ਪਾਣੀ ਬੰਦੀ ਤੋਂ ਪ੍ਰੇਸ਼ਾਨ ਕਿਸਾਨ ਜਲ-ਘਰ ਦੀ ਟੈਂਕੀ ‘ਤੇ ਚੱੜਿਆ,ਮੰਗ ਮੰਨਣ ਤੋਂ ਬਾਅਦ ਜੂਸ ਪਿਆ ਕੇ ਜੈਕਾਰਿਆਂ ਨਾਲ ਕੀਤਾ ਗਿਆ ਸਵਾਗਤ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੜਮੱਲੂ ਦੇ ਜਲਘਰ ਦੀ ਟੈਂਕੀ ‘ਤੇ ਕਿਸਾਨ ਨੇ ਚੜ ਕੇ ਨਾਅਰੇਬਾਜ਼ੀ ਕੀਤੀ । ਪਿੰਡ ਸੰਗਰਾਣਾ ਨਾਲ ਸਬੰਧਿਤ ਕਿਸਾਨ ਅਨੁਸਾਰ ਨਹਿਰੀ ਵਿਭਾਗ ਨੇ ਮਾਇਨਰ ‘ਚ ਬੰਦੀ ਕਰ ਦਿੱਤੀ ਜਿਸ ਨਾਲ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ।

ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਮਾਰਗ ‘ਤੇ ਕਿਸਾਨਾਂ ਨੇ ਬੀਤੇ ਕੱਲ੍ਹ ਤੋਂ ਚੱਕਾ ਜਾਮ ਕੀਤਾ ਹੋਇਆ ਹੈ। ਨਹਿਰੀ ਵਿਭਾਗ ਵੱਲੋਂ ਪਾਣੀ ਦੀ ਕੀਤੀ ਬੰਦੀ ਨੂੰ ਲੈ ਕੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਸੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੋਈ ਗਲਬਾਤ ਨਾ ਹੋਣ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ ਨੇ ਬੀਤੀ ਸ਼ਾਮ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ।

ਕਿਸਾਨਾਂ ਨੇ ਕਿਹਾ ਜਦੋਂ ਤੱਕ ਮਾਇਨਰਾਂ ‘ਚ ਪਾਣੀ ਨਹੀਂ ਛੱਡਿਆ ਜਾਂਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।  ਕਿਸਾਨ ਹਰਬੰਸ ਸਿੰਘ ਸੰਗਰਾਣਾ ਇਸ ਸਬੰਧੀ ਸ਼ਾਮ ਸਮੇਂ ਜਲਘਰ ਮੜਮੱਲੂ ਦੀ ਟੈਂਕੀ ‘ਤੇ ਚੜ ਗਿਆ। ਕਿਸਾਨਾਂ ਅਨੁਸਾਰ ਮੁੱਦਕੀ ਮਾਇਨਰ ਅਤੇ ਚੌਂਤਰਾ ਡਿਸਟਿਲਰੀ ਕਲਰ ਸ਼ੋਰਾ ਦੇ ਮਾਇਨਰ ਹਨ ਜਿੰਨਾਂ ਵਿਚ ਬੰਦੀ ਨਹੀਂ ਆ ਸਕਦੀ। ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਪਹੁੰਚ ਚੁਕੇ ਸਨ।

- Advertisement -

ਬੀਤੇ ਕਲ ਤੋਂ ਫਿਰੋਜ਼ਪੁਰ- ਸ੍ਰੀ ਮੁਕਤਸਰ ਸਾਹਿਬ ਮਾਰਗ ਜਾਮ ਕਰੀ ਬੈਠੇ ਕਿਸਾਨਾਂ ਦੀ ਮੰਗ ਆਖਰ ਵਿਭਾਗ ਨੂੰ ਮੰਨਣੀ ਪਈ ਅਤੇ ਦੇਰ ਰਾਤ ਮੁਦਕੀ ਮਾਇਨਰ ‘ਚ ਪਾਣੀ ਛੱਡਿਆ ਗਿਆ। ਇਸ ਸਬੰਧੀ ਮਰਨ ਵਰਤ ਤੇ ਬੈਠੇ ਕਿਸਾਨ ਨਿਰਮਲ ਸਿੰਘ ਦਾ ਮਰਨ ਵਰਤ ਕਿਸਾਨਾਂ ਜੂਸ ਪਿਆ ਕੇ ਤੜਵਾਇਆ। ਜਲਘਰ ਦੀ ਟੈਂਕੀ ਤੇ ਚੜਿਆ ਕਿਸਾਨ ਹਰਬੰਸ ਸਿੰਘ ਸੰਗਰਾਣਾ ਵੀ ਟੈਂਕੀ ਤੋਂ ਉਤਾਰਿਆ ਗਿਆ ਅਤੇ ਉਸਦਾ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ।

  ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸ ਐਚ ਓ ਵਿਸ਼ਨ ਲਾਲ ਨੇ ਸਾਰੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ। ਇਸ ਦੌਰਾਨ ਕਰੀਬ ਤਿੰਨ ਘੰਟੇ ਕਿਸਾਨਾਂ ਅਤੇ ਵਿਭਾਗੀ ਅਧਿਕਾਰੀਆਂ ਵਿਚਕਾਰ ਗੱਲਬਾਤ ਚਲਦੀ ਰਹੀ।ਆਖਰ ਵਿਭਾਗ ਨੂੰ ਮੁੱਦਕੀ ਮਾਇਨਰ ਵਿਚ ਪਾਣੀ ਛੱਡਣਾ ਪਿਆ ਜਿਸ ਉਪਰੰਤ ਕਿਸਾਨ ਆਗੂ ਨਿਰਮਲ ਸਿੰਘ ਨੇ ਮਰਨ ਵਰਤ ਤੋੜਿਆ ਅਤੇ ਕਿਸਾਨਾਂ ਦੇ ਦਿੱਤੇ ਸੁਨੇਹੇ ਤੇ ਟੈਂਕੀ ਤੇ ਚੜਿਆ ਕਿਸਾਨ ਵੀ ਮਾਇਨਰ ‘ਚ ਪਾਣੀ ਆਉਣ ਉਪਰੰਤ ਹੇਠਾ ਉਤਰਿਆ।

Share this Article
Leave a comment