ਚੰਡੀਗੜ੍ਹ: ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਿਲ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਕੁੱਲ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਪੰਜਾਬ ਤੋਂ ਇਲਾਵਾ, ਅੱਜ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਅੱਜ ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ‘ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜੇ ਪਹਾੜਾਂ ‘ਚ ਵੀ ਤੇਜ਼ ਮੀਂਹ ਪਿਆ ਤਾਂ ਰਾਵੀ, ਬਿਆਸ ਤੇ ਸਤਲੁਜ ਦਰਿਆ ਦਾ ਪਾਣੀ ਹੋਰ ਨੁਕਸਾਨ ਕਰ ਸਕਦਾ ਹੈ। ਰਾਹਤ ਕੰਮਾਂ ਲਈ ਸਰਕਾਰ ਅਤੇ NDRF ਦੀਆਂ 11 ਟੀਮਾਂ ਤੈਨਾਤ ਹਨ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਫੌਜ ਵੀ ਰਾਹਤ ਕੰਮਾਂ ਵਿੱਚ ਜੁਟੀ ਹੋਈ ਹੈ। NDRF ਦੀ ਬਟਾਲਿਅਨ 7 ਦੀ ਟੀਮ ਨੇ ਅੰਮ੍ਰਿਤਸਰ ‘ਚ ਇੱਕ ਨੌਜਵਾਨ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ। ਇੱਕ ਹੋਰ ਜ਼ਿਲ੍ਹੇ ‘ਚ ਇਕ ਬਜ਼ੁਰਗ ਔਰਤ ਨੂੰ ਬਚਾ ਕੇ ਉਸਦਾ ਇਲਾਜ ਕਰਵਾਇਆ ਗਿਆ।
ਐਤਵਾਰ ਨੂੰ ਮੁਹਾਲੀ ਵਿੱਚ ਹੋਈ ਬਾਰਿਸ਼ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ। ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਇਸ ਦੇ ਨਾਲ ਹੀ ਸ਼ਹਿਰ ਦੀ ਜੀਵਨ ਰੇਖਾ ਮੰਨੀ ਜਾਂਦੀ ਏਅਰਪੋਰਟ ਰੋਡ ਵੀ ਪਾਣੀ ਵਿੱਚ ਡੁੱਬੀ ਹੋਈ ਦਿਖਾਈ ਦਿੱਤੀ। ਹਾਲਾਤ ਅਜਿਹੇ ਸਨ ਕਿ ਏਅਰਪੋਰਟ ਰੋਡ ‘ਤੇ ਲੋਕਾਂ ਦੇ ਗੱਡੀਆਂ /ਵਾਹਨ ਪਾਣੀ ਵਿੱਚ ਫਸ ਗਏ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਉਨ੍ਹਾਂ ਨੇ ਧੱਕਾ ਲੱਗਾ ਕੇ ਪਾਸੇ ਕੀਤਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਸਲਾਹ ਦਿੱਤੀ ਹੈ ਕਿ ਬਿਜਲੀ ਗਰਜਣ ਦੌਰਾਨ ਖੁੱਲ੍ਹੇ ਖੇਤਾਂ, ਦਰੱਖਤਾਂ ਹੇਠਾਂ ਜਾਂ ਬਿਜਲੀ ਦੇ ਖੰਭਿਆਂ ਕੋਲ ਖੜ੍ਹਣ ਤੋਂ ਬਚਣ। ਭਾਰੀ ਮੀਂਹ ਨਾਲ ਨੀਵੇਂ ਇਲਾਕਿਆਂ ‘ਚ ਪਾਣੀ ਭਰਨ ਦਾ ਖ਼ਤਰਾ ਬਣ ਸਕਦਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਐਮਰਜੈਂਸੀ ਸੇਵਾਵਾਂ ਨੂੰ ਵੀ ਸਾਵਧਾਨ ਰਹਿਣ ਲਈ ਅਲਰਟ ਕੀਤਾ ਗਿਆ ਹੈ।