ਸਰਬਜੀਤ ਸਿੰਘ ਸਮਾਣਾ ਬਣੇ ਮੁਹਾਲੀ ਦੇ ਨਵੇਂ ਮੇਅਰ

Global Team
2 Min Read

ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਨਗਰ ਨਿਗਮ ਮੁਹਾਲੀ ਦਾ ਨਵਾਂ ਮੇਅਰ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਆਰ ਪੀ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਦਾ ਮੁਹਾਲੀ ਦਾ ਮੇਅਰ ਬਣਨਾ ਤੈਅ ਮੰਨਿਆ ਜਾ ਰਿਹਾ ਸੀ। ਕੱਲ੍ਹ ਸ਼ਾਮ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਗਈ ਸੀ।

ਇਸ ਚੋਣ ਪ੍ਰਕਿਰਿਆ ਨੂੰ ਸਿਰੇ ਚਾੜ੍ਹਨ ਲਈ ਨਿਗਮ ਦਫ਼ਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਸੂਬੇ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਉਚੇਚੇ ਤੌਰ ‘ਤੇ ਪਹੁੰਚੇ। ਇਸ ਅਹਿਮ ਮੀਟਿੰਗ ਵਿੱਚ ਨਿਗਮ ਦੇ ਸਾਰੇ ਕੌਂਸਲਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਹਾਲਾਂਕਿ ਮੀਡੀਆ ਕਰਮੀਆਂ ਨੂੰ ਮੀਟਿੰਗ ਹਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।  ਸਾਰੇ ਕੌਂਸਲਰਾਂ ਦੇ ਮੋਬਾਈਲ ਫੋਨ ਨਿਗਮ ਇਮਾਰਤ ਦੇ ਗੇਟ ਦੇ ਬਾਹਰ ਰੱਖੇ ਗਏ ਸਨ। ਉਨ੍ਹਾਂ ਨੂੰ ਆਪਣੀ ਐਂਟਰੀ ਦਰਜ ਕਰਨ ਤੋਂ ਬਾਅਦ ਹੀ ਘਰ ਦੇ ਅੰਦਰ ਜਾਣ ਦਿੱਤਾ ਗਿਆ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਹੈ ਕਿ ਹੁਣ ਮੋਹਾਲੀ ਸ਼ਹਿਰ ਦਾ ਵਿਕਾਸ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਪ ਨੂੰ ਮੋਹਾਲੀ ਤੋਂ 27 ਕੌਂਸਲਰ ਮਿਲੇ ਸਨ ਉਧਰ ਕਾਂਗਰਸ ਨੂੰ 12 ਤੇ ਅਕਾਲੀ ਦਲ ਨੂੰ 4 , ਬੀਜੇਪੀ ਨੂੰ 3  ਅਤੇ ਆਜ਼ਾਦ 4 ਮਿਲੇ ਸਨ।

Share This Article
Leave a Comment