ਸਚਿੰਦਰ ਨਾਥ ਸਨਿਆਲ : ਕਰਾਂਤੀਕਾਰੀ ਤੇ ਆਜ਼ਾਦੀ ਅੰਦੋਲਨ ਦੀ ਅਹਿਮ ਸ਼ਖਸ਼ੀਅਤ

TeamGlobalPunjab
3 Min Read

-ਅਵਤਾਰ ਸਿੰਘ

ਜਦ ਪੰਜਾਬ ਅੰਦਰ ਗਦਰ ਲਹਿਰ ਪੂਰੇ ਜੋਰਾਂ ‘ਤੇ ਸੀ ਤਾਂ ਉਸ ਵੇਲੇ ਪੰਜਾਬੀ ਕ੍ਰਾਂਤੀਕਾਰੀਆਂ ਦਾ ਬੰਗਾਲ ਦੇ ਇਨਕਲਾਬੀ ਗਰੁੱਪਾਂ ਨਾਲ ਸੰਪਰਕ ਹੋਇਆ।ਬੰਗਾਲ ਦੇ ਇਨਕਲਾਬੀ ਆਗੂ ਰਾਸ ਬਿਹਾਰੀ ਬੋਸ ਨੇ ਆਪਣੇ ਨਿਕਟਵਰਤੀ ਇਨਕਲਾਬੀ ਵਰਕਰ ਸਚਿੰਦਰ ਨਾਥ ਸਨਿਆਲ ਨੂੰ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਭੇਜਿਆ।
ਉਹ ਲੁਧਿਆਣੇ ਤੇ ਲਾਹੌਰ ਵਿੱਚ ਕੁਝ ਕ੍ਰਾਂਤੀਕਾਰੀਆਂ ਨੂੰ ਮਿਲੇ। ਕੁਝ ਦਿਨਾਂ ਦੀ ਗੱਲਬਾਤ ਬਾਅਦ ਫੈਸਲਾ ਹੋਇਆਂ ਕਿ ਪਿਰਥੀ ਸਿੰਘ ਲਾਲੜੂ, ਰਾਸ ਬਿਹਾਰੀ ਬੋਸ ਨੂੰ ਲੈ ਆਉਣ ਪਰ ਉਹ ਪਹਿਲਾਂ ਹੀ ਫੜੇ ਗਏ ਸਨ। ਸਨਿਆਲ ਨੇ ਪੰਜਾਬ ਵਿੱਚ ਪਾਰਟੀ ਦਾ ਕੋਈ ਦਫਤਰ ਨਾ ਹੋਣਾ ਪਾਰਟੀ ਦੀ ਕਮਜ਼ੋਰੀ ਦੇਖੀ, ਮੀਟਿੰਗਾਂ ਕਦੀ ਖੇਤਾਂ, ਬਾਗਾਂ ਕਦੀ ਹੋਰ ਥਾਵਾਂ ‘ਤੇ ਹੁੰਦੀਆਂ ਸਨ। ਰਾਸ ਬਿਹਾਰੀ ਬੋਸ ਦੇ ਆਉਣ ਤੋਂ ਪਹਿਲਾਂ ਅੰਮਿ੍ਤਸਰ ਦੀ ਧਰਮਸ਼ਾਲਾ ਵਿੱਚ ਹੈਡਕੁਆਟਰ ਕਾਇਮ ਕਰ ਲਿਆ ਗਿਆ ਸੀ।

ਸਨਿਆਲ ਜਦ ਪੰਜਾਬ ਆਇਆ ਤਾਂ ਬੰਗਾਲੀ ਬੰਬ ਦੇ ਗਿਆ ਜੋ ਪੰਜਾਬੀ ਬੰਬਾਂ ਤੋਂ ਵੱਧ ਖਤਰਨਾਕ ਸਨ। ਉਨਾਂ ਦਾ ਜਨਮ 1893 ਨੂੰ ਵਾਰਾਨਸੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਹਰੀ ਨਾਥ ਸਨਿਆਲ ਤੇ ਮਾਤਾ ਵਾਸਿਨੀ ਦੇਵੀ ਸੀ। ਉਹ 1907 ਵਿੱਚ ਅਨੁਸ਼ੀਲਨ ਸਮਿਤੀ ਦੇ ਮੈਂਬਰ ਬਣੇ ਤੇ ਕ੍ਰਾਂਤੀ ਦਲ ਬਣਾਇਆ। 1913 ਨੂੰ ਚੰਦਰਨਗਰ ਵਿਚ ਉਹ ਰਾਸ ਬਿਹਾਰੀ ਬੋਸ ਦੇ ਸੰਪਰਕ ਵਿੱਚ ਆਏ। ਉਸ ਸਮੇਂ ਕਾਸ਼ੀ (ਬਨਾਰਸ) ਉੱਤਰ ਭਾਰਤ ਦੇ ਕ੍ਰਾਂਤੀਕਾਰੀਆਂ ਦਾ ਸਰਗਰਮ ਕੇਂਦਰ ਸੀ। 1914 ਵਿੱਚ ਬਨਾਰਸ ਸ਼ਾਜਿਸ ਕੇਸ ਵਿੱਚ ਫੜੇ ਗਏ ਤੇ ਕਾਲੇ ਪਾਣੀ ਦੀ ਉਮਰ ਕੈਦ ਹੋ ਗਈ। ਦੋ ਤਿੰਨ ਮਹੀਨੇ ਬਾਅਦ ਰਿਹਾਅ ਕਰ ਦਿੱਤਾ। 12 ਮਈ 1915 ਨੂੰ ਉਹ ਰਾਸ ਬਿਹਾਰੀ ਬੋਸ ਤੇ ਗਿਰਜਾ ਬਾਬੂ ਨੂੰ ਜਪਾਨ ਭੇਜਣ ਲਈ ਬੰਦਰਗਾਹ ਤੱਕ ਗਏ। ਚੌਰਾ ਚੌਰੀ ਕਾਂਡ ਤੋਂ ਬਾਅਦ ਜਦ ਗਾਂਧੀ ਨੇ ਸਤਿਆਗ੍ਰਹਿ ਅੰਦੋਲਨ ਵਾਪਸ ਲੈ ਲਿਆ ਤਾਂ ਉਨ੍ਹਾਂ ਵੱਖ ਹੋ ਕੇ ਕ੍ਰਾਂਤੀਕਾਰੀ ਸੰਗਠਨ ਬਣਾਉਣਾ ਸ਼ੁਰੂ ਕਰ ਦਿੱਤਾ ਤੇ 1923 ਤੱਕ ਰਾਵਲਪਿੰਡੀ ਤੇ ਦਾਨਾਪੁਰ ਵਿੱਚ 25 ਕੇਂਦਰ ਬਣਾ ਲਏ।

ਲਾਹੌਰ ਵਿੱਚ ਸ਼ਹੀਦ ਭਗਤ ਸਿੰਘ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਨਾਲ ਰਲ ਕੇ 1924 ਵਿਚ ਹਿੰਦੋਸਤਾਨ ਰੀਪਬਲਿਕਨ ਐਸੋਸਿਏਸ਼ਨ ਦੀ ਨੀਂਹ ਰੱਖੀ।ਸ਼ਹੀਦ ਭਗਤ ਸਿੰਘ ਨੂੰ ਕਾਨਪੁਰ ਤੇ ਸ਼ਹੀਦ ਜਤਿੰਦਰ ਨਾਥ ਨੂੰ ਕਲਕੱਤਾ ਭੇਜਿਆ। ਕਾਕੋਰੀ ਕੇਸ ਵਿੱਚ ਕਲਕੱਤਾ ‘ਚ 1925 ਨੂੰ ਮੁੜ ਗਿਰਫਤਾਰ ਕਰ ਲਿਆ ਤੇ ਦੁਬਾਰਾ ਉਮਰ ਕੈਦ ਦੀ ਸਜ਼ਾ ਦੇ ਦਿੱਤੀ। ਜੇਲ੍ਹ ਵਿੱਚ ਤਪਦਿਕ ਹੋਣ ਤੇ 1937 ਵਿੱਚ ਰਿਹਾਅ ਕਰ ਦਿੱਤਾ ਤੇ ਉਹ ਫਾਰਵਰਡ ਬਲਾਕ ਜਥੇਬੰਦੀ ਵਿੱਚ ਸ਼ਾਮਲ ਹੋ ਗਏ, ਰੋਜ਼ਾਨਾ ਹਿੰਦੀ ਦਾ ਪਰਚਾ ਕੱਢਣਾ ਸ਼ੁਰੂ ਕੀਤਾ।

- Advertisement -

ਦੂਜਾ ਮਹਾਂ ਯੁੱਧ ਸ਼ੁਰੂ ਹੋਣ ਕਾਰਨ ਫਿਰ ਉਨ੍ਹਾਂ ਨੂੰ 1940 ਵਿੱਚ ਮੁੜ ਹਿਰਾਸਤ ਵਿੱਚ ਲੈ ਕੇ ਰਾਜਸਥਾਨ ਦੀ ਜੇਲ੍ਹ ਦੇਵਲੀ ਵਿੱਚ ਭੇਜ ਦਿੱਤਾ। ਤਪਦਿਕ ਕਾਰਨ ਬਿਮਾਰ ਹੋਣ ‘ਤੇ ਗੋਰਖਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ, ਜਿਥੇ ਉਨ੍ਹਾਂ ਦਾ 7 ਫਰਵਰੀ 1942 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਪੁਸਤਕ ‘ਬੰਦੀ ਜੀਵਨ’ ਉਨ੍ਹਾਂ ਦੀ ਸਵੈ-ਜੀਵਨੀ ਹੀ ਨਹੀਂ ਸਗੋਂ ਦੇਸ਼ ਦੇ ਕਰਾਂਤੀਕਾਰੀ ਤੇ ਆਜ਼ਾਦੀ ਅੰਦੋਲਨ ਦਾ ਅਹਿਮ ਦਸਤਾਵੇਜ਼ ਹੈ। ਭਾਰਤ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਅਜਿਹੇ ਸੂਰਬੀਰਾਂ ਨੂੰ ਸਲਾਮ।

Share this Article
Leave a comment