ਵਿਸ਼ਵ ਦੁੱਧ ਦਿਵਸ – ਵਿਸ਼ਵ ਭੋਜਨ ਦਾ ਦਰਜਾ ਰੱਖਦਾ ਹੈ – ਦੁੱਧ

TeamGlobalPunjab
6 Min Read

ਦੁੱਧ, ਦੁਨੀਆਂ ਦੇ ਹਰੇਕ ਮੁਲਕ ਵਿੱਚ ਮਿਲਣ ਵਾਲਾ ਭੋਜਨ ਹੈ ਤੇ ਇੱਕ ਚੰਗੀ ਖ਼ੁਰਾਕ ਹੈ। ਇਸਦੀ ਲੋੜ ਮਨੁੱਖ ਨੂੰ ਜਨਮ ਤੋਂ ਲੈ ਕੇ ਜੀਵਨ ਦੀ ਅੰਤਿਮ ਅਵਸਥਾ ਬੁਢਾਪੇ ਤੱਕ ਵੀ ਪੈਂਦੀ ਹੈ। ਸ਼ਾਕਾਹਾਰੀਆਂ ਸਮੇਤ ਅਨੇਕਾਂ ਮਾਸਾਹਾਰੀ ਜੀਵਾਂ ਵਿੱਚ ਵੀ ਬੱਚਿਆਂ ਦੀ ਮੁਢਲੀ ਖ਼ੁਰਾਕ ਦੁੱਧ ਹੀ ਹੈ। ਦੁੱਧ ਦੀ ਪੈਦਾਵਾਰ ਤੇ ਖਪਤ ਵਿੱਚ ਭਾਰਤ, ਦੁਨੀਆਂ ਵਿੱਚ ਪਹਿਲਾ ਦਰਜਾ ਰੱਖਦਾ ਹੈ ਤੇ ਇਸ ਤੋਂ ਬਾਅਦ ਅਮਰੀਕਾ,ਚੀਨ,ਪਾਕਿਸਤਾਨ ਅਤੇ ਬ੍ਰਾਜ਼ੀਲ ਦਾ ਨਾਂ ਆਉਂਦਾ ਹੈ। ਸੰਨ 2020 ਵਿੱਚ ਭਾਰਤ ਨੇ ਦੁਨੀਆਂ ਦੇ ਕੱਲ ਦੁੱਧ ਉਤਪਾਦਨ ਦੇ 40.56 ਫ਼ੀਸਦੀ ਹਿੱਸੇ ਦਾ ਦੁੱਧ ਪੈਦਾ ਕੀਤਾ ਸੀ ਤੇ ਨੰਬਰ ਇੱਕ ਦਰਜਾ ਬਰਕਰਾਰ ਰੱਖਿਆ ਸੀ।

ਜੀਵਨ ਵਿੱਚ ਦੁੱਧ ਦੀ ਮਹੱਤਤਾ ਦੇ ਮੱਦੇਨਜ਼ਰ ਦੁਨੀਆਂ ਭਰ ਵਿੱਚ 1 ਜੂਨ ਦੇ ਦਿਨ ਨੂੰ ‘ ਵਿਸ਼ਵ ਦੁੱਧ ਦਿਵਸ ’ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੁੱਧ ਦੇ ਲਾਭਾਂ ਸਬੰਧੀ ਵਿਸਥਾਰ ਨਾਲ ਚਰਚਾ ਕਰਦੇ ਸੈਮੀਨਾਰ,ਵੈਬੀਨਾਰ,ਪਸ਼ੂ ਮੇਲੇ ਤੇ ਹੋਰ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹ ਦਿਵਸ ਮਨਾਉਣ ਦੀ ਸ਼ੁਰੂਆਤ ਸੰਨ 2001 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਜਥੇਬੰਦੀ ‘ ਫ਼ੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ’ ਦੇ ਯਤਨਾਂ ਸਦਕਾ ਕੀਤੀ ਗਈ ਸੀ। ਇਸ ਦਿਵਸ ਲਈ 1 ਜੂਨ ਦਾ ਹੀ ਦਿਹਾੜਾ ਚੁਣਨ ਦਾ ਮੁੱਖ ਕਾਰਨ ਇਹ ਵੀ ਸੀ ਕਿ ਦੁਨੀਆਂ ਦੇ ਅਧਿਕਤਰ ਮੁਲਕਾਂ ਵਿੱਚ ਵੱਖ ਵੱਖ ਕਾਰਣਾਂ ਕਰਕੇ ਇਹ ਦਿਨ 1 ਜੂਨ ਨੂੰ ਹੀ ਮਨਾਇਆ ਜਾਂਦਾ ਸੀ।

ਦੁੱਧ, ਮਨੁੱਖ ਲਈ ਕੇਵਲ ਇੱਕ ਸੰਤੁਲਿਤ ਖ਼ੁਰਾਕ ਹੀ ਨਹੀਂ ਹੈ ਸਗੋਂ ਇਹ ਰੋਜ਼ੀ ਰੋਟੀ ਦਾ ਵੀ ਇੱਕ ਵੱਡਾ ਸਾਧਨ ਹੈ। ਦੁਨੀਆਂ ਭਰ ਵਿੱਚ 1 ਬਿਲੀਅਨ ਲੋਕਾਂ ਦੀ ਰੋਜ਼ੀ-ਰੋਟੀ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਵਿਕਰੀ ‘ਤੇ ਨਿਰਭਰ ਕਰਦੀ ਹੈ ਜਦੋਂ ਕਿ ਇਨ੍ਹਾ ਦੁੱਧ-ਪਦਾਰਥਾਂ ਦਾ ਉਪਭੋਗ 6 ਬਿਲੀਅਨ ਲੋਕਾਂ ਵੱਲੋਂ ਹਰ ਰੋਜ਼ ਕੀਤਾ ਜਾਂਦਾ ਹੈ। ਭਾਰਤ ਵਿੱਚ ਸੰਨ 1950-51 ਵਿੱਚ 55.6 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੁੰਦਾ ਸੀ ਜੋ ਕਿ ਸੰਨ 2020 ਵਿੱਚ 187.7 ਮਿਲੀਅਨ ਟਨ ਤੱਕ ਅੱਪੜ ਗਿਆ ਤੇ ਆਸ ਕੀਤੀ ਜਾਂਦੀ ਹੈ ਕਿ ਇਹ ਉਤਪਾਦਨ ਸਾਲ 2021 ਵਿੱਚ 208 ਮਿਲੀਅਨ ਟਨ ਦਾ ਅੰਕੜਾ ਜ਼ਰੂਰ ਛੂਹ ਲਵੇਗਾ। ਭਾਰਤ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 178 ਗ੍ਰਾਮ ਰੋਜ਼ਾਨਾ ਸੀ ਜੋ ਕਿ ਸੰਨ 2018-19 ਵਿੱਚ ਵਧ ਕੇ 394 ਗ੍ਰਾਮ ਰੋਜ਼ਾਨਾ ‘ਤੇ ਪੁੱਜ ਗਈ ਸੀ।

ਜੇਕਰ ਭਾਰਤ ਦੇ ਛੇ ਮੁੱਖ ਦੁੱਧ ਉਤਪਾਦਕ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾ ਵਿੱਚ ਸਭ ਤੋਂ ਪਹਿਲਾ ਨਾਂ ੳੁੱਤਰ ਪ੍ਰਦੇਸ਼ ਦਾ ਆਉਂਦਾ ਹੈ। ਇਸ ਤੋਂ ਬਾਅਦ ਦਰਜਾ-ਬ-ਦਰਜਾ ਰਾਜਸਥਾਨ,ਮੱਧ ਪ੍ਰਦੇਸ਼,ਆਂਧਰਾ ਪ੍ਰਦੇਸ਼,ਗੁਜਰਾਤ ਅਤੇ ਪੰਜਾਬ ਆਦਿ ਰਾਜਾਂ ਦੇ ਨਾਂ ਸ਼ਾਮਿਲ ਕੀਤੇ ਜਾਂਦੇ ਹਨ। ਸੰਨ 2018-19 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿੱਚ 16.3 ਫ਼ੀਸਦੀ ਹਿੱਸਾ ੳੁੱਤਰ ਪ੍ਰਦੇਸ਼ ਵੱਲੋਂ ਅਤੇ 6.7 ਫ਼ੀਸਦੀ ਹਿੱਸਾ ਪੰਜਾਬ ਵੱਲੋਂ ਪਾਇਆ ਜਾਂਦਾ ਹੈ। ਦੁਧਾਰੂ ਪਸ਼ੂਆਂ ਨਾਲ ਸਬੰਧਿਤ ਅੰਕੜਿਆਂ ਤੋਂ ਇਹ ਪਤਾ ਚਲਦਾ ਹੈ ਕਿ ਸੰਨ 2019 ਵਿੱਚ ਕੀਤੀ ਗਈ ਪਸ਼ੂਗਣਨਾ ਵਿੱਚ ਪਿਛਲੀ ਪਸ਼ੂਗਣਨਾ ਨਾਲੋਂ 32 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ ਜੋ ਕਿ ਇੱਕ ਵਧੀਆ ਪ੍ਰਾਪਤੀ ਸੀ। ਭਾਰਤ ਦੀ ਕੁੱਲ ਪਸ਼ੂ ਵੱਸੋਂ ਦਾ 10 ਫ਼ੀਸਦੀ ਦੇ ਕਰੀਬ ਹਿੱਸਾ ਪੱਛਮੀ ਬੰਗਾਲ ਦੇ ਹਿੱਸੇ ਆਉਂਦਾ ਹੈ ਜਦੋਂ ਕਿ ੳੁੱਤਰ ਪ੍ਰਦੇਸ਼,ਬਿਹਾਰ,ਮੱਧ ਪ੍ਰਦੇਸ਼,ਰਾਜਸਥਾਨ ਅਤੇ ਮਹਾਂਰਾਸ਼ਟਰ ਵਿਚਲੀ ਪਸ਼ੂ ਸੰਖਿਆ ਨੂੰ ਇਸ ਅੰਕੜੇ ਵਿੱਚ ਜੋੜ ਦਿੱਤਾ ਜਾਵੇ ਤਾਂ ਇਨ੍ਹਾ ਛੇ ਰਾਜਾਂ ਵਿੱਚ ਦੇਸ਼ ਦੀ ਕੁੱਲ ਪਸ਼ੂ ਵੱਸੋਂ ਦਾ 50 ਫ਼ੀਸਦੀ ਹਿੱਸਾ ਨਿਵਾਸ ਕਰਦਾ ਹੈ। ਦੁੱਧ-ਪਦਾਰਥਾਂ ਦੇ ਨਿਰਯਾਤ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬੰਗਲਾਦੇਸ਼,ਅਫ਼ਗਾਨਿਸਤਾਨ,ਮਲੇਸ਼ੀਆ,ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਆਦਿ ਮੁਲਕਾਂ ਨੂੰ ਸਾਲ 2019 ਵਿੱਚ 50 ਹਜ਼ਾਰ ਮਿਲੀਅਨ ਟਨ ਅਤੇ ਸਾਲ 2020 ਵਿੱਚ 55 ਹਜ਼ਾਰ ਮਿਲੀਅਨ ਟਨ ਦੁੱਧ ਪਦਾਰਥ ਨਿਰਯਾਤ ਕੀਤੇ ਗਏ ਸਨ।

- Advertisement -

ਬਹੁਤ ਹੀ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਦੁੱਧ ਉਤਪਾਦਨ ਦੇ ਵਧੀਆ ਅੰਕੜੇ ਮੌਜੂਦ ਹੋਣ ਦੇ ਬਾਵਜੂਦ ਵਧਦੇ ਸ਼ਹਿਰੀਕਰਨ ਅਤੇ ਤੇਜ਼ੀ ਨਾਲ ਵਧਦੀ ਵੱਸੋਂ ਦੀ ਬਨਿਸਪਤ ਦੁਧਾਰੂ ਪਸ਼ੂਆਂ ਦੀ ਸੰਖਿਆ ਵਿੱਚ ਲੋੜੀਂਦਾ ਵਾਧਾ ਨਾ ਹੋਣ ਕਰਕੇ ਇੱਥੇ ਨਕਲੀ ਦੁੱਧ ਦਾ ਕਾਲਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲਦਾ ਹੈ ਤੇ ਵੱਡੇ ਵੱਡੇ ਬਰਾਂਡਾਂ ਵੱਲੋਂ ਵੀ ਸ਼ੁੱਧ ਦੁੱਧ ਜਾਂ ਦੇਸੀ ਘਿਓ ਦੇ ਨਾਂ ‘ਤੇ ਮਿਲਾਵਟੀ ਦੁੱਧ ਪਦਾਰਥ ਵੇਚੇ ਜਾਂਦੇ ਹਨ। ਇੱਥੇ ਸਰਕਾਰੀ ਤੰਤਰ ਵਿੱਚ ਖ਼ਾਮੀਆਂ ਦਾ ਫ਼ਾਇਦਾ ਕੁਝ ਲੋਭੀ ਵਪਾਰੀ ਉਠਾਉਂਦੇ ਹਨ ਤੇ ਲੋਕਾਂ ਦੀ ਤੇ ਖ਼ਾਸ ਕਰਕੇ ਨਿੱਕੇ ਬੱਚਿਆਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕਰਦਿਆਂ ਹੋਇਆਂ ਨਕਲੀ ਦੁੱਧ, ਖੋਇਆ, ਪਨੀਰ ਜਾਂ ਮਠਿਆਈਆਂ ਬਣਾਉਂਦੇ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਟਨਾਂ ਦੇ ਹਿਸਾਬ ਨਾਲ ਨਕਲੀ ਦੁੱਧ,ਪਨੀਰ,ਖੋਇਆ ਜਾਂ ਮਠਿਆਈਆਂ ਦਾ ਫੜ੍ਹੇ ਜਾਣਾ ਇਹ ਸਾਬਿਤ ਕਰਦਾ ਹੈ ਕਿ ਇੱਥੇ ਦੁੱਧ ਦੇ ਮਾਮਲੇ ਵਿੱਚ ‘ ਸਭ ਅੱਛਾ ’ ਨਹੀਂ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਚੌਕੰਨਾ ਹੋ ਕੇ ਛਾਪੇਮਾਰੀ ਕਰਨ ਵਾਲਾ ਸਿਹਤ ਵਿਭਾਗ ਆਮ ਦਿਨਾਂ ਵਿੱਚ ਅਵੇਸਲਾ ਹੋ ਜਾਂਦਾ ਹੈ ਤੇ ਟੈਂਕਰਾਂ ਦੇ ਟੈਕਰ ਨਕਲੀ ਦੁੱਧ ਤੇ ਟਰੱਕਾਂ ਦੇ ਟਰੱਕ ਨਕਲੀ ਦੁੱਧ ਪਦਾਰਥ ਇੱਕ ਰਾਜ ਤੋਂ ਦੂਜੇ ਰਾਜਾਂ ਵਿੱਚ ਚਲੇ ਜਾਂਦੇ ਹਨ। ਕਮਾਉਣ ਵਾਲੇ ਕਰੋੜਾਂ ਰੁਪਏ ਕਮਾਅ ਜਾਂਦੇ ਹਨ ਤੇ ਕਰੋੜਾਂ ਮਾਸੂਮ ਲੋਕਾਂ ਦੀ ਸਿਹਤ ਦਾ ਸੱਤਿਆਨਾਸ ਕਰ ਜਾਂਦੇ ਹਨ। ਲੋਕਾਂ ਵਿੱਚ ਜਾਗਰੂਕਤਾ ਹੀ ਇਸ ਸਮੱਸਿਆ ਦਾ ਇੱਕਮਾਤਰ ਹੱਲ ਹੈ ਕਿਉਂਕਿ ਜਿਸ ਦਿਨ ਲੋਕ ਆਪਣੀਆਂ ਤੇ ਆਪਣੇ ਪਿਆਰਿਆਂ ਦੀਆਂ ਜਾਨਾਂ ਦੀ ਪਰਵਾਹ ਕਰਦੇ ਹੋਏ ਨਕਲੀ ਦੁੱਧ ਤੇ ਦੁੱਧ ਪਦਾਰਥ ਉਤਪਾਦਕਾਂ ਖ਼ਿਲਾਫ਼ ਮੁਹਿੰਮ ਛੇੜਨਗੇ ਉਦੋਂ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ‘ਕਾਲੀਆਂ ਭੇਡਾਂ’ ਖ਼ਿਲਾਫ਼ ਸਖ਼ਤ ਕਾਰਵਾਈ ਲਈ ਮਜਬੂਰ ਹੋ ਜਾਏਗਾ।

 

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

Share this Article
Leave a comment