ਨਰਮੇ ‘ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸੰਯੁਕਤ ਕੀਟ ਪ੍ਰਬੰਧਨ ਤਕਨੀਕਾਂ ਅਪਨਾਓ

TeamGlobalPunjab
11 Min Read

-ਵਿਜੈ ਕੁਮਾਰ ਅਤੇ ਮਨਦੀਪ ਪਠਾਨੀਆ

 

ਨਰਮਾ ਪੰਜਾਬ ਦੀ ਝੋਨੇ ਤੋਂ ਬਾਅਦ ਦੂਸਰੇ ਨੰਬਰ ਦੀ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਜਿਸਦੀ ਕਾਸ਼ਤ ਦੱਖਣ ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਜ਼ਿਲ੍ਹਾ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਬੀ ਟੀ ਨਰਮੇ ਦੀ ਆਮਦ ਤੋਂ ਪਹਿਲਾਂ ਟੀਂਡੇ ਦੀਆਂ ਸੁੰਡੀਆਂ (ਅਮਰੀਕਨ, ਚਿਤਕਬਰੀ ਅਤੇ ਗੁਲਾਬੀ ਸੁੰਡੀ) ਅਤੇ ਰਸ ਚੂਸਣ ਵਾਲੇ ਕੀੜੇ (ਤੇਲਾ, ਚਿੱਟੀ ਮੱਖੀ ਅਤੇ ਚੇਪਾ) ਹਮਲਾ ਕਰਦੇ ਸਨ। ਭਾਵੇਂ ਕਿ ਬੀ ਟੀ ਨਰਮੇ ਦੇ ਆਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੇ ਹਮਲੇ ਵਿੱਚ ਭਾਰੀ ਕਮੀ ਪਾਈ ਗਈ ਪਰ ਰਸ ਚੂਸਣ ਵਾਲੇ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਾਲ 1975 ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਇੱਕ ਗੰਭੀਰ ਕੀੜੇ ਵਜੋਂ ਵੀ ਰਿਹਾ ਹੈ, ਉਸ ਸਮੇਂ ਨਰਮੇ ਦੀਆਂ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਜੇ 34, ਜੇ 205 ਅਤੇ ਐਲ ਐਸ ਐਸ ਦੀ ਕਾਸ਼ਤ ਕੀਤੀ ਜਾਂਦੀ ਸੀ। ਬਾਅਦ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਐਫ 414 ਅਤੇ ਕਾਸ਼ਤਕਾਰੀ ਢੰਗਾਂ ਨੂੰ ਅਪਨਾਉਣ ਸਦਕਾ ਇਸ ਕੀੜੇ ਦੇ ਹਮਲੇ ਵਿੱਚ ਘਾਟ ਆ ਗਈ। ਪਿਛਲੇ 3-4 ਸਾਲਾਂ ਤੋਂ ਕੇਂਦਰੀ ਅਤੇ ਦੱਖਣੀ ਭਾਰਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਬੀ ਟੀ ਨਰਮੇ ਦੇ ਉਤੇ ਦਿਖਾਈ ਦਿੱਤਾ ਹੈ। ਸਾਲ 2017 ਦੌਰਾਨ, ਆਂਧਰਾ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਵਿੱਚ ਇਸ ਕੀੜੇ ਦਾ ਭਾਰੀ ਨੁਕਸਾਨ ਦਰਜ ਕੀਤਾ ਗਿਆ।
ਸਾਲ 2018 ਦੌਰਾਨ ਹਰਿਆਣਾ ਦੇ ਜੀਂਦ ਖੇਤਰ ਵਿੱਚ ਇਸ ਕੀੜੇ ਦਾ ਨੁਕਸਾਨ ਵੇਖਿਆ ਗਿਆ, ਜਿੱਥੇ ਨਰਮੇ/ ਕਪਾਹ ਦੀ ਖੇਤੀ ਦੇ ਹਾਲਾਤ ਜ਼ਿਆਦਾਤਰ ਪੰਜਾਬ ਵਰਗੇ ਹੀ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ, ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਮਾਹਿਰਾਂ ਦੁਆਰਾ ਕੀਤੇ ਸਰਵੇਖਣ ਦੌਰਾਨ ਗੈਰ ਬੀ ਟੀ ਨਰਮੇ ਦੀ ਕਿਸਮਾਂ ਉਪਰ ਇਸ ਕੀੜੇ ਦਾ ਨਾ-ਮਾਤਰ ਹਮਲਾ ਕਿਸਾਨਾਂ ਦੇ ਕੁੱਝ ਖੇਤਾਂ ਵਿੱਚ ਦਿਖਾਈ ਦਿੱਤਾ। ਸਾਲ 2019 ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਬਠਿੰਡੇ ਜ਼ਿਲ੍ਹੇ ਦੇ ਕੁੱਝ ਖੇਤਾਂ ਵਿੱਚ ਪਾਇਆ ਗਿਆ ਜੋ ਕਿ ਰੂੰ ਮਿੱਲਾਂ ਦੇ ਨੇੜੇ ਬੀਜੇ ਗਏ ਸਨ। ਇਸ ਲਈ ਆਉਂਦੇ ਸਮੇਂ ਵਿੱਚ ਇਸ ਦੇ ਹਮਲੇ ਦੇ ਵੱਧਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਇਸ ਲੇਖ ਵਿੱਚ ਗੁਲਾਬੀ ਸੁੰਡੀ ਦਾ ਜੀਵਨ ਚੱਕਰ, ਨੁਕਸਾਨ ਚਿੰਨ੍ਹ ਅਤੇ ਨਰਮੇ ਉਪਰ ਇਸਦੀ ਸੁਚੱਜੀ ਰੋਕਥਾਮ ਸੰਬੰਧੀ ਜ਼ਰੂਰੀ ਨੁਕਤੇ ਦੱਸੇ ਗਏ ਹਨ।
ਜੀਵਨ-ਚੱਕਰ
ਅੰਡਾ: ਇਸ ਕੀੜੇ ਦੇ ਆਂਡੇ ਸ਼ੁਰੂ ਵਿੱਚ ਚਿੱਟੇ ਤੇ ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਂਦੇ ਹਨ। ਆਂਡੇ ਵਿੱਚੋਂ ਸੁੰਡੀਆਂ 4 ਤੋਂ 5 ਦਿਨਾਂ ਬਾਅਦ ਨਿਕਲ ਆਉਂਦੀਆਂ ਹਨ।

- Advertisement -

ਸੁੰਡੀ: ਨਵ-ਜੰਮ ਸੁੰਡੀਆਂ ਚਿੱਟੇ ਰੰਗ ਦੀਆਂ ਅਤੇ ਉਹਨਾਂ ਦੇ ਸਿਰ ਕਾਲੇ ਰੰਗ ਦੇ ਹੁੰਦੇ ਹਨ। ਪੂਰੀ ਪਲ ਜਾਣ ਤੇ ਸੁੰਡੀ 10 ਤੋਂ 12 ਮਿਲੀਮੀਟਰ ਹੋ ਜਾਂਦੀ ਹੈ ਅਤੇ ਪੇਟ ਦੇ ਹਰ ਉਪਰਲੇ ਭਾਗ ਉਤੇ ਗੁਲਾਬੀ ਰੰਗ ਦੀ ਗੂੜੀ ਪੱਟੀ ਦਿਖਾਈ ਦਿੰਦੀ ਹੈ। ਜੇਕਰ ਸੁੰਡੀ ਤੁਰਦੀ ਨਾ ਹੋਵੇ ਤਾਂ ਉਪਰਲੀ ਸਤਿਹ ਤੋਂ ਪੂਰੀ ਦੀ ਪੂਰੀ ਗੁਲਾਬੀ ਨਜ਼ਰ ਆਉਂਦੀ ਹੈ।ਇਹ ਅਵਸਥਾ 10 ਤੋਂ 14 ਦਿਨ ਦੀ ਹੁੰਦੀ ਹੈ।

ਪਿਊਪਾ: ਇਸ ਕੀੜੇ ਦਾ ਪਿਊਪਾ (ਟੁਟੀਆਂ) ਹਲਕਾ ਭੂਰਾ ਅਤੇ 7 ਮਿਲੀਮੀਟਰ ਤੱਕ ਲੰਮਾ ਹੁੰਦਾ ਹੈ। ਇਹ ਅਵਸਥਾ 7 ਤੋਂ 10 ਦਿਨ ਦੀ ਹੁੰਦੀ ਹੈ।
ਪਤੰਗਾ: ਇਸ ਕੀੜੇ ਦੇ ਪਤੰਗੇ ਗੂੜੇ ਖਾਕੀ ਰੰਗ ਦੇ ਹੁੰਦੇ ਹਨ ਜਿਨ੍ਹਾਂ ਦਾ ਸਿਰ ਤੇ ਧੜ੍ਹ ਹਲਕੇ ਰੰਗ ਦਾ ਹੁੰਦਾ ਹੈ। ਅਗਲੇ ਖੰਭਾਂ ਉਪਰ ਕਾਲੇ ਧੱਬੇ ਹੁੰਦੇ ਹਨ ਜਦੋਂ ਕਿ ਪਿਛਲੇ ਖੰਭ ਚਾਂਦੀ ਰੰਗੇ ਭੂਰੇ ਹੁੰਦੇ ਹਨ ਤੇ ਉਨ੍ਹਾਂ ਦੀਆਂ ਕੰਨੀਆਂ ਉਪਰ ਲੰਮੇ-ਲੰਮੇ ਵਾਲਾਂ ਦੀ ਝਾਲਰ ਬਣੀ ਨਜ਼ਰ ਆਉਂਦੀ ਹੈ।

ਨੁਕਸਾਨ ਦੇ ਚਿੰਨ੍ਹ: ਜੰਮਣ ਤੋਂ 2 ਦਿਨਾਂ ਦੇ ਅੰਦਰ ਛੋਟੀ ਸੁੰਡੀ ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀ ਹੈ। ਸੁੰਡੀ ਜ਼ਿਆਦਾਤਰ ਬਣ ਰਹੇ ਬੀਜ ਨੂੰ ਖਾਣਾ ਪਸੰਦ ਕਰਦੀ ਹੈ ਅਤੇ ਪਿਊਪੇ ਦੀ ਅਵਸਥਾ ਬੀਜ ਜਾਂ ਟੀਂਡੇ ਵਿੱਚ ਗੁਜ਼ਾਰਦੀ ਹੈ। ਬਾਅਦ ਵਿੱਚ ਹਮਲੇ ਵਾਲੇ ਟੀਂਡਿਆਂ ਦੀ ਰੂੰ ਨੂੰ ਉਲੀ ਲੱਗ ਜਾਂਦੀ ਹੈ। ਸੁੰਡੀ ਫੁੱਲ ਡੋਡੀਆਂ, ਫੁੱਲਾਂ ਅਤੇ ਟੀਂਡਿਆਂ ਦਾ ਨੁਕਸਾਨ ਕਰਦੀ ਹੈ। ਹਮਲੇ ਵਾਲੇ ਫੁੱਲ ਭੰਬੀਰੀਆਂ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਪ੍ਰਾਗਣ ਨਾਲ ਲੱਥਪਥ ਗੁਲਾਬੀ ਸੁੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ। ਛੋਟੇ ਟੀਂਡੇ ਤੇ ਡੋਡੀਆਂ ਕਈ ਵਾਰੀ ਹਮਲੇ ਕਾਰਨ ਝੜ ਵੀ ਜਾਂਦੇ ਹਨ। ਸੁੰਡੀਆਂ ਟੀਂਡੇ ਦੇ ਵਿੱਚ ਬਣ ਰਹੇ ਬੀਜਾਂ ਨੂੰ ਖਾਂਦੀਆਂ ਹਨ, ਜਿਸ ਕਰਕੇ ਟੀਂਡੇ ਵਿੱਚ ਬਣ ਰਹੀ ਰੂੰ ਵੀ ਖਰਾਬ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਗਲ ਜਾਂਦੇ ਹਨ ਤੇ ਰੂੰ ਵੀ ਦਾਗੀ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਪੂਰੀ ਤਰ੍ਹਾਂ ਖਿੜਦੇ ਵੀ ਨਹੀਂ। ਸਰਦੀ ਦੇ ਮੌਸਮ ਵਿੱਚ ਗੁਲਾਬੀ ਸੁੰਡੀ ਦੋ ਬੀਜਾਂ ਨੂੰ ਜੋੜ ਕੇ ਉਨ੍ਹਾਂ ਵਿੱਚ ਸੁਸਤੀ ਦੀ ਹਾਲਤ ਵਿੱਚ ਪਈ ਰਹਿੰਦੀ ਹੈ। ਜੁਲਾਈ ਤੋਂ ਅਕਤੂਬਰ ਤੱਕ ਇਹ ਕੀੜਾ ਨਰਮੇ/ ਕਪਾਹ ਦਾ ਜ਼ਿਆਦਾ ਨੁਕਸਾਨ ਕਰਦਾ ਹੈ।

ਗੁਲਾਬੀ ਸੁੰਡੀ ਦਾ ਫੈਲਾਅ: ਗੁਲਾਬੀ ਸੁੰਡੀ ਦੇ ਪਤੰਗੇ, ਪ੍ਰਜਣਨ ਅਤੇ ਆਂਡੇ ਦੇਣ ਲਈ ਬਹੁਤ ਦੂਰ ਤੱਕ ਨਹੀਂ ਉਡਦੇ, ਖਾਸ ਕਰਕੇ ਜਦੋਂ ਨੇੜੇ ਨਰਮੇ ਦੀ ਫ਼ਸਲ ਮੌਜੂਦ ਹੋਵੇ। ਬਾਰਿਸ਼ ਦੇ ਮੌਸਮ ਵਿੱਚ ਤੇਜ਼ ਹਵਾ ਨਾਲ ਪਤੰਗੇ ਜ਼ਿਆਦਾ ਦੂਰੀ ਤੈਅ ਕਰ ਸਕਦੇ ਹਨ। ਚੁਗਾਈ ਤੋਂ ਬਾਅਦ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਛਿਟੀਆਂ ਨੂੰ ਨਵੀਂ ਜਗ੍ਹਾ ਤੇ ਲੈ ਕੇ ਜਾਣ ਨਾਲ ਵੀ ਇਸ ਕੀੜੇ ਦਾ ਫੈਲਾਅ ਹੁੰਦਾ ਹੈ।

ਸਰਵਪੱਖੀ ਰੋਕਥਾਮ: ਇਸ ਕੀੜੇ ਦਾ ਜੀਵਨ ਚੱਕਰ ਅਤੇ ਫੈਲਾਅ ਦੇ ਢੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪਿੰਡ ਪੱਧਰ ਤੇ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦੱਸੀ ਵਿਉਂਤਬੰਦੀ ਅਪਣਾਉਣ ਦੀ ਲੋੜ ਹੈ।

- Advertisement -

1. ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਛਿਟੀਆਂ ਦੀ ਸਾਂਭ ਸੰਭਾਲ
ਆਖਰੀ ਚੁਣਾਈ ਤੋਂ ਬਾਅਦ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤਾਂ ਵਿੱਚ ਛੱਡ ਦਿਓ। ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਓ।ਇਸ ਤਰ੍ਹਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜਲਦੀ ਨਸ਼ਟ ਕਰ ਦਿਓ।

ਕਪਾਹ ਦੀਆਂ ਛਿਟੀਆਂ ਇੱਕਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨੰਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ। ਛਿਟੀਆਂ ਨੂੰ ਵੱਢ ਕੇ ਖੇਤ ਵਿੱਚ ਰੱਖਣ ਨਾਲ ਇਹ ਕੀੜੇ ਬਹੁਤ ਛੇਤੀ ਫੈਲਦੇ ਹਨ। ਨਰਮੇ ਦੀਆਂ ਛਿਟੀਆਂ ਦੇ ਢੇਰ ਖੇਤ ਵਿੱਚ ਨਾ ਲਗਾਓ, ਸਗੋਂ ਪਿੰਡ ਵਿੱਚ ਲਾਓ। ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਅਤੇ ਰੁੱਖ/ ਦਰੱਖਤ ਆਦਿ ਦੀ ਛਾਂ ਤੋਂ ਪਰ੍ਹੇ ਲਾਓ।
ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੀਂ ਜਗ੍ਹਾ ਤੇ ਨਾ ਲਿਜਾਓ।

2. ਨਰਮਾ ਪੱਟੀ ਵਿੱਚ ਪੈਂਦੀਆਂ ਮਿੱਲ੍ਹਾਂ ਤੋਂ ਗੁਲਾਬੀ ਸੁੰਡੀ ਦੇ ਫੈਲਾਅ ਦੀ ਰੋਕਥਾਮ
ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁੱਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲ੍ਹਾਂ ਵਿੱਚ ਨਾ ਲਿਜਾਓ।
ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣਾ ਚਾਹੀਦਾ ਹੈ ਅਤੇ ਵੇਲਾਈ ਸਮੇਂ ਦੀ ਸਾਰੀ ਬੱਚ-ਖੁਚ ਨੂੰ ਮਿੱਟੀ ਵਿੱਚ ਡੂੰਘਾ ਦੱਬ ਕੇ ਨਸ਼ਟ ਕਰ ਦਿਓ।
ਜਿਹੜਾ ਬੀਜ ਤੇਲ ਮਿੱਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ਫਾਸਟੋਕਸਨ/ਡੈਲੀਸ਼ੀਆ ਦੀ 3 ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ 48 ਘੰਟੇ ਲਈ ਧੂਣੀ ਦਿਓ।

3. ਗੁਲਾਬੀ ਸੁੰਡੀ ਦਾ ਸਰਵੇਖਣ

ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਵਰਤੋਂ, ਜਿਸ ਵਿੱਚ ਘੱਟੋਂ-ਘੱਟ 10 ਮਾਈਕ੍ਰੋਲੀਟਰ ਫਿਰੋਮੋਨ ਪ੍ਰਤੀ ਲਿਓਰ (ਗੋਸੀਪਲੋਰ) ਹੋਵੇ। ਇਹਨਾਂ ਨੂੰ ਸਾਰਾ ਸਾਲ ਮਿੱਲ੍ਹਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਓ। ਸਟਿਕਾ ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਹੈਕਟੇਅਰ ਵਰਤੋ।

ਜਦੋਂ ਨਰਮੇ ਨੂੰ ਫੁੱਲ ਡੋਡੀ ਲੱਗਣੀ ਸ਼ੁਰੂ ਹੋ ਜਾਵੇ ਤਾਂ ਹਫਤੇ ਦੇ ਵਕਫੇ ਤੇ ਭੰਬੀਰੀ ਬਣੇ ਫੁੱਲਾਂ ਦਾ ਸਰਵੇਖਣ ਕਰੋ। ਜਦੋਂ ਫ਼ਸਲ 80 ਦਿਨ ਦੀ ਹੋ ਜਾਵੇ ਤਾਂ ਨਰਮੇ ਦੇ ਕੱਚੇ ਟੀਂਡਿਆਂ ਨੂੰ ਤੋੜ ਕੇ ਸੁੰਡੀ ਦੇ ਹਮਲੇ ਵਾਸਤੇ 15 ਦਿਨਾਂ ਬਾਅਦ ਨਿਰੀਖਣ ਕਰਦੇ ਰਹੋ।

4. ਕਾਸ਼ਤਕਾਰੀ ਢੰਗਾਂ ਰਾਹੀਂ ਰੋਕਥਾਮ
ਨਰਮੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਤੇ ਅਗੇਤੀ ਖਿੜਨ ਵਾਲੀਆਂ ਸਿਫਾਰਸ਼ ਕੀਤੀਆਂ ਬੀ ਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਹੀ ਬੀਜੋ। ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਦਿਓ।

ਬੀ ਟੀ ਨਰਮੇ ਦੇ ਆਲੇ-ਦੁਆਲੇ ਬੀ ਟੀ ਰਹਿਤ ਨਰਮਾ ਜ਼ਰੂਰ ਬੀਜੋ।
ਕਈ ਵਾਰ ਸਮੇਂ ਦੇ ਤੰਦਰੁਸਤ ਲੱਗ ਰਹੇ ਬੀਜਾਂ ਵਿੱਚ ਵੀ ਟੀਂਡੇ ਦੀਆਂ ਗੁਲਾਬੀ ਸੁੰਡੀ ਦੇ ਸੁੰਡ ਛੁਪੇ ਰਹਿੰਦੇ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਮਾਰਚ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣ ਅਤੇ ਵੜੇਵੇਂ ਪਸ਼ੂਆਂ ਨੂੰ ਚਾਰ ਲੈਣ। ਜੇ ਇਨ੍ਹਾਂ ਵੜੇਵਿਆਂ ਦਾ ਬੀਜ ਵਰਤਣਾ ਹੋਵੇ ਤਾਂ ਇਨ੍ਹਾਂ ਬੀਜਾਂ ਉਪਰੋਂ ਵੀ ਲੂੰ ਤੇਜ਼ਾਬ ਨਾਲ ਲਾਹ ਦੇਣੇ ਚਾਹੀਦੇ ਹਨ ਜਾਂ ਬੰਦ ਕਮਰਿਆਂ ਵਿੱਚ ਧੂਣੀ ਦਿੱਤੀ ਜਾਵੇ ਜਾਂ ਫਿਰ ਲਗਾਤਾਰ 3-4 ਦਿਨ ਪਤਲੀ ਤਹਿ ਵਿਛਾ ਕੇ ਧੁੱਪੇ ਸੁਕਾਉਣਾ ਚਾਹੀਦਾ ਹੈ।

ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਜਿੱਥੇ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜਲਦੀ ਕਰ ਲਓ। ਇਸ ਤਰ੍ਹਾਂ ਕਰਨ ਲਈ ਅਖੀਰਲਾ ਪਾਣੀ ਸਤੰਬਰ ਦੇ ਅੰਤ ਵਿੱਚ ਲਾ ਦਿਓ।

ਨਰਮੇ ਦੀ ਖੜ੍ਹੀ ਫ਼ਸਲ ਵਿੱਚ ਕਣਕ ਨਹੀਂ ਬੀਜਣੀ ਚਾਹੀਦੀ। ਜਿਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਨਰਮੇ ਦੀ ਖੜ੍ਹੀ ਫ਼ਸਲ ਦੇ ਨਾਲ ਹੀ ਕੀਤੀ ਜਾਂਦੀ ਹੈ ਉਨ੍ਹਾਂ ਖੇਤਾਂ ਵਿੱਚੋਂ ਨਰਮੇ ਦੀਆਂ ਛਿਟੀਆਂ ਤੁਰੰਤ ਪੁੱਟ ਲੈਣੀਆਂ ਚਾਹੀਦੀਆਂ ਹਨ।

ਰਸਾਇਣਿਕ ਰੋਕਥਾਮ: ਜੇਕਰ ਗੁਲਾਬੀ ਸੁੰਡੀ ਦਾ ਹਮਲਾ ਫੁੱਲਾਂ ਜਾਂ ਹਰੇ ਟੀਂਡਿਆਂ ਵਿੱਚ 5 ਪ੍ਰਤੀਸ਼ਤ ਤੱਕ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 300 ਮਿਲੀਲਿਟਰ ਬੁਲਡੋਕ 0.25 ਐਸ ਸੀ (ਬੀਟਾ ਸਾਈਫਲੂਥਰੀਨ) ਜਾਂ 500 ਮਿਲੀਲਿਟਰ ਕਿਊਰਾਕਰਾਨ 50 ਈ ਸੀ (ਕਰੀਨਾ/ਸੈਲਕਰਾਨ) ਜਾਂ 60 ਮਿਲੀਲਿਟਰ ਟਰੇਸਰ 48 ਐਸ ਸੀ (ਸਪਾਈਨੋਸੈਡ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਬੀ ਟੀ ਨਰਮੇ ਉਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦੇਵੇ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਧਿਆਨ ਵਿੱਚ ਲਿਆਓ।

(ਕੀਟ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ)

Share this Article
Leave a comment