ਸਿਆਸੀ ਬਿਆਨਬਾਜ਼ੀ ਕਰਨ ਨਹੀਂ ਵੈਕਸੀਨ ਦੇ ਹੱਲ ਲਈ ਆਇਆ ਹਾਂ ਅਮਰੀਕਾ : ਐੱਸ. ਜੈਸ਼ੰਕਰ

TeamGlobalPunjab
3 Min Read

ਵਾਸ਼ਿੰਗਟਨ/ਦਿੱਲੀ : ਵੈਕਸੀਨ ਦੀ ਘਾਟ ਦਾ ਮੁੱਦਾ ਕੇਂਦਰ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ । ਇਕ ਪਾਸੇ ਵਿਰੋਧੀ ਧਿਰ ਮੋਦੀ ਸਰਕਾਰ ਦੀ ਵੈਕਸੀਨ ਡਿਪਲੋਮੈਸੀ ਨੂੰ ਫੇਲ੍ਹ ਕਰਾਰ ਦੇ ਚੁੱਕੇ ਹਨ ਤਾਂ ਦੂਜੇ ਪਾਸੇ ਹੁਣ ਤੱਕ ਵੀ ਵੈਕਸੀਨ ਦੀ ਠੋਸ ਵਿਵਸਥਾ ਨਾ ਕੀਤੇ ਜਾਣ ਨੂੰ ਲੈ ਕੇ ਜ਼ੁਬਾਨੀ-ਬਿਆਨੀ ਨਿਸ਼ਾਨੇ ਸਾਧੇ ਜਾ ਰਹੇ ਹਨ । ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਚਰਚੇ ਅਮਰੀਕਾ ਵਿੱਚ ਵੀ ਹੋ ਰਹੇ ਹਨ।

 ਅਮਰੀਕਾ ਦੌਰੇ ‘ਤੇ ਗਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦੇਣੀ ਪਈ ਹੈ। ਉਨ੍ਹਾਂ ਕੋਰੋਨਾ ਵੈਕਸੀਨ ਡਿਪਲੋਮੇਸੀ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦੇ ਹੋਏ ਖਿਚਾਈ ਕੀਤੀ ਹੈ।

ਦਰਅਸਲ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੈਕਸੀਨ ਦੀ ਕਮੀ ਅਤੇ ਵੈਕਸੀਨ ਡਿਪਲੋਮੇਸੀ ਬਾਰੇ ਕੱਲ ਪ੍ਰੈੱਸ ਕਾਨਫਰੰਸ ਕੀਤੀ ਸੀ, ਇਸੇ ਬਾਰੇ ਭਾਰਤੀ ਵਿਦੇਸ਼ ਮੰਤਰੀ ਤੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ।

ਇਸ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਹੈ ਕਿ ਮੈਂ ਇੱਥੇ (ਅਮਰੀਕਾ) ਇਸੇ (ਵੈਕਸੀਨ) ‘ਤੇ ਚਰਚਾ ਕਰਨ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ “ਇਹ ਇਕ ਗੰਭੀਰ ਗੱਲ ਹੈ ਤੇ ਅਸੀਂ ਇਸ ‘ਤੇ ਚਰਚਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਰਾਜਨੀਤੀ ਦਾ ਆਦਾਨ-ਪ੍ਰਦਾਨ ਕਰਨ ਲਈ ਨਹੀਂ ਆਇਆ। ਮੈਂ ਉਮੀਦ ਕਰਦਾ ਹਾਂ ਕਿ ਇਸ ਨੂੰ ਦੂਜੇ ਲੋਕ ਸਮਝਣਗੇ।”

- Advertisement -

(COURTESY : ANI TWITTER)

 ਕੋਰੋਨਾ ਵੈਕਸੀਨ ਦੀ ਘਾਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਵੈਕਸੀਨੇਸ਼ਨ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਹਨ। ਰਾਹੁਲ ਗਾਂਧੀ ਇਸ ਮੁੱਦੇ ਤੇ ਲਗਾਤਾਰ ਬਿਆਨ ਦੇ ਰਹੇ ਹਨ ਤਾਂ ਆਮ ਆਦਮੀ ਪਾਰਟੀ ਵੀ ਵੈਕਸੀਨ ਸਪਲਾਈ ਅਤੇ ਵੈਕਸੀਨ ਦੀ ਘਾਟ ਨੂੰ ਲੈ ਕੇ ਕੇਂਦਰ ‘ਤੇ ਹਮਲਾਵਰ ਹੈ।

- Advertisement -

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੇ ਕੱਲ੍ਹ ਲਾਈਵ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਦੇ ਕੋਰੋਨਾ ਪ੍ਰਬੰਧਨ ਨੂੰ ਲੱਚਰ ਕਰਾਰ ਦਿੰਦੇ ਹੋਏ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਦੁਨੀਆ ‘ਚ ਵੈਕਸੀਨ ਦੀ ਰਾਜਧਾਨੀ ਹੈ। ਪਰ ਹਾਲੇ ਤਕ ਸਾਡੇ ਸਿਰਫ਼ ਤਿੰਨ ਫੀਸਦੀ ਨਾਗਰਿਕਾਂ ਨੂੰ ਹੀ ਟੀਕਾ ਲੱਗ ਸਕਿਆ ਹੈ। ਟੀਕਾਕਰਨ ਦੀ ਇਹੀ ਰਫ਼ਤਾਰ ਰਹੀ ਤਾਂ 2024 ਤਕ ਹੀ ਸਭ ਨੂੰ ਟੀਕਾ ਲੱਗ ਸਕੇਗਾ।

Share this Article
Leave a comment