-ਰਾਜਿੰਦਰ ਕੌਰ ਚੋਹਕਾ
‘ਜਾਰਜ ਫਲਾਇਡ’ ਦੇ ਜਨਾਜੇ ਨਾਲ ਸ਼ਾਮਲ ਅਮਰੀਕੀ ਲੋਕਾਂ ਦੀ ਹਮਦਰਦੀ ਨੇ ਇਹ ਸਾਬਤ ਕਰ ਦਿੱਤਾ ਹੈ, ”ਹੁਣ ਨਸਲੀ ਧੌਂਸ ਅਤੇ ਨਸਲੀ ਵਿਤਕਰੇ ਨੂੰ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ? ਨਸਲੀ-ਵਿਤਕਰਾ, ਨਸਲੀ ਭਿੰਨ-ਭੇਦ ਅਤੇ ਨਸਲੀ ਅਨਿਆਏ ਦਾ ਯੁੱਗ ਹੁਣ ਢੈਅ ਢੇਰੀ ਹੋਣ ਵਾਲਾ ਹੈ।” ਅਫਰੀਕੀ-ਅਮਰੀਕੀ ਮੂਲ ਦੇ ਲੋਕ ਪਿਛਲੀਆਂ ਕਈ ਸਦੀਆਂ ਤੋਂ ਅਮਰੀਕੀ ਜਰਵਾਣਿਆਂ ਦੀ ਗੁਲਾਮੀ, ਨਸਲੀ ਵਿਤਕਰੇ ਅਤੇ ਕੁੱਟ-ਮਾਰ ਨੂੰ ਹੰਢਾਉਂਦੇ ਆ ਰਹੇ ਹਨ। ਇਨ੍ਹਾਂ ਵਿਤਕਰਿਆਂ ਵਿਰੁਧ ਸਿਆਹਫ਼ਾਮ ਸ਼ੁਰੂ ਤੋਂ ਹੀ ਸੰਘਰਸ਼ ਕਰਦੇ ਆ ਰਹੇ ਹਨ। ਸਿਵਲ ਵਾਰ ਜਿਹੜੀ ਅਮਰੀਕਾ ਅੰਦਰ 1861-65 ਤਕ ਦੱਖਣ ਤੇ ਉੱਤਰੀ ਰਾਜਾਂ ਵਿਚਕਾਰ ਰਾਜ-ਸੱਤਾ ਤੇ ਕਬਜ਼ਾ ਕਰਨ ਲਈ ਵੱਡੇ ਵੱਡੇ ‘ਕੁਲਕਾਂ ਅਤੇ ਪੂੰਜੀਪਤੀਆਂ’ ਵਿਚਕਾਰ ਚਲੀ ਸੀ। ਇਹ ਜੰਗ ਮੂਲ ਰੂਪ ਵਿੱਚ ਕਾਲੇ ਲੋਕਾਂ ਦੀ ਕਿਰਤ-ਸ਼ਕਤੀ ਨੂੰ ਹਥਿਆਉਣ ਲਈ ਸੀ। ਭਾਵੇ ‘ਸਲੇਵਰੀ ਸਿਸਟਮ’ ਖਤਮ ਕਰਨ ਲਈ ਕੰਨੂਨ ਤਾਂ ਬਣ ਗਿਆ, ਪਰ ! ਸਿਆਹਫ਼ਾਮ ਲੋਕਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਅੱਜੇ ਤਕ ਟੁਟੀਆਂ ਨਹੀਂ ਹਨ। 19-ਵੀਂ ਤੋਂ 20-ਵੀਂ ਸਦੀ ਤੋਂ ਹੀ ਅਮਰੀਕਾ ਅੰਦਰ ਗੋਰੇ ਹਾਕਮਾਂ ਦੇ ਨਸਲੀ ਵਿਤਕਰੇ, ਜ਼ੁਲਮ ਅਤੇ ਗੁਲਾਮੀ ਵਿਰੁਧ ਅਮਰੀਕਾ ਦੇ ਮੂਲ-ਵਾਸੀਆਂ, ਸਿਆਹਫ਼ਾਮ ਅਤੇ ਗੈਰ ਗੋਰੇ ਪ੍ਰਵਾਸੀਆਂ ਵਲੋਂ ਅਨੇਕਾਂ ਸੰਘਰਸ਼ ਕੀਤੇ ਗਏ ਹਨ। ਇਨ੍ਹਾਂ ਸੰਘਰਸ਼ਾਂ ਦੌਰਾਨ ਅਨੇਕਾਂ ਲੋਕ ਗੋਰੇ -ਹਾਕਮਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਚੁਕੇ ਹਨ !
ਅਮਰੀਕਾ ਅੰਦਰ ਨਸਲੀ ਵਿਤਕਰਿਆ ਵਿਰੁਧ ਸੰਘਰਸ਼ਾਂ ਦਾ ਇਕ ਬਹੁਤ ਲੰਬਾ ਇਤਿਹਾਸ ਹੈ। ”ਮਾਰਟਿਨ ਲੂਥਰ ਕਿੰਗ ਦੀ ਸ਼ਹਾਦਤ, ਫਰਗੂਸਨ , ਮਸੂਰੀ, ਮਾਈਕਲ ਬਰਾਊਨ, ਜਾਰਜ ਆਰਮ ਵੂੱਡ, ਜਜ ਐਡਵਰਡ ਆਰੋਨ, ਲੂਈ ਐਲਿਨ, ਜੇ.ਐਮ. ਕਰੈਗ, ਐਡਰਸਨ ਤੋਂ ਬਿਨਾਂ ਹਜਾਰਾਂ ਲੋਕ ਨਸਲੀ-ਨਫਰਤ ਵਿਰੁਧ ਲੜ ਕੇ ਸ਼ਹੀਦ ਹੋਏੇ ਹਨ।” ਅੱਜ! ਜਦੋਂ ਜਾਰਜ-ਫਰਾਇਡ ਨੂੰ ਸ਼ਰਧਾ ਦੇ ਫੁਲ ਭੇਂਟ ਕਰ ਰਹੇ ਹਾਂ ਤਾਂ ਸਾਡੇ ਜ਼ਿਹਨ ਅੰਦਰ ਸਿਆਹਫ਼ਾਮ ਲੋਕਾਂ ਦੀ ਜ਼ਿੰਦਗੀ ਦੇ ਅਰਥ ਵੀ ਸਾਹਮਣੇ ਆ ਰਹੇ ਹਨ। ਅਜੇ ਵੀ ਜਰਵਾਣੇ ਸਾਡੀਆਂ ਧੌਣਾਂ ‘ਤੇ ਗੋਡੇ ਰੱਖ ਕੇ ਸਾਡੇ ਸਾਹ ਬੰਦ ਕਰ ਰਹੇ ਹਨ।ਪਰ! ਯਾਦ ਰੱਖੋ, ”ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ। ਇਕ ਦਿਨ ਸੂਹੀ ਸਵੇਰ ਜਰੂਰ ਆਵੇਗੀ, ਜਦ ਹਨ੍ਹੇਰਾ ਦੂਰ ਹੋ ਜਾਵੇਗਾ? ਕਾਲੇ ਹੀ ਨਹੀਂ ਸਗੋਂ ਸਾਰੇ ਲੋਕ ਵਿਤਕਰਿਆਂ ਵਿਰੁਧ ਹੁਣ ਮਿਲ ਕੇ ਹਰ ਤਰ੍ਹਾਂ ਦੀਆਂ ਬੇ-ਇਨਸਾਫੀਆਂ ਵਿਰੁਧ ਜਾਗਰੂਕ ਹੋ ਰਹੇ ਹਨ। ਨਸਲਵਾਦ ਵਿਰੁਧ ਅਮਰੀਕਾ ਵਿੱਚ ਹੀ ਨਹੀਂ, ਸਾਰੀ ਦੁਨੀਆ ਅੰਦਰ ਲੋਕ ਹੱਕਾਂ ਲਈ ਲੜਨ ਲਈ ਅੱਗੇ ਵੱਧ ਰਹੇ ਹਨ। ਨਸਲਵਾਦ, ਗੁਲਾਮੀ ਤੇ ਬੇ-ਇਨਸਾਫ਼ੀ ਵਿਰੁਧ ਉਹ ਪੁਰਾਣੇ ਕਾਲੇ ਚਿਨ੍ਹ, ਇਤਿਹਾਸ ਅਤੇ ਕਹਾਣੀਆਂ ਹੁਣ ਇਕ- ਇਕ ਕਰਕੇ ਮਿੱਟੀ ‘ਚ ਰੁਲ ਜਾਣਗੀਆਂ। ਰਾਬਰਟ ਮਿਲਿਗਨ ਜਿਹੜਾ 18-ਵੀਂ ਸਦੀ ਵੇਲੇ ਗੁਲਾਮਾਂ ਦਾ ਵਪਾਰੀ ਸੀ, ਕ੍ਰਿਸਟੋਫਰ ਕੋਲੰਬਸ ਅਤੇ ਉਹ ਪੁਰਾਣੇ ਲੁਟੇਰੇ, ਜਿਨ੍ਹਾਂ ਨਾਲ ਮਨੁੱਖਤਾ ਦੇ ਘਾਣ ਕਰਨ ਲਈ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ
ਸਭ ਮਿੱਟੀ ਵਿੱਚ ਮਿਲ ਜਾਣਗੇ?
ਜਦੋਂ ਧਰਤੀ ਪਾਸਾ ਬਦਲੇਗੀ ,
ਜਦੋਂ ਨੰਗ-ਭੁੱਖ ਦੀ ਕੈਦ ‘ਚ ਲੋਕੀ ਛੁੱਟਣਗੇ !
ਜਦੋਂ ਸ਼ੋਸ਼ਣ ਦੇ ਬੇੜੇ ਡੁੱਬਣਗੇ,
ਜਦੋਂ ਜ਼ੁਲਮ ਦੀਆਂ ਕੜੀਆਂ ਟੁੱਟਣਗੀਆਂ।
ਲੋਕੀ ਗੁਰਬਤ ਦੀਆਂ ਜੇਲ੍ਹਾਂ ‘ਚੋ ਰਿਹਾਅ ਹੋਣਗੇ,
ਫਿਰ ਲੋਕ ਸਰਕਾਰਾਂ ਬਣਨਗੀਆਂ !
ਫਿਰ ਉਹ ਲਾਲ ਸਵੇਰਾ ਅਸੀਂ ਲਿਆਵਾਂਗੇ,
ਫਿਰ ਸੂਰਜ ਦੀ ਪਹਿਲੀ ਲਾਲੀ ਸਾਡੀ ਹੋਵੇਗੀ !
-(ਜੇ. ਈ. ਸਟਿਗਲਿਟਜ਼)
ਨਸਲਵਾਦ ਵਿਰੁਧ ਅਨੇਕਾਂ ਅਮਰੀਕਾ ਦੇ ਲੋਕਾਂ ਨੇ ਆਵਾਜ ਉਠਾਈ ਹੈ। ਨਸਲੀ ਭੇਦ-ਭਾਵ ਨੂੰ ਕਾਇਮ ਕਰਨ ਵਾਲੇ ”ਕਾਲੇ ਕਾਨੂੰਨ ਜਿਮ ਕਰੋਆਂ” ਨੂੰ ਬਦਲਣ ਲਈ ਸਿਆਹਫ਼ਾਮ ਸੰਗਰਾਮਣ ”ਰੋਜਾ ਪਾਰਕਸ’ ਦਾ ਨਾਂ ਵੀ ਸਦਾ ਯਾਦ ਰਹੇਗਾ ! ਜਿਸ ਨੇ ਲੰਬੇ ਸੰਘਰਸ਼ਾਂ ਬਾਅਦ ਇਸ ਕਾਲੇ ਕਾਨੂੰਨ ਵਿਰੁਧ -1955 ਨੂੰ ਜਿਤ ਪ੍ਰਾਪਤ ਕੀਤੀ ਸੀ। ਅਮਰੀਕਾ ਵਿੱਚ ਨਸਲੀ ਵਿਤਕਰੇ ਵਿਰੁਧ ਜੂਝਣ ਵਾਲੀ ਇਕ ਮਹਾਨ ਸੰਘਰਸ਼ਕਾਰੀ ‘ਰੋਜ਼ਾ ਪਾਰਕਸ’ ਨੇ ਪਹਿਲੀ ਦਸੰਬਰ-1955 ਵਾਲੇ ਦਿਨ ਇਕ ਅਜਿਹਾ ਕਦਮ ਚੁੱਕਿਆ, ਜਿਸ ਨੇ ਅਮਰੀਕਾ ਦਾ ਇਤਿਹਾਸ ਹੀ ਬਦਲ ਦਿੱਤਾ! ਉਸ ਦਿਨ ‘ਅਕੇਵੇਂ ਅਤੇ ਥਕੇਵੇਂ’ ਵਾਲੇ ਕੰਮ ਤੋਂ ਵਿਹਲੀ ਹੋ ਕੇ ਘਰ ਨੂੰ ਜਾਣ ਲਈ ਬੱਸ ਦੀ ਟਿਕਟ ਲੈ ਕੇ, ਬਸ ਦੀ ਸੀਟ ਤੇ ਬੈਠੀ ਹੀ ਸੀ, ਤਾਂ ਇਕ ਗੋਰੇ ਮੁਸਾਫ਼ਿਰ ਨੇ ਰੋਜ਼ਾ ਨੂੰ ਸੀਟ ਤੋਂ ਉੱਠਣ ਲਈ ਕਿਹਾ! ਉਸ ਦੇ ਨਾਲ ਦੇ ਬਾਕੀ ਤਿੰਨ ਸਿਆਹਫ਼ਾਮ ਸੀਟਾਂ ਤੋਂ ਉੱਠ ਗਏ, ਪਰ ਰੋਜ਼ਾ ਨੇ ਉੱਠਣ ਤੋਂ ਇਨਕਾਰ ਕਰਦਿਆਂ ਕਿਹਾ, ”ਕਿ ਮੈਂ ਪਹਿਲੇ ਦਰਜੇ ਦੀ ਟਿਕਟ ਲੈ ਕੇ ਬੈਠੀ ਹਾਂ” ਡਰਾਈਵਰ ਵਲੋਂ ਰੋਜ਼ਾ ਵਿਰੁੱਧ ਪੁਲੀਸ ਬੁਲਾਉਣ ਦੀ ਧਮਕੀ ਦਿੱਤੀ ਗਈ ।ਰੋਜ਼ਾ ਦਾ ਜਵਾਬ ਸੀ, ‘ਕਿ ਜਾਹ ਬੁਲਾ ਲਿਆ, ਮੇਰਾ ਹੱਕ ਵੀ ਸੀਟ ਤੇ ਬੈਠ ਕੇ ਜਾਣ ਦਾ ਹੈ?’ ਇਹ ਨਿੱਕਾ ਜਿਹਾ ਹਾਦਸਾ ਜੋ ‘ਮੌਂਟਗੁੰਮਰੀ’ (ਅਲਬਾਮਾ ਸੂਬੇ) ਵਿੱਚ ਹੋਇਆ ਸੀ ਨੂੰ ਰਾਤੋਂ-ਰਾਤ ਰੋਜਾ ਪਾਰਕਸ ਆਪਣੇ ਸਿਆਹਫ਼ਾਮ ਭੈਣਾਂ ਭਰਾਵਾਂ ਲਈ ਇਕ ਪ੍ਰਤੀਕ ਬਣ ਗਈ। ਰੋਜ਼ਾ ਪਾਰਕਸ ਨੇ ਜਿਹੜਾ ਕਾਨੂੰਨ ਤੋੜਿਆ ਸੀ ਉਹ ਸਿਆਹਫ਼ਾਮ ਅਮਰੀਕਨਾਂ ਲਈ ਜਲਾਲਤ ਭਰਿਆ ਕਾਨੂੰਨ ਸੀ।
ਇਹ ਉਹ ਸਮਾਂ ਸੀ ਜੱਦੋਂ 1607 ਤੋਂ ਲੈ ਕੇ 1955 ਤੱਕ ‘ਕੇਂਦਰੀ ਅਲਬਾਮਾ’ ਦੇ ਸ਼ਹਿਰ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਇਥੋਂ ਦੇ ਕਾਲੇ ਲੋਕਾਂ ਦੀ ਜਿੰਦਗੀ ਗੋਰੇ ਅਮਰੀਕੀ ਲੋਕਾਂ ਦੇ ਰਹਿਮੋ-ਕਰਮ ਤੇ ਸੀ। ਲੱਗ-ਪੱਗ ਚਾਰ ਸੋ ਸਾਲ (400 ਸਾਲ) ਪਹਿਲਾਂ ਅਫਰੀਕਾ ਤੋਂ ਜ਼ਬਰੀ ਸਿਆਹਫ਼ਾਮ ਲੋਕਾਂ ਨੂੰ ਲਿਆਕੇ ਬਿਨਾਂ ਤਨਖਾਹ ਦਿੱਤਿਆਂ ਕਾਰਖਾਨਿਆਂ, ਘਰਾਂ, ਖੇਤਾਂ, ਫਾਰਮਾਂ ਤੇ ਰੱਖ ਕੇ 16 ਤੋਂ 20 ਘੰਟੇ ਤਕ ਜ਼ਬਰੀ ਬਿਨਾਂ ਰੋਟੀ-ਪਾਣੀ ਦਿੱਤਿਆਂ, ਭੁੱਖਿਆਂ, ਪਿਆਸਿਆਂ ਪਾਸੋਂ ਕਠੋਰ ਕੰਮ ਕਰਾਇਆ ਜਾਂਦਾ ਸੀ। ਇਥੋਂ ਤਕ! ਕਿ ਉਨ੍ਹਾਂ ਸਿਆਹਫ਼ਾਮ ਲੋਕਾਂ ਨਾਲ ਅਛੂਤਾਂ ਵਾਲਾ ਵਿਵਹਾਰ ਵੀ ਕੀਤਾ ਜਾਂਦਾ ਸੀ ? ਬੀਮਾਰ ਪੈਣ ਤੇ ਕੋਈ ਦਵਾਈ ਵੀ ਨਹੀਂ ਦਿੱਤੀ ਜਾਂਦੀ ਸੀ! ਉਹ ਲੋਕ ‘ਗੁਲਾਮੀ ਤੇ ਨਰਕ’ ਵਾਲਾ ਜੀਵਨ ਬਤੀਤ ਕਰਦੇ ਸਨ। ਬਸਾਂ ਦੀਆਂ ਸੀਟਾਂ ਤੇ ਨਾ ਬੈਠਣ ਦਾ ਹੁਕਮ, ਨਲਕਿਆਂ ਤੋਂ ਪਾਣੀ ਪੀਣ ਦੀ ਅਤੇ ਹੋਟਲਾਂ ‘ਚ ਜਾ ਕੇ ਖਾਣਾ ਖਾਣ ਦੀ ਵੀ ਮਨਾਹੀ ਸੀ। ਇਥੋਂ ਤਕ! ਕਿ ਉਨ੍ਹਾਂ ਦੀ ਕੋਈ ਵੋਟ ਵੀ ਨਹੀਂ ਬਣਾਈ ਜਾਂਦੀ ਸੀ ? ਵੋਟ ਬਣਾਉਣ ਲਈ, ਰਜਿਸਟਰ ਕਰਵਾਉਣ ਲਈ ਇਕ ਫਰਮਾਨ ਜਾਰੀ ਕੀਤਾ ਹੋਇਆ ਸੀ, ‘ਕਿ ਹਰ ਸਿਆਹਫ਼ਾਮ ਲੋਕਾਂ ਪਾਸੋਂ ‘ਡੇਢ ਡਾਲਰ ਪੋਲ ਟੈਕਸ’ ਉਗਰਾਹਿਆ ਜਾਵੇ ? ਕਿਸੇ ਵੀ ਕੇਸ ਵਿੱਚ ਬਿਨਾ ਮੁਕਦਮਾਂ ਚਲਾਏ ਜੇਲ ਅੰਦਰ ਡੱਕ ਦਿੱਤਾ ਜਾਂਦਾ ਸੀ। ਕੋਈ ਵੀ ਗੋਰਾ ਵਕੀਲ ਉਨ੍ਹਾਂ ਦਾ ਕੇਸ ਲੜਨ ਲਈ ਤਿਆਰ ਨਹੀਂ ਹੁੰਦਾ ਸੀ। ਅਜਿਹੀਆਂ ਅੱਣਮਨੁੱਖੀ ਅਪਰਾਧਾਂ ਦੀਆਂ ਕਾਲੀਆਂ ਕਰਤੂਤਾਂ ਦੇ ਨਾਲ ਅਮਰੀਕਾ ਦੇ ਇਤਿਹਾਸ ਦੇ ਪੰਨੇ ਭਰੇ ਪਏ ਹਨ।
ਇਸ ਜ਼ਬਰੀ ਨਸਲੀ-ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੀ ਮਹਾਨ ਸੰਘਰਸ਼ਕਾਰੀ ”ਰੋਜ਼ਾ ਪਾਰਕਸ” ਦਾ ਜਨਮ ਅਮਰੀਕਾ ਦੇ ‘ਅਲਬਾਮਾਂ ਸੂਬੇ’ ਦੇ ‘ਟਸਕੈਗੀ ਕਸਬੇ’ ਵਿਚ ‘ਮਾਤਾ ਰਿਊਨਾ ਕੋਲੇ’ ਦੀ ਕੁਖੋਂ 4 ਫਰਵਰੀ-1913 ਨੂੰ ਹੋਇਆ। ਉਸ ਦੀ ਮਾਤਾ ਇੱਕ ਅਧਿਆਪਕਾ ਸੀ। ਰੋਜ਼ਾ ਦੇ ਜਨਮ ਤੋਂ ਛੇਤੀ ਬਾਦ ਹੀ ਉਸ ਦੇ ਮਾਂ-ਬਾਪ ਨੇ ਤਲਾਕ ਲੈ ਲਿਆ। ਉਸ ਦਾ ਪਾਲਣ-ਪੋਸ਼ਣ ਉਸ ਦੀ ਮਾਤਾ ਅਤੇ ਨਾਨਕਿਆਂ ਦੇ ਘਰ ਸਾਂਝੇ ਪਰਿਵਾਰ ਵਿੱਚ ਹੋਇਆ। ਰੋਜ਼ਾ ਨੇ ‘ਬੁਕਟ-ਟੀ-ਵਾਸ਼ਿੰਗਟਨ ਹਾਈ ਸਕੂਲ’ ਤੋਂ ਵਿੱਦਿਆ ਪ੍ਰਾਪਤ ਕੀਤੀ। -1932 ਵਿੱਚ ਰੋਜ਼ਾ ਨੇ ‘ਨਾਈ ਰੇਮੰਡ’ ਨਾਲ ਵਿਆਹ ਕਰਵਾ ਲਿਆ। ਰੋਜ਼ਾ ਆਪਣੇ ਕੰਮ ਕਾਰ ਤੋਂ ਵਿਹਲੀ ਹੋ ਕੇ ਸਿਆਹ-ਫ਼ਾਮ ਲੋਕਾਂ ਦੀ ਸੰਸਥਾਂ ਦੀ ਮੈਂਬਰ ਬਣ ਗਈ ਅਤੇ ਉਨ੍ਹਾਂ ਦੀਆ ਮੀਟਿੰਗਾਂ ਵਿਚ ਜਾਣ ਲੱਗ ਪਈ। ‘ਪਹਿਲੀ ਦਸੰਬਰ -1955 ‘ ਦਾ ਦਿਨ ਰੋਜ਼ਾ ਲਈ ਬਹੁਤ ਹੀ ‘ਅਕੇਵੇਂ ਤੇ ਥਕੇਵੇਂ ਵਾਲਾ ਸੀ। ਉਹ ਬੱਸ ਵਿੱਚ ਬੈਠ ਕੇ ਜਾਣਾ ਚਾਹੁੰਦੀ ਸੀ। ਉਸ ਨੇ ਪਹਿਲੇ ਦਰਜੇ ਦੀ ਬੱਸ ਦੀ ਟਿਕਟ ਲੈ ਕੇ ਅਗਲੀਆਂ ਸੀਟਾਂ ਜੋ ਖਾਲੀ ਸਨ, ਉÎੱਪਰ ਬੈਠ ਗਈ। ਅਗਲੀਆਂ ਸੀਟਾਂ ਗੋਰਿਆਂ ਲਈ ਰਾਖਵੀਆਂ ਹੁੰਦੀਆਂ ਸਨ, ਪਿਛਲੀਆਂ ਸੀਟਾਂ ਸਿਆਹਫ਼ਾਮ ਲੋਕਾਂ ਲਈ ਹੁੰਦੀਆਂ ਸਨ। ਉਨ੍ਹਾਂ ਸੀਟਾਂ ਤੇ ਵੀ ਸਿਆਹਫ਼ਾਮ ਲੋਕ ਤਾਂ ਹੀ ਬੈਠ ਸਕਦੇ ਸਨ, ਜੇਕਰ ਉਹ ਸੀਟਾਂ ਖਾਲੀ ਹੋਣ ? ਗੋਰਿਆਂ ਦੇ ਆਉਣ ਤੇ ਸਿਆਹਫ਼ਾਮ ਲੋਕਾਂ ਨੂੰ ਉਠ ਕੇ ਸੀਟ ਗੋਰਿਆਂ ਲਈ ਛੱਡਣੀ ਪੈਂਦੀ ਸੀ ਅਤੇ ਟਿਕਟ ਵੀ ਅਗਲੇ ਦਰਵਾਜ਼ੇ ਤੋਂ ਲੈ ਕੇ ਮੁੜ ਉਤਰ ਕੇ, ਬੱਸ ਦੇ ਪਿਛਲੇ ਦਰਵਾਜ਼ੇ ਰਾਹੀਂ ਸਿਆਹ-ਫ਼ਾਮ ਲੋਕਾਂ ਨੂੰ ਬੱਸ ਵਿੱਚ ਚੜ੍ਹਨਾ ਪੈਂਦਾ ਸੀ। ਉਸ ਦਿਨ ਰੋਜ਼ਾ ਇਕ ਤਾਂ ਕੰਮ ਦੇ ਅਕੇਵੇ ਤੋਂ ਥੱਕੀ ਪਈ ਸੀ, ਦੂਸਰਾ ਉਸ ਨੇ ਇਹ ਪ੍ਰਰੰਪਰਾ ਤੋੜਨ ਲਈ ਸੀਟ ਤੋਂ ਉਠਣ ਲਈ ਇਨਕਾਰ ਕਰ ਦਿੱਤਾ। ਪੁਲੀਸ ਨੂੰ ਸੱਦਿਆ ਗਿਆ। ਰੋਜ਼ਾ ਦਾ ਪੁਲੀਸ ਨੂੰ ਵੀ ਇਹੀ ਜਵਾਬ ਸੀ, ”ਕਿ ਮੈਂ ਪਹਿਲੇ ਦਰਜੇ ਦੀ ਟਿਕਟ ਲੈ ਕੇ ਬੈਠੀ ਹਾਂ ! ਮੇਰਾ ਵੀ ਬੈਠਣ ਦਾ ਹੱਕ ਹੈ ?” ਪੁਲੀਸ ਨੇ ਡਰਾਈਵਰ ਨੂੰ ਪੁੱਛਿਆ, ”ਕਿ ਰੋਜ਼ਾ ਨੂੰ ਤਾੜਨਾ ਕਰਕੇ ਛੱਡ ਦਿੱਤਾ ਜਾਵੇ, ਜਾਂ ! ਉਸ ਨੂੰ ਗ੍ਰਿਫਤਾਰ ਕਰਨ ਲਈ ਵਰੰਟ ਜਾਰੀ ਕੀਤੇ ਜਾਣ, ਜਾਂ ! ਫਿਰ ਸੌਂਹ ਖਾ ਕੇ ਗਵਾਹੀ ਦੇਣ ਲਈ ਤਿਆਰ ਹੈ ?” ਡਰਾਈਵਰ ਨੇ ਪਿਛਲੀ ਰਾਏ ਨੂੰ ਮੰਨ ਲਿਆ। ਪੁਲੀਸ ਨੇ ਰੋਜ਼ਾ ਨੂੰ ਫੜ ਕੇ ਪੁਲੀਸ ਸਟੇਸ਼ਨ ਲੈ ਆਂਦਾ ਅਤੇ ਉਸ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਉਸ ਦੀਆਂ ਸਾਰੀਆਂ ਉਂਗਲਾਂ ਦੇ ਨਿਸ਼ਾਨ ਲਏ ਗਏ ਅਤੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਰੋਜ਼ਾ ਦੀਆਂ ਸਾਰੀਆਂ ਉਗਲਾਂ ਦੇ ਨਿਸ਼ਾਨ ਦਿੰਦਿਆਂ ਵਾਲੀ ਫੋਟੋ ਅੱਜਕਲ ਅਮਰੀਕਨ ਇਤਿਹਾਸ ਦੇ ਕੌਰਸਾਂ ਵਿੱਚ ਪੜ੍ਹਾਈਆ ਜਾਣ ਵਾਲੀਆਂ ਕਿਤਾਬਾਂ ਦਾ ਇੱਕ ਪਾਠ-ਕਰਮ ਬਣ ਗਈ ਹੈ ?
ਇਸ ਨਿੱਕੇ ਜਿਹੇ ਪੁਲੀਸ ਦੇ ਫੈਸਲੇ ਨੇ, ਅਮਰੀਕਾ ਵਿੱਚ ‘ਜਿੰਮ ਕਰੋਅ’ ਨਾਂ ਨਾਲ ਜਾਣੇ ਜਾਂਦੇ, ‘ਨਸਲਵਾਦੀ ਕਾਲੇ ਕਾਨੂੰਨ ਦਾ ਖਾਤਮਾ ਕਰਨਾ ਸੀ।’ ਰੋਜ਼ਾ ਵਿਰੁੱਧ ਨਸਲੀ ਵਿਖਾਵੇ ਦੇ ਨੇਮਾਂ ਦੀ ਉਲੰਘਣਾ ਕਰਨ ਦੇ ਅਪਰਾਧ ਕਰਕੇ ਮੁੱਕਦਮਾ ਚਲਾਇਆ ਗਿਆ। ਰੋਜ਼ਾ ਨੇ ਪੁਲਿਸ ਤੋਂ ਇਕ ਟੈਲੀਫ਼ੋਨ ਕਰਨ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਤੋਂ ਬਾਅਦ, ਰੋਜ਼ਾ ਨੇ ਆਪਣੀ ਸੰਸਥਾ ‘ਕਾਲੇ ਲੋਕ ਵੋਟਰਾਂ ਦੀ ਲੀਗ’ ਨੂੰ ਟੈਲੀਫੋਨ ਕਰਕੇ ਆਪਣੇ ਨਾਲ਼ ਵਾਪਰੀ ਘਟਨਾ ਤੋਂ ਜਾਣੂ ਕਰਵਾਇਆ ਅਤੇ ਕੁਝ ਬਸਾਂ ਦੇ ਮੁਸਾਫ਼ਰਾਂ ਰਾਹੀ ਰੋਜ਼ਾ ਦੀ ਗ੍ਰਿਫਤਾਰੀ ਦੀ ਖ਼ਬਰ ‘ਮੌਂਟਗੁੰਮਰੀ ਕਸਬੇ’ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਉਸ ਦੀ ਗ੍ਰਿਫਤਾਰੀ ਦੀ ਖ਼ਬਰ ਤੋਂ ਬਾਅਦ ਥਾਂ-ਥਾਂ ਰੋਜ਼ਾ ਦੇ ਹੱਕ ਵਿੱਚ ਜਲਸੇ-ਜਲੂਸ ਤੇ ਮੁਜਹਾਰੇ ਕੀਤੇ ਗਏ। ਸਿਆਹਫ਼ਾਮ ਲੋਕਾਂ ਨੇ ਬੱਸਾਂ ਤੇ ਚੜਨ ਦਾ ਬਾਈਕਾਟ ਕਰ ਦਿਤਾ। ‘ਡੈਕਸਰ ਗਿਰਜੇ ਘਰ’ ਦੇ 27 ਸਾਲਾ ਪਾਦਰੀ, ‘ਮਾਰਟਿਨ ਲੂਥਰ-ਕਿੰਗ’ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਕ ਮਤਾ ਪਾਸ ਕਰਕੇ ”ਕਾਲਿਆ ਦੇ ਮਾਨਵ ਅਧਿਕਾਰਾਂ ਦੇ ਘਾਣ ਅਤੇ ਅਖ਼ਣਨਮਨੁੱਖੀ ਵਰਤਾਰੇ ਅਤੇ ਕਾਲਿਆ ਲਈ ਬਣਾਏ ਕਾਲੇ ਕਾਨੂੰਨਾਂ ਵਿਰੁਧ ਸਰਵ ਵਿਆਪੀ ਹੜਤਾਲ ਤੇ ਬੱਸ ਕੰਪਨੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ!”
ਜਿਸ ਦਿਨ ਰੋਜ਼ਾ ਦੀ ਅਦਾਲਤ ਵਿਚ ਪੇਸ਼ੀ ਸੀ, ਤਾਂ ਰੋਜ਼ਾ ਦੇ ਪ੍ਰਸੰਸਕਾਂ ਦੀ ਭੀੜ ਨੂੰ ਕਾਬੂ ਕਰਨਾ ਵੀ ਪੁਲੀਸ ਲਈ ਬਹੁਤ ਮੁਸ਼ਕਿਲ ਸੀ। ਪੇਸ਼ੀ ਸਮੇਂ ਸਿਆਹ-ਫਾਮ ਲੋਕਾਂ ਨੇ ਲਾ-ਮਿਸਾਲ ਸ਼ਿਰਕਤ ਕਰਕੇ ਆਪਣੀ ਮਹਾਨ ਆਗੂ ‘ਤੇ ਹਮਲੇ ਨੂੰ ਹੋਰ ਬੁਲੰਦ ਕਰਨ ਲਈ ਆਪਣੀਆਂ ਬਾਹਾਂ ਖੜ੍ਹੀਆਂ ਕਰਕੇ ਉਸ ਮਹਾਨ ਸੰਘਰਸ਼ਕਾਰੀ ਦੇ ਅੰਗ-ਸੰਗ ਖੜੇ ਰਹਿਣ ਦਾ ਸੁਨੇਹਾ ਦਿੱਤਾ। ਉÎੱਘੇ ਲੀਡਰ ‘ਮਾਰਟਿਨ ਲੂਥਰ ਕਿੰਗ,’ ਨੋਬਲ ਪੁਰਸਕਾਰ ਵਿਜੇਤਾ ਉÎੱਚ ਪਾਦਰੀ ਰੇਲਫ਼ ਐਬਾਰਥਨੀ ਨੇ ਇਸ ਨਸਲੀ ਵਿਤਕਰੇ ਵਿਰੁਧ ਅਸਰਦਾਰ ਭੂਮਿਕਾ ਨਿਭਾਈ ਅਤੇ ਇਕ ਅਪੀਲ ਛਾਪੀ, ਜਿਸ ਦੀਆਂ ਸੱਤ ਹਜ਼ਾਰ (7000) ਤੋਂ ਵੰਡ ਕੇ ਕਾਪੀਆਂ ਲੋਕਾਂ ਵਿੱਚ ਵੰਡ ਕੇ 5, ਦਸੰਬਰ 1955 ਨੂੰ ਬੱਸਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ, ਕਿ ਕੰਮ ਤੇ ਜਾਣ ਲਈ, ਇਕੱਠੇ ਹੋ ਕੇ ਟੈਕਸੀਆਂ ਕਰੋ, ਪੈਦਲ ਚੱਲੋ, ਕਿਸੇ ਵੀ ਵਾਹਨ ਵਿੱਚ ਜਾਓ, ਪਰ! ਬੱਸਾਂ ਦਾ ਬਾਈਕਾਟ ਕੀਤਾ ਜਾਵੇ?” ਇਸ ਤਰ੍ਹਾਂ ਅਮਰੀਕਾ ਦੇ ਇਤਿਹਾਸ ਵਿੱਚ ‘ਜੇਮਜ਼ ਟਾਉਨ’ ਵਿਖੇ 1607 ਵਿੱਚ ਸਭ ਤੋਂ ਪਹਿਲੇ ਸਿਆਹਫ਼ਾਮ ਲੋਕ ਗੁਲਾਮਾਂ ਦੇ ਲਿਆਂਦੇ ਜਾਣ ਦੇ ਬਾਅਦ ਪਹਿਲੀ ਵਾਰੀ ਇਕ ਲਾ-ਮਿਸਾਲ ਨਸਲੀ ਵਿਤਕਰੇ ਵਿਰੁੱਧ ਪ੍ਰਭਾਵਸ਼ਾਲੀ ਲਹਿਰ ਨੇ ਜਨਮ ਲਿਆ ਅਤੇ 5 ਦਸੰਬਰ, 1955 ਨੂੰ ਸ਼ਹਿਰ ਦੀਆਂ ਬੱਸਾਂ ਜਿਥੇ ਰੋਜ਼ਾਨਾ 30,000 ਤੋਂ 40,000 ਮੁਸਾਫਿਰਾਂ ਦਾ ਗੇੜਾ ਲਾਉਂਦੀਆਂ ਸਨ, ਉਹ ਹੁਣ ਘਾਟੇ ਵਿੱਚ ਜਾਣ ਲੱਗ ਪਈਆਂ! ਬੱਸ ਕੰਪਨੀ ਨੂੰ ਬਾਈਕਾਟ ਸਮੇਂ 7,75000 ਡਾਲਰ (ਉਸ ਸਮੇਂ ਦੇ 1955 ਦੇ) ਦਾ ਮਾਲੀ ਘਾਟਾ ਪਿਆ, ਬੱਸ ਕੰਪਨੀ ਦਾ ਦੀਵਾਲਾ ਨਿਕਲ ਗਿਆ ਅਤੇ ਇਹ ਬਾਈਕਾਟ 99-ਫੀ ਸਦ ਸਫ਼ਲ ਰਿਹਾ।
”ਕੋਮੀ ਸੰਘ ਦੇ ਪ੍ਰਧਾਨ ਈ.ਡੀ. ਨਿਕਸਨ” ਨੇ ਕੌਮੀ ਵਕੀਲਾਂ ਦੀ ਸੰਸਥਾਂ ਦੇ ‘ਵਕੀਲ ਸ੍ਰੀ ਦੱਤ’ ਰਾਹੀਂ ਰੋਜ਼ਾ ਦੀ ਜਮਾਨਤ ਦਾ ਪ੍ਰਬੰਧ ਕੀਤਾ।ਜਮਾਨਤ ਤੋਂ ਰਿਹਾ ਹੋ ਕੇ ਰੋਜ਼ਾ ਘਰ ਨਹੀਂ ਬੈਠੀ। ਉਸ ਨੇ ਆਪਣੀਆਂ ਪ੍ਰਭਾਵਸ਼ਾਲੀ ਤਕਰੀਰਾਂ ਨਾਲ ਸਿਆਹਫਾਮ ਲੋਕਾਂ ਉੱਪਰ ਹੋ ਰਹੇ ਘਿਣਾਉਣੇ ਜਬਰ ਵਿਰੁੱਧ ਪੁਰ ਅਮਨ ਸੰਘਰਸ਼ ਨਾਲ ਆਪਣੇ ਜੀਵਨ ਦੇ ਇੱਕ ਇੱਕ ਸੁਆਸ ਨਾਲ ਅੰਤਲੇ ਪ੍ਰਾਣ ਤੱਕ ਇਹ ਲੜਾਈ ਲੜਨ ਦੀ ਪ੍ਰਤਿੱਗਿਆ ਕੀਤੀ। ਅਦਾਲਤ ਨੇ ਰੋਜ਼ਾ ਨੂੰ ਅਦਾਲਤ ਦੇ ਖਰਚੇ ਸਮੇਤ 14-ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਸਜ਼ਾ ਦੇ ਵਿਰੁੱਧ ਉਸ ਦੇ ਵਕੀਲ ਵੱਲੋਂ ਉਪੱਰਲੀ ਅਦਾਲਤ ਵਿੱਚ ਇਸ ਹੁਕਮ ਨੂੰ ਚੁਣੌਤੀ ਦੇਣ ਲਈ ਮੁਚੱਲਕਾ ਦਾਖਲ ਕਰ ਕੇ ਥਾਂ- ਥਾਂ ਇਸ ਅਦਾਲਤ ਦੇ ਹੁਕਮ ਦੀ ਨਿਖੇਧੀ ਕੀਤੀ ਅਤੇ ਇਸ ਲਹਿਰ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣ ਦੀ ਅਪੀਲ ਵੀ ਕੀਤੀ। ਵਾਸ਼ਗਿੰਟਨ, ਨਿਊਯਾਰਕ , ਲਾਸ-ਏਂਜਲਸ ਵਿਚ ਅਮਰੀਕਨ ਇਸਤਰੀ ਕੌਮੀ ਸੰਘ ਦੇ ਪ੍ਰਭਾਵਸ਼ਾਲੀ ਇਕੱਠਾਂ ਵਿੱਚ, ਵਿਸ਼ੇਸ਼ ਕਰਕੇ ਇਸਤਰੀਆਂ ਨੂੰ ਨਸਲਵਾਦ ਵਿਰੁੱਧ ਜਾਣਕਾਰੀ ਦੇ ਕੇ ਸਮਰਥਨ ਲਈ ਲਾਮਬੰਦ ਕੀਤਾ। ਮਹੀਨਿਆ ਬੱਧੀ ਚੱਲਿਆ ਇਹ ਸੰਘਰਸ਼ ਦਿਨੋ ਦਿਨ ਵਧਦਾ ਗਿਆ ਤੇ ਅਖੀਰ ਜਿੱਤ ਪ੍ਰਾਪਤ ਕੀਤੀ।
ਪ੍ਰਭਾਵਸ਼ਾਲੀ ਜਲੂਸ ਦੀ ਸ਼ਕਲ ਵਿਚ ਰੋਜਾ ਪਾਰਕਸ ਦ੍ਰਿੜ ਇਰਾਦੇ ਨਾਲ ਘਰ ਪਹੁੰਚੀ। ਉਸ ਦੇ ਸੁਆਗਤ ਲਈ ‘ਹੋਟਲ ਸਟ੍ਰੀਟ ਗਿਰਜੇ’ ਵਿੱਚ ਇਕ ਲਾ ਮਿਸਾਲ ਇਕੱਠ ਕੀਤਾ ਗਿਆ। ਏਡਾ ਵੱਡਾ ਇਕੱਠ ਹੋ ਗਿਆ ਕੀ ਲੋਕਾਂ ਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਸੀ। ਗਿਰਜਾਘਰ ਲੋਕਾਂ ਦੇ ਇਕੱਠ ਨਾਲ ਭਰ ਗਿਆ। ਲੋਕ ਮਕਾਨਾਂ ਦੀਆਂ ਛੱਤਾਂ, ਚੌਰਾਹਿਆਂ, ਘਰਾਂ ਵਿੱਚ ਅਤੇ ਸੜਕਾਂ ਦੇ ਵਿਚਕਾਰ ਹੀ ਬੈਠ ਕੇ ਹੀ ਲਾਊਡ ਸਪੀਕਰਾਂ ਰਾਹੀਂ ਆਪਣੇ ਆਗੂਆਂ ਦੇ ਵਿਚਾਰ ਸੁਣ ਦੇ ਰਹੇ। ‘ਮੀਟਿੰਗ ਦੇ ਅਖੀਰ ‘ਚ ਮੌਟਗੁੰਮਰੀ ਸੁਧਾਰ’ ਸੰਘ ਸਥਾਪਿਤ ਕਰਕੇ ਇਸ ਮਨੁੱਖਤਾ ਵਿਰੋਧੀ ਅਣਮਨੁੱਖੀ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਘਿਨਾਉਣੇ ਕਾਨੂੰਨ ਅਤੇ ਜਬਰ ਨੂੰ ਖਤਮ ਕਰਾਉਣ ਲਈ ਪੁਰ ਅਮਨ ਢੰਗ ਨਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਨਸਲੀ ਵਿਤਕਰੇ ਦੇ ਕੱਟੜ ਵਿਰੋਧੀ ਮਾਰਟਿਨ ਲੂਥਰ ਕਿੰਗ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ। ਮਾਰਟਿਨ ਲੂਥਰ ਕਿੰਗ ਨੇ ਗਿਰਜੇ ਦੇ ਪਾਦਰੀ ਵਜੋਂ ਤਿਆਗ ਪੱਤਰ ਦੇ ਕੇ ਇਸ ਲਹਿਰ ਦੀ ਅਗਵਾਈ ਲਈ ਆਪਣੀ ਜ਼ਿੰਦਗੀ ਦੇ ਇੱਕ ਇੱਕ ਸੁਆਸ ਨਾਲ ਨਿਭਾਉਣ ਦੀ ਪ੍ਰਤਿੱਗਿਆ ਕੀਤੀ ਅਤੇ ਆਪਣੇ ਅੰਤਲੇ ਪ੍ਰਾਣ ਤੱਕ ਇਸ ਮਹਾਨ ਆਗੂ ਨੇ ‘ਨਸਲਵਾਦੀ ਲਹਿਰ ਵਿਰੁੱਧ’ ਸਿਆਹਫਾਮ ਲੋਕਾਂ ਵੱਲੋਂ ਚਲਾਈ ਲਹਿਰ ਨੂੰ ਸਫਲਤਾ ਤੱਕ ਲੈ ਕੇ ਜਾਣ ਦਾ ਸੱਦਾ ਦਿੰਦਿਆਂ ਇਸ ਲਹਿਰ ‘ਚ ਸਰਗਰਮੀ ਨਾਲ ਹਿੱਸਾ ਪਾਉਣ ਦਾ ਸੱਦਾ ਦਿੱਤਾ।
ਕੈਲੇਫੋਰਨੀਆਂ ਦੇ ਮੁੱਖ ਪਾਦਰੀ ‘ਰਾਬਰਟ ਗਰੇਜ ‘ਨੇ ਸਿਆਹਫਾਮ ਲੋਕਾਂ ਦੇ ਵਿਰੁੱਧ ਬਣਾਈ ਨਸਲਵਾਦੀ ਨੀਤੀ ਵਿਰੁੱਧ ਇਸ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਆਪਣੀ ਕਾਰ ਵਿੱਚ ਉਸ ਨੇ ਸਿਆਹਫ਼ਾਮ ਖੇਤੀ ਕਾਮਿਆਂ ਨੂੰ ਉਨ੍ਹਾਂ ਦੇ ਕੰਮ ਦੇ ਸਥਾਨ ਤੇ ਬਿਨਾਂ ਕਿਸੇ ਡਰ ਦੇ ਪਹੁੰਚਾਇਆ। ਬਿਨ੍ਹਾਂ ਕਿਸੀ ਡਰ ਦੇ ਨਸਲਵਾਦੀਆ ਨੇ ਆਪਣੀਆਂ ਕੋਝੀਆਂ ਕਰਤੂਤਾਂ ਨਾਲ ਇਸ ਲਹਿਰ ਨੂੰ ਬੰਬਾਂ, ਵਿਸਫੋਟਾਂ ਨਾਲ ਖਿੰਡਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ! ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀ ਹੋ ਸਕੇ। ਸੰਘਰਸ਼ਕਾਰੀਆਂ ਵੱਲੋਂ ਪੁਰ-ਅਮਨ ਢੰਗ ਨਾਲ ਕੀਤੇ ਜਾ ਰਹੇ ਰੋਸ ਮੁਜ਼ਾਹਰੇ, ਜਲਸੇ ਅਤੇ ਜਲੂਸ ਦਿਨੋ-ਦਿਨ ਵਧਦੇ ਗਏ ਅਤੇ ਮੈਦਾਨ ਰੋਹ ਭਰਿਆ ਨਾਹਰਿਆਂ ਨਾਲ ਵਧਦਾ ਹੀ ਗਿਆ। ਇਨ੍ਹਾਂ ਦਿਨਾਂ ਵਿੱਚ ਹੀ ਰੋਜ਼ਾ ਪਾਰਕਸ ਵੱਲੋਂ ਕੀਤੀ ਅਪੀਲ ਅਦਾਲਤ ਵਲੋਂ ਅਸੀਵੀਕਾਰ ਕਰਕੇ ਰੋਜ਼ਾ ਨੂੰ 14 ਦਿਨ ਦੀ ਕੈਦ ਦਾ ਦੰਡ ਦਿੱਤਾ ਗਿਆ। ਰਾਂ ਨੇ ਇਸ ਫੈਸਲੇ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਅਤੇ ਤਿੰਨ ਹਜ਼ਾਰ ਡਾਲਰ (3000) ਦਾ ਮੁਚਲਕਾ ਭਰ ਕੇ ਮੋਹਲਤ ਲੈ ਲਈ।
ਸ਼ਾਂਤਮਈ ਸੰਘਰਸ਼ ਚਲਦਾ ਰਿਹਾ। ਮਾਰਟਿਨ ਲੂਥਰ ਕਿੰਗ ਦੇ ”ਦੇਸ਼ ਦੇ ਜ਼ਾਬਰਾਂ ਅਤੇ ਮਜ਼ਲੂਮਾਂ” ਵਿਚਕਾਰ ਜੰਗ ਛਿੜ ਗਈ ਹੈ। ਇਸ ਜੰਗ ਵਿਚ ਅਸੀਂ ਜਿੱਤ ਕੇ ਨਿਕਲਾਂਗੇ ‘ ਮੌਂਟਗੁੰਮਰੀ ਦੇ ਪਹਿਲੇ ਸਿਆਹਫਾਮ ਬੈਂਪਟਿਸਟ ਨੇ ਗਿਰਜਾਘਰ ਵਿਖੇ ਇਕ ਸ਼ਾਂਤਮਈ ਇਕੱਠ ਕੀਤਾ ਜਿਸ ਵਿੱਚ ਸ਼ਾਂਤਮਈ ਢੰਗ ਨਾਲ ਇਸ ਲਹਿਰ ਵਿੱਚੋਂ ਨਿਕਲਣ ਦੀ ਪ੍ਰਤਿੱਗਿਆ ਕੀਤੀ। ਇਸੇ ਤਰ੍ਹਾਂ ਸੰਘਰਸ਼ਕਾਰੀਆਂ ਨੇ ‘ਕਾਰ ਸੰਘ’ ਇੱਕ ਸਾਂਝੇ ਰੂਪ ਵਿੱਚ ਬਣਾ ਕੇ ਸਿਆਹਫਾਮ ਕਾਮਿਆਂ ਦੀ ਆਵਾਜਾਈ ਦਾ ਪੂਰਾ-ਪੂਰਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਦੀ ਹਿਫ਼ਾਜ਼ਤ ਵੀ ਕੀਤੀ। ਇਸੇ ਸੰਘ ਦੇ ਦਫ਼ਤਰ ਵਿਚ ਰੋਜ਼ਾ ਪਾਰਕਸ ਇੱਕ ਪ੍ਰਬੰਧਕ ਤੌਰ ਤੇ ਕੰਮ ਕਰਦੀ ਰਹੀ ਅਤੇ ਨਾਲ ਦੀ ਨਾਲ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿਚ ਜਾ ਕੇ ਲੋਕਾਂ ਨੂੰ ਬੱਸਾਂ ਦੇ ਬਾਈਕਾਟ ਬਾਰੇ ਪੂਰੀ ਜਾਣਕਾਰੀ ਦੇ ਕੇ ਸੰਘਰਸ਼ ਵਿਚ ਆਪਣਾ ਸਮਰਥਨ ਦੇਣ ਦਾ ਸੱਦਾ ਵੀ ਦਿੰਦੀ ਰਹੀ ! ਦਿਨੋ ਦਿਨ ਇਹ ਨਸਲਵਾਦੀ ਵਿਰੋਧੀ ਲਹਿਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਕਸਬਿਆਂ ਤਕ ਫ਼ੈਲ ਗਈ ਅਤੇ ਵਾਸ਼ਿੰਗਟਨ, ਨਿਊਯਾਰਕ, ਲਾਂਸ ਏਂਜਲਸ ਵਿੱਚ ਲੋਕਾਂ ਤੇ ਇਸਤਰੀਆਂ ਦੇ ਇਕੱਠਾਂ ਵਿੱਚ ਜਿਥੇ ਰੋਜ਼ਾ ਨੇ ਨਸਲਵਾਦ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ, ਉਥੇ ਉਨ੍ਹਾਂ ਪਾਸੋਂ ਵਿੱਤੀ ਸਹਾਇਤਾ ਵੀ ਪ੍ਰਾਪਤ ਕਰ ਕੇ ਸੰਘਰਸ਼ ਨੂੰ ਅੱਗੇ ਤੋਰੀ ਰੱਖਿਆ।
ਅਖੀਰ 25 ਅਪ੍ਰੈਲ, 1956 ਨੂੰ ਸੁਪਰੀਮ ਕੋਰਟ ਨੇ ‘ਰਿਚਮੰਡ ਸਰਕਟ’ ਦੇ ਫੈਸਲੇ ਵਿਰੁੱਧ ਅਪੀਲ ਖਾਰਜ ਕਰ ਦਿੱਤੀ । ਜਿਸ ਅਨੁਸਾਰ ਹਾਈ ਕੋਰਟ ਨੇ ”ਕਰਾਲੀਨਾ” ਦੇ ਬੱਸਾਂ ਵਿੱਚ ਭੇਦ ਭਾਵ ਤੇ ਨਸਲੀ ਵਿਤਕਰੇ ਵਾਲੇ ਉਸ ਕਾਨੂੰਨ ਨੂੰ ਵਿਧਾਨ ਵਿਰੋਧੀ ਠਹਿਰਾਇਆ। ਜਿਸ ਰਾਹੀਂ ਸਿਆਹਫ਼ਾਮ ਲੋਕਾਂ ਲਈ ਗੋਰਿਆਂ ਨਾਲੋਂ ਵੱਖਰੀਆਂ ਸੀਟਾਂ ਰੱਖੀਆਂ ਗਈਆ ਸਨ। ਫੈਸਲੇ ਵਿੱਚ ਕਿਹਾ ਗਿਆ, ‘ਕਿ ਕਿਸੇ ਵੀ ਅਮਰੀਕਨ ਵਾਸੀ ਵਿਰੁੱਧ ਰੰਗ, ਭੇਦ-ਭਾਵ, ਨਸਲੀ-ਵਿਤਕਰਾ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਅਤੇ ਹਰ ਵਸਨੀਕ ਦੀ ਜਾਨ, ਜਾਇਦਾਦ ਅਤੇ ਅਜ਼ਾਦੀ ਪ੍ਰਤੀ ਬਰਾਬਰ ਦੇ ਵਿਧਾਨਿਕ ਅਧਿਕਾਰਾਂ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾ”! ਇਸ ਫੈਸਲੇ ਦਾ ਅਥਾਹ ਖੁਸ਼ੀਆਂ ਭਰੇ ਮਾਹੌਲ ਵਿੱਚ ਸਵਾਗਤ ਕੀਤਾ ਗਿਆ। ਅੰਤ 2-ਦਿਸੰਬਰ 1956 ਨੂੰ ਅਦਾਲਤ ਦਾ ਇਹ ਫੈਸਲਾ ਲਾਗੂ ਹੋ ਗਿਆ। ਖੁਸ਼ੀ ਭਰੇ ਰੌਅ ਇਕ ਭਰੇ ਇੱਕਠ ਨੂੰ ‘ਮਾਰਟਿਨ ਲੂਥਰ (ਕਿੰਗ), ਰੋਜ਼ਾ ਪਾਰਕਸ ਅਤੇ ਹੋਰ ਬੁਲਾਰਿਆਂ’ ਨੇ ਸੰਬੋਧਨ ਕਰਦਿਆਂ -321 ਦਿਨਾਂ ਤੋਂ ਚਲਦਾ ਆ ਰਿਹਾ ਬਸ-ਬਾਈਕਾਟ ਦਾ ਨਾਅਰਿਆਂ ਦੀ ਗੂੰਜ ਵਿੱਚ ਸੰਘਰਸ਼ ਦੀ ਜਿੱਤ ਦੇ ਅੰਦਾਜ਼ ਵਿੱਚ ਸਮਾਪਤ ਕਰਨ ਦਾ ਐਲਾਨ ਕੀਤਾ ਅਤੇ ਅਗਲੇ ਦਿਨ ਹਜ਼ਾਰਾਂ ਸਿਆਹਫ਼ਾਮ ਲੋਕਾਂ ਨੇ ਬਿਨ੍ਹਾਂ-ਕਿਸੇ ਰੋਕ ਟੋਕ ਦੇ, ਬਿਨ੍ਹਾਂ ਡਰ ਭੈਅ ਦੇ, ਵਿਤਕਰੇ ਰਹਿਤ ਮਾਹੌਲ ਵਿੱਚ, ਬੱਸਾਂ ਦੀਆਂ ਸੀਟਾਂ ਤੇ ਬੈਠ ਕੇ ਪਹਿਲੀ ਵਾਰ ਸਫਰ ਕਰਨ ਦਾ ਆਨੰਦ ਮਾਣਿਆ।
ਇਸ ਸੰਘਰਸ਼ ਤੋਂ ਬਾਅਦ ਰੋਜ਼ਾ ਘਰ ਨਹੀਂ ਬੈਠੀ ! ਉਸ ਨੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਲਾ ਮਿਸਾਲ ਇਕਠਾਂ, ਸੈਮੀਨਾਰਾਂ, ਮੀਟਿੰਗਾਂ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਦੇ ਹੋਏ ਸੰਘਰਸ਼ਾਂ ਰਾਹੀਂ ਜਿੱਤਾਂ ਪ੍ਰਾਪਤ ਕਰਨ ਦੀਆਂ ਅਪੀਲਾਂ ਵੀ ਕੀਤੀਆਂ। ਅਗਲੇ ਦਿਨ ਹਜ਼ਾਰਾਂ ਹੀ ਸਿਆਹਫ਼ਾਮ ਲੋਕਾਂ ਨੇ ਬਿਨ੍ਹਾਂ ਕਿਸੇ ਰੋਕ ਟੋਕ, ਵਿਤਕਰੇ ਰਹਿਤ ਮਹੌਲ ਵਿੱਚ ਗੋਰਿਆਂ ਨਾਲ ਬੈਠ ਕੇ ਬਸਾਂ ਵਿੱਚ ਸਫ਼ਰ ਕੀਤਾ। ਕੰਪਨੀ ਨੂੰ ਬੱਸਾਂ ਦੇ ਬਾਈਕਾਟ ਦੌਰਾਨ 07, 75,000 (ਉਸ ਸਮੇਂ) ਦਾ ਨੁਕਸਾਨ ਹੋਇਆ। 1990 ਵਿੱਚ ਇਸ ਮਹਾਨ ਆਪਾਵਾਰੂ ਸੰਗਰਾਮਣ ਰੋਜ਼ਾ ਪਾਰਕਸ ਨੂੰ ‘ਵਾਸ਼ਿੰਗਟਨ ਕਨੇਡੀ ਸੈਂਟਰ’ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਦਿਆਂ ਉਸ ਨੇ ਭਾਵੁਕ ਹੁੰਦਿਆ ਕਿਹਾ ਕਿ, ”ਜਿਹੜੀਆਂ ਸਮੱਸਿਆਵਾਂ ਨਾਲ ਮੈਂ ਜੂਝਣਾ ਚਾਹੁੰਦੀ ਹਾਂ, ਤਾਂ ਮੈਂ ਸੋਚਦੀ ਹਾਂ ਕਿ ਮੈਂ ਕੁਝ ਕਰਾਂ, ਪਰ ! ਜਦੋਂ ਮੈਂ ਕੁਝ ਕਰਨ ਲੱਗਦੀ ਹਾਂ ਤਾਂ ! ਮੈਨੂੰ ਲੱਗਦਾ ਹੈ ਕਿ ਮੈਂ ਕੁਝ ਵੀ ਨਹੀ ਕਰ ਰਹੀ ? ਤਾਂ ! ਮੈਨੂੰ ਲੱਗਦਾ ਹੈ, ‘ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ, ਤਾਂ ! ਮੈਂ ਫਿਰ ਕੁਝ ਕਰਨ ਲਗ ਜਾਂਦੀ ਹਾਂ, ਤਾਂ ! ਮੈਨੂੰ ਤਸੱਲੀ ਹੁੰਦੀ ਹੈ, ‘ਕਿ ਮੈਂ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕੀਤਾ। ਸਗੋਂ ! ਤੇ ਕੁਝ ਨਾ ਕੁਝ ਕੀਤਾ ਹੈ! ਫਿਰ ਇਕ ਆਸ ਦੀ ਕਿਰਨ ਜਾਗ ਪੈਂਦੀ ਹੈ ?” -1999 ਵਿੱਚ ਰੋਜ਼ਾ ਨੂੰ ‘ਅਮਰੀਕੀ ਕਾਂਗਰਸ’ ਨੇ ਸਤਿਕਾਰ ਵਜੋਂ ‘ਸੋਨੇ ਦੇ ਤਮਗੇ’ ਨਾਲ ਨਿਵਾਜ਼ਿਆ। ਉਸ ਨੇ ਉਹ ਤਮਗਾ ਲੈ ਕੇ ਖੁਸ਼ੀ ਵਿੱਚ ਖੀਵੀ ਹੋਈ ਨੇ ਕਿਹਾ, ‘ਕਿ ਇਹ ਲੋਕਾਂ ਦੇ ਸੰਘਰਸ਼ ਸਦਕਾ ਤੇ ਮੈਨੂੰ ਮੇਰੇ ਸਮਰਥਕਾਂ ਵਲੋਂ ਮਿਲੇ ਹੌਂਸਲੇ ਕਰ ਕੇ ਹੀ ਮੈਂ ਕੁਝ ਪ੍ਰਾਪਤ ਕਰ ਸਕੀ ਹਾਂ। ਪਰ ! ਰੋਜ਼ਾ ਨੂੰ ਇਸ ਕੀਤੀ ਗਈ ਲਾਸਾਨੀ ਕੁਰਬਾਨੀ ਦੀ ਕੀਮਤ ਵੀ ਚੁਕਾਉਣੀ ਪਈ। ਇਸ ਸੰਘਰਸ਼ ਦੋਰਾਨ ਅਤੇ ਬਾਦ ਵੀ ਪ੍ਰੀਵਾਰ ਨੂੰ ਜਾਨੋ ਮਾਰਨ, ਘਰ ਛੱਡਣ ਦੀਆਂ ਧਮਕੀਆ ਵੀ ਮਿਲਦੀਆਂ ਰਹੀਆਂ। ਇਨ੍ਹਾਂ ਧਮਕੀਆਂ ਦਾ ਉਸ ਦੇ ਪਤੀ ਦੇ ਮਨ ਤੇ ਏਨਾਂ ਗਹਿਰਾ ਮਾਨਸਿਕ ਅਸਰ ਹੋਇਆ, ‘ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਤੇ ਉਹ ਰੋਜ਼ਾ ਨੂੰ ਵਿਛੋੜਾ ਦੇ ਗਿਆ’! ਰੋਜ਼ਾ ਦੇ ਘਰ ਅਕਸਰ ਹੀ ਉਸ ਦੇ ਚਹੇਤਿਆਂ ਦੀ ਭੀੜ ਲੱਗੀ ਰਹਿੰਦੀ, ਉਸ ਦੇ ਘਰ ਬੁੱਧੀਜੀਵੀਆਂ, ਰਾਜਨੀਤਕ ਤੇ ਧਾਰਮਿਕ ਲੋਕਾਂ, ਪੱਤਰਕਾਰਾਂ, ਸੰਘਰਸ਼ਕਾਰੀਆਂ ਤੇ ਖਾਸ ਤੌਰ ਤੇ ਇਸਤਰੀਆ ਜਿਨ੍ਹਾਂ ਨੂੰ ਕੁਛੜ ਚੁੱਕ ਕੇ ਬਸਾਂ ਵਿੱਚ ਸਫਰ ਕਰਨਾ ਪੈਂਦਾ ਸੀ, ਇਸ ਨਸਲਵਾਦ ਵਿਰੁੱਧ ਚਲਾਈ ਲਾ-ਮਿਸਾਲ ਸੰਘਰਸ਼ ਭਰੀ ਯੋਗ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ। ਰੋਜ਼ਾ ਨੇ ਇਕ ਸਾਲ ਤੱਕ ਬਾਕੀ ਸਿਆਹਫ਼ਾਮ ਲੋਕਾਂ ਨਾਲ ਮਿਲ ਕੇ ਪੈਦਲ 11 ਤੋਂ 12 ਕਿਲੋਮੀਟਰ ਦਾ ਸਫ਼ਰ ਰੋਜਾਨਾ ਕਰ ਕੇ ਕੰਮ ਤੇ ਜਾਂਦਿਆਂ ਆਉਦਿਆਂ ਉਨ੍ਹਾਂ ਹਜ਼ਾਰਾਂ ਦੇਸ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ, ਜਿਨ੍ਹਾਂ ਨੇ ਪਹਿਲੀ ਵਾਰ ਵਿਤਕਰੇ ਰਹਿਤ ਮਹੌਲ ਵਿੱਚ ਬੱਸ ਤੇ ਸਵਾਰ ਹੋ ਕੇ ਸਫ਼ਰ ਕੀਤਾ।
ਜਿਸ ਬੱਸ ਵਿੱਚ ਰੋਜ਼ਾ ਨਾਲ ਇਹ ਹਾਦਸਾ ਵਾਪਰਿਆ ਸੀ, ਉਸ ਹਾਦਸੇ ਦੀ ਯਾਦ ਵਿੱਚ ਸੰਨ ਸਾਲ 2000 ਵਿੱਚ ”ਮੌਂਟਗੁੰਮਰੀ” ਵਿੱਚ ਇਕ ਅਜਾਇਬ ਘਰ ਸਥਾਪਿਤ ਕੀਤਾ ਗਿਆ। ਉਸ ਅਜਾਇਬ ਘਰ ਵਿੱਚ ਰੋਜ਼ਾ ਦੀਆਂ ਜ਼ਰੂਰੀ ਚੀਜਾਂ ਦੇ ਨਾਲ-ਨਾਲ ਉਹ ਪੁਰਾਣੀ ਬਸ ਵੀ ਯਾਦ ਵਜੋਂ ਰੱਖੀ ਗਈ ਹੈ, ਜਿਸ ਵਿੱਚ ਸਫਰ ਕਰਦਿਆਂ ਉਸ ਨੇ ਆਪਣੀ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਬੱਸ 4,92,000 ਡਾਲਰ ਦੀ ਕਿਸੇ ਨੇ ਖਰੀਦ ਲਈ ਸੀ ਜੋ ”ਇਕ ਇਤਿਹਾਸਕ ਯਾਦਗਾਰ ਵਜੋਂ ਸਾਂਭ ਕੇ ਰੱਖੀ ਗਈ ਹੈ”।
”ਰੋਜ਼ਾ ਪਾਰਕਸ’ ਜਿਸ ਨੂੰ ‘ਨਿੱਕੀ ਕੁੜੀ ਦੇ ਨਾਂ’ ਨਾਲ ਵੀ ਜਾਣਿਆ ਜਾਂਦਾ ਹੈ, ਨੇ ਇਕ ਦਲੇਰਾਨਾਂ ਤੇ ਸਾਹਸ ਵਾਲਾ ਫੈਸਲਾ ਲੈ, ‘ਕੇ ਅਮਰੀਕਾ ਵਿੱਚ ਹੋ ਰਹੇ ਨਸਲੀ ਵਿਤਕਰੇ ਵਿਰੁੱਧ ਇਕ ਮਹਾਨ ਸੰਘਰਸ਼ਕਾਰੀ ਰੋਲ ਅਦਾ ਕੀਤਾ। ਰੋਜ਼ਾ ਦੇ ਇਸ ਹੌਸਲੇ ਭਰੇ ਰੋਲ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਇਤਿਹਾਸ ਵਿੱਚ ਵੀ ਸਦਾ ਹੀ ਯਾਦ ਰੱਖਿਆ ਜਾਵੇਗਾ ਅਤੇ ਉਸ ਦਾ ਨਾਮ ਸੁਨੈਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਦਲੇਰ, ਜੁਝਾਰੂ, ਦ੍ਰਿੜ ਇਰਾਦੇ ਤੇ ਹੌਸਲੇ ਵਾਲੀ ਮਹਾਨ ਸੰਘਰਸ਼ਕਾਰੀ ਆਗੂ ਨੇ ਸੰਘਰਸ਼ ਕਰਕੇ ਅਮਰੀਕੀ ”ਸਿਆਹਫ਼ਾਮ ਲੋਕਾਂ ਵਿਰੁੱਧ ਜਿਮ ਕਰੋਅ” ਨਾਂ ਦੇ ਨਾਲ ਜਾਣੇ ਜਾਂਦੇ ਨਸਲਵਾਦੀ ਕਾਲੇ ਕਾਨੂੰਨ ਨੂੰ ਖਤਮ ਕਰਾਉਣ ਲਈ ਬਹਾਦਰਾਨਾ ਰੋਲ ਅਦਾ ਕਰਕੇ ਅਮਰੀਕਾ ਦੇ ਲੋਕਾਂ ਦੀ ਹੀ ਨਹੀਂ ਬਲ ਕਿ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਲਈ, ਜਿਹੜੇ ਇਹੋ ਜਿਹੇ ਨਸਲਵਾਦ ਵਿਰੁੱਧ ਜੂਝ ਰਹੇ ਹਨ, ਲਈ ਰਾਹ ਰੁਸ਼ਨਾਇਆ। ਇਹ ਸਿਰੜੀ ਤੇ ਜੁਝਾਰੂ ਇਸਤਰੀ ਅਖੀਰ ਲੰਬੀ ਉਮਰ ਭੋਗ ਕੇ 2005 ਵਿੱਚ 92 ਸਾਲ ਦੀ ਉਮਰ ਵਿੱਚ ਸਾਡੇ ਤੋਂ ਵਿਛੜ ਗਈ। ਪਰ ! ਉਸ ਵਲੋਂ ਅਮਰੀਕਾ, ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਕਹਾਉਣ ਵਾਲਾ ਦੇਸ਼ ਹੈ, ਦੇ ਵਿਚੋਂ ਉਸ ਕਾਲੇ ਕਾਨੂੰਨ ਜਿਹੜਾ ਮਨੁੱਖਤਾ ਵਿਚਕਾਰ ਵੱਖਰੇਵੇਂ ਵਾਲਾ ਪਾੜਾ ਖੜਾ ਕਰਦਾ ਸੀ, ਨੂੰ ਬਦਲ ਕੇ ਇਕ ਇਤਿਹਾਸ ਸਿਰਜ ਦਿੱਤਾ। ਜਿਸ ਨਾਲ ਲੱਖਾਂ, ਕਰੋੜਾਂ ਲੋਕਾਂ ਨੂੰ ਉਸ ਰਾਹੀਂ ਸਮਾਨਤਾ ਦਾ ਅਧਿਕਾਰ ਮਿਲਿਆ ਅਤੇ ਰੋਜ਼ਾ ਪਾਰਕਸ ਦੁਨੀਆਂ ਦੀ ਇਕ ਮਾਨਵਵਾਦੀ ਮਹਾਨ ਇਸਤਰੀ ਬਣ ਗਈ ! ਜਿਸ ਨੇ ਮਨੁੱਖ ਵਲੋਂ ਮਨੁੱਖ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਸੰਘਰਸ਼ ਕਰਨ ਦਾ ਸਦਾ ਦਿੱਤਾ ਸੀ ਤੇ ਉਸ ਨੇ ਉਸ ਸੰਘਰਸ਼ ਰਾਹੀਂ ਸਫਲਤਾ ਵੀ ਪ੍ਰਾਪਤ ਕੀਤੀ ਅਤੇ ਆਪਣਾ ਅਧਿਕਾਰ ਵੀ ਪ੍ਰਾਪਤ ਕੀਤਾ। ਅਸੀਂ ਸੰਘਰਸ਼ਾਂ ਰਾਹੀਂ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਇਹ ਉਸ ਦਾ ਸਾਡੇ ਲਈ ਸੁਨੇਹਾ ਹੈ ! ”ਨਸਲਵਾਦ ਵਿਰੁਧ ਇਹ ਸੰਘਰਸ਼ ਦੇ ਪ੍ਰਤੀਕ ਦਾ ਚਿੰਨ੍ਹ ਹੈ ?”
ਸੰਪਰਕ: 98725-44738
ਕੈਲਗਰੀ: 001-403-285-4208