱਕ ਯੋਗ ਪ੍ਰਸ਼ਾਸਕ, ਸੱਚੇ ਰਾਜਨੀਤੀਵਾਨ, ਬੇਮਿਸਾਲ ਰਾਸ਼ਟਰ ਨਿਰਮਾਤਾ, ਸਾਦਗੀ ਨਾਲ ਭਰਪੂਰ ਤੇ ਸਿੱਧੇ ਸਾਦੇ ਵਿਅਕਤੀ ਸਨ – ਜੋ ਆਪਣੇ ਵਿਚਾਰਾਂ ਤੇ ਕਾਰਵਾਈ ਵਿੱਚ ਬੇਹੱਦ ਸਪਸ਼ਟ ਸਨ। ਬਾਹਰੋਂ ਵੇਖਣ ਨੂੰ ਉਹ ਭਾਵੇਂ ਬਹੁਤ ਸਖ਼ਤ ਤੇ ਗ੍ਰਾਮੀਣ ਕਿਸਮ ਦੇ ਜਾਪਦੇ ਸਨ ਪਰ ਉਨ੍ਹਾਂ ਦੇ ਅੰਦਰ ਦਿਆਲਤਾ, ਨਰਮੀ ਤੇ ਕੋਮਲਤਾ ਦਾ ਦਰਿਆ ਵਗਦਾ ਸੀ। ਅਸੀਂ ਉਨ੍ਹਾਂ ਨੂੰ ਸਾਰਾ ਜੀਵਨ ਕੰਮਾਂ ਵਿੱਚ ਰੁੱਝੇ ਹੀ ਤੱਕਿਆ ਹੈ, ਹੋਰ ਕੰਮਾਂ ਦੇ ਨਾਲ ਨਾਲ ਉਹ ਕਮਜ਼ੋਰਾਂ ਦੀ ਸੇਵਾ ਕਰਦੇ ਸਨ ਤੇ ਡਿੱਗੇ ਹੋਇਆਂ ਨੂੰ ਉਠਾਉਂਦੇ ਸਨ। ਤਦ ਉਹ ਛੇਤੀ ਹੀ ਉਨ੍ਹਾਂ ਵੇਲਿਆਂ ਦੀ ਇੱਕ ਮਹਾਨ ਸ਼ਖ਼ਸੀਅਤ ਮਹਾਤਮਾ ਗਾਂਧੀ ਦੇ ਪ੍ਰਭਾਵ ਹੇਠ ਆ ਗਏ।
ਮਹਾਤਮਾ ਗਾਂਧੀ 1915 ’ਚ ਦੱਖਣੀ ਅਫ਼ਰੀਕਾ ਤੋਂ ਭਾਰਤ ਪਰਤੇ ਸਨ ਤੇ ਉੱਥੇ ਰਹਿ ਕੇ ਉਨ੍ਹਾਂ ਨੂੰ ਅਣਮਨੁੱਖੀ, ਨਸਲਵਾਦੀ ਸਮਾਜਿਕ ਨੀਤੀ ਵਾਲੇ ਸ਼ਾਸਨ ਵਿਰੁੱਧ ਸੱਤਿਆਗ੍ਰਹਿ ਕਰਨ ਦੀ ਕਲਾ ’ਚ ਸੰਪੂਰਨਤਾ ਹਾਸਲ ਕਰ ਚੁੱਕੇ ਸਨ। ਉਨ੍ਹਾਂ ਸਾਬਰਮਤੀ ਆਸ਼ਰਮ ਬਣਾਇਆ ਤੇ ਉਨ੍ਹਾਂ ਆਪਣਾ ਸਮਾਂ ਤੇ ਊਰਜਾ ਸਮਾਜਿਕ ਮੁੜ ਉਸਾਰੀ ਦੇ ਕੰਮਾਂ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ। ਉਹ ਹਰੀਜਨ ਬਸਤੀਆਂ ਤੇ ਮਿੱਲਾਂ ਦੇ ਕਾਮਿਆਂ ਦੀਆਂ ਝੁੱਗੀਆਂ ਵਿੱਚ ਗਏ ਅਤੇ ਉਨ੍ਹਾਂ ਦੀ ਹਾਲਤ ਖ਼ੁਦ ਵੇਖੀ। ਇਹ ਉਨ੍ਹਾਂ ਦੇ ‘ਸੱਚ ਨਾਲ ਅਨੁਭਵਾਂ’ ਦਾ ਸਮਾਂ ਸੀ ਅਤੇ ਉਹ ਸਮਾਜਿਕ ਮੁਕਤੀ ਲਈ ਕੰਮ ਕਰਨਾ ਚਾਹੁੰਦੇ ਸਨ। ਪਰ ਤਦ ਦੇਸ਼ ਦੀਆਂ ਰਹੀਆਂ ਸਿਆਸੀ ਸਥਿਤੀਆਂ ਤੇਜ਼ੀ ਨਾਲ ਬਦਲਦੀਆਂ ਜਾ ਰਹੀਆਂ ਸਨ ਅਤੇ ਕਾਂਗਰਸ ਦੀਆਂ ਮੁਹਿੰਮਾਂ ਨੂੰ ਸੰਭਾਲਣ ਵਾਲਾ ਕੋਈ ਆਗੂ ਨਹੀਂ ਸੀ, ਇਸੇ ਲਈ ਉਹ ਸਿਆਸੀ ਕਾਰਵਾਈ ਦੇ ਖੇਤਰ ਵਿੱਚ ਆਉਣ ਲਈ ਮਜਬੂਰ ਹੋ ਗਏ। ਰੌਲਟ ਐਕਟ ਜਿਹੇ ਕਾਲੇ ਕਾਨੂੰਨਾਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਉੱਤੇ ਹੋਰ ਪਾਬੰਦੀਆਂ ਤੇ ਅੰਤ ’ਚ ਜੱਲਿਆਂਵਾਲਾ ਬਾਗ਼ ਦੇ ਕਤਲੇਆਮ ਤੋਂ ਬਾਅਦ ਉਨ੍ਹਾਂ ਨਾਮਿਲਵਰਤਣ ਲਹਿਰ ਸ਼ੁਰੂ ਕੀਤੀ। ਹੋਰਨਾਂ ਗੱਲਾਂ ਤੋਂ ਇਲਾਵਾ ਗਾਂਧੀ ਜੀ ਨੇ ਵਕੀਲਾਂ ਨੂੰ ਆਪਣੀ ਪ੍ਰੈਕਟਿਸ ਛੱਡ ਕੇ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਵੱਡੀ ਗਿਣਤੀ ਵਿੱਚ ਵਕੀਲ ਉਨ੍ਹਾਂ ਨਾਲ ਬਹੁਤ ਉਤਸ਼ਾਹਪੂਰਬਕ ਜੁੜ ਗਏ; ਉਨ੍ਹਾਂ ਵਿੱਚੋਂ ਕੁਝ ਦੀ ਪ੍ਰੈਕਟਿਸ ਤਾਂ ਬਹੁਤ ਸ਼ਾਨਦਾਰ ਤਰੀਕੇ ਨਾਲ ਚਲ ਰਹੀ ਸੀ। ਤਦ ਹੀ ਇੱਕ ਬਹੁਤ ਵਧੀਆ ਵਕੀਲ ਵੱਲਭਭਾਈ ਪਟੇਲ ਨੇ ਆਪਣੀ ਜ਼ੋਰਦਾਰ ਪ੍ਰੈਕਟਿਸ ਛੱਡੀ ਤੇ ਸੱਤਿਆਗ੍ਰਹਿ ਨੂੰ ਅਪਣਾ ਲਿਆ। ਉਨ੍ਹਾਂ ਮਹਾਤਮਾ ਗਾਂਧੀ ਤੋਂ ਆਜ਼ਾਦੀ ਦਾ ਅੰਮ੍ਰਿਤ ਪੀਤਾ ਸੀ ਤੇ ਇਸ ਨੂੰ ਪੀਣ ਦੀ ਲਤ ਉਨ੍ਹਾਂ ਨੂੰ ਸਦਾ ਲੱਗੀ ਰਹੀ।
ਗਾਂਧੀ ਜੀ ਵਾਂਗ, ਵੱਲਭਭਾਈ ਪਟੇਲ (ਤਦ ਤੱਕ ਉਨ੍ਹਾਂ ਦੇ ਨਾਮ ਨਾਲ ਸ਼ਬਦ ‘ਸਰਦਾਰ’ ਨਹੀਂ ਲੱਗਾ ਸੀ) ਅਤੇ ਗੁਜਰਾਤ ਵਿੱਚ ਸਫ਼ਲ ਕਿਸਾਨ ਅੰਦੋਲਨ ਚਲਾਉਣ ਲੱਗ ਪਏ ਸਨ। ਉਨ੍ਹਾਂ ਆਜ਼ਾਦੀ ਦੇ ਅੰਦੋਲਨ ਦੌਰਾਨ ਵੱਡੇ ਪੱਧਰ ਉੱਤੇ ਕਿਸਾਨਾਂ ਤੇ ਪਿੰਡਾਂ ਦੇ ਵਾਸੀਆਂ ਨੂੰ ਲਾਮਬੰਦ ਕਰਨ ਦੇ ਇਸੇ ‘ਅਨੁਭਵ’ ਨੂੰ ਵਰਤਿਆ ਸੀ। ਬਰਦੋਲੀ ਸੱਤਿਆਗ੍ਰਹਿ ਤੋਂ ਬਾਅਦ ਉਨ੍ਹਾਂ ਨੂੰ ‘ਸਰਦਾਰ’ ਖ਼ਿਤਾਬ ਮਿਲ ਗਿਆ। ਭਾਰਤ ਦੀ ਆਜ਼ਾਦੀ ਦੇ ਘੋਲ ਵਿੱਚ ਵੀਰਤਾ ਨਾਲ ਕੁੱਦਣ ਦੇ ਵਧੀਆ ਕਾਰਜ ਬਦਲੇ ਉਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਨੂੰ ਆਪਣੀ ਵਕਾਲਤ ਦੀ ਪ੍ਰੈਕਟਿਸ ਭੁੱਲ ਗਈ ਸੀ, ਉਹ ਆਪਣੇ ਪਰਿਵਾਰ ਵੱਲ ਵੀ ਬਹੁਤਾ ਧਿਆਨ ਨਹੀਂ ਦੇ ਪਾਉਂਦੇ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਵਿਗੜਨ ਲਗ ਪਈ ਸੀ ਪਰ ਉਹ ਭਾਰਤ ਦੀ ਆਜ਼ਾਦੀ ਦੇ ਵਿਚਾਰ ਦੀ ਇੱਛਾ ਵਿੱਚ ਡਟੇ ਰਹੇ।
ਕਸ਼ਮੀਰ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਉਨ੍ਹਾਂ ਉੱਤੇ ਛੱਡਿਆ ਜਾਂਦਾ, ਤਾਂ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦਾ ਹਵਾਲਾ ਨਹੀਂ ਦੇਣਾ ਸੀ। ਉਹ ਤਦ ਵੀ ਇਹ ਸਮਝਦੇ ਸਨ ਕਿ ਇਹ ਮਾਮਲਾ ਦੁਵੱਲੇ ਤਰੀਕੇ ਨਾਲ ਹੱਲ ਕਰਲ ਦੀ ਲੋੜ ਹੈ। ਉਨ੍ਹਾਂ ਦੇ ਉਤਸ਼ਾਹੀ ਜਤਨਾਂ ਤੋਂ ਬਗ਼ੈਰ ਭਾਰਤ ਵਿੱਚ 565 ਰਿਆਸਤਾਂ ਦਾ ਸ਼ਾਮਲ ਹੋਣਾ ਸੰਭਵ ਨਹੀਂ ਸੀ। ਭਾਰਤੀ ਆਜ਼ਾਦੀ ਬਾਰੇ ਕਾਨੂੰਨ, 1947 ਵਿੱਚ ਅੰਗਰੇਜ਼ਾਂ ਨੇ ਹਰੇਕ ਰਿਆਸਤ ਨੂੰ ਆਪਣੀ ਮਰਜ਼ੀ ਕਰਨ ਦਾ ਅਧਿਕਾਰ ਦੇ ਦਿੱਤਾ ਸੀ ਕਿਉਂਕਿ ਉਹ ਸਾਰੀਆਂ ਰਿਆਸਤਾਂ ਆਪੋ–ਆਪਣੀ ਥਾਂ ਉੱਤੇ ਖ਼ੁਦ ਨੂੰ ‘ਪ੍ਰਭੂਸੱਤਾਸੰਪੰਨ’ ਦੇਸ਼ ਹੀ ਸਮਝਦੀਆਂ ਸਨ। 27 ਜੂਨ, 1947 ਨੂੰ ਨਵਗਠਿਤ ਮੂਲ ਰਾਜਾਂ ਬਾਰੇ ਵਿਭਾਗ ਦਾ ਕਾਰਜਭਾਰ ਸਰਦਾਰ ਪਟੇਲ ਨੂੰ ਸੌਂਪ ਦਿੱਤਾ ਗਿਆ ਸੀ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ, ਕੋਈ ਦੁੱਖ–ਦਰਦ ਨਹੀਂ ਦੇਖਿਆ; ਜਦ ਕਿ ਬਹੁਤ ਸਾਰੀਆਂ ਰਿਆਸਤਾਂ ਆਪੋ–ਆਪਣੀ ਜ਼ਿੱਦ ਉੱਤੇ ਅੜੀਆਂ ਹੋਈਆਂ ਸਨ। ਜੂਨਾਗੜ੍ਹ ਦੇ ਨਵਾਬ ਨੇ ਆਪਣੀਆਂ ਅੱਖਾਂ ਦਿਖਾਈਆਂ ਲੇਕਿਨ ਛੇਤੀ ਹੀ ਉਹ ਸ਼ਾਂਤ ਹੋ ਗਏ। ਉਦੋਂ ਬਹੁਤ ਸਾਰੀਆਂ ਥਾਵਾਂ ਉੱਤੇ ਭੈੜੀਆਂ ਵਾਰਦਾਤਾਂ ਵਾਪਰੀਆਂ ਲੇਕਿਨ ਸਰਦਾਰ ਪਟੇਲ ਆਪਣੇ ਇਰਾਦੇ ’ਤੇ ਡਟੇ ਰਹੇ। ਹੈਦਰਾਬਾਦ ਨੇ ਤਾਂ ਲਗਭਗ ਬਗ਼ਾਵਤ ਹੀ ਕਰ ਦਿੱਤੀ ਸੀ ਤੇ ਪੁਲਿਸ ਕਾਰਵਾਈ ਵੀ ਕਰਨੀ ਪੈ ਗਈ ਸੀ ਪਰ ਸਰਦਾਰ ਪਟੇਲ ਸਦਾ ਆਪਣੀਆਂ ਬੈਠਕਾਂ ਤੋਂ ਬਾਅਦ ਅਜਿਹੀਆਂ ਰਿਆਸਤਾਂ ਦੇ ਭਾਰਤ ਵਿੱਚ ਸ਼ਾਮਲ ਹੋਣ ਦੇ ਸਮਝੌਤਿਆਂ ਉੱਤੇ ਹਸਤਾਖਰ ਕਰ ਕੇ ਹੀ ਪਰਤਦੇ ਰਹੇ। ਭਾਰਤ ਦੇ ਨਿਰਮਾਣ ਵਿੱਚ ਜਿੰਨਾ ਵੱਡਾ ਯੋਗਦਾਨ ਸਰਦਾਰ ਪਟੇਲ ਦਾ ਹੈ, ਉਸ ਨੂੰ ਸ਼ਾਇਦ ਮੌਜੂਦਾ ਪੀੜ੍ਹੀਆਂ ਪੂਰੀ ਤਰ੍ਹਾਂ ਸਮਝ ਵੀ ਨਾ ਸਕਣ!
ਸਰਦਾਰ ਪਟੇਲ ਨੇ ਸਾਡੇ ਸੰਵਿਧਾਨ ਦੇ ਨਿਰਮਾਣ ਵਿੱਚ ਬੇਹੱਦ ਸਰਗਰਮ ਭੂਮਿਕਾ ਨਿਭਾਈ। ਘੱਟ–ਗਿਣਤੀਆਂ ਦੇ ਅਧਿਕਾਰੀਆਂ ਦੀ ਰਾਖੀ ਲਈ ਸੰਵਿਧਾਨ ਦੀ ਭੂਮਿਕਾ ਇੱਕ ਇਤਿਹਾਸਿਕ ਯੋਗਦਾਨ ਹੈ, ਜਿਸ ਨਾਲ ਰਾਸ਼ਟਰ ਮਜ਼ਬੂਤ, ਸਥਿਰ ਤੇ ਸੁਰੱਖਿਅਤ ਬਣਦਾ ਹੈ, ਜਿੱਥੇ ਵੱਡੇ ਤੇ ਛੋਟੇ ਸਭ ਇੱਕਸਮਾਨ ਤਰੀਕੇ ਨਾਲ ਡਟਦੇ ਹਨ। ਭਾਰਤੀ ਪ੍ਰਸ਼ਾਸਕੀ ਸੇਵਾ ਦੇ ਗਠਨ ਵਿੱਚ ਉਨ੍ਹਾਂ ਦੀ ਭੂਮਿਕਾ ਵਰਨਣਯੋਗ ਸੀ। ਉਹ ਪ੍ਰਣਾਨੀ ਦੇ ਸੂਬਾਈਕਰਣ ਦੀਆਂ ਵੱਖੋ–ਵੱਖਰੀਆਂ ਆਵਾਜ਼ਾਂ ਦੇ ਉਲਟ ਭਾਰਤ ਵਿੱਚ ਇੱਕ ਮਜ਼ਬੂਤ, ਗਤੀਸ਼ੀਲ ਤੇ ਜੀਵੰਤ ਪ੍ਰਸ਼ਾਸਕੀ ਪ੍ਰਣਾਲੀ ਦੀ ਉਸਾਰੀ ਕਰਨਾ ਚਾਹੁੰਦੇ ਸਨ। ਇਹ ਸਰਦਾਰ ਪਟੇਲ ਦਾ ਹੀ ਵਿਜ਼ਨ ਸੀ, ਜੋ ਭਾਰਤ ਕਾਮਨਵੈਲਥ ਦਾ ਹਿੱਸਾ ਬਣਿਆ। ਉਹ ਕਿਸੇ ਗੁੱਟ–ਨਿਰਲੇਪ ਸਥਾਪਨਾ ਦੇ ਹਮਾਇਤੀ ਨਹੀਂ ਸਨ ਕਿਉਂਕਿ ਉਨ੍ਹਾਂ ਭਵਿੱਖਬਾਣੀ ਕੀਤੀ ਸੀ ਕਿ ਇਹ ਨਾਕਾਮ ਹੋ ਕੇ ਰਹਿ ਜਾਵੇਗੀ। ਦਿਲਚਸਪ ਪੱਖ ਇਹ ਹੈ ਕਿ ਗੁਜਰਾਤ ਦੀ ਅਮੁਲ ਸਹਿਕਾਰਤਾ ਲਹਿਰ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਦਾ ਨਤੀਜਾ ਸੀ।
ਸਰਦਾਰ ਪਟੇਲ ਸੱਚਮੁਚ ਭਾਰਤ ਦੇ ਮਹਾਨ ਸਪੂਤ ਸਨ। ਜਿਵੇਂ ਮਾਰਕ ਐਨਟੋਨੀ ਸ਼ੇਕਸਪੀਅਰ ਦੇ ‘ਜੂਲੀਅਸ ਸੀਜ਼ਰ’ ਵਿੱਚ ਆਖਦਾ ਹੈ ‘…. ਇੱਕ ਸੀਜ਼ਰ ਹੁੰਦਾ ਸੀ, ਅਜਿਹਾ ਹੋਰ ਕਦੋਂ ਆਵੇਗਾ…’। ਭਵਿੱਖ ਦੀਆਂ ਪੀੜ੍ਹੀਆਂ ਸ਼ਾਇਦ ਇਹ ਯਕੀਨ ਹੀ ਨਾ ਕਰਨ ਕਿ ਅਜਿਹੀ ਕੋਈ ਮਹਾਨ ਹਸਤੀ ਸਾਡੇ ਵਿਚਕਾਰ ਹੁੰਦੀ ਸੀ ਅਤੇ ਅਸੀਂ ਉਨ੍ਹਾਂ ਦੇ ਯੋਗਦਾਨ ਦਾ ਦੇਣਾ ਕਦੇ ਮੋੜ ਨਹੀਂ ਸਕਦੇ।