ਦੋਵੇਂ ਕਿਸਾਨ ਮੋਰਚੇ ਨਿੱਤਰੇ ਮੈਦਾਨ ‘ਚ!

Global Team
4 Min Read

ਜਗਤਾਰ ਸਿੰਘ ਸਿੱਧੂ;

ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਚੰਡੀਗੜ ਮੀਟਿੰਗ ਕਰਕੇ ਦੂਜੇ ਸੰਯੁਕਤ ਕਿਸਾਨ ਮੋਰਚੇ ਨਾਲ ਕਿਸਾਨੀ ਮੰਗਾਂ ਦੀ ਪੂਰਤੀ ਲਈ ਸਾਂਝੇ ਸੰਘਰਸ਼ ਲਈ ਹਾਂ ਪੱਖੀ ਹੁੰਗਾਰਾ ਭਰਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਧਿਰਾਂ ਦੇ ਆਗੂਆਂ ਦੀਆਂ ਹੋਰ ਮੀਟਿੰਗਾਂ ਵੀ ਹੋਣਗੀਆਂ। ਅੱਜ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਕਿਸਾਨੀ ਮੰਗਾਂ ਬਾਰੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜੇਕਰ ਇਹ ਮੀਟਿੰਗ ਨਾ ਹੋਈ ਤਾਂ ਖੇਤੀ ਮੰਤਰੀ ਕੇਂਦਰੀ ਨਾਲ ਮੁਲਾਕਾਤ ਕੀਤੀ ਜਾਵੇਗੀ। ਮੀਟਿੰਗ ਨੇ ਇਹ ਵੀ ਵੱਡਾ ਫੈਸਲਾ ਲਿਆ ਹੈ ਕਿ 9 ਜਨਵਰੀ ਨੂੰ ਮੋਗਾ ਵਿਖੇ ਵੱਡਾ ਇਕਠ ਕਰਕੇ ਕਿਸਾਨ ਮੰਗਾਂ ਦੀ ਪੂਰਤੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਉੱਤੇ ਦਬਾਅ ਬਣਾਇਆ ਜਾਵੇਗਾ। ਕਿਸਾਨ ਆਗੂਆਂ ਨੇ ਡੱਲੇਵਾਲ ਦੀ ਵਿਗੜ ਰਹੀ ਸਿਹਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਨੇ ਕੇਂਦਰ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸਾਨੀ ਮੰਗਾਂ ਬਾਰੇ ਸੰਜੀਦਗੀ ਨਾਲ ਸਟੈਂਡ ਨਾ ਲੈਣ ਦਾ ਵੀ ਨੋਟਿਸ ਲਿਆ।

ਕਿਸਾਨਾਂ ਦੀ ਫਸਲ ਦੇ ਭਾਅ ਨੂੰ ਕਾਨੂੰਨੀ ਰੂਪ ਦੇਣ ਸਮੇਤ ਹੋਰਨਾਂ ਮੰਗਾਂ ਨੂੰ ਲੈਕੇ ਕਿਸਾਨ ਅੰਦੋਲਨ ਨਵੇਂ ਸਿਰੇ ਤੋਂ ਵਧੇਰੇ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ। ਦਿੱਲੀ ਦੇ ਕਿਸਾਨ ਅੰਦੋਲਨ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸਾਨ ਜਥੇਬੰਦੀਆਂ ਵਖਰੇਵੇਂ ਦੇ ਬਾਵਜੂਦ ਕਿਸਾਨ ਮੰਗਾਂ ਲਈ ਸਾਂਝੇ ਸੰਘਰਸ਼ ਵੱਲ ਅੱਗੇ ਵੱਧ ਰਹੀਆਂ ਹਨ।

ਦੋ ਮੁੱਦਿਆਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਵਿਚਕਾਰ ਆਮ ਤੌਰ ਤੇ ਸਹਿਮਤੀ ਬਣ ਰਹੀ ਹੈ ।ਪਹਿਲਾ ਮੁੱਦਾ ਤਾਂ ਕਿਸਾਨ ਦੀ ਫਸਲ ਦੇ ਭਾਅ ਅਤੇ ਹੋਰ ਕਿਸਾਨੀ ਮਾਮਲਿਆਂ ਬਾਰੇ ਹੈ। ਇਸ ਮਾਮਲੇ ਬਾਰੇ ਤਾਂ ਕੋਈ ਵੱਖਰੀ ਰਾਇ ਹੈ ਹੀ ਨਹੀਂ ਸਕਦੀ । ਦੂਜਾ ਸਹਿਮਤੀ ਵਾਲਾ ਆਮ ਮੁੱਦਾ ਭਾਜਪਾ ਅਤੇ ਕੇਂਦਰ ਸਰਕਾਰ ਦੇ ਵਿਰੋਧ ਦਾ ਬਣ ਗਿਆ ਹੈ। ਇਹ ਦੋ ਮਾਮਲੇ ਅਜਿਹੇ ਹਨ ਕਿ ਕਿਸਾਨ ਜਥੇਬੰਦੀਆਂ ਦੇ ਜਿੰਨੇ ਮਰਜ਼ੀ ਵਖਰੇਵੇਂ ਹੋਣ ਪਰ ਇਹ ਦੋ ਮਾਮਲੇ ਉੱਨਾਂ ਨੂੰ ਧਰਤੀ ਦੀ ਖਿੱਚ ਦੇ ਸਿਧਾਂਤ ਵਾਂਗ ਇੱਕਠੇ ਹੋਣ ਲਈ ਮਜਬੂਰ ਕਰਦੇ ਹਨ। ਇਹ ਅਜਿਹਾ ਖੇਤਰ ਹੈ ਜਿੱਥੇ ਆਕੇ ਭਾਜਪਾ ਵੀ ਥੱਕ ਜਾਂਦੀ ਹੈ ਪਰ ਇਨਾਂ ਅੰਦਰ ਕੋਈ ਸੁਭਾਵਿਕ ਚਮਤਕਾਰ ਨਹੀਂ ਵਿਖਾ ਸਕੀ। ਭਾਜਪਾ ਨੇ ਦੇਸ਼ ਦੀ ਹਰ ਪਾਰਟੀ ਨੂੰ ਨੇਤਾ ਤੋੜਕੇ ਤਕੜੇ ਝਟਕੇ ਦਿੱਤੇ ਹਨ ਪਰ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਲੜਕੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀਆਂ ਜੱਥੇਬੰਦੀਆਂ ਦੇ ਆਗੂਆਂ ਵਿਚੋਂ ਇੱਕ ਵੀ ਨਾਂਅ ਅਜਿਹਾ ਨਹੀਂ ਹੈ ਜਿਸ ਨੇ ਦਿੱਲੀ ਦੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਭਾਜਪਾ ਦਾ ਝੰਡਾ ਚੁੱਕ ਕੇ ਆਖ ਦਿੱਤਾ ਹੋਵੇ ਕਿ ਕਿਸਾਨ ਨੇਤਾ ਤਾਂ ਦੇਸ਼ ਵਿਰੋਧੀ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਜਰੂਰ ਹੈ ਕਿ ਕਿਸਾਨੀ ਪਿਛੋਕੜ ਦਾ ਵੱਡਾ ਦਾਅਵਾ ਕਰਨ ਵਾਲੇ ਭਾਜਪਾ ਦੇ ਵੱਡੇ ਆਗੂ ਸੁਨੀਲ ਜਾਖੜ ਅਤੇ ਕਈ ਹੋਰ ਇਹ ਆਖ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਤੋਂ ਅੱਗੇ ਗੱਲ ਨਹੀਂ ਕਰਨੀ ਚਾਹੀਦੀ ਅਤੇ ਪੰਜਾਬ ਵਿੱਚ ਪਹਿਲਾਂ ਹੀ ਫਸਲਾਂ ਦੇ ਭਾਅ ਦੀ ਗਰੰਟੀ ਕਣਕ ਅਤੇ ਝੋਨੇ ਉਪਰ ਮਿਲ ਰਹੀ ਹੈ। ਉਹ ਦੂਜੀਆਂ ਰਾਜਸੀ ਧਿਰਾਂ ਨੂੰ ਵੀ ਆਖ ਰਹੇ ਹਨ ਕਿ ਕਿਉਂ ਮਰਨ ਵਰਤ ਉੱਪਰ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਜਾ ਰਹੇ ਹਨ। ਕਿਹਾ ਜਾ ਸਕਦਾ ਹੈ ਕਿ ਭਾਜਪਾ ਨੇ ਸਾਰੀ ਵਾਹ ਲਾ ਲਈ ਪਰ ਕਿਸਾਨ ਅੰਦੋਲਨ ਨਾ ਦਬਿਆ ਅਤੇ ਨਾ ਹੀ ਟੁੱਟਿਆ।

ਇਸ ਤਰ੍ਹਾਂ ਅਜ ਸ਼ਾਮੀ ਕਿਸਾਨ ਨੇਤਾ ਡੱਲੇਵਾਲ ਦੀ ਹਮਾਇਤ ਵਿੱਚ ਕੈਂਡਲ ਮਾਰਚ ਹੋਇਆ ਹੈ ਅਤੇ ਤੀਹ ਦਸੰਬਰ ਨੂੰ ਪੰਜਾਬ ਦਾ ਸੱਦਾ ਦਿੱਤਾ ਗਿਆ ਹੈ।

ਸੰਪਰਕ: 9814002186

Share This Article
Leave a Comment