ਕਿਸਾਨਾਂ ਵਾਂਗ ਖੇਤ ਮਜ਼ਦੂਰਾਂ ਨੂੰ ਕਰਜ਼ੇ ‘ਚ ਡੋਬਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਜ਼ਿੰਮੇਵਾਰ: ਹਰਪਾਲ ਚੀਮਾ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੇਤ ਮਜ਼ਦੂਰਾਂ ਉੱਤੇ ਪਿਛਲੇ 30 ਸਾਲਾਂ ‘ਚ 61 ਪ੍ਰਤੀਸ਼ਤ ਕਰਜ਼ ਵਧਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਬੇਈਮਾਨ ਨੀਅਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਨੇ ਕਿਸਾਨਾਂ ਅਤੇ ਭੂਮੀਹੀਣ ਗ਼ਰੀਬਾਂ-ਖੇਤ ਮਜ਼ਦੂਰਾਂ ਨੂੰ ਵੋਟਾਂ ਲਈ ਹੀ ਵਰਤਿਆ ਹੈ, ਪਰੰਤੂ ਕੀਤੇ ਚੋਣ ਵਾਅਦੇ ਕਦੇ ਵੀ ਨਹੀਂ ਨਿਭਾਏ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ 562 ਚੋਣ ਵਾਅਦਿਆਂ ‘ਚੋਂ 328 ਪੂਰੀ ਤਰਾਂ ਅਤੇ 97 ਕਾਫ਼ੀ ਹੱਦ ਤੱਕ ਪੂਰੇ ਕਰ ਲੈਣ ਦੇ ਝੂਠੇ ਅਤੇ ਫ਼ਰੇਬੀ ਦਾਅਵੇ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਬੇਜ਼ਮੀਨੇ ਦਲਿਤ-ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਹਨ।

ਚੀਮਾ ਨੇ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰਨ ਕਿ ਬੇਜ਼ਮੀਨੇ ਦਲਿਤਾਂ ਅਤੇ ਖੇਤ ਮਜ਼ਦੂਰਾਂ ਦੇ ਕਿੰਨੇ ਕਰਜ਼ੇ ਮੁਆਫ਼ ਕੀਤੇ ਹਨ? ਚੀਮਾ ਮੁਤਾਬਿਕ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦਿਆਂ ਪ੍ਰਤੀ ਥੋੜ੍ਹਾ-ਬਹੁਤ ਵੀ ਸੰਜੀਦਾ ਰਹਿੰਦੇ ਤਾਂ ਖੇਤ ਮਜ਼ਦੂਰਾਂ ਨੂੰ 20 ਪ੍ਰਤੀਸ਼ਤ ਤੋਂ ਵੀ ਵੱਧ ਵਿਆਜ ਦਰ ‘ਤੇ ਕਰਜ਼ੇ ਚੁੱਕਣ ਦੀ ਨੌਬਤ ਨਾ ਆਉਂਦੀ।

ਹਰਪਾਲ ਸਿੰਘ ਚੀਮਾ ਨੇ ਮਾਹਿਰਾਂ ਵੱਲੋਂ ਕੀਤੇ ਅਧਿਐਨ ਦੇ ਹਵਾਲੇ ਨਾਲ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਜਿੱਥੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਉੱਥੇ ਖੇਤ ਮਜ਼ਦੂਰ ਵੀ ਵੱਡੀ ਗਿਣਤੀ ‘ਚ ਖੁਦਕੁਸ਼ੀਆਂ ਕਰ ਰਹੇ ਹਨ। ਚੀਮਾ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਅਨੁਸਾਰ ਸਾਲ 2000 ਤੋਂ ਸਾਲ 2018 ਤੱਕ ਖੇਤ ਮਜ਼ਦੂਰਾਂ ਨੇ 7300 ਆਤਮ ਹੱਤਿਆਵਾਂ ਕੀਤੀਆਂ ਹਨ, ਜਿੰਨਾ ‘ਚ 5765 ਦਾ ਇੱਕ ਮਾਤਰ ਕਾਰਨ ਕਰਜ਼ੇ ਦਾ ਬੋਝ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਨੀਤੀਆਂ ਖੇਤੀਬਾੜੀ ਅਤੇ ਖੇਤ ਮਜ਼ਦੂਰ ਪੱਖੀ ਹੁੰਦੀਆਂ ਤਾਂ ਬੇ-ਜ਼ਮੀਨ ਖੇਤ ਮਜ਼ਦੂਰਾਂ ਲਈ ਵੀ ਘੱਟ ਵਿਆਜ ਵਾਲੇ ਕਰਜ਼ਿਆਂ ਦਾ ਸੰਸਥਾਗਤ ਬੰਦੋਬਸਤ ਹੁੰਦਾ, ਪਰੰਤੂ ਸਰਕਾਰਾਂ ਨੇ ਇਸ ਪਾਸੇ ਕਦੇ ਵੀ ਧਿਆਨ ਨਹੀਂ ਦਿੱਤਾ ਨਤੀਜੇ ਵਜੋਂ ਖੇਤ ਮਜ਼ਦੂਰਾਂ ਨੂੰ 20.6 ਪ੍ਰਤੀਸ਼ਤ ਦੀ ਬੇਹੱਦ ਮਹਿੰਗੀ ਵਿਆਜ ਦਰ ‘ਤੇ ਕਰਜ਼ਾ ਲੈਣਾ ਪੈ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ 2022 ‘ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹਨ ਤਾਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਕਰਜ਼ਿਆਂ ਦਾ ਪਹਿਲ ਦੇ ਆਧਾਰ ‘ਤੇ ਤਰਕਸੰਗਤ ਨਿਪਟਾਰਾ ਕਰਨ ਲਈ ਇੱਕ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਨੀਤੀ ਲਿਆਂਦੀ ਜਾਵੇਗੀ।

Share This Article
Leave a Comment