ਮਾਸਕੋ: ਰੂਸ ਦੇ ਕੋਸਟ੍ਰੋਮਾ ਸ਼ਹਿਰ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।ਇਹ ਘਟਨਾ ਕੋਸਟਰੋਮਾ ਸਿਟੀ ਦੀ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰ ਸ਼ੱਕੀ ਨੂੰ ਜਾਂਚ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ‘ਪੌਲੀਗਨ’ ਨਾਈਟ ਕਲੱਬ ਅਤੇ ਰੈਸਟੋਰੈਂਟ ਵਿੱਚ ਲੱਗੀ ਅੱਗ ਨੇ 3500 ਵਰਗ ਮੀਟਰ ਦੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਮੁਤਾਬਿਕ ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਮੁਤਾਬਕ ਉਸ ਸਮੇਂ ਇਮਾਰਤ ‘ਚੋਂ 250 ਦੇ ਕਰੀਬ ਲੋਕ ਸ਼ਾਮਲ ਸਨ।
ਪੁਲਿਸ ਦੇ ਬਿਆਨ ਅਨੁਸਾਰ ਉਨ੍ਹਾਂ ਵੱਲੋਂ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ 2.30 ਵਜੇ ਪੋਲੀਗਨ ਕਲੱਬ ਵਿਖੇ ਵਾਪਰੀ। ਇਸ ਤੋਂ ਬਾਅਦ ਇਮਾਰਤ ‘ਚੋਂ 250 ਲੋਕਾਂ ਨੂੰ ਬਾਹਰ ਕੱਢਿਆ ਗਿਆ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸ ਦੇ ਵੱਡੇ ਰਸਾਇਣਕ ਪਲਾਂਟਾਂ, ਸਟੋਰੇਜ ਡਿਪੂਆਂ ਅਤੇ ਰੱਖਿਆ ਖੋਜ ਸਥਾਨਾਂ ‘ਤੇ ਅੱਗ ਲੱਗਣ ਅਤੇ ਧਮਾਕਿਆਂ ਦੀਆਂ ਘਟਨਾਵਾਂ ਵਾਪਰੀਆਂ ਹਨ। ਰੂਸ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਇਨ੍ਹਾਂ ਰਹੱਸਮਈ ਅੱਗ ਦੀਆਂ ਘਟਨਾਵਾਂ ਪਿੱਛੇ ਕੀ ਕਾਰਨ ਹੈ।