ਚੰਡੀਗੜ੍ਹ : ਸਿਨੇਮਾ ਪ੍ਰੇਮੀਆਂ ਲਈ ਚੰਗੀ ਖਬਰ ਹੈ । ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਪੰਜਾਬ ‘ਚ 100 ਫੀਸਦੀ ਸਮਰਥਾ ਨਾਲ ਥਿਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੋਰੋਨਾ ਕਾਰਨ ਸਿਨੇਮਾਘਰਾਂ ‘ਤੇ ਪਾਬੰਦੀਆਂ ਲਾਗੂ ਸਨ ਅਤੇ ਦਰਸ਼ਕਾਂ ਨੂੰ ਸੀਮਤ ਗਿਣਤੀ ਵਿੱਚ ਹੀ ਫਿਲਮ ਵੇਖਣ ਦੀ ਸ਼ਰਤ ਲਾਗੂ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਚੰਨੀ ਨਾਲ ਪੰਜਾਬੀ ਕਲਾਕਾਰਾਂ ਨੇ ਮੁਲਾਕਾਤ ਕੀਤੀ ਸੀ। ਇਸ ਮਗਰੋਂ ਮੁੱਖ ਮੰਤਰੀ ਨੇ ਪੰਜਾਬ ‘ਚ 100 ਫੀਸਦੀ ਸਮਰਥਾ ਨਾਲ ਥਿਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।
ਪੰਜਾਬ ਦੇ ਗ੍ਰਹਿ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਪੱਤਰ ’ਚ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਦੇ ਖੇਤਰਾਂ ’ਚ ਪੈਂਦੇ ਸਾਰੇ ਸਿਨੇਮਾ ਤੇ ਮਲਟੀਪਲੈਕਸਾਂ ’ਚ 100 ਫੀਸਦੀ ਦਰਸ਼ਕਾਂ ਦੇ ਬੈਠਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ।
ਇਸ ਤਰ੍ਹਾਂ ਹੁਣ ਪਿਛਲੇ ਕਰੀਬ ਡੇਢ ਸਾਲ ਤੋਂ ਕੋਰੋਨਾ ਕਾਰਨ ਦਰਸ਼ਕਾਂ ਦੀ ਘਾਟ ਨਾਲ ਜੂਝ ਰਹੇ ਸਿਨੇਮਾ ਤੇ ਮਲਟੀਪਲੈਕਸਾਂ ’ਚ ਫਿਲਮਾਂ ਦੇਖਣ ਦੇ ਸ਼ੌਕੀਨਾਂ ਦੀਆਂ ਰੌਣਕਾਂ ਨਜ਼ਰ ਆਉਣਗੀਆਂ।