ਕੇਂਦਰੀ ਰਾਸ਼ਨ ਖੁਰਦ ਬੁਰਦ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਅਧਿਕਾਰੀਆਂ ਖਿਲਾਫ ਐਫ ਆਈ ਆਰ ਦਰਜ ਹੋਵੇ : ਅਕਾਲੀ ਦਲ

TeamGlobalPunjab
5 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਉਸ ਕਾਂਗਰਸੀ ਵਿਧਾਇਕ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰਨ ਜਿਸਨੇ ਗਰੀਬਾਂ ਵਿਚ ਵੰਡਣ ਲਈ ਆਇਆ ਰਾਸ਼ਨ ਜਲੰਧਰ ਦੇ ਇਕ ਹੋਟਲ ਵਿਚ ਰੱਖਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਜਿਹੜੇ ਅਧਿਕਾਰੀਆਂ ਨੇ ਕਾਂਗਰਸੀ ਵਿਧਾਇਕ ਨੂੰ ਬਹੁ ਕਰੋੜੀ ਕੇਂਦਰੀ ਰਾਸ਼ਨ ਦਾ ਘੁਟਾਲਾ ਕਰਨ ਦਿੱਤਾ, ਉਹਨਾਂ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਵੱਡੇ ਘੁਟਾਲੇ ਅਤੇ ਕੋਰੋਨਾ ਲਾਕ ਡਾਊਨ ਦੌਰਾਨ 1.4 ਕਰੋੜ ਲੋਕਾਂ ਲਈ ਆਏ ਕੇਂਦਰੀ ਰਾਸ਼ਨ ਦੀ ਗਲਤ ਵੰਡ ਦੀ ਕੇਂਦਰੀ ਜਾਂਚ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬਿਨਾਂ ਡਰ ਦੇ ਉਸ ਗੱਲ ਦਾ ਖੰਡਨ ਕੀਤਾ ਜੋ ਸਾਰੇ ਸੂਬੇ ਵਿਚ ਹਰ ਬੰਦੇ ਨੂੰ ਪਤਾ ਹੈ। ਉਹਨਾਂ ਕਿਹਾ ਕਿ ਹੁਣ ਜਲੰਧਰ ਵਿਚ ਕਾਂਗਰਸੀ ਵਿਧਾਇਕ ਵੱਲੋਂ ਕੇਂਦਰੀ ਰਾਸ਼ਨ ਖੁਰਦ ਬੁਰਦ ਕਰਨ ਦੇ ਯਤਨ ਨੇ ਇਹ ਦੋਸ਼ ਸਾਬਤ ਕਰ ਦਿੱਤੇ ਹਨ ਤੇ ਹੁਣ ਇਹ ਮੁੱਖ ਮੰਤਰੀ ਦੇ ਸਿਰ ਹੈ ਕਿ ਉਹ ਕਾਂਗਰਸੀ ਵਿਧਾਇਕ ਦੇ ਖਿਲਾਫ ਅਤੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਿਹਨਾਂ ਨੇ ਰਾਸ਼ਨ ਗਰੀਬਾਂ ਤੇ ਲੋੜਵੰਦਾਂ ਨੂੰ ਵੰਡਣ ਦੀ ਥਾਂ ਕਾਂਗਰਸ ਦੇ ਆਗੂਆਂ ਨੂੰ ਸੌਂਪਿਆ, ਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੇ ਜਾਣ ਦੇ ਹੁਕਮ ਜਾਰੀ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਕੇਸ ਦੀ ਜਾਂਚ ਸੀ ਬੀ ਆਈ ਜਾਂ ਹੋਰ ਕਿਸੇ ਕੇਂਦਰੀ ਏਜੰਸੀ ਨੂੰ ਸੌਂਪ ਦੇਣੀ ਚਾਹੀਦੀ ਹੈ ਕਿਉਂਕਿ ਇਹ ਸਪਸ਼ਟ ਹੈ ਕਿ ਇਹ ਕਾਂਗਰਸੀ ਨੇਤਾ ਹੀ ਹਨ ਜਿਹਨਾਂ ਨੇ ਕੇਂਦਰ ਵੱਲੋਂ ਰਾਜ ਨੂੰ ਭੇਜੀ ਕਣਕ ਤੇ ਦਾਲਾਂ ਖੁਰਦ ਬੁਰਦ ਕੀਤੀਆਂ ਹਨ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਨੇ ਹੀ ਕੇਂਦਰ ਤੋਂ ਆਇਆ ਰਾਸ਼ਨ ਆਪਣੇ ਖੁਰਾਕ ਤੇ ਸਪਲਾਈ ਵਿਭਾਗ ਰਾਹੀਂ ਲੋੜਵੰਦਾਂ ਨੂੰ ਨਹੀਂ ਵੰਡਿਆ। ਉਹਨਾਂ ਕਿਹਾ ਕਿ ਜਲੰਧਰ ਦੇ ਵਿਧਾਇਕ ਨੇ ਇਹ ਮੰਨਿਆ ਹੈ ਕਿ ਉਸਨੇ ਰਾਸ਼ਨ ਹੋਟਲ ਵਿਚ ਰੱਖਿਆ ਹੈ ਤੇ ਉਹ ਇਹ ਰਾਸ਼ਨ ਵੰਡਣ ਵਾਸਤੇ ਅੱਗੇ ਕਾਂਗਰਸੀ ਕੌਂਸਲਰਾਂ ਨੂੰ ਦਿੰਦਾ ਸੀ। ਉਹਨਾਂ ਕਿਹਾ ਕਿ ਵਿਧਾਇਕ ਇਹਨਾਂ ਨਿਡਰ ਹੈ ਕਿ ਉਸਨੇ ਹੋਟਲ ਦੇ ਬਾਹਰ ਪਾਰਟੀ ਦੇ ਨਿਸ਼ਾਨ ਸਮੇਤ ਆਪਣਾ ਪੋਸਟਰ ਹੋਸਟਲ ਦੇ ਬਾਹਰ ਲਾਇਆ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਦੇ ਵਿਧਾਇਕ ਕੇਂਦਰ ਸਰਕਾਰ ਵੱਲੋਂ ਭੇਜੇ ਰਾਸ਼ਨ ਦਾ ਘੁਟਾਲਾ ਕਰਨ ਦੇ ਬਾਵਜੂਦ ਕਾਨੂੰਨ ਤੋਂ ਨਹੀਂ ਡਰ ਰਹੇ।

ਅਕਾਲੀ ਆਗੂ ਨੇ ਕਿਹਾ ਕਿ ਵਿਧਾਇਕ ਨੇ ਕੇਂਦਰੀ ਰਾਸ਼ਨ ਰੱਖਣ ਦੀ ਗੱਲ ਪ੍ਰਵਾਨ ਤਾਂ ਕੀਤੀ ਪਰ ਇਹ ਹਿਸਾਬ ਨਹੀਂ ਦੱਸ ਸਕਿਆ ਕਿ ਉਸਨੇ ਕਿੰਨਾ ਰਾਸ਼ਨ ਖੁਰਾਕ ਤੇ ਸਪਲਾਈ ਵਿਭਾਗ ਤੋਂ ਲਿਆ ਸੀ ਤੇ ਕਿੰਨਾ ਵੰਡਿਆ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਖੁਰਾਕ ਤੇ ਸਪਲਾਈ ਵਿਭਾਗ ਕਾਂਗਰਸੀਆਂ ਨਾਲ ਰਲਿਆ ਹੋਇਆ ਹੈ। ਉਹਨਾਂ ਕਿਹਾ ਕਿ ਵਿਭਾਗ ਨੇ ਰਾਸ਼ਨ ਵੰਡਣ ਦੇ ਅਜਿਹੇ ਹਜ਼ਾਰਾਂ ਇੰਦਰਾਜ਼ ਦਰਜ ਕੀਤੇ ਹਨ, ਜੋ ਕਦੇ ਵੰਡਿਆ ਹੀ ਨਹੀਂ ਗਿਆ। ਉਹਨਾਂ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਨਿਡਰਤਾ ਵਿਖਾਉਂਦਿਆਂ ਇਹ ਦਾਅਵਾ ਕੀਤਾ ਸੀ ਕਿ ਕੁਝ ਵੀ ਗਲਤ ਨਹੀਂ ਹੋਇਆ। ਉਹਨਾਂ ਕਿਹਾ ਕਿ ਹੁਣ ਉਹ ਤਾਜ਼ਾ ਸਬੂਤਾਂ ਦੇ ਮੱਦੇਨਜ਼ਰ ਆਪਣੇ ਵਿਭਾਗ ਦਾ ਪਾਰਦਰਸ਼ੀ ਆਡਿਟ ਕਰਵਾਉਣ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਵੱਡਾ ਘੁਟਾਲਾ ਉਹਨਾਂ ਦੀ ਨਿਗਰਾਨੀ ਹੇਠ ਹੋਇਆ।

- Advertisement -

ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਜ਼ਾਰਾਂ ਟਨ ਕਣਕ ਤੇ ਦਾਲਾਂ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਦੇ ਘਰਾਂ ਵਿਚ ਸ਼ਿਫਟ ਕਰ ਦਿੱਤੀਆਂ ਗਈਆਂ ਤੇ ਇਹ ਫਿਰ ਖੁਲ•ੀ ਮਾਰਕੀਟ ਵਿਚ ਵੇਚੀਆਂ ਗਈਆਂ ਜਾਂ ਫਿਰ ਕਾਂਗਰਸ ਦੇ ਚਹੇਤਿਆਂ ਨੂੰ ਵੰਡੀਆਂ ਗਈਆਂ। ਉਹਨਾਂ ਕਿਹਾ ਕਿ ਇਸ ਕਾਰਨ ਹੀ ਲੱਖਾਂ ਪ੍ਰਵਾਸੀ ਮਜ਼ਦੂਰ ਸੂਬਾ ਛੱਡ ਗਏ ਕਿਉਂਕਿ ਸਰਕਾਰ ਨੇ ਲਾਕ ਡਾਊਨ ਦੌਰਾਨ ਉਹਨਾਂ ਨੂੰ ਰਾਸ਼ਨ ਵੰਡਣ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਇਸ ਨਾਲ ਦਿਹਾਤੀ ਤੇ ਸ਼ਹਿਰ ਦੋਵੇਂ ਖੇਤਰਾਂ ਵਿਚ ਲੋਕਾਂ ਨੂੰ ਮੁਸ਼ਕਿਲਾਂ ਝੱਲਣੀਆਂ ਪਈਆਂ। ਉਹਨਾਂ ਕਿਹਾ ਕਿ ਇਸ ਬਹੁ ਕਰੋੜੀ ਘੁਟਾਲੇ ਲਈ ਜ਼ਿੰਮੇਵਾਰੀ ਕਾਂਗਰਸੀਆਂ ਨੂੰ ਅਜਾਈਂ ਨਹੀਂ ਛੱਡਿਆ ਜਾ ਸਕਦਾ।

Share this Article
Leave a comment