26/11 ਤੋਂ ਬਾਅਦ ਪਾਕਿ ‘ਤੇ ਸਟ੍ਰਾਈਕ ਲਈ ਤਿਆਰ ਸੀ ਸੈਨਾ, ਸਰਕਾਰ ਨੇ ਨਹੀਂ ਦਿੱਤੀ ਸੀ ਮਨਜ਼ੂਰੀ: ਧਨੋਆ

TeamGlobalPunjab
2 Min Read

ਮੁੰਬਈ : 26/11 ਨੂੰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਵਾਈ ਫੌਜ ਵੱਲੋਂ ਸਰਕਾਰ ਅੱਗੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ‘ਤੇ ਹਮਲੇ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਸਰਕਾਰ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਇਹ ਬਿਆਨ ਸਾਬਕਾ ਹਵਾਈ ਸੈਨਾ ਮੁੱਖੀ ਬੀ.ਐੱਸ ਧਨੋਆ ਨੇ ਸ਼ੁੱਕਰਵਾਰ ਨੂੰ ਵੀ.ਜੇ.ਟੀ.ਆਈ. ਸਾਲਾਨਾ ਉਤਸਵ ਟੈਕਨੋਵੈਂਜ਼ਾ ਮੌਕੇ ਵਿਦਿਆਰਥੀਆਂ ਤੇ ਹੋਰ ਸੰਬੋਧਨ ਕਰਦੇ ਹੋਏ ਦਿੱਤਾ।

ਉਨ੍ਹਾਂ ਕਿਹਾ ਕਿ ਸੈਨਾ ਨੂੰ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਦੀ ਪੂਰੀ ਖਬਰ ਸੀ ਕਿ ਉਹ ਕਿੱਥੇ-ਕਿੱਥੇ ਸਥਿਤ ਹਨ ਤੇ ਹਵਾਈ ਸੈਨਾ ਉਨ੍ਹਾਂ ‘ਤੇ ਹਮਲਾ ਕਰਨ ਲਈ ਵੀ ਬਿਲਕੁਲ ਤਿਆਰ ਸੀ। ਪਰ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਉਸ ਸਮੇਂ ਅੱਤਵਾਦੀ ਕੈਂਪਾਂ ‘ਤੇ ਹਮਲਾ ਕਰਨਾ ਜਾਂ ਨਾ ਕਰਨਾ ਇੱਕ ਸਿਆਸੀ ਫੈਸਲਾ ਸੀ।

ਸਾਬਕਾ ਏਅਰ ਚੀਫ ਨੇ ਦਸੰਬਰ 2001 ‘ਚ ਭਾਰਤੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਸਮੇਂ ਵੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਖਿਲਾਫ ਏਅਰ ਸਟ੍ਰਾਇਕ ਕਰਨ ਦੀ ਗੱਲ ਸਰਕਾਰ ਅੱਗੇ ਰੱਖੀ ਗਈ ਸੀ ਜਿਸ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ। ਪਾਕਿਸਤਾਨ ਸ਼ੁਰੂ ਤੋਂ ਹੀ ਭਾਰਤ ‘ਚ ਅਸ਼ਾਂਤੀ ਫੈਲਾਉਣ ਲਈ ਅੱਤਵਾਦੀ ਗਤੀਵਿਧੀਆਂ ਦਾ ਸਹਾਰਾ ਲੈਂਦਾ ਆਇਆ ਹੈ।

ਬੀ.ਐੱਸ. ਧਨੋਆ ਨੇ ਕਿਹਾ ਕਿ ਮੌਜੂਦਾ ਸਮੇਂ ਹਵਾਈ ਸੈਨਾ ਭਵਿੱਖ ‘ਚ ਕਿਸੇ ਵੀ ਛੋਟੇ ਜਾਂ ਵੱਡੇ ਹਮਲੇ ਦਾ ਜਵਾਬ ਦੇਣ ‘ਚ ਪੂਰੀ ਤਰ੍ਹਾਂ ਸਮਰੱਥ ਹੈ ਤੇ ਕਿਸੇ ਵੀ ਲੜਾਈ ਨਾਲ ਨਜਿੱਠਣ ਲਈ ਤਿਆਰ ਹੈ।

- Advertisement -

ਧਨੋਆ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਇੱਕ ਵੱਡੀ ਚਣੌਤੀ, ਉਸ ਦੇ ਦੋ ਗੁਆਂਢੀ ਮੁਲਕਾਂ ਦਾ ਪ੍ਰਮਾਣੂ ਹਥਿਆਰਬੰਦ ਹੋਣਾ ਹੈ। ਪੁਲਵਾਮਾ ‘ਤੇ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ 26 ਫਰਵਰੀ 2019 ਨੂੰ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ‘ਤੇ ਹਵਾਈ ਸੈਨਾ ਵੱਲੋਂ ਹਵਾਈ ਹਮਲਾ ਕੀਤਾ ਗਿਆ ਸੀ, ਜਿਸ ਨੇ ਪਾਕਿਸਤਾਨ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ।

Share this Article
Leave a comment