ਨਵੀ ਦਿੱਲੀ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ (BRICS) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜਲਦ ਭਾਰਤ ਦਾ ਦੌਰਾ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਦਸੰਬਰ 2025 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਸੀ। ਇਸ ਯਾਤਰਾ ਦੌਰਾਨ ਆਰਥਿਕ ਸਬੰਧਾਂ, ਊਰਜਾ ਸਹਿਯੋਗ ਅਤੇ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ ਗਈ ਸੀ।
ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ ਅਤੇ ਨਵੇਂ ਮੈਂਬਰ ਦੇਸ਼ਾਂ) ਦੇ ਨੇਤਾਵਾਂ ਦੀ ਇਹ ਸਾਲਾਨਾ ਬੈਠਕ ਆਰਥਿਕ ਸਹਿਯੋਗ, ਵਪਾਰ, ਗਲੋਬਲ ਗਵਰਨੈਂਸ ਅਤੇ ਭੂ-ਰਾਜਨੀਤਿਕ ਮੁੱਦਿਆਂ ‘ਤੇ ਚਰਚਾ ਕਰਨ ਲਈ ਆਯੋਜਿਤ ਕੀਤੀ ਜਾਂਦੀ ਹੈ। ਰਿਪੋਟਸ ਅਨੁਸਾਰ ਇਹ ਬੈਠਕ ਸਤੰਬਰ ਦੇ ਮਹੀਨੇ ਵਿੱਚ ਹੋ ਸਕਦੀ ਹੈ।
ਰੂਸ ਦੀ ਨਿਊਜ਼ ਏਜੰਸੀ TASS ਨੇ ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਦੇ ਹਵਾਲੇ ਨਾਲ ਦੱਸਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਨਿਸ਼ਚਿਤ ਤੌਰ ‘ਤੇ ਹਿੱਸਾ ਲੈਣਗੇ। ਹਾਲਾਂਕਿ , ਅਜੇ ਤੱਕ ਸੰਮੇਲਨ ਦੀ ਕੋਈ ਅਧਿਕਾਰਤ ਤਾਰੀਖ ਘੋਸ਼ਿਤ ਨਹੀਂ ਕੀਤੀ ਗਈ ਹੈ, ਪਰ TASS ਨੇ ਪਹਿਲਾਂ ਭਾਰਤੀ ਸਰਕਾਰ ਦੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਸੀ ਕਿ ਇਹ 12-13 ਸਤੰਬਰ ਨੂੰ ਹੋਣ ਵਾਲਾ ਹੈ।
ਬ੍ਰਿਕਸ (BRICS) ਵਰਤਮਾਨ ਵਿੱਚ 11 ਮੈਂਬਰ ਦੇਸ਼ਾਂ ਦਾ ਇੱਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸੰਗਠਨ ਹੈ। ਇਸ ਦੀ ਸ਼ੁਰੂਆਤ 2006 ਵਿੱਚ ਚਾਰ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ) ਦੇ ਨਾਲ ਹੋਈ ਸੀ, ਜਿਸ ਨੂੰ ਉਦੋਂ ‘BRIC’ ਕਿਹਾ ਜਾਂਦਾ ਸੀ।
ਪਰ 2010 ਵਿੱਚ ਇਸ ਵਿੱਚ ਦੱਖਣੀ ਅਫਰੀਕਾ ਸ਼ਾਮਲ ਹੋ ਗਿਆ, ਜਿਸ ਤੋਂ ਬਾਅਦ ਇਸਨੂੰ ਬ੍ਰਿਕਸ ਕਿਹਾ ਜਾਣ ਲੱਗਾ। ਹੁਣ ਇਸ ਵਿੱਚ ਕੁਝ ਹੋਰ ਦੇਸ਼ਾਂ ਨੂੰ ਵੀ ਜੋੜਿਆ ਗਿਆ ਹੈ, ਜਿਨ੍ਹਾਂ ਵਿੱਚ ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ, ਯੂ.ਏ.ਈ. (UAE) ਅਤੇ ਇੰਡੋਨੇਸ਼ੀਆ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

