Home / ਓਪੀਨੀਅਨ / ਆਜ਼ਾਦੀ ਦੀ ਆਤਮ ਕਥਾ: ਬਰਤਾਨਵੀ ਫੌਜ ਦੇ ਬਾਗੀ ਮੇਜਰ ਜੈਪਾਲ ਸਿੰਘ ਦੀ ਸਵੈ-ਜੀਵਨੀ

ਆਜ਼ਾਦੀ ਦੀ ਆਤਮ ਕਥਾ: ਬਰਤਾਨਵੀ ਫੌਜ ਦੇ ਬਾਗੀ ਮੇਜਰ ਜੈਪਾਲ ਸਿੰਘ ਦੀ ਸਵੈ-ਜੀਵਨੀ

-ਜਗਦੀਸ਼ ਸਿੰਘ ਚੋਹਕਾ

ਮੇਜਰ ਜੈ ਪਾਲ ਸਿੰਘ ਮਰਹੂਮ ਦੀ ਆਤਮਕਥਾ ਇਕ ਸ਼ਖਸ ਦੇ ਖਾਲੀ ਜੀਵਨ ਵੇਰਵੇ ਹੀ ਨਹੀਂ ਸਗੋਂ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਫੌਜੀ ਤੇ ਰਾਜਨੀਤਿਕ ਇਤਿਹਾਸ ਹੈ। ਇਹ ਇਤਿਹਾਸ ਹਥਿਆਰ ਨਾਲ ਲਿਖਿਆ ਗਿਆ ਹੈ। ਇਸ ਰਚਨਾ ਦੀ ਖੂਬਸੂਰਤੀ ਇਸ ਤੱਥ ਵਿਚ ਹੈ ਕਿ ਇਹ ਇਹੋ ਜਿਹੀ ਸ਼ਖ਼ਸੀਅਤ ਦੁਆਰਾ ਲਿਖੀ ਗਈ ਹੈ, ਜਿਹੜੀ ਘਟਨਾਵਾਂ ਦੀ ਚਸ਼ਮਦੀਦ ਗਵਾਹ ਹੀ ਨਹੀਂ ਸਗੋਂ ਉਨ੍ਹਾਂ ਨੂੰ ਪੈਦਾ ਕਾਰਨ ਵਾਲੀ ਸੀ।

ਇਹ ਆਤਮਕਥਾ ਬਰਤਾਨਵੀ ਫੌਜ ਅੰਦਰ ਨੌਕਰ ਭਾਰਤੀ ਫੌਜੀਆਂ ਦੇ ਦੇਸ਼ ਦੀ ਆਜ਼ਾਦੀ ਵਾਸਤੇ ਪਾਏ ਗਏ ਯੋਗਦਾਨ ਦੀ ਹਰ ਪੱਖੋਂ ਮੂਲ ਦਸਤਾਵੇਜ਼ ਹੈ। ਬਰਤਾਨਵੀ ਫੌਜ ਅੰਦਰ ਖੁਫ਼ੀਆ ਸੰਗਠਨ ਖੜੇ ਕਰਨਾ, ਅੰਗਰੇਜ ਸ਼ਾਸਨ ਦੌਰਾਨ ਬਾਹਰਲੇ ਦੇਸ਼ਾਂ ਵਿਚ ਲਾਮ ਉਤੇ ਭੇਜੇ ਜਾਣ ਵਾਲੇ ਫੌਜੀਆਂ ਦੀ ਦਸ਼ਾ, ਉਹਨਾਂ ਦੀਆਂ ਸਰਗਰਮੀਆਂ, ਜਪਾਨ ਦੀ ਜਿੱਤ ਵੇਲੇ ਉੱਤਰ-ਪੂਰਬ ਸੀਮਾਂ ਉਤੇ ਪਿੱਛੇ ਹੱਟ ਰਹੀ ਬਰਤਾਨਵੀ ਫੌਜ ਵਲੋਂ ਆਪਣੇ ਹੀ ਭਾਰਤੀ ਫੌਜੀਆਂ ਉਤੇ ਤਸ਼ੱਦਦ, ਆਜ਼ਾਦ ਹਿੰਦ ਫੌਜੀਆਂ ਬਾਰੇ ਇਤਿਹਾਸਕ ਤੱਥ, ਅਮਰੀਕੀ ਸੈਨਿਕਾਂ ਦਾ ਵਤੀਰਾ ਆਦਿ ਵੇਰਵੇ ਅਸਲੋਂ ਨਵੇਂ ਤੱਥ ਹਨ, ਜਿਨ੍ਹਾਂ ਦਾ ਇਸ ਆਤਮਕਥਾ ਸਦਕਾ ਇਤਿਹਾਸ ਅੰਦਰ ਉਲੇਖ ਹੋਣਾ ਯਕੀਨੀ ਬਣ ਗਿਆ ਹੈ । ਇਸ ਰਚਨਾ ਵਿੱਚ ਮੇਜਰ ਨੇ ਤੇਲੰਗਾਨਾ ਸੰਗਰਾਮ ਬਾਰੇ ਇਤਿਹਾਸਕ ਮੁੱਲ ਦੀ ਜਾਣਕਾਰੀ ਤੇ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਭਾਰਤ ਦੇ ਲੋਕ ਸੰਗਰਾਮਾਂ ਦਾ ਇਤਿਹਾਸ ਲਿਖਣ ਵਾਸਤੇ ਇਹ ਆਤਮਕਥਾ ਸ੍ਰੋਤ ਪੁਸਤਕ ਹੈ!

ਅਨੁਵਾਦਕ ਤੇ ਸੰਪਾਦਕ

ਗੁਰ ਨਾਇਬ ਸਿੰਘ

ਮੇਜਰ ਜੈਪਾਲ ਸਿੰਘ ਦੀ ਸਵੈ ਜੀਵਨੀ ਵਿਚੋਂ ਕੁਝ ਅੰਸ਼

(ਧੰਨਵਾਦ ਸਾਹਿਤ)

”ਨਾਗਣ”

15 ਅਗਸਤ 1946 ਨੂੰ ਜਿਹੜੀ ਅੰਤ੍ਰਿਮ ਸਰਕਾਰ ਬਣੀ ਉਸ ਵਿਚ ਕਾਂਗਰਸ ਤੋਂ ਇਲਾਵਾ ਕੋਈ ਵੀ ਰਾਜਨੀਤਕ ਦਲ ਸ਼ਾਮਲ ਨਹੀਂ ਸੀ। ਇਹ ਵੀ ਅੰਗਰੇਜ਼ਾਂ ਦੀ ਇਕ ਚਾਲ ਸੀ । ਉਨ੍ਹਾਂ ਦਾ ਅਸਲ ਇਰਾਦਾ ਇਹ ਸੀ ਕਿ ਜੇਕਰ ਮੁਸਲਿਮ ਲੀਗ ਤੋਂ ਬਿਨ੍ਹਾਂ ਕੁਝ ਦਿਲਾਂ ਤਕ ਅੰਤ੍ਰਿਮ ਸਰਕਾਰ ਬਣੀ ਰਹਿੰਦੀ ਹੈ ਤਾਂ ਇਸ ਨਾਲ ਜਿਨਾਹ ਦੇ ਹੱਥ ਮਜਬੂਤ ਹੋਣਗੇ। ਉਸ ਹਾਲਤ ਵਿਚ ਅੰਗਰੇਜ਼ ਮੁਸਲਮਾਨਾਂ ਨੂੰ ਕਹਿ ਸਕਣਗੇ, ”ਦੇਖੋ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਰਾਜਨੀਤਕ ਅਤੇ ਜਿਸਮਾਨੀ ਦੋਹਾਂ ਪੱਧਰਾਂ ਉਥੇ ਤੁਹਾਨੂੰ ਖ਼ਤਮ ਕਰਨ ਉਤੇ ਤੁਲੇ ਹੋਏ ਹਨ।” ਇਸ ਵਿਚ ਕਾਮਯਾਬ ਰਹਿਣ ਤੋਂ ਇਲਾਵਾ, ਅੰਗਰੇਜ਼ਾਂ ਨੇ ਇਹ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਸੀ ਕਿ ਬਾਅਦ ਵਿਚ ਮੁਸਲਮ ਲੀਗ ਵੀ ਅੰਤ੍ਰਿਮ ਸਰਕਾਰ ਵਿਚ ਘੁਸ ਆਵੇਗੀ। ਇਸ ਸਾਰੀ ਤਿਕੜਮ ਦਾ ਇਕ ਹੀ ਮਕਸਦ ਸੀ ਕਿ ਅੰਤ੍ਰਿਮ ਸਰਕਾਰ ਰਾਜਨੀਤਕ ਦ੍ਰਿਸ਼ਟੀ ਤੋਂ ਵੰਡੀ ਰਹੇ ਤਾਂ ਕਿ ਅੰਗਰੇਜ਼ਾਂ ਨੂੰ ਫੌਜ ਅਤੇ ਲੋਕਾਂ ਵਿਚ ਫ਼ਿਰਕਾਪ੍ਰਸਤੀ ਦਾ ਜ਼ਾਹਿਰ ਘੋਲਾਂ ਦਾ ਮੌਕਾ ਮਿਲਿਆ ਰਹੇ। ਹੁਣ ਤਕ ਜਿਹੜੀਆਂ ਫ਼ਿਰਕੂ ਲੜਾਈਆਂ ਗਲੀਆਂ ਮੁਹੱਲਿਆਂ ਵਿਚ ਹੋ ਰਹੀਆਂ ਸਨ, ਹੁਣ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿਚ ਸ਼ੁਰੂ ਕਰਾਉਣ ਦੀ ਤਿਆਰੀ ਸੀ । ਸਾਰੀਆਂ ਗੱਲਾਂ ਸਾਮਰਾਜਵਾਦੀਆਂ ਦੇ ਇਰਾਦਿਆਂ ਮੁਤਾਬਕ ਹੀ ਹੁੰਦੀਆਂ ਜਾ ਰਹੀਆਂ ਸਨ। ਖੱਦਰਧਾਰੀਆਂ ਅਤੇ ‘ਫ਼ੈਜ਼ ਕੈਪ’ ਪਾਉਣ ਵਾਲਿਆਂ ਦੀ ਸਰਕਾਰ ਰਾਜਸੱਤਾ ਉੱਤੇ ਬੈਠੀ, ਜਾਂ ਤਾਂ ਜਾਣ ਬੱਝ ਕੇ ਜਾਂ ਕੁਝ ਵੀ ਨਾ ਕਰ ਸਕਣ ਦੀ ਆਪਣੀ ਲਾਚਾਰੀ ਕਾਰਨ, ਸਾਡੇ ਲੋਕਾਂ ਦਾ ਖੂਨ-ਖ਼ਰਾਬ ਦੇਖਦੀ ਰਹੀ।

ਪਰ ਅੰਤ੍ਰਿਮ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਪਟੇਲ ਸਾਹਿਬ, ਕਮਿਊਨਿਸਟਾਂ ਦਾ ਸ਼ਿਕਾਰ ਕਰਨ ਵਿਚ ਰੁੱਝ ਗਏ ਸਨ। 16 ਅਗਸਤ ਨੂੰ ਕਲੱਕਤੇ ਵਿਚ ਦੰਗੇ ਸ਼ੁਰੂ ਹੋ ਗਏ। ‘ਸਟੇਟਸਮੈਨ’ ਜਿਸਦੇ ਮਾਲਕ ਗੋਰੇ ਸਨ, ਇਨ੍ਹਾਂ ਦੰਗਿਆਂ ਨੂੰ ‘ਕਲੱਕਤੇ ਦੀਆਂ ਮਹਾਨ ਹੱਤਿਆਵਾਂ ਕਹਿਕੇ ਪੁਕਾਰਿਆ। ਪਾਗਲ ਭੀੜਾਂ ਲੋਕਾਂ ਉੱਤੇ ਕਾਤਲਾਨਾ ਹਮਲੇ ਕਰ ਰਹੀਆਂ ਸਨ। ਕੁੜੀਆਂ ਨੂੰ ਘਰਾਂ ਵਿਚੋਂ ਕੱਢ ਕੇ ਖੁਲ੍ਹੇਆਮ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ। ਸਾਡੀਆਂ ਮਾਵਾਂ-ਭੈਣਾਂ ਦੇ ਗੁਪਤ ਅੰਗਾਂ ਵਿੱਚ ਸੰਗੀਨਾਂ ਘਸੋਈਆਂ ਜਾ ਰਹੀਆਂ ਸਨ ਅਤੇ ਦੰਗਿਆਂ ਨੂੰ ਸ਼ਾਂਤ ਕਰਨ ਲਈ ਲਾਏ ਗੋਰੇ ਫੌਜੀ ਇਸ ਸਭ ਕੁਝ ਵੱਲੋਂ ਅੱਖਾਂ ਮੀਟ ਕੇ ਖੜ੍ਹੇ ਸਨ।

“ਮਰਨ ਦਿਉ ਇਨ੍ਹਾਂ ਹਾਰਾਮਜ਼ਾਦਿਆਂ ਨੂੰ, ਲੈਣ ਦਿਉ ਇਨ੍ਹਾਂ ਨੂੰ ਸਵਰਾਜ!” ਉਹ ਖੁਸ਼ ਹੋ ਕੇ ਇਕ ਦੂਜੇ ਨੂੰ ਮਖੌਲ ਕਰਦੇ। ਉਹ ਰਾਤ ਸਾਰੀ ਭਾਰਤੀ ਫੌਜ ਲਈ ਮਾਤਮ ਦੀ ਰਾਤ ਸੀ। ਆਪਣੀ ਮੈੱਸ ਵਿਚ ਮੈਂ ਮੈੱਸ ਹਵਾਲਦਾਰ ਨੂੰ ਬੁਲਾ ਕੇ ਹੁਕਮ ਦਿੱਤਾ, “ਅੱਜ ਰਾਤ ਨੂੰ ਕਿਸੇ ਲਈ ਵੀ ਖਾਣਾ ਨਹੀਂ ਪੱਕੇਗਾ।”

ਉਸ ਰਾਤ ਡਿਨਰ ਟੇਬਲ ਸੁੰਨਾ ਵੇਖ ਕੇ ਕਰਨਲ ਏਂਗਲਿਸ ਗੁੱਸੇ ਵਿਚ ਲਾਲ ਹੋ ਗਿਆ, “ਹਵਾਲਦਾਰ! ਅੱਜ ਖਾਣਾ ਕਿਉਂ ਨਹੀਂ ਪੱਕਿਆ?” ਉਹ ਹਵਾਲਦਾਰ ਉੱਤੇ ਚੀਖਿਆ। “ਕੌਮੀ ਸ਼ੋਕ ਵਾਲੇ ਦਿਨ ਅਸੀਂ ਖਾਣਾ ਨਹੀਂ ਖਾਂਦੇ।” ਹਵਾਲਦਾਰ ਨੇ ਉਸਨੂੰ ਰੁੱਖਾ ਜਵਾਬ ਦਿੱਤਾ। ਗੁੱਸੇ ਨਾਲ ਉਸ ਦੀਆਂ ਅੱਖਾਂ ਲਾਲ ਹੋ ਗਈਆਂ।

ਇਸ ਤੋਂ ਬਾਅਦ ਨੌਆਖਲੀ ਵਿਚ ਦੰਗੇ ਹੋਏ। ਮੇਰੇ ਇਕ ਅਫਸਰ, ਕੈਪਟਨ ਐਨ.ਘੋਸ਼. ਉੱਥੇ ਛੁੱਟੀ ਕੱਟਣ ਗਏ ਹੋਏ ਸਨ। ਮੈਨੂੰ ਖ਼ਬਰ ਮਿਲੀ ਕਿ ਮੁਸਲਮਾਨ ਦੰਗਾਕਾਰਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਉਸ ਦੀ ਭੈਣ ਨੂੰ ਧੱਕੇ ਨਾਲ ਚੁੱਕ ਕੇ ਲੈ ਗਏ ਹਨ ਅਤੇ ਉਸ ਨੂੰ ਮੁਸਲਮਾਨ ਬਣਾ ਲਿਆ ਹੈ।

ਜਦੋਂ ਮੈਂ ਇਹ ਖ਼ਬਰ ਕਰਨਲ ਏਂਗਲਿਸ ਨੂੰ ਦਿੱਤੀ ਤਾਂ ਉਸ ਦੇ ਇਹ ਬੋਲ ਸਨ, “ਅਰੇ ਘੋਸ਼! ਉਸ ਨਾਲ ਇਸ ਤਰ੍ਹਾਂ ਹੋਇਆ! ਖੈਰ, ਉਹ ਇਸੇ ਕਾਬਲ ਸੀ।” “ਕਰਨਲ! ਜੇਕਰ ਆਪ ਨੇ ਫੋਰਨ ਕੋਈ ਇੰਤਜ਼ਾਮ ਨਾ ਕੀਤਾ ਤਾਂ ਮੈਂ ਆਪਣੇ ਪੰਜ ਸੌ ਫੌਜੀਆਂ ਨੂੰ ਟਰੱਕਾਂ ਵਿਚ ਲੱਦ ਕੇ, ਘੋਸ਼ ਨੂੰ ਬਚਾਉਣ ਲਈ ਨੌਆਖਲੀ ਜਾ ਰਿਹਾ ਹਾਂ। ਭੁੱਲੋ ਮਤ ਸਰ! ਕਿ ਉਹ ਇਕ ਕਮਿਸ਼ਨ ਪ੍ਰਾਪਤ ਅਫਸਰ ਹੈ ਆਪ ਦੀ …….” ਮੈਂ ਚੀਖ਼ ਕੇ ਕਿਹਾ। ਮੈਂ ਬੁਰੀ ਤਰ੍ਹਾਂ ਬੁਖਲਾ ਗਿਆ ਸਾਂ। ਡੋਗਰਾ ਫੌਜੀਆਂ ਦੀ ਇਕ ਪਲਟਣ ਨੇ ਘੋਸ਼ ਅਤੇ ਉਸਦੇ ਪਰਿਵਾਰ ਨੂੰ ਬਚਾ ਲਿਆ ਸੀ। ਉਹ ਯੂਨਿਟ ਵਿਚ ਵੀ ਮੁੜ ਆਇਆ, ਪਰ ਉਸ ਦਾ ਮਨ ਖੱਟਾ ਹੋ ਗਿਆ ਸੀ।

ਜੈ ਪ੍ਰਕਾਸ਼ ਨੇ ਖੁੱਲ੍ਹ ਕੇ ਅਤੇ ਜ਼ੋਰਦਾਰ ਢੰਗ ਨਾਲ ਕਾਂਗਰਸ ਵਲੋਂ ਅੰਤ੍ਰਿਮ ਸਰਕਾਰ ਬਣਾਉਣ ਦਾ ਵਿਰੋਧ ਕੀਤਾ ਅਤੇ ਦੁਬਾਰਾ ਅੰਗਰੇਜਾਂ ਦੇ ਖਿਲਾਫ ਭਾਰਤੀ ਜਨਤਾ ਨੂੰ ਵਿਆਪਕ ਅੰਦੋਲਨ ਛੇੜਨ ਲਈ ਲਲਕਾਰਿਆ। ਜੈ ਪ੍ਰਕਾਸ਼ ਨੇ ਸਾਰੇ ਦੇਸ਼ ਵਿਚ ਘੁੰਮ ਕੇ ਲੋਕਾਂ ਨੂੰ ਕਿਹਾ, ”ਗਵਰਨਰਾਂ ਨੂੰ ਗ੍ਰਿਫ਼ਤਾਰ ਕਰ ਲਉ, ਗੁਰੀਲਾ ਲੜਾਈ ਸ਼ੁਰੂ ਕਰੋ ।”

ਇਸ ਨਾਲ ਨਵੀਆਂ ਉਮੀਦਾਂ ਜਾਗੀਆਂ ਅਤੇ ਸਤੰਬਰ ਦੇ ਆਖਰੀ ਹਫਤੇ ਕੌਂਸਲ ਦੀ ਮੀਟਿੰਗ ਕਲਕੱਤੇ ਵਿਚ ਹੋਈ। ਕਲਕੱਤੇ ਦੇ ਇਕ ਬੈਰਿਸਟਰ ਦੀ ਪਹਿਲੀ ਪਤਨੀ ਸ਼੍ਰੀਮਤੀ ਨੀਲਮ ਡੇ ਨੇ ਜਿਹੜੀ ਖੁਦ ਰੈÎੱਡ ਕਰਾਸ ਦੀ ਕਰਮਚਾਰੀ ਸੀ, ਆਪਣੇ ਸਰਕਾਰੀ ਘਰ ਵਿਚ ਕੌਂਸਲ ਦੀ ਮੀਟਿੰਗ ਕਾਰਨ ਦੀ ਇਜਾਜ਼ਤ ਦੇ ਦਿੱਤੀ। ਇਸ ਔਰਤ ਨਾਲ ਸਾਡੀ ਮੁਲਾਕਾਤ ਈਸਟਨ ਹੋਟਲ ਵਿਚ ਹੋਈ ਸੀ ਅਤੇ ਇਹ ਸਾਨੂੰ ਕੰਮ ਆਉਣ ਵਾਲੀ ਲੱਗੀ ਸੀ ।ਸਾਡੇ ਵਿਚੋਂ ਕਿਸੇ ਜਾਂਦੇ ਜਾਂਦੇ ਉਸ ਨਾਲ ਸਾਡੀ ਯੋਜਨਾ ਬਾਰੇ ਗੱਲ ਕੀਤੀ ਹੋਵੇਗੀ ਅਤੇ ਉਸ ਨੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਪਤਾ ਨਹੀਂ ਕਦੋਂ ਅਤੇ ਕਿਵੇਂ ਉਹ ਸਾਡੀ ਭਰੋਸੇਵੰਦ ਬਣ ਗਈ ਅਤੇ ਅਸੀਂ ਉਸ ਤੋਂ ਨਿੱਕੇ ਨਿੱਕੇ ਕੰਮ ਕਰਵਾਉਣ ਲੱਗੇ। ਇਸ ਤਰ੍ਹਾਂ ਇਕ ਜ਼ਹਿਰੀਲੀ ਨਾਗਣ ਸੰਗਠਨ ਵਿਚ ਘੁਸ ਆਈ ਸੀ। ਉਸ ਨੇ ਬਹੁਤ ਹੀ ਨਾਜ਼ੁਕ ਮੌਕੇ ਉੱਤੇ ਸਾਨੂੰ ਡੰਗਿਆ।

ਇਸ ਮੀਟਿੰਗ ਨੇ ਫ਼ੈਸਲਾ ਕੀਤਾ ਕਿ ਮੈਂ ਇਕ ਮਹੀਨੇ ਦੇ ਅੰਦਰ ਅੰਦਰ ਅੰਡਰਗਰਾਉਂਡ ਹੋ ਜਾਣਾ ਹੈ ਅਤੇ ਫ਼ੌਜ ਤੋਂ ਬਾਹਰ ਅੰਡਰਗਰਾਉਂਡ ਹੈÎੱਡਕਵਾਟਰ ਸਥਾਪਤ ਕਾਰਨ ਦੇ ਨਾਲ ਨਾਲ ਰਾਜਨੀਤਕ ਆਗੂਆਂ ਨਾਲ ਵੀ ਸੰਪਰਕ ਕਰਨਾ ਹੈ। ਰਾਜਨੀਤਕ ਦਲਾਂ ਤੋਂ ਮੱਦਦ ਮਿਲਦਿਆਂ ਹੀ ਬਗਾਵਤ ਦਾ ਐਲਾਨ ਕਰ ਦਿੱਤਾ ਜਾਏਗਾ। ਕੌਂਸਲ ਦੀ ਹਿਦਾਇਤ ਸੀ ਕਿ ਮੈਂ ਆਪਣੇ ਅੰਡਰਗਰਾਉਂਡ ਹੋਣ ਦੀ ਗੱਲ ਗੁਪਤ ਨਹੀਂ ਰੱਖਣੀ। ਫ਼ੌਜ ਤੋਂ ਬਾਹਰ ਇਕ ਜਿੰਮੇਵਾਰ ਅਫਸਰ ਦੀ ਅਗਵਾਈ ਵਿਚ ਅੰਡਰਗਰਾਉਂਡ ਹੈੱਡਕਵਾਟਰ ਦੀ ਸਥਾਪਨਾ ਨਾਲ ਸਿਆਸਤਦਾਨਾਂ ਨੂੰ ਸਾਡੀ ਯੋਜਨਾ ਅਤੇ ਉਸ ਪ੍ਰਤੀ ਸਾਡੀ ਗੰਭੀਰਤਾ ਵਿਚ ਭਰੋਸਾ ਹੋਵੇਗਾ, ਇਸ ਨਾਲ ਉਹਨਾਂ ਨਾਲ ਹਰ ਰੋਜ਼ ਸੰਪਰਕ ਵੀ ਸੌਖਾ ਹੋ ਜਾਇਆ ਕਰੇਗਾ ਜਿਹੜਾ ਕਿ ਫੌਜ ਦੇ ਅੰਦਰ ਤਾਂ ਅਸੰਭਵ ਦੇ ਬਰਾਬਰ ਹੀ ਹੈ।

ਉਸ ਰਾਤ ਮੈਂ ਬਹੁਤ ਬੇਚੈਨੀ ਨਾਲ ਸੁੱਤਾ। ਮੇਰੇ ਲਈ ਇਕ ਮਾਨ ਵਾਲੀ ਗੱਲ ਸੀ, ਪਰ ਮੈਂ ਇਕ ਕੰਡਿਆਲੀ ਰਾਹ ਉੱਤੇ ਤੁਰ ਪਿਆ ਸਾਂ। ਅੰਡਰਗਰਾਉਂਡ ਜ਼ਿੰਦਗੀ ਤੋਂ ਅਣਜਾਣ ਮੇਰੇ ਲਈ ਇਹ ਖੂਹ ਵਿਚ ਛਾਲ ਮਾਰਨ ਵਰਗੀ ਗੱਲ ਸੀ ਅਤੇ ਟੱਕਰ ਅੰਗਰੇਜ਼ਾਂ ਨਾਲ ਸੀ। ਉਹ ਮੈਨੂੰ ਲੱਭ ਲਿਆਉਣ ਅਤੇ ਬਦਨਾਮ ਕਰਨ ਲਈ ਆਪਣਾ ਸਾਰਾ ਜ਼ੋਰ ਲਾ ਦੇਣਗੇ। ਇਕ ਅਫਸਰ ਲਈ ਫੌਜ ਵਿਚੋਂ ਭੱਜਣਾ ਇਕ ਇਹੋ ਜਿਹਾ ਜੁਰਮ ਸੀ ਜਿਸ ਕਾਰਨ ਉਸ ਨੂੰ ਗੋਲੀ ਨਾਲ ਉਡਾਇਆ ਜਾ ਸਕਦਾ ਹੈ। ਯੋਜਨਾ ਗੁਪਤ ਰੱਖਣ ਤੱਕ ਮੈਨੂੰ ਆਪਣੇ ਮੂੰਹ ਉੱਤੇ ਜਿੰਦਾ ਲਾ ਕੇ ਰੱਖਣਾ ਪਏਗਾ। ਕੀ ਫੌਜ ਵਿਚ ਮੇਰੇ ਅਣਗਿਣਤ ਦੋਸਤ ਮੇਰੀ ਮਜਬੂਰੀ ਸਮਝਣਗੇ ? ਹੋ ਸਕਦਾ ਹੈ ਬਗਾਵਤ ਫੇਲ੍ਹ ਹੋ ਜਾਏ ਅਤੇ ਕਿਸੀ ਕਾਲੀ ਸੜਕ ਦੇ ਕਿਸੇ ਹਨੇਰੇ ਕੋਨੇ ਵਿਚੋਂ ਇਕ ਸ਼ੂੰ ਕਰਦੀ ਗੋਲੀ ਮੈਨੂੰ ਹਮੇਸ਼ਾ ਲਈ ਖਾਮੋਸ਼ ਕਰ ਦੇਵੇ ਅਤੇ ਮੈਨੂੰ ਇਹ ਦੱਸਣ ਦਾ ਮੌਕਾ ਹੀ ਨਾ ਮਿਲੇ ਕਿ ਮੈਂ ਫੌਜ ਵਿਚੋਂ ਕਿਉਂ ਭੱਜਿਆ? ਇਕ ਸਿਪਾਹੀ ਲਈ ਫੌਜ ਤੋਂ ਭੱਜਣਾ ਕਿੰਨਾ ਸ਼ਰਮਨਾਕ ਹੁੰਦਾ ਹੈ ? ਫ਼ਰਜ ਕਰੋ ਬਗਾਵਤ ਹੀ ਨਾ ਹੋਵੇ। ਫਿਰ ਤਾਂ ਅੰਗਰੇਜ਼ੀ ਹਕੂਮਤ ਨੂੰ ਇਕ ਨਵੀਂ ਜ਼ਿੰਦਗੀ ਮਿਲ ਜਾਵੇਗੀ ਅਤੇ ਇਹ ਵੀਹ ਸਾਲ ਤੱਕ ਹੋਰ ਰਹਿ ਸਕਦੀ ਹੈ। ਜਿਸਦਾ ਅਰਥ ਮੇਰੇ ਲਈ ਹੋਵੇਗਾ, ਸਾਰੀ ਉਮਰ ਕਾਲਾ ਪਾਣੀ, ਘਰ ਤੋਂ ਦੂਰ, ਆਪਣੇ ਪਿਆਰਿਆਂ ਤੋਂ ਦੂਰ, ਸਾਰੀ ਜ਼ਿੰਦਗੀ ਜਿਹੜੀਆਂ ਚੀਜਾਂ ਮੇਰੀਆਂ ਆਪਣੀਆਂ ਅਤੇ ਅਜ਼ੀਜ਼ ਰਹੀਆਂ ਹਨ, ਉਹਨਾਂ ਵਿਚੋਂ ਹਰੇਕ ਤੋਂ ਸਦਾ ਲਈ ਦੂਰ।

ਮੇਰੀਆਂ ਪਲਕਾਂ ਬੰਦ ਹੁੰਦੀਆਂ ਰਹੀਆਂ ਤੇ ਖੁਲ੍ਹਦੀਆਂ ਰਹੀਆਂ। ਨੀਂਦ ਆਉਂਦੀ ਜਾਂਦੀ ਰਹੀ । ਮਾਯੂਸੀ ਅਤੇ ਉਮੀਦ ਦੇ ਸਾਏ ਅੱਖਾਂ ਅੱਗੇ ਨੱਚਦੇ ਰਹੇ। ‘ਮੈਨੂੰ ਜਾਣਾ ਹੀ ਹੋਵੇਗਾ। ਜਾਣਾ ਹੀ ਚਾਹੀਦਾ ਹੈ। ਆਪਣੇ ਮਾਦਰੇ ਵਤਨ ਦੀ ਤਵਾਰੀਖ ਦੇ ਇਸ ਨਾਜ਼ੁਕ ਪੜਾਅ ਉਤੇ ਮੈਂ ਉਸ ਦਾ ਸਿਰ ਝੁਕਣ ਨਹੀਂ ਦੇਵਾਂਗਾ।’ ਮੈਂ ਮਨ ਹੀ ਮਨ ਫੈਸਲਾ ਕੀਤਾ। ਕੀ ਮੇਰੀ ਮਾਂ ਮੇਰੀ ਮਜ਼ਬੂਰੀ ਸਮਝੇਗੀ ? ਕੀ ਮੇਰਾ ਬੁੱਢਾ ਬਾਪ, ਜਿਹੜਾ ਸਾਰੀ ਜ਼ਿੰਦਗੀ ਅੰਗਰੇਜ਼ ਦੀ ਵਫ਼ਾਦਾਰੀ ਵਿਚ ਗੁਜ਼ਾਰ ਚੁੱਕਾ ਹੈ, ਇਸ ਨੂੰ ਸਹਿਣ ਕਰ ਸਕੇਗਾ ? ਜਾਣ ਦੇ, ਇਸ ਦੀ ਪਰਵਾਹ ਕਿਸ ਨੂੰ ਹੈ ?

ਅਗਲੇ ਦਿਨ ਸਵੇਰ ਤੋਂ ਹੀ ਮੈਂ ਅੰਡਰਗਰਾਉਂਡ ਹੋਣ ਦੀਆਂ ਤਿਆਰੀਆਂ ਵਿਚ ਜੁੱਟ ਗਿਆ। ਕੁਝ ਦਿਨਾਂ ਬਾਅਦ ਇਕ ਨਵੀਂ ਗੱਲ ਵੇਖੀ। ਮੇਰੀ ਹੀ ਯੂਨਿਟ ਦੇ ਲੈਫ਼ਟੀਨੈਂਟ ਲਾਉਟਣ, ਮਿਸਜ਼ ਡੇ ਨਾਲ ਦਿਖਣ ਲੱਗੇ। ਮੈਂ ਹੈਰਾਨ ਹੋਇਆ। ਉਸ ਦੇ ਇਰਾਦਿਆਂ ਦਾ ਪਤਾ ਤਾਂ ਮੈਨੂੰ ਅੰਡਰਗਰਾਉਂਡ ਹੋਣ ਤੋਂ ਬਾਅਦ ਹੀ ਲੱਗਿਆ। ਪਰ ਇਸ ਬਾਰੇ ਮੈਂ ਬਾਅਦ ਵਿਚ ਦੱਸਾਂਗਾ।

ਅਕਤੂਬਰ ਦੇ ਪਹਿਲੇ ਹਫਤੇ ਵਿਚ ਮੈਂ ਆਪਣੀ ਯੂਨਿਟ ਨੂੰ ਲੈ ਕੇ ਮੋਹਨਬਾੜੀ (ਅਸਾਮ) ਗਿਆ। ਮੈਨੂੰ ਦੱਸਿਆ ਤਾਂ ਇਹ ਗਿਆ ਸੀ ਕਿ ਸਾਡੇ ਯੂਨਿਟ ਨੇ ਅਸਾਮ ਰਾਇਫਲਜ਼ ਲਈ ਰਸਦ ਸੁੱਟਣੀ ਹੈ ਪਰ ਅਸਲ ਗੱਲ ਇਹ ਸੀ ਕਿ ਰਸਦ ਦੇ ਪਰਦੇ ਥੱਲੇ ਅੰਗਰੇਜਾਂ ਦਾ ਇਰਾਦਾ ਉੱਤਰ -ਪੂਰਬ ਸੀਮਾ ਖੇਤਰ (ਨੇਫਾ) ਵਿਚ ਚਿਨ ਅਤੇ ਕਾਚਿਨ ਕਬੀਲਿਆਂ ਲਈ ਹਥਿਆਰ ਸੁੱਟਣੇ ਸਨ। ਮੈਨੂੰ ਇਸ ਸਾਜਿਸ਼ ਬਾਰੇ ਪਤਾ ਸੀ ਅਤੇ ਮੈਂ ਇਸ ਨੂੰ ਨਾਕਾਮ ਬਣਾਉਣਾ ਚਾਹੁੰਦਾ ਸਾਂ।

ਅਕਤੂਬਰ ਦੇ ਅੰਤ ਵਿਚ ਏਂਗਲਿਸ ਨੇ ਮੈਨੂੰ ਦੱਸਿਆ, “ਨਹਿਰੂ ਦਾ ਪ੍ਰੋਗਰਾਮ ਨੇਫਾ ਉਪਰੋਂ ਉਡਾਣ ਭਰਨ ਲਈ ਇਸ ਪਾਸੇ ਵੱਲ ਆਉਣ ਦਾ ਹੈ।”

ਮੈਨੂੰ ਉਮੀਦ ਹੈ ਕਿ ਉੱਤਰ-ਪੱਛਮ ਸਰਹੱਦੀ ਪ੍ਰਦੇਸ਼ ਵਾਂਗ ਹੀ (ਇਹ ਹਵਾਲਾ ਉਸ ਇਲਾਕੇ ਦੀ ਘਟਨਾ ਦਾ ਹੈ ਜਦੋਂ ਨਹਿਰੂ ਉੱਤੇ ਪੱਥਰ ਸੁੱਟੇ ਗਏ ਸਨ ਅਤੇ ਗੋਲੀ ਚਲਾਈ ਗਈ ਸੀ, ਇਸ ਨੂੰ ਇੱਥੇ ਵੀ ਮਜ਼ਾ ਚਖਾਇਆ ਜਾਏਗਾ।” ਏਂਗਲਿਸ ਨੇ ਕੋਰੇ ਸ਼ਰਾਰਤੀ ਢੰਗ ਨਾਲ ਮੈਨੂੰ ਦੱਸਿਆ, “ਮੈਂ ਜਾਂਣਦਾ ਹਾਂ ਜੈਪਾਲ! ਤੂੰ ਕਾਂਗਰਸ ਨਾਲ ਨਰਾਜ ਏਂ ਅਤੇ ਹੋਵੇਂ ਵੀ ਕਿਉਂ ਨਾ। ਤੁਹਾਡੇ ਜਗੀਰਦਾਰਾਂ ਦੀਆਂ ਸਾਰੀਆਂ ਜ਼ਮੀਨਾਂ ਖੁੱਸ ਜਾਣਗੀਆਂ । ਜੇਕਰ ਮੈਂ ਤੇਰੀ ਥਾਂ ਹੁੰਦਾ ਤਾਂ ਮੈਂ ਹਰ ਉਸ ਚੀਜ ਉੱਤੇ ਸਖਤ ਨਜ਼ਰ ਰੱਖਦਾ ਜੋ ਇਹ ਲੋਕ ਤੁਹਾਡੇ ਦੇਸ਼ ਵਿਚ ਕਰਨੀ ਚਾਹੁੰਦੇ ਸਨ।

ਮੈਂ ਸਾਰੀ ਸ਼ਰਾਰਤ ਸਮਝ ਗਿਆ ਸਾਂ। ਰਾਏ ਮੈਨੂੰ ਦੱਸ ਚੁੱਕਾ ਸੀ ਕਿ ਉਸ ਨੇ ਰਾਇਲ ਏਅਰ ਫੋਰਸ ਦੇ ਕੁਝ ਅਫਸਰਾਂ ਨੂੰ ਨੇਫ਼ਾ ਵਿਚ ਨਹਿਰੂ ਦੀ ਯਾਤਰਾ ਬਾਰੇ ਗੱਲਾਂ ਕਰਦੇ ਸੁਣਿਆ ਹੈ। ਉਸ ਨੇ ਮੈਨੂੰ ਦੱਸਿਆ ਸੀ ਕਿ ਨਹਿਰੂ ਲਈ ਖ਼ਤਰਾ ਹੋ ਸਕਦਾ ਹੈ।

ਦੇਰ ਸ਼ਾਮ ਨੂੰ ਮੈਂ ਏਅਰ ਫੋਰਸ ਦੇ ਕੁਝ ਅਫਸਰਾਂ ਨਾਲ ਪੀ ਰਿਹਾ ਸੀ। ਉਹਨਾਂ ਵਿਚ ਕਨੇਡਾ ਦਾ ਇਕ ਨੌਜਵਾਨ ਅਫਸਰ ਵੀ ਸੀ ਜਿਸ ਨੂੰ ਮੈਂ ਇੰਮਫਾਲ ਦੇ ਜ਼ਮਾਨੇ ਤੋਂ ਜਾਣਦਾ ਸਾਂ। ਉਹ ਕੁੱਝ ਨਸ਼ੇ ਵਿਚ ਸੀ। ਉਸ ਨੇ ਮੈਨੂੰ ਇਕ ਖੂੰਜੇ ਵਿਚ ਲਿਜਾ ਕੇ ਦੱਸਿਆ, “ਜੈ! ਮੈਨੂੰ ਇਸ ਵਿਚ ਸ਼ਰਾਰਤ ਲੱਗਦੀ ਹੈ। ਨਹਿਰੂ ਲਈ ਇਸ ਇਲਾਕੇ ਦਾ ਦੌਰਾ ਰੱਦ ਕਰਨਾ ਠੀਕ ਹੋਵੇਗਾ।”

ਮੈਂ ਬੇਹੱਦ ਪ੍ਰੇਸ਼ਾਨ ਹੋ ਗਿਆ। ਮੈਂ ਪਹਿਲੀ ਹੀ ਗੱਡੀ ਇਕ ਆਦਮੀ ਕਲਕੱਤੇ ਭੇਜਿਆ ਅਤੇ ਉਸ ਨੂੰ ਡਾਕ ਵਿਚ ਪਾਉਣ ਲਈ ਇਕ ਗੁੰਮਨਾਮ ਖ਼ਤ ਦਿੱਤਾ ਜਿਸ ਵਿਚ ਨਹਿਰੂ ਨੂੰ ਨੇਫ਼ਾ ਦੀ ਯਾਤਰਾ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ।

ਉਸੇ ਸ਼ਾਮ ਮੈਨੂੰ ਯੂਨਿਟ ਦੇ ਇਕ ਵਾਇਰਲੈੱਸ ਸੈੱਟ ਉੱਤੇ ਆਪਣੇ ਸੰਗਠਨ ਦੀ ਸੰਕੇਤ ਭਾਸ਼ਾ ਵਿਚ ਕਲਕੱਤਾ ਏਅਰ ਹੈੱਡ ਕਵਾਟਰ ਤੋਂ ਇਕ ਸਹਿਯੋਗੀ ਵੱਲੋਂ ਸੰਦੇਸ਼ ਮਿਲਿਆ, ‘ਗੱਦਾਰੀ! ਤੈਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।’ ਮੈਂ ਆਪਣੇ ਦੁਸ਼ਮਣ ਦੇ ਹੱਥਾਂ ਵਿਚ ਕੁੱਤੇ ਦੀ ਮੌਤ ਮਰਨ ਲਈ ਤਿਆਰ ਨਹੀਂ ਸਾਂ। ਮੈਂ ਇਕ ਦਮ ਏਂਗਲਿਸ ਦੇ ਕਮਰੇ ਵਿਚ ਗਿਆ ਅਤੇ ਉਸ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਬਾਅਦ ਵਿਚ ਫੋਰਟ ਵਿਲੀਅਮ ਵਿਖੇ ਕੋਰਟ ਆਫ ਇਨਕਵਾਰੀ ਦੇ ਸਾਹਮਣੇ ਆਪਣੀ ਗਵਾਹੀ ਵਿਚ ਲੈਫਟੀਨੈਂਟ ਰਾਏ ਨੇ ਪੁਸ਼ਟੀ ਕੀਤੀ ਕਿ ਮੈਂ ਫੌਜ ਵਿਚੋਂ ਭੱਜਣ ਤੋਂ ਪਹਿਲਾਂ ਏਂਗਲਿਸ ਨੂੰ ਕਿਹਾ ਸੀ ਕਿ ਹੁਣ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਦਿਨ ਪੂਰੇ ਹੀ ਹੋਣ ਵਾਲੇ ਹਨ। ਅਸੀਂ ਛੇਤੀ ਹੀ ਤੁਹਾਡਾ ਤਖ਼ਤਾ ਉਲਟਾ ਦੇਵਾਂਗੇ।

ਅਗਲੇ ਦਿਨ ਪਹੁ ਫੁਟਦਿਆਂ ਹੀ ਮੈਂ ਇਕ ਜਹਾਜ ਵਿਚ ਬੈਠਾ ਕਲਕੱਤੇ ਜਾ ਰਿਹਾ ਸਾਂ। ਕਨੇਡਾ ਦਾ ਇਕ ਪਾਇਲਟ ਜਹਾਜ ਚਲਾ ਰਿਹਾ ਸੀ। ਉਹਨਾਂ ਦਿਨਾਂ ਵਿਚ ਕਲਕੱਤੇ ਵਿਚ ਕਰਫਿਊ ਲੱਗਿਆ ਹੋਇਆ ਸੀ ਅਤੇ ਅਸੀਂ ਉਹ ਰਾਤ ਕਲਕੱਤੇ ਦੇ ਗਰਾਂਡ ਹੋਟਲ ਵਿਚ ਕੱਟੀ। ਕਲਕੱਤੇ ਦੇ ਸਾਰੇ ਸਹਿਯੋਗੀ ਰਾਤ ਨੂੰ ਹੀ ਮੈਨੂੰ ਮਿਲਣ ਉੱਥੇ ਆਏ ਅਤੇ ਦਸ ਜਣੇ ਇਕ ਹੀ ਕਮਰੇ ਵਿਚ ਸੁੱਤੇ ਕਿਉਂਕਿ ਕਰਫਿਊ ਕਾਰਨ ਰਾਤ ਦੇ ਦਸ ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਸੀ ਨਿੱਕਲ ਸਕਦਾ। ਹੋਟਲ ਮੈਨੇਜਰ ਝਗੜਾ ਕਰਨ ਉੱਤੇ ਉਤਾਰੂ ਸੀ। ਪਰ ਇਕ ਸਿੱਖ ਅਫਸਰ ਦੇ ਇੱਕੋ ਹੀ ਕਰਾਰੇ ਥੱਪੜ ਨੇ ਉਸ ਨੂੰ ਚੁੱਪ ਕਰ ਦਿੱਤਾ।

ਹੁਣ ਮੈਂ ਇਕ ਭਗੋੜਾ ਸੀ। ਅਗਲੇ ਦਿਨ ਮੈਂ ਸਵੇਰੇ ਹੀ ਜਨਰਲ ਏ. ਸੀ. ਚੈਟਰਜੀ ਨੂੰ ਮਿਲਿਆ ਅਤੇ ਮੈਂ ਦਸਤਾਵੇਜ ਉਸ ਦੀ ਨਿਗਰਾਨੀ ਵਿਚ ਰੱਖ ਦਿੱਤੇ।

ਲੈਫ਼ਟੀਨੈਂਟ ਹਾਮਿਦ ਬੁਖ਼ਾਰੀ ਨੇ, ਜਿਹੜੇ ਆਲ ਇੰਡੀਆ ਰੇਡੀਓੁ ਦੇ ਮਹਾਂ ਨਿਰਦੇਸ਼ਕ ਅਹਿਮਦ ਸ਼ਾਹ ‘ਪਤਰਸ’ ਬੁਖ਼ਾਰੀ ਦੇ ਛੋਟੇ ਭਾਈ ਸਨ, ਰਾਤ ਨੂੰ ਮੇਰੇ ਠਹਿਰਨ ਦਾ ਬੰਦੋਬਸਤ ਪਾਰਕ ਸਰਕਸ ਦੇ ਇਕ ਅਮੀਰ ਮੁਸਲਮਾਨ ਦੇ ਘਰ ਕਰਾ ਦਿੱਤਾ। ਕਲਕੱਤੇ ਵਿਚ ਦੰਗੇ ਹੋ ਰਹੇ ਸਨ। ਅਗਲੇ ਦਿਨ ਸਵੇਰੇ ਆ ਕੇ ਹਾਮਿਦ ਮੈਨੂੰ ਹਾਵੜਾ ਜੰਕਸ਼ਨ ਲੈ ਗਿਆ ਅਤੇ ਉਥੋਂ ਅਸੀਂ ਹਾਵੜਾ -ਬੰਬਈ ਮੇਲ ਵਿਚ ਬੈਠ ਕੇ ਬੰਬਈ ਨੂੰ ਚੱਲ ਪਏ।

ਬੰਬਈ ਪਹੁੰਚ ਕੇ ਮੈਂ ਆਪਣੇ ਪਿਆਰੇ ਦੋਸਤ ਹਾਮਿਦ ਨੂੰ ਅਲਵਿਦਾ ਕਿਹਾ। ਉਸ ਦੀਆਂ ਅੱਖਾਂ ਭਰ ਆਈਆਂ। ਭਰੇ ਹੋਏ ਗਲ ਨਾਲ ਉਹ ਬੋਲਿਆ, “ਜੈਪਾਲ! ਹੋ ਸਕਦਾ ਹੈ ਤੂੰ ਇਸ ਨੂੰ ਨਾ ਮੰਨੇ ਪਰ ਹਕੀਕਤ ਇਹ ਹੈ ਕਿ ਮੈਂ ਤੈਥੋਂ ਕੁਰਬਾਨ ਹਾਂ ਦੋਸਤਾ। ਚੰਗਾ! ਸਲਾਮਤ ਰਹੇ, ਇੰਸ਼ਾਅੱਲਾ।” ਮੈਨੂੰ ਕੀ ਪਤਾ ਸੀ ਕਿ ਅਗਲੇ ਹੀ ਸਾਲ ਅਸੀਂ ਦੋਵੇਂ ਦੋ ਅੱਡ-ਅੱਡ ਮੁਲਕਾਂ ਦੇ ਸ਼ਹਿਰੀ ਹੋਵਾਂਗੇ।

ਕੁਝ ਦਿਨਾਂ ਲਈ ਮੈਂ ‘ਸੀ ਗ੍ਰੀਨ ਹੋਟਲ’ ਨੂੰ ਆਪਣਾ ਮੁੱਖ ਦਫਤਰ ਬਣਾਇਆ। ਹਾਲੇ ਮੈਂ ਆਪਣੀ ਵਰਦੀ ਨਹੀਂ ਸੀ ਛੱਡੀ। ਮੈਂ ਉੱਥੇ ਮੇਜਰ ਕੌਲ ਦੇ ਨਾਮ ਨਾਲ ਠਹਿਰਿਆ ਸਾਂ। ਇਹ ਮੇਰੀ ਗ਼ਲਤੀ ਸੀ। ਦਰਅਸਲ ਹਾਲੇ ਤੱਕ ਮੈਂ ਅੰਡਰਗਰਾਉਂਡ ਜ਼ਿੰਦਗੀ ਦੇ ਤੋਰ ਤਰੀਕਿਆਂ ਤੋਂ ਅਣਜਾਣ ਸਾਂ। ਹੋਟਲ ਤੋਂ ਦੂਰ ਅਰਬ-ਸਾਗਰ ਗਰਜਦਾ ਰਹਿੰਦਾ ਸੀ ਅਤੇ ਠੰਢੀ ਸਮੁੰਦਰੀ ਹਵਾ ਮੇਰੇ ਕਮਰੇ ਵਿਚ ਰੁੱਕ-ਰੁਕ ਕੇ ਆਉਂਦੀ ਰਹਿੰਦੀ ਸੀ। ਰਾਤ ਨੂੰ ਮੈਂ ਗੂੜ੍ਹੀ ਨੀਂਦ ਵਿਚ ਖੋਇਆ ਰਹਿੰਦਾ ਸੀ।

ਕੁਝ ਹੀ ਦਿਨਾਂ ਬਾਅਦ ਮੈਂ ਬਕਾਇਦਾ ਆਮ ਸ਼ਹਿਰੀ ਦੇ ਭੇਸ ਵਿਚ ਬੋਰੀ ਬਾਂਦਰ ਉੱਤੇ ਇਕ ਭਾਰਤੀ ਹੋਟਲ ਵਿਚ ਜਾ ਕੇ ਰਹਿਣ ਲੱਗਿਆ। ਮੇਰੀ ਭਾਲ ਸ਼ੁਰੂ ਹੋ ਗਈ ਸੀ। ਬੰਬਈ ਵਿਚ ਮੇਰੇ ਸੰਗਠਨ ਨੇ ਮੇਰੇ ਨਾਲ ਸੰਪਰਕ ਕਾਇਮ ਰੱਖਿਆ ਹੋਇਆ ਸੀ।

ਮੋਹਨਬਾੜੀ ਵਿਚ, ਅਗਲੇ ਦਿਨ ਮੈਨੂੰ ਗਾਇਬ ਵੇਖ ਕੇ, ਮੇਰੀ ਯੂਨਿਟ ਨੇ ਹੜਤਾਲ ਕਰ ਦਿੱਤੀ। ਉਹਨਾਂ ਨੂੰ ਸ਼ੱਕ ਹੋਇਆ ਕਿ ‘ਅੰਗਰੇਜਾਂ ਨੇ ਸਾਡੇ ਕਮਾਂਡਿੰਗ ਅਫਸਰ ਨੂੰ ਕਤਲ ਕਰ ਦਿੱਤਾ ਹੈ।

ਕੁਝ ਦਿਨਾਂ ਬਾਅਦ ਅੰਗਰੇਜਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਕਮਾਂਡਿੰਗ ਅਫਸਰ ਫੌਜ ਦੇ ਕੰਮ ਕਲਕੱਤੇ ਗਿਆ ਸੀ ਜਿਥੇ ਦੰਗਿਆਂ ਵਿਚ ਮੁਸਲਮਾਨਾਂ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਉਹਨਾਂ ਨੇ ਐਲਾਨ ਕਿੱਤਾ ਕਿ ‘ਮੇਜਰ ਵਰਮਾ ਦੀ ਲਾਸ਼ ਪਛਾਣ ਲਈ ਗਈ ਹੈ।’ ਉਹਨਾਂ ਲਈ ਇਕ ਲਾਸ਼ ਪੇਸ਼ ਕਰ ਦੇਣਾ ਕਿੰਨੀ ਕੁ ਔਖੀ ਗੱਲ ਸੀ। ਕਲਕੱਤੇ ਵਿਚ ਉਸ ਵੇਲੇ ਰੋਜਾਨਾ ਹਜਾਰਾਂ ਕਤਲ ਕੀਤੇ ਜਾ ਰਹੇ ਸਨ।

ਬਾਅਦ ਵਿਚ ਜਦੋਂ ਮੈਂ ਭਾਰਤੀ ਰਾਜਨੀਤਕ ਦਲਾਂ ਦੇ ਨਾਂ ਇਕ ਖੁੱਲ੍ਹਾ ਖਤ ਲਿਖ ਕੇ ਉਹਨਾਂ ਨੂੰ ਸੂਚਿਤ ਕੀਤਾ ਕਿ ਮੈਂ ਫੌਜ ਤੋਂ ਬਾਹਰ ਇਕ ਅੰਡਰਗਰਾਉਂਡ ਕੌਂਸਲ ਆਫ ਐਕਸ਼ਨ ਕਾਇਮ ਕਰ ਲਈ ਹੈ ਤਾਂ ਅੰਗਰੇਜਾਂ ਨੇ ਆਪਣੀ ਕਹਾਣੀ ਬਦਲ ਲਈ ਅਤੇ ਉਹ ਕਹਿਣ ਲੱਗੇ, ‘ਉਹ ਪੈਸੇ ਲੈ ਕੇ ਭੱਜ ਗਿਆ ਹੈ। ਉਹ ਇਕ ਜਾਅਲਸਾਜ਼ ਸੀ, ਧੂਰਤ ਸੀ।’ ਅੰਗਰੇਜ ਆਪਣੇ ਝੂਠ ਨੂੰ ਪਹਿਚਾਣਦੇ ਸਨ। ਮੈਂ ਫ਼ੌਜ ਫਰਾਰ ਹੋਣ ਤੋਂ ਕੁੱਝ ਦਿਨ ਬਾਅਦ ਕਰਨਲ ਏਂਗਲਿਸ ਨੂੰ ਇਕ ਖਤ ਲਿਖ ਕੇ ਇਸ ਤਰ੍ਹਾਂ ਦੇ ਬੇਹੂਦਾ ਇਲਜ਼ਾਮਾਂ ਦਾ ਵਿਰੋਧ ਕੀਤਾ ਸੀ- ‘ਮੈਂ ਠੀਕ ਠਾਕ ਹਾਂ ਅਤੇ ਕੰਮ ਕਰ ਰਿਹਾ ਹਾਂ ਅਤੇ ਉਦੋਂ ਤੱਕ ਇਸ ਤਰ੍ਹਾਂ ਹੀ ਕੰਮ ਕਰਦਾ ਰਹਾਂਗਾ ਜਦੋਂ ਤੱਕ ਤੁਸੀਂ ਹਿੰਦੋਸਤਾਨ ਤੋਂ ਚਲੇ ਨਹੀਂ ਜਾਂਦੇ। ਮੈਂ ਆਪਣੇ ਖਤ ਵਿਚ ਲਿਖਿਆ ਸੀ।

ਉਧਰ ਕਲਕੱਤੇ ਵਿਚ ਇਕ ਗੜਬੜ ਹੋਈ। ਮਿਸਜ਼ ਨੀਲਮ ਡੇ ਜਨਰਲ ਚੈਟਰਜੀ ਦੀ ਬੇਟੀ ਨੂੰ ਮਿਲੀ ਅਤੇ ਉਸ ਨੂੰ ਦੱਸਿਆ ਕਿ ਉਸ ਨੂੰ ਜਨਰਲ ਅਤੇ ਮੇਰੇ ਸੰਬੰਧਾਂ ਬਾਰੇ ਪੱਤਾ ਹੈ ਅਤੇ ਕੀ ਉਹ ਉਸ ਦੀ ਮੁਲਾਕਾਤ ਜੈਪਾਲ ਨਾਲ ਕਰਵਾ ਸਕਦੀ ਹੈ?

ਮਿਸ ਚੈਟਰਜੀ ਨੇ ਸਹਿਜ ਸੁਭਾਅ ਆਪਣੇ ਪਿਤਾ ਨਾਲ ਗੱਲ ਕੀਤੀ। ਮਿਸਜ਼ ਡੇ ਤੋਂ ਛੁੱਟ ਜਨਰਲ ਨਾਲ ਮੇਰੇ ਸੰਬੰਧਾਂ ਦੀ ਗੱਲ ਬਾਰੇ ਕਿਸੇ ਨੂੰ ਵੀ ਨਹੀਂ ਸੀ ਪਤਾ। ਇਥੋਂ ਤੱਕ ਕਿ ਜਨਰਲ ਚੈਟਰਜੀ ਦੀ ਬੇਟੀ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕੌਣ ਹਾਂ?

ਜਨਰਲ ਨੇ ਇਕ ਦੂਤ ਬੰਬਈ ਭੇਜਿਆ ਅਤੇ ਮੈਨੂੰ ਛੇਤੀ ਤੋਂ ਛੇਤੀ ਕਲਕੱਤੇ ਆਉਣ ਲਈ ਕਿਹਾ। ਹਾਲਾਂਕਿ ਮੇਰਾ ਕਲਕੱਤੇ ਜਾਣਾ ਖਤਰਨਾਕ ਸੀ ਪਰ ਉਹਨਾਂ ਦਾ ਸੁਨੇਹਾ ਮਿਲਣ ਤੋਂ ਅਗਲੇ ਹੀ ਦਿਨ ਮੈਂ ਜਹਾਜ ਰਾਹੀ ਕਲਕੱਤੇ ਜਾ ਉਪੜਿਆ।

“ਮਿਸਜ਼ ਡੇ ਤੈਨੂੰ ਮਿਲਣਾ ਚਾਹੁੰਦੀ ਹੈ। ਸ਼ਾਇਦ ਕੁਝ ਜਰੂਰੀ ਕੰਮ ਹੈ।” ਉਨ੍ਹਾਂ ਨੇ ਮੈਨੂੰ ਦੱਸਿਆ।

ਸ਼ਾਮ ਨੂੰ ਮੈਂ ਮਿਸ਼ਨਰੋ ਵਿਚ ਉਸ ਦੇ ਪਤੀ ਦੇ ਘਰ ਉਸ ਨਾਲ ਮੁਲਾਕਾਤ ਕਰਨ ਪਹੁੰਚਿਆ। ਉਸ ਦਿਨ ਕਿਸਮਤ ਮੇਰਾ ਸਾਥ ਦੇ ਰਹੀ ਸੀ। ਉਸਦੇ ਪਤੀ ਨੀਰੇਨ ਡੇ ਆਪਣੇ ਸਟੱਡੀ ਰੂਮ ਵਿਚ ਬੈਠੇ ਸਨ।

“ਮੈਂ ਮਿਸਜ਼ ਨੀਰੇਨ ਡੇ ਨੂੰ ਮਿਲਣਾ ਹੈ।” ਮੈਂ ਕਿਹਾ।

“ਤੁਸੀਂ ਉਸ ਨੂੰ ਮਿਲਣਾ ਹੈ।” ਉਸ ਦੀਆਂ ਅੱਖਾਂ ਟੱਡੀਆਂ ਗਈਆਂ। ਮੈਨੂੰ ਤੇਰੇ ਫੌਜ ਤੋਂ ਭੱਜਣ ਬਾਰੇ ਪੱਤਾ ਹੈ। ਅਰੇ, ਉਹ ਤੇਨੂੰ ਮਰਵਾ ਦਏਗੀ। ਤੈਨੂੰ ਪੱਤਾ ਨਹੀਂ, ਲੇਫ਼ਟੀਨੈਂਟ ਲਾਊਟਨ ਅਤੇ ਨੀਲਮਾ ਤੈਨੂੰ ਗ੍ਰਿਫ਼ਤਾਰ ਕਰਵਾਉਣ ਦੀ ਸਾਜਿਸ਼ ਰਚ ਰਹੇ ਹਨ। ਉਹ ਔਰਤ ਮੇਰੀ ਬੀਵੀ ਹੈ ਪਰ ਮੈਂ ਇਕ ਦੇਸ਼ ਭਗਤ ਹਾਂ। ਤੈਨੂੰ ਉਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ।” ਉਨ੍ਹਾਂ ਨੇ ਪਿਆਰ ਨਾਲ ਮੈਨੂੰ ਸਮਝਾਉਂਦਿਆਂ ਕਿਹਾ। ਫਿਰ ਉਨ੍ਹਾਂ ਨੇ ਮੈਨੂੰ ਦੱਸਿਆ, “ਜਲਦੀ ਹੀ ਮੈਂ ਵੀ ਉਸ ਤੋਂ ਤਲਾਕ ਲੈ ਰਿਹਾ ਹਾਂ।” ਵਤਨ-ਪ੍ਰਸਤੀ ਦੀ ਇਹ ਸ਼ਾਨਦਾਰ ਮਿਸਾਲ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ। ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਤੇਜੀ ਨਾਲ ਉਨ੍ਹਾਂ ਦੇ ਸਟੱਡੀ ਰੂਮ ਚੋਂ ਬਾਹਰ ਨਿਕਲਿਆ। ਨੀਰੇਨ ਨੇ ਮੈਨੂੰ ਗੋਲੀ ਨਾਲ ਉਡਾਣ ਤੋਂ ਬਚਾ ਲਿਆ ਸੀ।

ਹੁਣ ਸਾਰੀ ਗੱਲ ਸਾਫ ਹੋ ਗਈ ਸੀ। ਸਾਨੂੰ ਇਕ ਐਸੀ ਨਾਗਣੀ ਨੇ ਡੰਗਿਆ ਸੀ ਜਿਹੜੀ ਉਪਰੋਂ ਖੂਬਸੂਰਤ ਤੇ ਮਦਦਗਾਰ ਲੱਗਦੀ ਸੀ।

ਸੰਪਰਕ :91-9217997445; 0014032854208

Check Also

ਨੰਗੇ ਧੜ ਲੜ ਰਹੇ ਅੰਨਦਾਤਾ ਅੱਗੇ ਝੁਕੀ ਸਿਆਸਤ !

-ਅਵਤਾਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਸ਼ਨਿਚਰਵਾਰ ਰਾਤ ਨੂੰ ਇਕ ਵੱਡੀ ਤਬਦੀਲੀ ਆਈ ਜਿਸ ਵਿਚ …

Leave a Reply

Your email address will not be published. Required fields are marked *