ਕੇਜਰੀਵਾਲ ਨੇ ਪੰਜਾਬ ਦੇ ਪਾਰਟੀ ਵਿਧਾਇਕਾਂ ਨੂੰ ਪ੍ਰੇਰਿਆ, ਕਿਹਾ-“ਹਰ ਜ਼ਿੰਮੇਵਾਰੀ ਅਹਿਮ, ਸਿਰਫ ਲੋਕਾਂ ਲਈ ਕਰੋ ਕੰਮ”

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਮੀਟਿੰਗ ਕੀਤੀ ਗਈ। ਚੋਣਾਂ ‘ਚ ਜ਼ਬਰਦਸਤ ਬਹੁਮਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਵਿਧਾਇਕਾਂ ਨਾਲ ਇਹ ਪਹਿਲੀ ਮੁਲਾਕਾਤ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਭਾਵੁਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਿਛਲੇ ਤਿੰਨ ਦਿਨਾਂ ‘ਚ ਜੋ ਕੰਮ ਕੀਤਾ ਹੈ, ਉਹ ਲਾਜਵਾਬ ਹੈ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਇਮਾਨਦਾਰੀ ਦਾ ਮੰਤਰ ਦਿੱਤਾ। ਵਿਧਾਇਕਾਂ ਨਾਲ ਵਰਚੁਅਲ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਹਰ ਜ਼ਿੰਮੇਵਾਰੀ ਜ਼ਰੂਰੀ ਹੈ। ਅਸੀਂ ਸਿਰਫ ਲੋਕਾਂ ਲਈ ਕੰਮ ਕਰਨਾ ਹੈ।

ਬੈਠਕ ਲਈ ‘ਆਪ’ ਵਿਧਾਇਕ ਮੋਹਾਲੀ ਦੇ ਹੋਟਲ ਵਿੱਚ ਇਕੱਠੇ ਹੋਏ ਸਨ । ਮੀਟਿੰਗ ਵਿੱਚ ਸੀਐੱਮ ਭਗਵੰਤ ਮਾਨ ਅਤੇ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਰਹੇ । ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸਾਡਾ ਫਰਜ਼ ਹੈ ਕਿ ਪੰਜਾਬ ਵਿੱਚ ਹਰ ਪਾਸੇ ਜਾਈਏ । ਸਾਨੂੰ ਸਾਰਿਆਂ ਲਈ ਕੰਮ ਕਰਨਾ ਹੋਵੇਗਾ।

ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਹਸਪਤਾਲਾਂ ਵਿੱਚ ਜਾ ਕੇ ਨਿਰੱਖਣ ਕਰਨ ਅਤੇ ਤਹਿਸੀਲ, ਥਾਣਿਆਂ ਦੇ ਪ੍ਰਬੰਧ ਦੀ ਜਾਂਚ ਕਰਨ ਲਈ ਪ੍ਰੇਰਿਆ ਪਰ ਸਾਰਿਆਂ ਨੂੰ ਦੁਰਵਿਵਹਾਰ ਨਾ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਜੇ ਕਹਿਣ ਦੇ ਬਾਵਜੂਦ ਕੋਈ ਅਧਿਕਾਰੀ ਗਲਤ ਕੰਮ ਕਰਦਾ ਹੈ ਤਾਂ ਮੁੱਖ ਮੰਤਰੀ ਪੰਜਾਬ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਵੱਡੀ ਆਸ ਹੈ। ਪੰਜਾਬੀਆਂ ਦੀ ਇਸ ਆਸ ‘ਤੇ ਖਰੇ ਉਤਰਨ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਨਵੇਂ ਮੰਤਰੀਆਂ ਨੂੰ ਟੀਚੇ ਦੇ ਆਧਾਰ ‘ਤੇ ਕੰਮ ਕਰਨ ਲਈ ਪ੍ਰੇਰਿਆ ਹੈ।

ਭਗਵੰਤ ਮਾਨ ਦੀ ਤਾਰੀਫ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰਾ ਦੇਸ਼ ਤੁਹਾਡੇ ਅਤੇ ਤੁਹਾਡੇ ਕੰਮਾਂ ਦੀ ਗੱਲ ਕਰ ਰਿਹਾ ਹੈ। ਅਕਤੂਬਰ ਵਿੱਚ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਚੈੱਕ ਮਿਲ ਜਾਣਗੇ। ਤੁਸੀਂ ਸਰਕਾਰ ਬਣਾਉਣ ਦੇ 3 ਦਿਨਾਂ ਦੇ ਅੰਦਰ ਵਧੀਆ ਕੰਮ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਨਵ-ਨਿਯੁਕਤ ਮੰਤਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਬੈਠਣਾ ਹੈ। 24 ਘੰਟੇ ਜਨਤਾ ਵਿਚਾਲੇ ਰਹੋ ਅਤੇ ਕੰਮ ਕਰੋ। ਕੁਝ ਵਿਧਾਇਕਾਂ ਦੇ ਮੰਤਰੀ ਨਾ ਬਣਨ ‘ਤੇ ਕੇਜਰੀਵਾਲ ਨੇ ਕਿਹਾ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਪੰਜਾਬ ਦੇ ਲੋਕਾਂ ਨੇ ਹੀਰੇ ਚੁਣ ਕੇ ਭੇਜੇ ਹਨ। 92 ਲੋਕਾਂ ਦੀ ਟੀਮ ਬਣ ਕੇ ਕੰਮ ਕਰਨਾ ਹੈ, ਆਪਣਾ ਸਵਾਰਥ ਛੱਡੋ। ਇੱਛਾਵਾਂ ਅੱਗੇ ਆਈਆਂ ਤਾਂ ਪੰਜਾਬ ਮਰ ਜਾਵੇਗਾ। ਪੰਜਾਬ ਦੀ ਤਰੱਕੀ ਲਈ ਸਾਨੂੰ ਇੱਕ ਟੀਮ ਬਣ ਕੇ ਕੰਮ ਕਰਨਾ ਪਵੇਗਾ।

Share This Article
Leave a Comment