ਨਿਊਜ਼ ਡੈਸਕ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ. ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਦਿਆਂ ਸ਼ਹਿਰ ਦੀ ਹੱਦ ਅੰਦਰ ਸਾਰੇ ਪੈਟਰੋਲ ਪੰਪ, ਡੀਜ਼ਲ ਡਿਸਪੈਂਸਿੰਗ ਅਤੇ ਸੀ.ਐੱਨ.ਜੀ. ਸਟੇਸ਼ਨਾਂ ਦੇ ਮਾਲਕਾਂ, ਆਪਰੇਟਰਾਂ ਅਤੇ ਕਰਮਚਾਰੀਆਂ ਨੂੰ ਵਾਹਨਾਂ ਦੀਆਂ ਨੰਬਰ ਪਲੇਟਾਂ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਨਵੇਂ ਹੁਕਮਾਂ ਮੁਤਾਬਕ ਜਿਨ੍ਹਾਂ ਵਾਹਨਾਂ ’ਤੇ ਅੱਗੇ ਜਾਂ ਪਿੱਛੇ HSRP ਨੰਬਰ ਪਲੇਟ ਨਹੀਂ ਲੱਗੀ ਹੋਵੇਗੀ, ਉਨ੍ਹਾਂ ਨੂੰ ਪੈਟਰੋਲ ਪੰਪਾਂ ਤੋਂ ਈਂਧਨ ਨਹੀਂ ਦਿੱਤਾ ਜਾਵੇਗਾ। ਇਹ ਪਾਬੰਦੀ ਟੁੱਟੀ, ਮੋੜੀ, ਢੱਕੀ, ਬਦਲੀ ਜਾਂ ਟੈਂਪਰ ਕੀਤੀ ਹੋਈ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਵੀ ਲਾਗੂ ਹੋਵੇਗੀ।
ਇਹ ਹੁਕਮ ਨਿੱਜੀ ਅਤੇ ਵਪਾਰਕ ਦੋਵੇਂ ਤਰ੍ਹਾਂ ਦੇ ਵਾਹਨਾਂ ਲਈ ਲਾਗੂ ਕੀਤੇ ਗਏ ਹਨ। ਹਾਲਾਂਕਿ ਨਵੇਂ ਵਾਹਨਾਂ ਦੇ ਵੈਧ ਰਜਿਸਟ੍ਰੇਸ਼ਨ ਜਾਂ ਅਸਥਾਈ ਨੰਬਰ ਵਾਲੇ ਵਾਹਨਾਂ ਅਤੇ ਐਂਬੂਲੈਂਸ, ਫਾਇਰ ਬ੍ਰਿਗੇਡ ਸਮੇਤ ਐਮਰਜੈਂਸੀ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਪੈਟਰੋਲ ਪੰਪ/ਸੀ.ਐੱਨ.ਜੀ. ਸਟੇਸ਼ਨਾਂ ਨੂੰ ਪ੍ਰਵੇਸ਼ ਦੁਆਰ ਨੇੜੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਘੱਟੋ-ਘੱਟ 3×3 ਫੁੱਟ ਦਾ ਸੂਚਨਾ ਬੋਰਡ ਲਗਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਸਾਰੇ ਪੰਪਾਂ ਦੇ ਸੀ.ਸੀ.ਟੀ.ਵੀ./ਏ.ਐਨ.ਪੀ.ਆਰ. ਕੈਮਰੇ ਚਾਲੂ ਰੱਖਣ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਰਿਕਾਰਡਿੰਗ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਰਿਕਾਰਡ ਕੀਤੀ ਫੁਟੇਜ ਘੱਟੋ-ਘੱਟ 30 ਦਿਨਾਂ ਲਈ ਸੰਭਾਲ ਕੇ ਰੱਖਣੀ ਹੋਵੇਗੀ।

