ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ !

TeamGlobalPunjab
17 Min Read

-ਡਾ. ਹਰਸ਼ਿੰਦਰ ਕੌਰ

ਅੱਜ ਕੱਲ ਪੂਰੇ ਜ਼ੋਰ ਸ਼ੋਰ ਨਾਲ ਧਰਮ ਦੇ ਨਾਂ ਤੇ ਹਿੰਸਾ ਭੜਕ ਰਹੀ ਹੈ। ਧਰਮ ਦੇ ਠੇਕੇਦਾਰਾਂ ਵੱਲੋਂ ਭੜਕਾਊ ਭਾਸ਼ਣਾਂ ਹੇਠ ਹਿੰਸਾ ਵਧਾਉਣ ਤੇ ਦੂਜੇ ਧਰਮ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਢੰਗ ਸਿਖਾਇਆ ਜਾ ਰਿਹਾ ਹੈ। ਅਜਿਹਾ ਕਈ ਵਾਰ ਵੇਖਣ ਵਿਚ ਆਇਆ ਹੈ। ਇਤਿਹਾਸ ਅਜਿਹੇ ਅਨੇਕ ਦੰਗਿਆਂ ਦੀ ਦਾਸਤਾਨ ਆਪਣੇ ਬੁੱਕਲ ਵਿਚ ਲੁਕਾਈ ਬੈਠਾ ਹੈ। ਇਸ ਤਰਾਂ ਦੇ ਦੰਗਿਆਂ ਵਿੱਚੋਂ ਕਦੇ ਕਿਸੇ ਨੂੰ ਕੁੱਝ ਹਾਸਲ ਨਹੀਂ ਹੋਇਆ। ਸਿਰਫ਼ ਇਨਸਾਨੀਅਤ ਹਰ ਵਾਰ ਸ਼ਰਮਸਾਰ ਹੁੰਦੀ ਹੈ ਤੇ ਅਨੇਕ ਮਾਵਾਂ ਆਪਣੀ ਉਜੜੀ ਕੁੱਖ ਨੂੰ ਲੈ ਕੇ ਰਬ ਨੂੰ ਕਸੂਰਵਾਰ ਠਹਿਰਾ ਕੇ ਸਬਰ ਕਰਦਿਆਂ ਅੱਖਾਂ ਮੀਟ ਜਾਂਦੀਆਂ ਹਨ। ਅਨੇਕ ਨੌਜਵਾਨ ਬੱਚੀਆਂ ਅਜਿਹੇ ਧਾਰਮਿਕ ਦੰਗਿਆਂ ਵਿਚ ਸਰੀਰਕ ਸ਼ੋਸ਼ਣ ਸਹਿੰਦੀਆਂ ਆਤਮਹੱਤਿਆ ਕਰ ਜਾਂਦੀਆਂ ਹਨ। ਬਥੇਰੇ ਗ਼ਰੀਬਾਂ ਦੀ ਹੱਕ ਹਲਾਲ ਦੀ ਕਮਾਈ ਇਨਾਂ ਦੰਗਿਆਂ ਵਿਚ ਲੁੱਟ ਲਈ ਜਾਂਦੀ ਹੈ ਤੇ ਘਰ ਬਾਰ ਫੂਕ ਦਿੱਤੇ ਜਾਂਦੇ ਹਨ।

ਜ਼ਿਆਦਾਤਰ ਲਾਸ਼ਾਂ ਤਾਂ ਦੰਗਾਈ ਸਾੜ ਫੂਕ ਕੇ ਸੁਆਹ ਕਰ ਦਿੰਦੇ ਹਨ ਜਾਂ ਕੱਟ ਵੱਢ ਦਿੰਦੇ ਹਨ ਪਰ ਜਿੰਨੀਆਂ ਕੁ ਕੱਟੀਆਂ ਵੱਢੀਆਂ ਪੋਸਟਮਾਰਟਮ ਲਈ ਪਹੁੰਚਦੀਆਂ ਹਨ, ਉਨਾਂ ਵਿੱਚੋਂ ਕਿਸੇ ਵੀ ਲੱਤ ਜਾਂ ਬਾਂਹ ਜਾਂ ਗੁਰਦੇ, ਦਿਲ, ਲਹੂ, ਫੇਫੜੇ, ਜਿਗਰ, ਅੱਖਾਂ, ਦੰਦ ਆਦਿ ਤੋਂ ਇਹ ਪਤਾ ਲਾਇਆ ਹੀ ਨਹੀਂ ਜਾ ਸਕਦਾ ਕਿ ਉਹ ਕਿਹੜੇ ਧਰਮ ਦਾ ਬੰਦਾ ਹੋਵੇਗਾ! ਯਾਨੀ ਕੁਦਰਤ ਨੇ ਹਰ ਜੰਮਦੇ ਬੱਚੇ ਨੂੰ ਇੱਕੋ ਜਿਹਾ ਹੀ ਬਣਾਇਆ ਹੁੰਦਾ ਹੈ, ਬੇਸ਼ਕ ਰੰਗ ਰੂਪ ਵੱਖ ਦਿਸੇ। ਵਿਤਕਰੇ ਦੀ ਫਿਤਰਤ ਹੀ ਇਨਸਾਨ ਨੂੰ ਆਪਣੇ ਬੱਚੇ ਦੇ ਮਨ ਵਿਚ ਵੰਡੀਆਂ ਪਾਉਣ ਤੇ ਧਾਰਮਿਕ ਅਡੰਬਰਾਂ ਦੀ ਵਲਗਣ ਵਿਚ ਬੰਨਣ ਉੱਤੇ ਮਜਬੂਰ ਕਰ ਦਿੰਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਕੁੱਝ ਤੁਕਾਂ ਬਹੁਤ ਡੂੰਘਾ ਗਿਆਨ ਸਮੋਈ ਬੈਠੀਆਂ ਹਨ :-

- Advertisement -

‘‘ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀ ਪੂਰਨ ਰਹਤ॥

ਉਪਦੇਸੁ ਕਰੇ ਕਰਿ ਲੋਕ ਦਿ੍ਰੜਾਵੈ॥ ਅਪਨਾ ਕਹਿਆ ਆਪਿ ਨ ਕਮਾਵੈ॥

ਪੰਡਿਤ ਬੇਦੁ ਬੀਚਾਰਿ ਪੰਡਿਤ॥ ਮਨ ਕਾ ਕ੍ਰੋਧੁ ਨਿਵਾਰਿ ਪੰਡਤਿ॥’’ (ਅੰਗ 887-888)

ਹੇ ਪੰਡਿਤ! ਵੇਦ ਆਦਿ ਧਰਮ ਪੁਸਤਕ ਦੇ ਉਪਦੇਸ਼ ਤੂੰ ਆਪਣੇ ਮਨ ਅੰਦਰ ਵਸਾਈ ਰੱਖ ਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇ।

ਜਿਹੜਾ ਮਨੁੱਖ ਧਰਮ ਪੁਸਤਕਾਂ ਨੂੰ ਮੂਹੋਂ ਅਰਥਾਂ ਸਮੇਤ ਪੜਦਾ ਹੈ, ਪਰ ਉਸ ਦੇ ਹਿਰਦੇ ਵਿਚ ਪ੍ਰਮਾਤਮਾ ਨਹੀਂ ਵੱਸਦਾ, ਉਸ ਦੀ ਰਹਿਣੀ ਬੇਦਾਗ਼ ਨਹੀਂ ਹੈ ਤੇ ਹੋਰਨਾਂ ਨੂੰ ਜੋ ਧਰਮ-ਪੁਸਤਕਾਂ ਦਾ ਉਪਦੇਸ ਰਟਾਉਂਦਾ ਹੈ ਉਹ ਆਪ ਉਸ ਉੱਤੇ ਅਮਲ ਨਹੀਂ ਕਰਦਾ ਤਾਂ ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ।
ਆਤਮਕ ਜੀਵਨ ਵੱਲੋਂ ਅੰਨਾ ਮਨੁੱਖ ਸਾਲਗਰਾਮ ਦੀ ਮੂਰਤੀ ਸਾਹਮਣੇ ਰੱਖ ਲੈਂਦਾ ਹੈ ਪਰ ਉਸ ਦਾ ਮਨ ਹੋਰ ਥਾਈਂ ਭਟਕਦਾ ਰਹਿੰਦਾ ਹੈ। ਅਜਿਹਾ ਮਨੁੱਖ ਮੱਥੇ ਉੱਤੇ ਤਿਲਕ ਵੀ ਲਾਉਂਦਾ ਹੈ ਤੇ ਮੂਰਤੀ ਦੇ ਪੈਰੀਂ ਵੀ ਪੈਂਦਾ ਹੈ ਪਰ ਸਿਰਫ਼ ਦੁਨੀਆ ਨੂੰ ਭਰਮਾਉਣ ਲਈ। ਕਿਸੇ ਧਨਾਢ ਦੇ ਘਰ ਜਾ ਕੇ ਅਜਿਹਾ ਮਨੁੱਖ ਪੈਸੇ ਲੈ ਕੇ ਸਿਰਫ਼ ਵਿਖਾਵਾ ਹੀ ਕਰਦਾ ਹੈ।

- Advertisement -

ਕੋਈ ਭਾਗਾਂ ਵਾਲਾ ਹੀ ਰਬ ਦੇ ਉਪਦੇਸ ਨੂੰ ਮਨ ਵਿਚ ਵਸਾ ਕੇ, ਉਸ ਉੱਤੇ ਅਮਲ ਕਰ ਕੇ ਮਾਇਆ ਦੇ ਮਕੜ ਜਾਲ ਵਿੱਚੋਂ ਬਚ ਨਿਕਲਦਾ ਹੈ ਅਤੇ ਕੋਈ ਭਾਗਾਂ ਵਾਲਾ ਮਨੁੱਖ ਹੀ ਅਜਿਹੇ ਧਰਮ ਦੇ ਉਪਦੇਸ ਦੇਣ ਵਾਲੇ ਦੇ ਸ਼ਰਨ ਪੈਂਦਾ ਹੈ।

ਇਨਾਂ ਅਰਥਾਂ ਰਾਹੀਂ ਬਹੁਤ ਕੁੱਝ ਸਮਝ ਆ ਜਾਂਦਾ ਹੈ। ਧਰਮ ਅਸਮਾਨ ਤੋਂ ਨਹੀਂ ਡਿੱਗਿਆ। ਕਿਸੇ ਨਾ ਕਿਸੇ ਧਰਤੀ ਉੱਤੇ ਪੈਦਾ ਹੋਣ ਵਾਲੇ ਮਨੁੱਖ ਨੇ ਹੀ ਰਚਿਆ ਤੇ ਉਸ ਦਾ ਮਕਸਦ ਧਰਤੀ ਉੱਪਰ ਵੱਸ ਰਹੇ ਜੀਵਾਂ ਨੂੰ ਸਹੀ ਸੇਧ ਦੇ ਕੇ ਇਕ ਕਾਨੂੰਨ ਅੰਦਰ ਬੰਨ ਕੇ ਰੱਖਣ ਦਾ ਜਤਨ ਸੀ। ਬਿਨਾਂ ਕਿਸੇ ਰੋਕ ਟੋਕ ਕੇ, ਬਿਨਾਂ ਕਿਸੇ ਭੈਅ ਦੇ, ਕਿਸੇ ਨੂੰ ਗ਼ਲਤ ਤੇ ਸਹੀ ਬਾਰੇ ਦੱਸਣਾ ਔਖਾ ਹੁੰਦਾ ਹੈ। ਜਿਵੇਂ ਲਾਲ ਬੱਤੀ ਤੋਂ ਬਿਨਾਂ ਕੋਈ ਚੌਂਕ ’ਤੇ ਰੁਕੇ ਹੀ ਨਾ ਤਾਂ ਸਭ ਦਾ ਐਕਸੀਡੈਂਟ ਹੁੰਦਾ ਰਹੇਗਾ, ਉਸੇ ਤਰਾਂ ਜਾਨਵਰ ਤੋਂ ਤਬਦੀਲ ਹੋਇਆ ਮਨੁੱਖ ਵੀ ਆਪਣੇ ਅੰਦਰਲੇ ਜਾਨਵਰ ਨੂੰ ਕਾਬੂ ਵਿਚ ਰੱਖਣ ਲਈ ਕੋਈ ਰੋਕ ਟੋਕ ਨਾ ਹੋਣ ’ਤੇ ਦੂਜੇ ਦਾ ਘਾਣ ਕਰਦਾ ਰਹੇਗਾ। ਇਸੇ ਲਈ ਇਕ ਗ਼ੈਬੀ ਸ਼ਕਤੀ ਦਾ ਡਰ ਤੇ ਉਸੇ ਸ਼ਕਤੀ ਰਾਹੀਂ ਵਧੀਆ ਜ਼ਿੰਦਗੀ ਜੀਊਣ ਦੇ ਗੁਰ, ਜਿਸ ਵਿਚ ਧੀਰਜ, ਠਰੰਮਾ, ਮੁਹੱਬਤ, ਸਾਂਝ, ਕਿਰਤ ਕਰਨੀ, ਦੂਜੇ ਦਾ ਹੱਕ ਨਾ ਮਾਰਨਾ, ਆਦਿ ਸ਼ਾਮਲ ਕੀਤੇ ਗਏ।

ਹਰ ਧਾਰਮਿਕ ਗ੍ਰੰਥ ਨੇ ਵੱਖੋ-ਵੱਖ ਤਰੀਕਿਆਂ ਰਾਹੀਂ ਰਬ ਨੂੰ ਪਾਉਣ, ਖ਼ੁਸ਼ ਕਰਨ ਤੇ ਆਪਣਾ ਜੀਵਨ ਸਾਰਥਕ ਕਰਨ ਦਾ ਢੰਗ ਸਮਝਾਇਆ ਹੈ, ਪਰ ਇੱਕ ਦੂਜੇ ਨੂੰ ਖ਼ਤਮ ਕਰਨ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਧਾਰਮਿਕ ਗ੍ਰੰਥ ਲਿਖਣ ਵਾਲੇ ਹਰ ਵਿਦਵਾਨ ਨੂੰ ਸਮਝ ਸੀ ਕਿ ਜੇ ਮਨੁੱਖੀ ਮਨ ਵਿਚਲਾ ਜਾਨਵਰ ਆਜ਼ਾਦ ਹੋ ਗਿਆ ਤਾਂ ਧਰਤੀ ਉੱਤੇ ਮਨੁੱਖੀ ਜ਼ਾਤ ਬਚਣੀ ਹੀ ਨਹੀਂ ਤੇ ਧਰਮ ਆਪਣੇ ਆਪ ਖ਼ਤਮ ਹੋ ਜਾਣਾ ਹੈ।

ਵਧੀਆ ਜ਼ਿੰਦਗੀ ਜੀਊਣ ਲਈ ਇਕ ਦੂਜੇ ਨੂੰ ਇੱਜ਼ਤ, ਮਾਣ-ਸਤਿਕਾਰ ਦੇਣ ਨਾਲ ਤੇ ਓਨਾ ਹੀ ਵਾਪਸ ਮਿਲਣ ਨਾਲ ਇਕ ਸਾਂਝ ਦਾ ਰਿਸ਼ਤਾ ਗੰਢਿਆ ਜਾਂਦਾ ਹੈ। ਇਹੀ ਰਿਸ਼ਤਾ ਵੱਖੋ-ਵੱਖ ਧਰਮਾਂ ਵਿਚ ਵੀ ਤੇ ਵੱਖੋ-ਵੱਖ ਮੁਲਕਾਂ, ਪਰੰਪਰਾਵਾਂ, ਸੱਭਿਆਤਾਵਾਂ, ਆਦਿ ਨੂੰ ਪ੍ਰਫੁੱਲਿਤ ਕਰਦਾ ਹੈ। ਇੰਝ ਵੱਖੋ-ਵੱਖ ਗੁੱਟ ਹੁੰਦਿਆਂ ਹੋਇਆਂ ਵੀ ਤੇ ਵੱਖੋ-ਵੱਖ ਮੁਲਕ, ਜ਼ਬਾਨਾਂ, ਰੰਗ-ਰੂਪ ਹੁੰਦਿਆਂ ਵੀ ਹਰ ਕਿਸੇ ਨੂੰ ਆਪਣੀ ਸੋਚ ਅਨੁਸਾਰ ਜੀਊਣ ਦੀ ਖੁੱਲ ਮੰਨ ਕੇ ਸਾਰੇ ਇੱਕ ਦੂਜੇ ਨੂੰ ਖ਼ਤਮ ਕਰਨ ਦੀ ਸੋਚ ਨਹੀਂ ਪਾਲਦੇ।

ਇਹੀ ਕਾਰਨ ਹੈ ਕਿ ਭਾਵੇਂ ਨਾਸਤਕ ਹੋਣ ਤੇ ਭਾਵੇਂ ਹਿੰਦੂ ਮੁਸਲਿਮ, ਸਿੱਖ, ਈਸਾਈ, ਪਾਰਸੀ, ਜੈਨ, ਬੁੱਧ ਜਾਂ ਕੋਈ ਵੀ ਹੋਰ, ਸਭ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਇਕ ਦੂਜੇ ਤੋਂ ਸਮਾਨ ਖਰੀਦਣ ਤੋਂ ਲੈ ਕੇ ਅੰਗ-ਦਾਨ ਜਾਂ ਖ਼ੂਨ-ਦਾਨ ਕਰਨ ਤਕ ਕੋਈ ਵਿਤਕਰਾ ਮਹਿਸੂਸ ਨਹੀਂ ਕਰਦੇ।

ਜਦੋਂ ਕੋਈ ਜਣਾ ਧਰਮ ਦੀ ਆੜ ਹੇਠ ਭੜਕਾ ਕੇ ਦੰਗਾ ਕਰਨ ਲਈ ਉਕਸਾਉਂਦਾ ਹੈ ਤਾਂ ਸਪਸ਼ਟ ਹੈ ਕਿ ਧਰਮ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਸ ਦਾ ਆਪਣਾ ਸ਼ੈਤਾਨੀ ਮਨ ਆਪਣੇ ਆਕਾਵਾਂ ਤੋਂ ਕੁੱਝ ਹਾਸਲ ਕਰਨ ਲਈ ਜਾਨਵਰਾਂ ਵਾਲੀ ਪ੍ਰਵਿਰਤੀ ਉਜਾਗਰ ਕਰ ਲੈਂਦਾ ਹੈ। ਕੁੱਝ ਹਾਸਲ ਕਰ ਲੈਣ ਬਾਅਦ ਅਜਿਹਾ ਬੰਦਾ ਵਾਪਸ ਉਸੇ ਤਰਾਂ ਨਾਰਮਲ ਢੰਗ ਨਾਲ ਵਿਹਾਰ ਕਰਨ ਲੱਗ ਪੈਂਦਾ ਹੈ ਤੇ ਲੋੜ ਪੈਣ ਉੱਤੇ ਕਿਸੇ ਹੋਰ ਧਰਮ ਵਾਲੇ ਦਾ ਲਹੂ ਚੜਵਾਉਣ ਜਾਂ ਉਸ ਤੋਂ ਅੰਗ ਦਾਨ ਲੈਣ ਲੱਗਿਆਂ ਇੱਕ ਵਾਰ ਨਾਂ ਨੁੱਕਰ ਕਰਨ ਬਾਰੇ ਸੋਚਦਾ ਵੀ ਨਹੀਂ।

ਹੁਣ ਵੇਖੀਏ ਕਿ ਦੁਨੀਆ ਵਿਚ ਧਰਮ ਦੇ ਨਾਂ ਉੱਤੇ ਕਤਲ ਕਰਨ ਵਾਲਿਆਂ ਦਾ ਹਸ਼ਰ ਕੀ ਹੋਇਆ ਸੀ ਤੇ ਕੀ ਸੁਣੇਹਾ ਉਨਾਂ ਦੀਆਂ ਜ਼ਿੰਦਗੀਆਂ ਵਿੱਚੋਂ ਮਿਲਦਾ ਹੈ :-

1. ਹਿਟਲਰ, ਜਿਸ ਨੇ ਲੱਖਾਂ ਮਾਰੇ, ਆਪ ਖ਼ੁਦਕੁਸ਼ੀ ਕਰ ਕੇ ਮਰਿਆ।

2. ਮੁਸੌਲਿਨੀ, ਜਿਸ ਨੇ ਜ਼ੁਲਮ ਢਾਹਿਆ, ਆਪ ਵੀ ਗੋਲੀ ਦਾ ਸ਼ਿਕਾਰ ਹੋ ਗਿਆ।

3. ਸੱਦਾਮ ਹੁਸੈਨ ਨੂੰ ਚੂਹੇ ਵਾਂਗ ਖੁੱਡ ਵਿਚ ਲੁਕਣਾ ਪਿਆ ਤੇ ਅਖ਼ੀਰ ਫਾਂਸੀ ਚਾੜਿਆ ਗਿਆ।

4. ਓਸਾਮਾ ਬਿਨ ਲਾਦੇਨ ਵੀ ਉਡਾ ਦਿੱਤਾ ਗਿਆ।

5. ਗੱਦਾਫੀ ਨੇ ਵੀ ਅੱਤ ਦਾ ਜ਼ੁਲਮ ਢਾਹਿਆ ਪਰ ਅਖ਼ੀਰ ਲੋਕਾਂ ਹੱਥੋਂ ਕੁੱਤੇ ਦੀ ਮੌਤ ਮਾਰਿਆ ਗਿਆ।

ਸਪਸ਼ਟ ਹੈ ਜ਼ੁਲਮ ਕਰਨ ਵਾਲੇ ਆਪ ਵੀ ਜ਼ੁਲਮ ਦਾ ਸ਼ਿਕਾਰ ਹੋ ਜਾਂਦੇ ਹਨ। ਕੋਈ ਵੀ ਸਦੀਵੀ ਨਹੀਂ ਹੈ। ਹਰ ਕਿਸੇ ਦਾ ਅੰਤ ਹੋਣਾ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਜ਼ੁਲਮ ਢਾਹੁਣ ਵਾਲਿਆਂ ਦੀ ਜ਼ਿੰਦਗੀ ਸਰੀਰ ਖ਼ਤਮ ਹੋਣ ਤੱਕ ਹੁੰਦੀ ਹੈ ਜਦਕਿ ਪਿਆਰ ਵੰਡਣ ਵਾਲਿਆਂ ਦੀ ਜ਼ਿੰਦਗੀ ਕਦੇ ਮੁੱਕਦੀ ਹੀ ਨਹੀਂ ਕਿਉਂਕਿ ਹਰ ਸਦੀ ਵਿਚ ਉਨਾਂ ਨੂੰ ਯਾਦ ਕਰਨ ਵਾਲੇ ਅਗਾਂਹ ਆਉਂਦੇ ਰਹਿੰਦੇ ਹਨ।

ਇਸੇ ਲਈ ਨਫ਼ਰਤ ਵੰਡਣ ਵਾਲੇ ਆਪ ਉਸੇ ਦਲਦਲ ਵਿਚ ਡੁੱਬ ਜਾਂਦੇ ਹਨ ਤੇ ਉਨਾਂ ਨੂੰ ਬਚਾਉਣ ਵਾਸਤੇ ਉਨਾਂ ਦੇ ਆਪਣੇ ਵੀ ਅੱਗੇ ਨਹੀਂ ਆਉਂਦੇ। ਮਰਨ ਬਾਅਦ ਵੀ ਉਨਾਂ ਨੂੰ ਯਾਦ ਕਰਨ ਲੱਗਿਆਂ ਘਿ੍ਰਣਾ ਨਾਲ ਯਾਦ ਕੀਤਾ ਜਾਂਦਾ ਹੈ।

ਦੋ ਘਟਨਾਵਾਂ ਦਾ ਇੱਥੇ ਜ਼ਿਕਰ ਕਰਨਾ ਚਾਹੁੰਦੀ ਹਾਂ।

ਪਹਿਲੀ ਘਟਨਾ ਅਪੰਗ ਬੱਚਿਆਂ ਦੀ ਰੇਸ ਦੀ ਹੈ। ਜਿਉਂ ਹੀ 8 ਅਪੰਗ ਬੱਚਿਆਂ ਦੀ ਰੇਸ ਸ਼ੁਰੂ ਕਰਵਾਈ ਗਈ ਤਾਂ ਇਕ ਬੱਚੀ ਡਿੱਗ ਪਈ। ਅਗਾਂਹ ਲੰਘ ਚੁੱਕੇ ਬੱਚੇ ਝੱਟ ਰੁਕ ਗਏ ਤੇ ਵਾਪਸ ਮੁੜ ਕੇ ਉਨਾਂ ਨੇ ਉਸ ਬੱਚੀ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਖੜਾ ਕੀਤਾ ਤੇ ਸਾਰੇ ਬੱਚੇ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਹੀ ਦੌੜ ਕੇ ਅਖ਼ੀਰ ਤੱਕ ਪਹੰੁਚੇ। ਅਫ਼ਰੀਕਾ ਵਿਚ ਅਜਿਹੇ ਸਾਥ ਨੂੰ ਉਬੁੰਤੂ ਕਿਹਾ ਜਾਂਦਾ ਹੈ। ਇਸਦਾ ਮਤਲਬ ਹੈ ਦੂਜਿਆਂ ਪ੍ਰਤੀ ਇਨਸਾਨੀਅਤ ਦਾ ਪ੍ਰਗਟਾਵਾ-‘‘ਮੈਂ ਹਾਂ, ਕਿਉਂਕਿ ਅਸੀਂ ਹਾਂ।’’ ਮਨੁੱਖ ਇਕੱਲਾ ਜੀਊਣ ਜੋਗਾ ਹੈ ਹੀ ਨਹੀਂ। ਇਸੇ ਲਈ ਇਸਨੂੰ ‘‘ਸੋਸ਼ਲ ਐਨੀਮਲ’’ ਕਿਹਾ ਜਾਂਦਾ ਹੈ। ਇਕੱਲੇ ਰਹਿ ਜਾਣ ਉੱਤੇ ਜ਼ਿੰਦਗੀ ਛੋਟੀ ਹੋ ਜਾਂਦੀ ਹੈ। ਇਹ ਤੱਥ ਮੈਡੀਕਲ ਸਾਇੰਸ ਸਾਬਤ ਕਰ ਚੁੱਕੀ ਹੈ। ਕੋਈ ਨਾ ਕੋਈ ਮੋਢਾ ਜ਼ਰੂਰ ਚਾਹੀਦਾ ਹੁੰਦਾ ਹੈ ਜਿਸ ਉੱਤੇ ਸਿਰ ਰੱਖ ਕੇ ਦਿਲ ਹੌਲਾ ਕੀਤਾ ਜਾ ਸਕੇ।

ਧਰਮ ਸ਼ੁਰੂ ਕਰਨ ਦਾ ਮਕਸਦ ਸੀ ਜਾਨਵਰ ਤੋਂ ਇਨਸਾਨ ਬਣਾਉਣਾ ਨਾ ਕਿ ਇਨਸਾਨੀਅਤ ਛਿੱਕੇ ਟੰਗ ਕੇ ਵਹਿਸ਼ੀਪੁਣੇ ਨੂੰ ਖੁੱਲ ਦੇਣੀ। ਆਪਸੀ ਸਾਂਝ ਤੇ ਮੁਹੱਬਤ ਨੂੰ ਖ਼ਤਮ ਕਰ ਕੇ ਦੰਗਾ ਭੜਕਾਉਣ ਵਾਲੇ ਸਿਰਫ਼ ਆਪਣਾ ਉੱਲੂ ਸਿੱਧਾ ਕਰ ਰਹੇ ਹੁੰਦੇ ਹਨ। ਉਸ ਪਿੱਛੇ ਸਿਆਸੀ ਲਾਹਾ ਹੋਵੇ, ਪੈਸਾ ਹੋਵੇ ਜਾਂ ਮਨ ਅੰਦਰ ਭਰੀ ਕਿਸੇ ਪੁਰਾਣੀ ਹਾਰ ਦੀ ਕੜਵਾਹਟ, ਮਰਦੇ ਸਭ ਧਰਮਾਂ ਦੇ ਆਮ ਬੰਦੇ ਹੀ ਹਨ ਜਿਨਾਂ ਦਾ ਉਸ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।

ਭਲਾ ਸੋਚ ਕੇ ਵੇਖੀਏ। ਇੱਕੋ ਮਾਂ ਦੇ ਜਾਏ, ਇਕੱਠੇ ਖੇਡੇ, ਇੱਕੋ ਜੀਨ ਨਾਲ ਜੁੜੇ, ਸਿਰਫ਼ ਸਰਹੱਦਾਂ ਵੰਡ ਦੇਣ ਨਾਲ ਜੇ ਵੰਡੇ ਜਾਣ ਤਾਂ ਜਾਨੀ ਦੁਸ਼ਮਨ ਬਣਾਉਣ ਵਾਲੇ ਤਾਂ ਸਿਆਸੀ ਲਾਹਾ ਲੈਣ ਵਾਲੇ ਹੀ ਹੋਏ ਜਿਨਾਂ ਨੇ ਰਾਜਗੱਦੀਆਂ ਸਾਂਭੀਆਂ! ਦੰਗੇ ਭੜਕਾਉਣ ਵਾਲਿਆਂ ਦਾ ਆਪਣਾ ਨੁਕਸਾਨ ਕਦੇ ਵੀ ਦੰਗਿਆਂ ਵਿਚ ਨਹੀਂ ਹੋਇਆ। ਉਹ ਤਾਂ ਬਾਅਦ ਵਿਚ ਕੁਦਰਤੀ ਕਹਿਰ ਦੇ ਸ਼ਿਕਾਰ ਹੁੰਦੇ ਹਨ।

ਦੰਗਿਆਂ ਦੌਰਾਨ ਤਾਂ ਨਿਮਾਣਿਆਂ ਦੇ ਘਰ ਸੜਦੇ ਹਨ, ਦੁਕਾਨਾਂ ਲੁੱਟੀਆਂ ਜਾਂਦੀਆਂ ਹਨ ਤੇ ਘਰ ਦੀਆਂ ਔਰਤਾਂ ਦੀ ਬੇਪਤੀ ਕੀਤੀ ਜਾਂਦੀ ਹੈ। ਅਜਿਹਾ ਕਰਨਾ ਕਿਸੇ ਧਾਰਮਿਕ ਗ੍ਰੰਥ ਵਿਚ ਨਹੀਂ ਲਿਖਿਆ। ਫੇਰ ਇਹ ਧਾਰਮਿਕ ਦੰਗੇ ਕਿਵੇਂ ਹੋਏ? ਸਿਰਫ਼ ਇੱਕ ਸ਼ੈਤਾਨੀ ਦਿਮਾਗ਼ ਦੀ ਉਪਜ ਹੀ ਹੋਏ ਜਿਨਾਂ ਨੇ ਆਪਣਾ ਉੱਲੂ ਸਿੱਧਾ ਕਰ ਲਿਆ।

‘ਏਕੁ ਪਿਤਾ ਏਕਸ ਕੇ ਹਮ ਬਾਰਿਕ’, ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ’, ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ’, ਸ਼ਬਦਾਂ ਦੀ ਡੂੰਘਿਆਈ ਸਮਝਣ ਤੋਂ ਬਾਅਦ ਪ੍ਰਤੱਖ ਹੋ ਜਾਂਦਾ ਹੈ ਕਿ ਸਾਰੇ ਇਕ ਦੂਜੇ ਦੇ ਪੂਰਕ ਹਨ ਤੇ ਸਭਨਾਂ ਦਾ ਰਬ ਇੱਕੋ ਹੈ। ਸਿਰਫ਼ ਉਸ ਨੂੰ ਪੂਜਣ ਤੇ ਮੰਨਣ ਦੇ ਢੰਗ ਵੱਖ ਹਨ। ਜੇ ਰਬ ਇੱਕ ਹੈ ਤਾਂ ਫਿਰ ਉਸ ਦੇ ਨਾਂ ’ਤੇ ਆਪੋ ਵਿਚ ਮਾਰ ਧਾੜ ਕਿਉਂ?

ਸਫ਼ਰ ਤਾਂ ਸਿਰਫ਼ ਜੰਮਣ ਤੋਂ ਮਰਨ ਤੱਕ ਦਾ ਹੈ। ਉਸ ਨੂੰ ਖ਼ੂਬਸੂਰਤ ਤੇ ਯਾਦਗਾਰੀ ਕਿਉਂ ਨਾ ਬਣਾਇਆ ਜਾਵੇ? ਇਸ ਵਾਸਤੇ ਦੰਗਾ ਕਰਨ ਲਈ ਉਕਸਾਉਣ ਵਾਲਿਆਂ ਨੂੰ ਪਛਾਣ ਕੇ ਉਨਾਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦਾ ਵੇਲਾ ਹੈ।

ਜੇ ਮੁਲਕ ਦੀ ਸਰਹੱਦ ਉੱਤੇ ਜਾਨ ਵਾਰਨ ਵਾਲਿਆਂ ਨੇ ਕਦੇ ਨਹੀਂ ਸੋਚਿਆ ਕਿ ਮੈਂ ਮੁਸਲਮਾਨ ਹਾਂ ਤਾਂ ਸਿਰਫ਼ ਮੁਸਲਮਾਨਾਂ ਨੂੰ ਬਚਾਉਣ ਲਈ ਮਰਾਂਗਾ ਜਾਂ ਮੈਂ ਸਿੱਖ ਹਾਂ ਤਾਂ ਸਿਰਫ਼ ਸਿੱਖ ਬਚਾਵਾਂਗਾ, ਤਾਂ ਫਿਰ ਮੁਲਕ ਦੇ ਅੰਦਰ ਇਹ ਵਿਤਕਰਾ ਕਿਉਂ?

ਜਿਸ ਦੂਜੀ ਘਟਨਾ ਦਾ ਮੈਂ ਜ਼ਿਕਰ ਕਰਨਾ ਹੈ, ਉਸ ਬਾਰੇ ਪੜ ਕੇ ਬਥੇਰਿਆਂ ਦੀਆਂ ਅੱਖਾਂ ਖੁੱਲ ਜਾਣਗੀਆਂ। ਇੱਕ ਫੌਜੀ ਹਸਪਤਾਲ ਵਿਚ ਐਮਰਜੈਂਸੀ ਵਿਚ ਇਕ ਬਜ਼ੁਰਗ ਨੀਮ ਬੇਹੋਸ਼ ਪਿਆ ਸੀ। ਜਿਉਂ ਹੀ ਐਮਰਜੈਂਸੀ ਦੇ ਬਾਹਰ ਇੱਕ ਮੇਜਰ ਨੂੰ ਵਰਦੀ ਵਿਚ ਨਰਸ ਨੇ ਵੇਖਿਆ ਤਾਂ ਦੌੜ ਕੇ ਉਸ ਦਾ ਹੱਥ ਫੜ ਕੇ ਅੰਦਰ ਲੈ ਆਈ। ਸਿੱਧਾ ਉਸ ਬਜ਼ੁਰਗ ਦੇ ਮੰਜੇ ਕੋਲ ਬਿਠਾ ਕੇ ਮਰੀਜ਼ ਦੇ ਕੰਨ ਨੇੜੇ ਰਤਾ ਉੱਚੀ ਜਿਹੀ ਬੋਲੀ, ‘‘ਤੁਹਾਨੂੰ ਜਿਸ ਦੀ ਉਡੀਕ ਸੀ, ਤੁਹਾਡਾ ਬੇਟਾ ਆ ਗਿਐ।’’ ਬਜ਼ੁਰਗ ਦੇ ਸਰੀਰ ਵਿਚ ਕੋਈ ਹਿਲਜੁਲ ਨਹੀਂ ਹੋਈ। ਨਰਸ ਨੇ ਫੇਰ ਉੱਚੀ ਸਾਰੀ ਕਿਹਾ, ‘‘ਕਲ ਦੇ ਬੇਟਾ ਬੇਟਾ ਕਹਿ ਕੇ ਬੇਹੋਸ਼ ਹੋ ਗਏ ਓ। ਹੁਣ ਬੇਟਾ ਆਇਐ ਤਾਂ ਅੱਖਾਂ ਵੀ ਨਹੀਂ ਖੋਲਦੇ ਪਏ।’’ ਬਜ਼ੁਰਗ ਫਿਰ ਵੀ ਨਹੀਂ ਹਿੱਲੇ। ਨਰਸ ਨੇ ਮੇਜਰ ਨੂੰ ਸੰਬੋਧਨ ਕਰ ਕੇ ਕਿਹਾ, ‘‘ਆਖ਼ਰੀ ਸਾਹਾਂ ’ਤੇ ਨੇ। ਸ਼ੁਕਰ ਹੈ ਤੁਸੀਂ ਵੇਲੇ ਸਿਰ ਪਹੁੰਚ ਗਏ ਹੋ। ਸਿਰਫ਼ ਇੱਕੋ ਰਟ ਲਾਈ ਬੈਠੇ ਸਨ ਕਿ ਆਖ਼ਰੀ ਸਾਹ ਛੱਡਣ ਤੋਂ ਪਹਿਲਾਂ ਫੌਜੀ ਵਰਦੀ ਵਿਚ ਆਪਣਾ ਪੁੱਤਰ ਵੇਖਣੈ। ਅੱਖਾਂ ਨੂੰ ਠੰਡ ਪੈ ਜਾਣ ਬਾਅਦ ਹੀ ਸੁਆਸ ਛੱਡਾਂਗਾ। ਇਸੇ ਨੂੰ ਆਖ਼ਰੀ ਤਮੰਨਾ ਮੰਨ ਲਵੋ। ਅਸੀਂ ਤਾਂ ਆਸ ਲਾਹ ਬੈਠੇ ਸਾਂ ਕਿ ਹੁਣ ਇਨਾਂ ਦੀ ਆਖ਼ਰੀ ਤਮੰਨਾ ਪੂਰੀ ਨਹੀਂ ਹੋ ਸਕਣੀ। ਵਿਚਾਰਿਆਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।’’ ਏਨਾ ਕਹਿੰਦਿਆਂ ਨਰਸ ਫੇਰ ਰਤਾ ਉੱਚੀ ਬੋਲੀ, ‘‘ਬਾਪੂ ਜੀ, ਤੁਹਾਡਾ ਪੁੱਤਰ ਫੌਜੀ ਵਰਦੀ ਪਾ ਕੇ ਆਇਆ ਖੜੈ। ਜੇ ਤੁਸੀਂ ਅੱਖਾਂ ਨਾ ਖੋਲੀਆਂ ਤਾਂ ਹੁਣੇ ਵਾਪਸ ਚਲਾ ਜਾਏਗਾ।’’ ਇਸ ਵਾਰ ਬਜ਼ੁਰਗ ਦੇ ਸਰੀਰ ਵਿਚ ਰਤਾ ਹਰਕਤ ਹੋਈ ਤੇ ਉਨਾਂ ਦੀਆਂ ਉਂਗਲਾਂ ਫਰਕੀਆਂ। ਮੇਜਰ ਨੇ ਅਗਾਂਹ ਹੋ ਕੇ ਉਨਾਂ ਦਾ ਹੱਥ ਘੁੱਟ ਲਿਆ। ਨਰਸ ਨੇ ਮੇਜਰ ਨੂੰ ਕੋਲ ਹੀ ਕੁਰਸੀ ਡਾਹ ਦਿੱਤੀ। ਬਜ਼ੁਰਗ ਨੇ ਹਲਕਾ ਸਿਰ ਘੁਮਾ ਕੇ ਅੱਖ ਖੋਲੀ ਤਾਂ ਉਸ ਨੂੰ ਧੁੰਧਲੀ ਜਿਹੀ ਫੌਜੀ ਵਰਦੀ ਦਿਸ ਪਈ। ਅੱਖਾਂ ’ਚੋਂ ਨੀਰ ਵਹਿ ਤੁਰਿਆ ਤੇ ਹੱਥ ਰਤਾ ਹੋਰ ਜ਼ੋਰ ਦੀ ਘੁੱਟ ਲਿਆ। ਬਸ ਇਸ ਤੋਂ ਬਾਅਦ ਬਜ਼ੁਰਗ ਨੀਮ-ਬੇਹੋਸ਼ ਹੋ ਗਏ ਪਰ ਹੱਥ ਘੁੱਟੀ ਰੱਖਿਆ। ਨਰਸ ਨੇ ਆ ਕੇ ਮੇਜਰ ਨੂੰ ਆਰਾਮ ਕਰਨ ਲਈ ਕਿਹਾ ਤਾਂ ਮੇਜਰ ਨੇ ਨਾ ਕਰ ਦਿੱਤੀ। ਰਾਤ ਭਰ ਉੱਥੇ ਹੀ ਹੱਥ ਫੜ ਕੇ ਬੈਠਿਆ ਰਿਹਾ ਤੇ ਸਵੇਰੇ ਜਦੋਂ ਬਜ਼ੁਰਗ ਦੀ ਮੌਤ ਹੋ ਗਈ, ਤਾਂ ਹੱਥ ਛੁਡਾਇਆ।

ਨਰਸ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਤੁਸੀਂ ਧੰਨ ਹੋ ਜੋ ਏਨਾ ਪਿਆਰ ਕਰਨ ਵਾਲਾ ਪਿਓ ਮਿਲਿਆ ਸੀ। ‘‘ਬੜੀ ਤਕਲੀਫ਼ ਝੱਲ ਕੇ ਗਏ ਨੇ। ਪਰ ਜ਼ਿੱਦ ਸੀ ਕਿ ਪੁੱਤਰ ਵੇਖੇ ਬਗ਼ੈਰ ਸੁਆਸ ਨਹੀਂ ਤਿਆਗਣੇ,’’ ਨਰਸ ਅੱਖਾਂ ਪੂੰਝਦੇ ਮੇਜਰ ਦੇ ਮੋਢੇ ’ਤੇ ਹੱਥ ਰੱਖਦਿਆਂ ਬੋਲੀ।

ਮੇਜਰ ਕਹਿਣ ਲੱਗਿਆ, ‘‘ਸਿਸਟਰ, ਇਹ ਮੇਰੇ ਪਿਤਾ ਨਹੀਂ ਹਨ।’’ ਨਰਸ ਹੈਰਾਨ ਹੋ ਗਈ ਤੇ ਕਹਿਣ ਲੱਗੀ, ‘‘ਫੇਰ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ?’’ ‘‘ਮੈਂ ਬਜ਼ੁਰਗ ਦੀ ਹਾਲਤ ਵੇਖ ਕੇ ਚੁੱਪ ਕਰ ਗਿਆ ਸੀ। ਆਖ਼ਰ ਮੈਂ ਵੀ ਫੌਜੀ ਹਾਂ ਤੇ ਇਹ ਮੇਰੇ ਪਿਤਾ ਸਮਾਨ ਸਨ ਸੋ ਮੈਂ ਆਪਣੇ ਕਿਸੇ ਭਰਾ ਫੌਜੀ ਦਾ ਫਰਜ਼ ਨਿਭਾ ਦਿੱਤਾ,’’ ਮੇਜਰ ਨੇ ਜਵਾਬ ਦਿੱਤਾ।

‘‘ਫੇਰ ਤੁਸੀਂ ਏਥੇ ਆਏ ਕਿਉਂ ਸੀ,’’ ਨਰਸ ਨੇ ਪੁੱਛਿਆ? ‘‘ਮੈਂ ਵਿਕਰਮ ਸਲਾਰੀਆ ਨੂੰ ਲੱਭਣ ਆਇਆ ਸੀ। ਉਸ ਦਾ ਜਵਾਨ ਪੁੱਤਰ ਕੱਲ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਤੇ ਮੈਂ ਉਸ ਦੀ ਖ਼ਬਰ ਲੈ ਕੇ ਆਇਆ ਸੀ ਕਿ ਪਿਤਾ ਨੂੰ ਹੌਸਲਾ ਦੇ ਸਕਾਂ। ਉਹ ਕਿੱਥੇ ਨੇ,’’ ਮੇਜਰ ਨੇ ਸਾਰੀ ਗੱਲ ਦੱਸੀ। ਨਰਸ ਦੀਆਂ ਅੱਖਾਂ ’ਚ ਹੰਝੂ ਆ ਗਏ। ਉਹ ਬਜ਼ੁਰਗ ਦੀ ਲਾਸ਼ ਵੱਲ ਇਸ਼ਾਰਾ ਕਰ ਕੇ ਕਹਿਣ ਲੱਗੀ, ‘‘ਇਹ ਹੀ ਵਿਕਰਮ ਸਲਾਰੀਆ ਸਨ।’’
ਇਸ ਤੋਂ ਬਾਅਦ ਪੂਰੀ ਐਮਰਜੈਂਸੀ ਵਿਚ ਚੁੱਪੀ ਛਾ ਗਈ। ਸਿਰਫ਼ ਮਰੀਜ਼ਾਂ ਦੀ ਹਾਏ ਹੀ ਸੁਣਦੀ ਸੀ। ਮੇਜਰ ਭੁਪਿੰਦਰ ਸਿੰਘ ਸਰਦਾਰ ਸਨ ਤੇ ਰੱਬੋਂ ਭੇਜੇ ਦੂਤ ਵਾਂਗ ਵਿਕਰਮ ਸਲਾਰੀਆ ਦੇ ਪੁੱਤਰ ਦੀ ਭੂਮਿਕਾ ਨਿਭਾ ਗਏ।

ਬਸ ਏਨੀ ਕੁ ਹੀ ਜ਼ਿੰਦਗੀ ਦੀ ਕਹਾਣੀ ਹੋਇਆ ਕਰਦੀ ਹੈ। ਕਿਸੇ ਲਈ ਮੋਢਾ ਬਣ ਸਕੀਏ ਤਾਂ ਜ਼ਿੰਦਗੀ ਸਫਲ ਹੈ ਪਰ ਕਿਸੇ ਦਾ ਮੋਢਾ ਵੱਢ ਰਹੇ ਹਾਂ ਤਾਂ ਉਹ ਇਨਸਾਨੀਅਤ ਦਾ ਮੋਢਾ ਵੱਢਿਆ ਜਾ ਰਿਹਾ ਹੀ ਗਿਣਿਆ ਜਾਵੇਗਾ। ਉਸ ਵਾਸਤੇ ਕਿਸੇ ਧਾਰਮਿਕ ਗ੍ਰੰਥ ਦਾ ਹਵਾਲਾ ਦੇਣ ਵਾਲਾ ਹੀ ਅਸਲ ਕਾਤਲ ਮੰਨਿਆ ਜਾਣਾ ਚਾਹੀਦਾ ਹੈ ਤੇ ਇਸੇ ਲਈ ਜੇ ਕੋਈ ਇਨਸਾਨ ਉਸ ਨੂੰ ਸਜ਼ਾ ਨਹੀਂ ਦੇ ਰਿਹਾ ਤਾਂ ਰੱਬੀ ਕਹਿਰ ਜ਼ਰੂਰ ਬਦਲਾ ਪੂਰਾ ਕਰ ਦਿੰਦਾ ਹੈ। ਹਾਲੇ ਵੀ ਵੇਲਾ ਹੈ ਸੰਭਲ ਜਾਈਏ ਤੇ ਧਰਮ ਨੂੰ ਇਨਸਾਨਾਂ ਦੇ ਲਹੂ ਨਾਲ ਮੈਲਾ ਨਾ ਕਰੀਏ ਵਰਨਾ ਅਗਲੀਆਂ ਪੁਸ਼ਤਾਂ ਧਰਮ ਦਾ ਨਾਮੋ ਨਿਸ਼ਾਨ ਮਿਟਾ ਦੇਣਗੀਆਂ।

Share this Article
Leave a comment