ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕੇਂਦਰ ‘ਤੇ ਇਲਜ਼ਾਮ ਲਗਾਉਣੇ ਪੰਜਾਬ ‘ਚ ਇੱਕ ਰਵਾਇਤ ਹੀ ਹੋ ਗਈ: ਅਸ਼ਵਨੀ ਸ਼ਰਮਾ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਧਾਨ ਸਭਾ ‘ਚ ਚੰਡੀਗੜ੍ਹ ਮੁੱਦੇ ‘ਤੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਹੜਾ ਮਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ ਕੀਤਾ, ਉਸ ‘ਤੇ ਚਰਚਾ ਹੋਣੀ ਸੀ।

ਉਨ੍ਹਾਂ ਕਿਹਾ ਕਿ ਮਤੇ ‘ਚ ਜਿਸ ਤਰੀਕੇ ਨਾਲ ਤੱਥਾਂ ‘ਤੇ ਆਧਾਰਿਤ ਚਰਚਾ ਹੋਣੀ ਚਾਹੀਦੀ ਸੀ, ਉਸ ਦੀ ਕਮੀ ਰਹੀ। ਚਾਹੇ ਪੱਖ ‘ਚ ਬੋਲੇ ਜਾਂ ਵਿਰੋਧ ‘ਚ ਲੋਕਤੰਤਰ ਅੰਦਰ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਰਹੇਗੀ ਪਰ ਮੈਨੂੰ ਆਪਣੀ ਗੱਲ ਪੂਰੀ ਤਰ੍ਹਾਂ ਨਾਲ ਰੱਖਣ ਨਹੀਂ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇੱਕ ਰਵਾਇਤ ਹੋ ਗਈ ਹੈ ਕਿ ਜਦੋਂ ਆਪਣੀਆਂ ਨਾਕਾਮੀਆਂ ਛੁਪਾਉਣੀਆਂ ਹੋਣ ਤਾਂ ਕੇਂਦਰ ‘ਤੇ ਹਾਏ ਤੌਬਾ ਮਚਾਉਣੀ ਸ਼ੁਰੂ ਕਰ ਦਿਓ। ਇਸੇ ਤਰ੍ਹਾਂ ਦਾ ਮੰਜ਼ਰ ਵਿਧਾਨ ਸਭਾ ‘ਚ ਦੇਖਣ ਨੂੰ ਮਿਲਿਆ।

ਦੱਸ ਦੇਈਏ ਕਿ ਪੰਜਾਬ ਵਿਧਾਨਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਮੁਕੰਮਲ ਤੌਰ ‘ਤੇ ਪੰਜਾਬ ਨੂੰ ਦੇਣ ਦਾ ਮਤਾ ਪੇਸ਼ ਕੀਤਾ ਗਿਆ ਤਾਂ ਬੀਜੇਪੀ ਨੇ ਮਤੇ ਦੇ ਵਿਰੋਧ ‘ਚ ਵਾਕਆਊਟ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਅੱਜ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਚੰਡੀਗੜ੍ਹ ਦੇ ਮੁਲਾਜ਼ਮਾਂ ਨੇ ਕੇਂਦਰ ਦੇ ਸਰਵਿਸ ਰੂਲ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਚੰਡੀਗੜ੍ਹ ‘ਤੇ ਪੰਜਾਬ ਦਾ ਹਾਲੇ ਵੀ ਉਹੀ ਦਾਅਵਾ ਹੈ, ਜਿੰਨਾ ਪਹਿਲਾਂ ਸੀ। ਬੀਜੇਪੀ ਪ੍ਰਧਾਨ ਨੇ ਕਿਹਾ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਹੈ ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਨਾਲ ਇਹ ਅਧਿਕਾਰ ਘੱਟ ਨਹੀਂ ਹੁੰਦਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment