ਬ੍ਰਿਟਿਸ਼ ਕੋਲੰਬੀਆ ‘ਚ ਸਿੱਖਾਂ ਨੂੰ ਵੱਡੀ ਰਾਹਤ, ਕੰਮ ਵਾਲੀਆਂ ਥਾਵਾਂ ‘ਤੇ ਨਹੀਂ ਪਹਿਨਣਾ ਪਵੇਗਾ ਹਾਰਡ ਹੈਲਮਟ

TeamGlobalPunjab
2 Min Read

ਵੈਨਕੂਵਰ : ਕੈਨੇਡਾ ‘ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ, ਇੱਥੇ ਕੰਮ ਵਾਲੀਆਂ ਕੁਝ ਖਾਸ ਥਾਵਾਂ ‘ਤੇ ਹਾਰਡ ਹੈਲਮਟ ਪਹਿਨਣ ਦਾ ਨਿਯਮ ਖ਼ਤਮ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਦਸਤਾਰ ਬੰਨ੍ਹਣ ਵਾਲੇ ਸਿੱਖ ਕਾਮਿਆਂ ਲਈ ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋਣਗੇ ਅਤੇ ਸਬੰਧਤ ਕੰਪਨੀਆਂ ਨੂੰ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬਦਲਵੇਂ ਪ੍ਰਬੰਧਾਂ ’ਤੇ ਵਿਚਾਰ ਕਰਨਾ ਹੋਵੇਗਾ।

ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਮੰਤਰੀ ਹੈਰੀ ਬੈਂਸ ਨੇ ਦੱਸਿਆ ਕਿ ਵੈਨਕੂਵਰ ‘ਚ ਕੰਮ ਵਾਲੀਆਂ ਕਈ ਥਾਵਾਂ ‘ਤੇ ਮੌਜੂਦਾ ਨਿਯਮਾਂ ਤਹਿਤ ਵਰਕਰਾਂ ਲਈ ਹਾਰਡ ਹੈਲਮਟ ਪਹਿਨਣਾ ਲਾਜ਼ਮੀ ਹੈ। ਇਥੋਂ ਤੱਕ ਕਿ ਟਰੱਕ ਡਰਾਈਵਰ ਵੀ ਹਾਰਡ ਹੈਟਸ ਤੋਂ ਬਗ਼ੈਰ ਬੰਦਰਗਾਹ ‘ਚ ਦਾਖ਼ਲ ਨਹੀਂ ਹੋ ਸਕਦੇ, ਭਾਵੇਂ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਇਨ੍ਹਾਂ ਗ਼ੈਰ-ਜ਼ਰੂਰੀ ਸ਼ਰਤਾਂ ਕਾਰਨ ਦਸਤਾਰਧਾਰੀ ਸਿੱਖਾਂ ਨੂੰ ਨੌਕਰੀ ‘ਤੇ ਵੀ ਨਹੀਂ ਰੱਖਿਆ ਜਾਂਦਾ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਬੈਂਸ ਨੇ ਕਿਹਾ ਕਿ ਪੇਸ਼ੇਵਰ ਸਿਹਤ ਅਤੇ ਸੁਰੱਖਿਆ ਨਿਯਮਾਂ ‘ਚ ਸੋਧ ਨਾਲ ਸਿੱਖ ਟਰੱਕ ਡਰਾਈਵਰਾਂ ਜਾਂ ਹੋਰ ਕਈ ਖੇਤਰਾਂ ਦੇ ਕਾਮਿਆਂ ਨੂੰ ਹਾਰਡ ਹੈਟ ਪਹਿਨਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।

ਬੀ.ਸੀ. ਐਸੋਸੀਏਸ਼ਨ ਆਫ਼ ਕੰਸਟ੍ਰਕਸ਼ਨ ਐਸੋਸੀਏਸ਼ਨਜ਼ ਵੱਲੋਂ ਨਵੇਂ ਨਿਯਮ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਾਂ ਨਿਯਮ ਆਉਣ ਦੇ ਬਾਵਜੂਦ ਕੁਝ ਥਾਵਾਂ ‘ਤੇ ਹਾਰਡ ਹੈਲਮਟ ਦੀ ਜ਼ਰੂਰਤ ਪਵੇਗੀ ਅਤੇ ਇਨ੍ਹਾਂ ਹਾਲਾਤ ‘ਚ ਦਸਤਾਰਧਾਰੀ ਕਾਮਿਆਂ ਨੂੰ ਛੋਟੀਆਂ ਦਸਤਾਰਾਂ ਬੰਨ੍ਹਣ ਲਈ ਕਿਹਾ ਜਾਵੇਗਾ ਜਿਨ੍ਹਾਂ ‘ਤੇ ਹੈਲਮਟ ਆਸਾਨੀ ਨਾਲ ਪਹਿਨਿਆ ਜਾ ਸਕੇ।

- Advertisement -

Share this Article
Leave a comment