ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਨੂੰ ਸਲਾਮ!

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

 

ਬ੍ਰੇਕਿੰਗ ਨਿਊਜ਼ : ਵੱਡੀ ਖਬਰ, ਪੰਜਾਬ ਦੇ ਲੱਖਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਲਾਮ ਹੈ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੀ ਦਹਿਸ਼ਤ ਦੇ ਬਾਵਜੂਦ ਦਲੇਰੀ ਨਾਲ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਕੰਮ ਕੀਤਾ ਹੈ। ਕਹਿਣ ਨੂੰ ਬੇਸ਼ੱਕ ਦੇਸ਼ ਨੂੰ ਚਲਾਉਣ ਲਈ ਬਹੁਤ ਸਾਰੇ ਖੇਤਰਾਂ ਦੀ ਅਹਿਮੀਅਤ ਹੈ ਪਰ ਇਹ ਤਾਂ ਮੰਨਣਾ ਪਏਗਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਖੇਤੀਬਾੜੀ ਖੇਤਰ ਦੇਸ਼ ਲਈ ਇੱਕ ਬਹੁਤ ਵੱਡੀ ਢਾਰਸ ਹੈ। ਪੰਜਾਬ ਦੀਆਂ ਮੰਡੀਆਂ ‘ਚ ਜਦੋਂ ਕਿਸਾਨ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦੀਆਂ ਢੇਰੀਆਂ ਲੱਗ ਰਹੀਆਂ ਸਨ ਤਾਂ ਇਹ ਸੁਆਲ ਬਹੁਤ ਵੱਡੀ ਪੱਧਰ ‘ਤੇ ਉੱਠ ਰਿਹਾ ਸੀ ਕਿ ਕੋਰੋਨਾ ਵਾਇਰਸ ਦਾ ਕਿਸਾਨਾਂ ਅਤੇ ਮਜ਼ਦੂਰਾਂ ‘ਚ ਫੈਲਣ ਦਾ ਬਹੁਤ ਵੱਡਾ ਖਤਰਾ ਹੈ। ਸਰਕਾਰ ਵੱਲੋਂ ਮੰਡੀਆਂ ‘ਚ ਭੀੜ ਭੜੱਕੇ ਨੂੰ ਘਟਾਉਣ ਲਈ ਹਰ ਆੜ੍ਹਤੀਏ ਵਾਸਤੇ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਕਿਸਾਨਾਂ ਲਈ ਪਾਸ ਵੰਡਣ ਦੀ ਵਿਉਂਤ ਤਿਆਰ ਕੀਤੀ ਗਈ। ਕਿਸਾਨ ਜਦੋਂ ਖੇਤਾਂ ‘ਚ ਕਣਕ ਦੀ ਕਟਾਈ ਲਈ ਦਾਖਲ ਹੋਇਆ ਤਾਂ ਇਹ ਸਵਾਲ ਵੀ ਉੱਠ ਰਿਹਾ ਸੀ ਕਿ ਕਿਸਾਨ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਿਯਮਾਂ ਦੀ ਕਿਵੇਂ ਪਾਲਣਾ ਕਰਨਗੇ। ਇਹ ਅਸੀਂ ਸਾਰੇ ਜਾਣਦੇ ਹਾਂ ਕਿ ਗਿਣਤੀ ਦੇ ਦਿਨਾਂ ‘ਚ ਪੰਜਾਬ ਅੰਦਰ ਕਣਕ ਦੀ ਵਾਢੀ ਦਾ ਬਹੁਤ ਵੱਡਾ ਆਪ੍ਰੇਸ਼ਨ ਹੁੰਦਾ ਹੈ। ਇਸ ਵਾਰ ਮਜ਼ਦੂਰਾਂ ਲਈ ਵੀ ਇੱਕ ਵੱਡੀ ਸਮੱਸਿਆ ਸੀ ਅਤੇ ਕਿਸਾਨ ਮੰਡੀਆਂ ‘ਚ ਕਣਕ ਲੈ ਕੇ ਜਾਣ ਲਈ ਨਵੀਂ ਕਿਸਮ ਦੀਆਂ ਔਕੜਾਂ ਦਾ ਵੀ ਸਾਹਮਣਾ ਕਰਨਾ ਪਿਆ। ਅਸਲੀਅਤ ਤਾਂ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਦੀ ਤਰ੍ਹਾਂ ਹੀ ਇਸ ਵਾਰ ਵੀ ਕਣਕ ਦੀ ਕਟਾਈ ਦਾ ਵੱਡਾ ਕੰਮ ਪੂਰੀ ਦਲੇਰੀ ਨਾਲ ਨੇਪਰੇ ਚਾੜ੍ਹਿਆ ਅਤੇ ਮੰਡੀਆਂ ‘ਚ ਕਣਕ ਦੀਆਂ ਢੇਰੀਆਂ ਲਾਈਆਂ। ਬੇਸ਼ੱਕ ਸਰਕਾਰ ਨੇ ਬੜੇ ਦਾਅਵੇ ਕੀਤੇ ਕਿ ਮੰਡੀਆਂ ‘ਚ ਸੈਨੇਟਾਈਜ਼ਰ ਦਾ ਪ੍ਰਬੰਧ ਹੈ ਅਤੇ ਕਿਸਾਨਾਂ ਦੇ ਇੱਕ ਥਾਂ ਇਕੱਠੇ ਨਾ ਹੋਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ ਪਰ ਇਸ ਦੇ ਬਾਵਜੂਦ ਅਕਸਰ ਮੰਡੀਆਂ ‘ਚ ਕਿਸਾਨ ਇਹ ਕਹਿੰਦੇ ਸਨ ਕਿ ਉਹ ਆਪਣੀ ਸੁਰੱਖਿਆ ਦਾ ਇੰਤਜਾਮ ਆਪ ਕਰ ਕੇ ਆਏ ਹਨ। ਜਿਹੜੀ ਸਰਕਾਰ ਆਮ ਦਿਨਾਂ ‘ਚ ਕਿਸਾਨਾਂ ਲਈ ਮੰਡੀ ਦੀਆਂ ਪੂਰੀਆਂ ਸਹੂਲਤਾਂ ਨਹੀਂ ਕਰਵਾ ਸਕਦੀ ਸੀ, ਉਸ ਸਰਕਾਰ ਵੱਲੋਂ ਅਸਧਾਰਨ ਹਾਲਤਾਂ ‘ਚ ਪ੍ਰਬੰਧਾਂ ਦੇ ਮੁਕੰਮਲ ਹੋਣ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ। ਇਹ ਜ਼ਰੂਰ ਹੈ ਕਿ ਮੰਤਰੀਆਂ, ਵਿਧਾਇਕਾਂ ਅਤੇ ਹਾਕਮ ਧਿਰ ਦੇ ਆਗੂਆਂ ਨੇ ਮੰਡੀਆਂ ‘ਚ ਜਾ ਕੇ ਮੀਡੀਆ ਲਈ ਤਸਵੀਰਾਂ ਜ਼ਰੂਰ ਖਿਚਵਾਈਆਂ। ਹੁਣ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪ੍ਰਧਾਨ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਜਾਣਕਾਰੀ ਦੇ ਚੁੱਕੇ ਹਨ ਕਿ ਪੰਜਾਬ ‘ਚ 135 ਲੱਖ ਟਨ ਕਣਕ ਮੰਡੀਆਂ ‘ਚ ਆਉਣ ਦੀ ਉਮੀਦ ਹੈ ਅਤੇ ਹੁਣ ਤੱਕ 100 ਲੱਖ ਟਨ ਕਣਕ ਮੰਡੀਆਂ ‘ਚ ਆ ਚੁੱਕੀ ਹੈ ਤਾਂ ਕਿਸਾਨ ਦੀ ਕਾਮਯਾਬੀ ‘ਤੇ ਸਰਕਾਰ ਨੇ ਵੀ ਮੋਹਰ ਲਾ ਦਿੱਤੀ ਹੈ। ਬੇਸ਼ੱਕ ਇਨ੍ਹਾਂ ਦਿਨਾਂ ‘ਚ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ ਵੀ ਆਏ ਹਨ ਅਤੇ ਕਈ ਤਰ੍ਹਾਂ ਦੇ ਵਿਵਾਦ ਵੀ ਉੱਠੇ ਹਨ। ਪਰ ਇਸ ਗੱਲ ‘ਤੇ ਸਹਿਮਤੀ ਹੈ ਕਿ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਕਣਕ ਦੀ ਵਾਢੀ ‘ਚੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੁਰਖੁਰੂ ਹੋ ਕੇ ਨਿਕਲਿਆ ਹੈ। ਇਸ ਸਮੁੱਚੇ ਆਪ੍ਰੇਸ਼ਨ ਦੀ ਸਫਲਤਾ ਦਾ ਸਿਹਰਾ ਪੰਜਾਬ ਦੇ ਕਿਸਾਨਾਂ, ਅਤੇ ਮਜ਼ਦੂਰਾਂ ਨੂੰ ਜਾਂਦਾ ਹੈ। ਇਸ ਨਾਲ ਇਹ ਵੀ ਇੱਕ ਬਹੁਤ ਵੱਡਾ ਸੁਨੇਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਤੋਂ ਸਾਵਧਾਨੀ ਤਾਂ ਜ਼ਰੂਰ ਰੱਖੋ ਪਰ ਇਸ ਤੋਂ ਡਰ ਕੇ ਜ਼ਿੰਦਗੀ ਨਹੀਂ ਜਿਉਂਈ ਜਾ ਸਕਦੀ। ਕਿਸਾਨ ਆਮ ਵਾਂਗ ਹੀ ਵਾਢੀ ਲਈ ਆਪਣੇ ਖੇਤਾਂ ਅਤੇ ਮੰਡੀਆਂ ‘ਚ ਗਏ। ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਸਾਰਾ ਦੇਸ਼ ਇਸ ਸੱਚਾਈ ਨਾਲ ਸਹਿਮਤ ਹੈ ਕਿ ਕਿਸਾਨ ਘੱਟੋ ਘੱਟ ਕੋਰੋਨਾ ਮਹਾਮਾਰੀ ਫੈਲਾਉਣ ਦਾ ਮੁੱਦਾ ਨਹੀਂ ਬਣੇ। ਇਸ ਮੁੱਦੇ ‘ਤੇ ਨਾ ਹੀ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਰਾਜਨੀਤੀ ਕਰਨ ਦਾ ਮੌਕਾ ਮਿਲਿਆ ਅਤੇ ਨਾ ਹੀ ਦੇਸ਼ ਦੇ ਮੀਡੀਆ ਨੂੰ ਕਿਸਾਨ ਦੇ ਮੁੱਦੇ ‘ਤੇ ਬਹਿਸਾਂ ਕਰਨ ਦਾ ਮੌਕਾ ਮਿਲਿਆ। ਪਿੰਡਾਂ ‘ਚ ਵਸਦੇ ਕਰੋੜਾਂ ਲੋਕ ਤੰਗੀਆਂ, ਤੁਰਸੀਆਂ ਅਤੇ ਹੋਰ ਅਨੇਕਾਂ ਮੁਸ਼ਕਲਾਂ ਦਾ ਸ਼ਿਕਾਰ ਹਨ ਪਰ ਉਨ੍ਹਾਂ ਦੀ ਜੀਵਨਸ਼ੈਲੀ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਉਹ ਕੋਰੋਨਾ ਦੀ ਦਹਿਸ਼ਤ ਦੀ ਚਾਦਰ ਨੂੰ ਪਰੇ ਸੁੱਟ ਕੇ ਦੇਸ਼ ਦੇ ਲੋਕਾਂ ਦੀ ਭੁੱਖ ਮਿਟਾਉਣ ਲਈ ਅੱਜ ਵੀ ਮੋਹਰਲੀਆਂ ਸਫਾ ‘ਚ ਡਟੇ ਹੋਏ ਹਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਇਸ ਕਾਰਜ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਨਾ ਤਾਂ ਕੋਈ ਬੋਨਸ ਦਿੱਤਾ ਅਤੇ ਨਾ ਹੀ ਉਨ੍ਹਾਂ ਲਈ ਕੋਈ ਖਾਸ ਰਿਆਇਤਾਂ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ ‘ਚ ਇਹ ਤਾਂ ਇਸ਼ਾਰਾ ਕੀਤਾ ਹੈ ਕਿ ਖੇਤੀ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਛੇਤੀ ਹੀ ਖਾਸ ਯੋਜਨਾ ਲੈ ਕੇ ਆ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੀਹਾਂ ‘ਤੇ ਲਿਆਉਣ ਲਈ ਡਾ. ਮਨਮੋਹਨ ਸਿੰਘ ਅਤੇ ਡਾ. ਮੌਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ। ਪਰ ਸਰਕਾਰਾਂ ਦੀਆਂ ਇਨ੍ਹਾਂ ਨੀਤੀਆਂ ‘ਤੇ ਵੀ ਬਹੁਤ ਵੱਡੇ ਸਵਾਲ ਉੱਠ ਰਹੇ ਹਨ ਕਿ ਕੀ ਇਹ ਸਾਰਾ ਕੁਝ ਕਿਸਾਨ ਅਤੇ ਮਜ਼ਦੂਰ ਨੂੰ ਸੰਕਟ ‘ਚੋਂ ਕੱਢਣ ਲਈ ਕੀਤਾ ਜਾ ਰਿਹਾ ਹੈ ਜਾਂ ਕਾਰਪੋਰੇਟ ਜਗਤ ਨੂੰ ਹੁਲਾਰਾ ਦੇਣ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ। ਇੱਥੇ ਪੰਜਾਬ ਦੇ ਖੇਤੀ ਮਾਮਲਿਆਂ ਦੇ ਆਰਥਿਕ ਮਾਹਿਰ ਡਾ. ਗਿਆਨ ਸਿੰਘਾ ਦਾ ਕਥਨ ਦੇਣਾ ਬਣਦਾ ਹੈ ਕਿ ਪੰਜਾਬ ‘ਚ ਆਰਥਿਕ ਖੇਤਰ ਨਾਲ ਜੁੜੇ ਮਾਹਿਰਾਂ, ਅਧਿਆਪਕਾਂ ਅਤੇ ਨੀਤੀ ਘਾੜਿਆਂ ਦੀ ਕੋਈ ਘਾਟ ਨਹੀਂ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀ ਕਮੇਟੀ ਪੰਜਾਬ ਸਿਰ ਥੋਪ ਦਿੱਤੀ ਹੈ ਜਿਸ ਦਾ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨਾਲ ਕੋਈ ਸੰਬਧ ਨਹੀਂ। ਇਸ ਕਮੇਟੀ ‘ਚ ਡਾ. ਮਨਮੋਹਨ ਸਿੰਘ ਅਤੇ ਮੌਨਟੇਕ ਸਿੰਘ ਆਹਲੂਵਾਲੀਆ ਕੌਮੀ ਪੱਧਰ ਦੀਆਂ ਹਸਤੀਆਂ ਹਨ। ਇਹ ਵੀ ਮਹਿਸੂਸ ਕੀਤਾ ਗਿਆ ਹੈ ਕਿ ਅਜਿਹੀਆਂ ਕਮੇਟੀਆਂ ਦੀਆਂ ਸ਼ਿਫਾਰਸ਼ਾਂ ਹੀ ਬਹੁਤ ਸਮਾਂ ਲੰਘਾ ਦਿੰਦਿਆਂ ਹਨ।

- Advertisement -

ਸੰਪਰਕ : 9814002186

Share this Article
Leave a comment