ਸਹਾਰਨਪੁਰ : ਰੇਲ ਗੱਡੀਆਂ ‘ਚ ਹੋਣ ਵਾਲੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸ ਦੌਰਾਨ ਜਿੱਥੇ ਲੁਟੇਰਿਆਂ ਵੱਲੋਂ ਯਾਤਰੀਆਂ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਤਾਂ ਚੋਰੀ ਕੀਤਾ ਹੀ ਜਾਂਦਾ ਹੈ ਉੱਥੇ ਅਜਿਹੀ ਚੀਜ਼ ਲੁੱਟੇ ਜਾਣ ਦਾ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ।
ਕੀ ਤੁਸੀਂ ਕਦੀ ਮੁਰਦੇ ਦੀਆਂ ਅਸਥੀਆਂ ਚੋਰੀ ਹੋ ਜਾਣ ਦੀ ਗੱਲ ਸੁਣੀ ਜਾਂ ਦੇਖੀ ਹੈ? ਜੇ ਨਹੀਂ ਤਾਂ ਆਓ ਤੁਹਾਨੂੰ ਅੱਜ ਇੱਕ ਅਜਿਹੇ ਹੀ ਮਾਮਲੇ ਤੋਂ ਜਾਣੂ ਕਰਵਾਉਂਦੇ ਹਾਂ। ਦਰਅਸਲ ਇਹ ਮਾਮਲਾ ਹੈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਇਲਾਕੇ ਦਾ ਜਿੱਥੇਂ ਚੋਰਾਂ ਵੱਲੋਂ ਚੇਨੱਈ ਐਕਸਪ੍ਰੈਸ ‘ਚ ਕੀਮਤੀ ਸਮਾਨ ਦੀ ਲੁੱਟ ਖੋਹ ਕਰਨ ਦੇ ਨਾਲ ਨਾਲ ਅਸਥੀਆਂ ਵੀ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਲੁਟੇਰਿਆਂ ਵੱਲੋਂ ਬੀਤੀ ਸ਼ੁੱਕਰਵਾਰ ਦੀ ਰਾਤ ਨੂੰ ਜਦੋਂ ਸਫਰ ਦੌਰਾਨ ਯਾਤਰੀਆਂ ਦੀ ਲੁੱਟ ਖੋਹ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਕਿ ਇਸ ਕਲਸ਼ ਵਿੱਚ ਮੇਰੀ ਮਾਂ ਦੀਆਂ ਅਸਥੀਆਂ ਹਨ ਪਰ ਲੁਟੇਰਿਆਂ ਨੂੰ ਉਸ ਦੀ ਭਾਸ਼ਾ ਸਮਝ ਨਹੀਂ ਆਈ ਤੇ ਉਹ ਉਸ ਕਲਸ਼ ਨੂੰ ਕੀਮਤੀ ਚੀਜ ਸਮਝ ਕੇ ਖੋਹ ਕੇ ਲੈ ਗਏ। ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਦੀਆਂ ਅਸਥੀਆਂ ਗੰਗਾ ‘ਚ ਵਹਾਉਣ ਜਾ ਰਿਹਾ ਸੀ ਉਥੇ ਹੀ ਪੁਲਿਸ ਨੇ ਐਫਆਈਆਰ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।