ਚੰਡੀਗੜ੍ਹ – ਇੱਕ ਟੀਵੀ ਚੈਨਲ ਦੀ ਰਿਪੋਰਟ ਦੇ ਮੁਤਾਬਕ ਕਾਂਗਰਸ ਪਾਰਟੀ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਜੋ ਮੰਥਨ ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ, ਉਸ ਵਿੱਚੋਂ ਇਹ ਗੱਲ ਸਾਹਮਣੇ ਆਈ ਹੈ ਕਿ ‘Rotational CM’ ਵਰਗੇ ਇੱਕ ਨਵੇੰ ਫਾਰਮੂਲੇ ਦੇ ਸੁਝਾਅ ਦਿੱਤੇ ਗਏ ਹਨ।
ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਫਿਰ ਇਸ ਫਾਰਮੂਲੇ ਹੇਠ ਅੱਧਾ ਅੱਧਾ ਸਮਾਂ ਦੋ ਸੀਐਮ ਦੇ ਦਾਅਵੇਦਾਰਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਰਾਹੁਲ ਗਾਂਧੀ ਦੀ ਜਲੰਧਰ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਆਪਣੀ ਆਪਣੀ ਦਾਅਵੇਦਾਰੀ ਰੱਖੀ ਗਈ ਸੀ, ਉਸ ਨੂੰ ਸਾਹਮਣੇ ਰੱਖ ਕੇ ਹੀ ਕਾਂਗਰਸ ਦੇ ਸੰਗਠਨ ‘ਚ ਅੰਦਰਖਾਤੇ ਇਹ ਸੁਝਾਅ ਤੇ ਵਿਚਾਰਾਂ ਉੱਭਰ ਕੇ ਆ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਢਾਈ ਵਰ੍ਹੇ ਚੰਨੀ ਤੇ ਢਾਈ ਵਰ੍ਹੇ ਸਿੱਧੂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਮੌਕਾ ਮਿਲੇਗਾ। ਪਰ ਇਸ ਦਾ ਦੂਸਰਾ ਪੱਖ ਇਹ ਵੀ ਹੈ ਕੀ ਅਜਿਹਾ ਕੋਈ ਨਵਾਂ ਫਾਰਮੂਲਾ ਸੰਵਿਧਾਨਕ ਸਾਂਚੇ ਵਿੱਚ ਪੂਰਾ ਉਤਰ ਸਕੇਗਾ?
ਹਾਲਾਂਕਿ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਵਿੱਚ ਦੋ ਡਿਪਟੀ ਮੁੱਖ ਮੰਤਰੀ ਹਨ ਤੇ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਵੀ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ ਸੀ। ਪਰ ਡਿਪਟੀ ਮੁੱਖ ਮੰਤਰੀ ਦੀ ਨਿਯੁਕਤੀ ਸੰਵਿਧਾਨਕ ਅਹੁਦਾ ਨਹੀਂ ਹੈ।
ਪੰਜਾਬ ਚ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਸੀਐਮ ਦਾ ਚਿਹਰਾ ਐਲਾਨਣ ਦੀ ਗੱਲ ਪੁਰਜ਼ੋਰ ਚੱਲ ਰਹੀ ਹੈ ਤੇ ਰਾਹੁਲ ਗਾਂਧੀ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ 6 ਫਰਵਰੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ। ਯਾਦ ਰਹੇ ਕਿ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੱਸਿਆ ਹੈ ਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਇਸੇ ਤਰਜ਼ ਤੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਸੀ।
ਜੇਕਰ ‘Rotational CM’ ਫਾਰਮੂਲੇ ਵਰਗੀ ਗੱਲ ਸਾਹਮਣੇ ਆਈ ਤੇ ਇਹ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਕਾਂਗਰਸ ਪਾਰਟੀ ਕਿਸੇ ਵੀ ਸੂਰਤ ਵਿੱਚ ਦੋਹਾਂ ਲੀਡਰਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੁੰਦੀ ਹੇੈ।